ਜ਼ਿੰਦਗੀ ਸੰਘਰਸ਼ ਦਾ ਹੀ ਦੂਜਾ ਨਾਂਅ ‏‏ਹੈ (ਲੇਖ )

ਸਤੀਸ਼ ਠੁਕਰਾਲ ਸੋਨੀ   

Email: thukral.satish@yahoo.in
Phone: +91 1682 270599
Cell: +91 94173 58393
Address: ਮਖੂ
ਫਿਰੋਜ਼ਪੁਰ India
ਸਤੀਸ਼ ਠੁਕਰਾਲ ਸੋਨੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜ਼ਿੰਦਗੀ ਉਸ ਘੋੜੇ ਦੀ ਤਰਾਂ ਹੈ ਜੋ ਹਰ ਇਕ ਨੂੰ ਆਪਣੀ ਸਵਾਰੀ ਕਰਨ ਦਾ ਮੋਕਾ ਦਿੰਦੀ ਹੈ , ਪਰ ਜ਼ਿੰਦਗੀ ਰੂਪੀ ਘੋੜੇ ਦੀ ਸਵਾਰੀ ਕਰਨ ਵਿੱਚ ਕਾਮਯਾਬ ਉਹੀ ਹੁੰਦਾ ਹੈ ਜੋ ਖੁਦ ਨੂੰ ਸਵਾਰੀ ਕਰਨ ਦੇ ਲਾਇਕ ਬਣਾਉੁਂਦਾ ਹੈ । ਇਨਸਾਨ ਵਿੱਚ ਇਸ ਘੋੜੇ ਦੀ ਸਵਾਰੀ ਕਰਨ ਦਾ ਹੁਨਰ ਪਲਾਂ  ਛਿਣਾ ਵਿੱਚ ਹੀ ਨਹੀ ਪਨਪਦਾ ਬਲਕਿ ਸਬਰ ਸੰਤੋਖ ਤੇ ਹਲੀਮੀ ਨਾਲ ਵਿਚਰਦਿਆਂ ਸਹਿਜੇ ਸਹਿਜੇ ਆਉਂਦਾ ‏ ਹੈ । ਇਸ ਘੋੜੇ ਦੀਆਂ ਲਗਾਮਾਂ ਕੱਸ ਇਸਦੇ ਸ਼ਾਹ ਸਵਾਰ ਬਨਣ ਵਿੱਚ ਵਰਤੀ ਜਾਂਦੀ ਸਹਿਜਤਾ ਹੀ ਅਸਲ ਵਿੱਚ ਜ਼ਿੰਦਗੀ  ਦੇ ਸੰਘਰਸ਼ ਦਾ ਦੂਜਾ ਨਾਂਅ ਹੈ , ਉਹ ਸੰਘਰਸ਼ ਜਿੰਨੇ ਅਗਾਂਹ ਚਲ ਕੇ ਜਿੰਦਗੀ ਨੂੰ ਸੁਹਜ ਬਖਸ਼ਣਾ , ਸੁਹੱਪਣ ਬਖਸ਼ਣਾ ਹੈ । ਜੇ ਮੈ ਕਹਿ ਲਵਾਂ ਕਿ ਜ਼ਿੰਦਗੀ ਅਤੇ ਸੰਘਰਸ਼ ਇਕ ਦੂਜੇ ਦੇ ਪੂਰਕ ਹਨ , ਨਾਲੋ ਨਾਲ ਚਲਦੇ ਹਨ ਤਾਂ ਕੁਝ ਗਲਤ ਨਹੀ ਹੈ । 
          ਜ਼ਿੰਦਗੀ  ਦੇ ਇਸ ਸੁਹਜ ਨੂੰ ਮਾਨਣ ਵਾਲੇ ਇਨਸਾਨ ਵੀ ਤਿੰਨ ਤਰਾਂ ਦੇ ਹਨ ਇਕ ਉਹ ਜੋ ਹਾਸਲ ਨੂੰ ਹੀ ਪਸੰਦ ਕਰਨ ਲੱਗ ਪੈਂਦੇ  ਹਨ ਤੇ ਆਪਣਾ ਜੀਵਨ ਹਾਸਲ ਦੀ ਪਸੰਦ ਅਨੁਸਾਰ ਢਾਲ ਲੈਂਦੇ ਹਨ । ਦੂਜੇ ਉਹ ਜੋ ਪਸੰਦ ਨੂੰ ਹਾਸਲ ਕਰਨ ਲਈ ਜੱਦੋ ਜਹਿਦ ਕਰਦੇ ਹਨ ਤੇ ਤੀਜੇ ਉਹ ਜਿਨਾਂ ਨੂੰ ਨਾ ਤਾਂ ਹਾਸਲ ਰਾਸ ਆਉਂਦੀ ਤੇ ਨਾ ਹੀ ਉਹ  ਪਸੰਦ ਨੂੰ ਹਾਸਲ ਕਰਨ ਲਈ ਕੀਤੀ ਜਾਣ ਵਾਲੀ ਜੱਦੋ ਜਹਿਦ ਦਾ ਖਤਰਾ ਸਹੇੜਦੇ ਹਨ ।  