ਜੋੜ ਜੋੜ ਕੇ ਦੇਸੀ ਘਿਓ
ਵਿੱਚ ਆਟਾ ਖੰਡ ਰਲਾ ਕੇ
ਪਿਆਰ ਨਾਲ ਗੜੂੰਦੇ ਹੋਏ
ਮਿੱਠੇ ਬਿਸਕੁਟ ਬਣਵਾ ਕੇ
ਇੱਕ ਇੱਕ ਕਰਕੇ ਪਾ ਲਏ
ਭਰ ਲਿਆ ਪੀਪਾ ਸਾਰਾ
ਸਾਉਣ ਦੇ ਮਹੀਨੇ ਮਾਂ ਮੇਰੀ
ਜਦ ਲੈ ਕੇ ਆਈ ਸੰਧਾਰਾ
ਮਲਮਲ ਦੀ ਚੁੰਨੀ ਸਿਰ ਤੇ
ਉੱਪਰ ਇਹ ਪੀਪਾ ਧਰ ਕੇ
ਪੈਰਾਂ ਵਿੱਚ ਪੰਜਾਬੀ ਜੁੱਤੀ
ਹੱਥ ਵਿੱਚ ਝੋਲਾ ਫੜ ਕੇ
ਔਖੀ ਔਖੀ ਤੁਰਦੀ ਆਵੇ
ਸਰੀਰ ਸੀ ਥੋੜ੍ਹਾ ਭਾਰਾ
ਸਾਉਣ ਦੇ ਮਹੀਨੇ ਮਾਂ ਮੇਰੀ
ਜਦ ਲੈ ਕੇ ਆਈ ਸੰਧਾਰਾ
ਬੱਚੇ ਵੀ ਉਡੀਕਣ ਪਏ
ਕਦ ਆਏਗੀ ਸਾਡੀ ਨਾਨੀ
ਨਾਲੇ ਲਿਆਊ ਖਾਣ ਪੀਣ ਨੂੰ
ਨਾਲੇ ਸੁਣਾਊ ਕੋਈ ਕਹਾਣੀ
ਜਿੱਦਾਂ ਹੀ ਉਹ ਪਹੁੰਚੀ ਘਰੇ
ਕੱਠਾ ਹੋ ਗਿਆ ਟੱਬਰ ਸਾਰਾ
ਸਾਉਣ ਦੇ ਮਹੀਨੇ ਮਾਂ ਮੇਰੀ
ਜਦ ਲੈ ਕੇ ਆਈ ਸੰਧਾਰਾ
ਨਾਨੀ ਚੁੰਮੇ ਮੂੰਹ ਬੱਚਿਆਂ ਦਾ
ਬੱਚੇ ਪੀਪੇ ਵੱਲ ਤੱਕਣ
ਕਦ ਮਾਂ ਜਾ ਕੇ ਵਿਹਲੀ ਹੋਊ
ਕਦ ਖੋਲੂਗੀ ਇਹਦਾ ਢੱਕਣ
ਕਿੰਨੀ ਵਾਰੀ ਤਾਂ ਉਹਨਾਂ ਨੂੰ
ਮੈਂ ਐਂਵੇ ਲਾ ਦਿੱਤਾ ਸੀ ਲਾਰਾ
ਸਾਉਣ ਦੇ ਮਹੀਨੇ ਮਾਂ ਮੇਰੀ
ਜਦ ਲੈ ਕੇ ਆਈ ਸੰਧਾਰਾ
ਦੇ ਕੇ ਬਿਸਕੁਟ ਬੱਚਿਆਂ ਨੂੰ
ਫਿਰ ਵੰਡੇ ਆਂਢ ਗੁਆਂਢ
ਵਿਹਲੀ ਹੋ ਬੈਠੀ ਮਾਂ ਕੋਲ
ਉਹ ਲੱਗੀ ਗੱਲਾਂ ਸੁਣਾਨ
ਦੁੱਖ ਸੁੱਖ ਕੀਤੇ ਮਾਵਾਂ ਧੀਆਂ
ਦਿਲ ਖੋਲ੍ਹ ਦਿੱਤਾ ਫਿਰ ਸਾਰਾ
ਸਾਉਣ ਦੇ ਮਹੀਨੇ ਮਾਂ ਮੇਰੀ
ਜਦ ਲੈ ਕੇ ਆਈ ਸੰਧਾਰਾ
ਅਗਲੇ ਦਿਨ ਚੱਲੀ ਵਾਪਸ
ਤਾਂ ਅਸਾਂ ਦੋਵਾਂ ਨੀਰ ਵਹਾਏ
ਮਾਵਾਂ ਧੀਆਂ ਵਿਛੜਣ ਲੱਗੀਆਂ
ਰੱਬਾ ਕੈਸੇ ਸੰਜੋਗ ਬਣਾਏ
ਫਿਰ ਛੇਤੀ ਆਉਣ ਦਾ ਕਹਿ ਕੇ
ਉਹ ਲਾ ਗਈ ਮੈਨੂੰ ਲਾਰਾ
ਸਾਉਣ ਦੇ ਮਹੀਨੇ ਮਾਂ ਮੇਰੀ
ਜਦ ਲੈ ਕੇ ਆਈ ਸੰਧਾਰਾ