ਇਹਨਾਂ ਵਿੱਚੋ ਪਸੰਦ ਨੂੰ ਹਾਸਲ ਕਰਨ ਲਈ ਕੀਤਾ ਗਿਆ ਉਪਰਾਲਾ ਹੀ ਜੀਵਨ ਦਾ ਸੱਚਾ ਸੰਘਰਸ਼ ਹੈ, ਮਾਣਮੱਤਾ ਜੀਵਨ ਜਿਉਣ ਦੀ ਕਸੌਟੀ ਹੈ , ਜ਼ਿੰਦਗੀ ਆਪਣੀਆਂ ਸ਼ਰਤਾਂ ਤੇ ਜਿਉਣ ਦਾ ਸੰਕਲਪ ‏ ਹੈ ।  
          ਜੀਵਨ ਚਲਦੇ ਰਹਿਣ ਦਾ ਨਾਂਅ ਹੈ, ਚਲਦਿਆਂ ਚਲਦਿਆਂ , ਤੁਰਦਿਆਂ ਤੁਰਦਿਆਂ ਇਨਸਾਨ ਕਈ ਪੜਾਅ ਪਾਰ ਕਰਦਾ ਹੈ ਅਤੇ ਆਪਣੇ ਸਮਰਪਣ ਸਦਕਾ ਇਛਤ ਮੰਜ਼ਿਲ ਨੂੰ ਪ੍ਰਾਪਤ ਕਰਦਾ ਹੈ ਪਰ ਇਛਤ ਮੰਜ਼ਿਲ ਪ੍ਰਾਪਤੀ ਸੰਘਰਸ਼ ਦੇ ਰਾਹ ਵਿੱਚੋਂ ਹੀ ਮਿਲਦੀ ਹੈ । ਜਿਵੇਂ  ਲੇਖਕ  ਨਰਿੰਦਰ ਕਪੂਰ ਨੇ ਕਿਹਾ '' ਬੇਸ਼ੱਕ ਪੱਥਰ ਅਖੀਰਲੀ ਸੱਟ ਨਾਲ ਟੁੱਟਦਾ ਹੈ ਪਰ ਪਹਿਲੀਆਂ ਮਾਰੀਆਂ ਸੱਟਾਂ ਵਿਅਰਥ ਨਹੀਂ  ਜਾਂਦੀਆਂ ।''  ਤਾਂ ਮਿਤਰੋ ਜੇ ਪੱਥਰ ਦਾ ਟੁੱਟਣਾ ਮੰਜ਼ਿਲ ਹੈ ਤਾਂ ਪਹਿਲੀਆਂ ਮਾਰੀਆਂ ਸੱਟਾਂ ਜੀਵਨ ਦਾ ਸੰਘਰਸ਼ ਹੈ । 
         ਹੋ ਸਕਦੈ ਕਿ ਸੰਘਰਸ਼ ਦਾ ਪੈਂਡਾ ਗਾਹੁੰਦਿਆਂ ਤੁਹਾਡੇ ਆਪਣੇ ਵੀ ਤੁਹਾਡਾ ਸਾਥ ਛੱਡ ਜਾਣ ਪਰ ਇਕ ਵਾਰ ਮਜ਼ਿੰਲ ਤੇ ਪੁੱਜ ਕੇ ਉਹੀ ਤੁਹਾਡਾ ਆਸਰਾ ਲੋਚਣ ਲੱਗ ਪੈਂਦੇ ਨੇ । ਇਝ ਵੀ ਹੋ ਸਕਦੈ ਕਿ ਸੰਘਰਸ਼ ਦੇ ਦਿਨਾਂ ਦੌਰਾਨ ਸਾਥੋਂ ਕੁਝ ਗਲਤ ਫੈਸਲੇ ਲੈ ਲ ੇ ਜਾਣ , ਪਰ ਉਹ ਗਲਤ ਫੈਸਲੇ ਸਾਡਾ ਤਜ਼ਰਬਾ  ਬਣ ਕੇ ਸਾਨੂੰ ਭਵਿੱਖ ਵਿੱਚ ਗਲਤ ਫੈਸਲੇ ਲੈਣ ਤੋਂ ਬਚਾਉਂਦੇ ਹਨ । ਕੀਤਾ ਗਿਆ ਸੰਘਰਸ਼ ਜਿੱਥੇ ਸਾਨੂੰ ਪੱਕੇ ਪੈਰੀ ਹੋਣ ਵਿੱਚ ਸਾਡੀ ਮਦਦ ਕਰਦਾ ਉੱਥੇ ਸਾਡੇ ਚਰਿੱਤਰ ਨਿਰਮਾਣ ਤੇ ਸਖਸ਼ੀਅਤ ਨਿਖਾਰ ਵਿੱਚ ਵੀ ਅਹਿਮ ਰੋਲ ਅਦਾ ਕਰਦਾ ਹੈ, ਬਸ਼ਰਤੇ ਕੀਤਾ ਜਾ ਰਿਹਾ ਸੰਘਰਸ਼ ਨ੍ਹਿਰਾ ਇਧਰ ਉਧਰ ਹੱਥ ਪੈਰ ਮਾਰਨਾ ਹੀ ਨਾ ਹੋਵੇ ਬਲਕਿ ਟੀਚੇ ਨੂੰ ਮਿੱਥ ਕੇ ਸਤੁੰਲਿਤ ਸਰੀਰਕ  ਮਾਨਸਿਕ ਵਿਉਂਤਬੰਦੀ ਯੁਕਤ ਹੋਵੇ । 
             ਸਾਡੇ ਆਲੇ ਦੁਆਲੇ ਧਾਰਮਿਕ , ਸਮਾਜਿਕ , ਆਰਥਿਕ , ਰਾਜਨੀਤਿਕ , ਵਿਗਿਆਨਕ , ਸੱਭਿਆਚਾਰਿਕ, ਅਤੇ ਵਿਅਕਤੀਗਤ ਪੱਧਰ ਦੀਆਂ ਅਨੇਕਾਂ ਮਿਸਾਲਾਂ ਹਨ ਜਿਹੜੀਆਂ ਸੰਘਰਸ਼ਮਈ ਜੀਵਨ ਜਾਂਚ ਦੀਆਂ ਸਿਖਰ ਹੋ ਨਿਬੱੜੀਆਂ ਹਨ । ਤੁਸੀ ਵਿਗਿਆਨ ਦੀਆਂ ਕਾਢਾਂ ਵੇਖ ਲਉ , ਭਵਨ ਨਿਰਮਾਣ ਦੇ ਅਨੂਠੇ ਨਮੂਨੇ ਵੇਖ ਲਉ, ਤਕਨਾਲੋਜੀ ਦੀਆਂ ਬੁਲੰਦੀਆਂ ਜਾਂਚ ਲਉ, ਸਿਖਰ ਦੇ ਸਿਆਸਤਦਾਨ ਵੇਖ ਲਉ, ਆਪੋ ਆਪਣੇ ਖੇਤਰ ਦੇ ਖਿਡਾਰੀ ਅਤੇ ਚਮਕਦੇ ਕਲਾਕਾਰ ਵੇਖ ਲਉ, ਸਥਾਪਿਤ ਉਦਯੋਗਿਕ ਘਰਾਣਿਆ ਦੀ ਪਹੁੰਚ ਖੰਘਾਲ ਲਉ, ਸਾਰਿਆਂ ਨੇ ਹੀ ਜੀਵਨ ਦੇ ਮੁੱਢਲੇ ਦੌਰ ਦੇ ਸੰਘਰਸ਼ ਨੂੰ ਸਹੇਜ ਕੇ ਰੱਖਿਆ ਹੋਇਆ । ਸੰਘਰਸ਼ ਦੇ ਬਲਬੂਤੇ ਹੀ ਉਹ ਬੁਲੰਦੀਆਂ 'ਤੇ ਅੱਪੜੇ ਹਨ ।
             ਸੰਘਰਸ਼ ਜੇ ਜੀਵਨ ਲਈ ਚਣੌਤੀ ਹੈ ਤਾਂ ਜੀਵਨ ਦੀ ਪ੍ਰਾਪਤੀ ਵੀ ਹੈ, ਨਿਪੁੰਨ ਹੋਣ ਲਈ ਕੀਤਾ ਉਪਰਾਲਾ ਵੀ ਹੈ, ਆਪਣੇ ਆਪ ਨੂੰ ਸਥਾਪਿਤ ਕਰਨ ਦਾ ਜਰੀਆ ਵੀ ਹੈ । ਸੰਘਰਸ਼ ਤੋਂ ਮੂੰਹ ਲੁਕਾਉਣ ਵਾਲੇ ਜ਼ਿੰਦਗੀ ਦੀਆਂ ਬੁਲੰਦੀਆਂ ਨਹੀ ਛੂਹ ਸਕਦੇ , ਕਿਉਂਕਿ ਜ਼ਿੰਦਗੀ ਅਤੇ ਸੰਘਰਸ਼ ਇਕ ਦੂਜੇ ਦੇ ਪੂਰਕ ਹਨ ਕਿਉਂਕਿ ਜ਼ਿੰਦਗੀ ਸੰਘਰਸ਼ ਦਾ ਹੀ ਦੂਜਾ ਨਾਂਅ ਹੈ ।