ਰਚਨਾਵਾਂ ਦਾ ਦੌਰ ਨਿੱਠ ਕੇ ਚੱਲਿਆ (ਖ਼ਬਰਸਾਰ)


ਲੁਧਿਆਣਾ  -- ਪੰਜਾਬੀ ਸਾਹਿਤ ਵਿਚਾਰ ਮੰਚ ਦੀ ਇਕੱਤਰਤਾ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ, ਪ੍ਰਧਾਨਗੀ ਮੰਡਲ ਵਿਚ ਮੰਚ ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ ਦੇ ਇਲਾਵਾ ਇੰਜ ਸੁਰਜਨ ਸਿੰਘ, ਡਾ. ਗੁਰਚਰਨ ਕੌਰ ਕੋਚਰ ਅਤੇ ਪਿੰ੍ਰ: ਇੰਦਰਜੀਤਪਾਲ ਕੌਰ ਸ਼ਾਮਿਲ ਸਨ।  
ਮੀਟਿੰਗ ਦੇ ਆਰੰਭ ਵਿਚ ਮੰਚ ਦੇ ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ ਨੇ ਪਤਾ ਪੇਸ਼ ਕੀਤਾ ਕਿ ਸਰਕਾਰਾਂ ਧਾਰਮਿਕ ਮੁੱਦੇ ਉਠਾ ਕੇ ਲੋਕ-ਪੱਖੀ ਮੁੱਦਿਆਂ ਤੋਂ ਧਿਆਨ ਦੂਜੇ ਪਾਸੇ ਲਾਉਣਾ ਚਾਹੁੰਦੀਆਂ ਹਨ। ਪੰਜਾਬ ਸਰਕਾਰ ਆਪਣੇ ਵਾਦਿਆਂ 'ਤੇ ਪੂਰੇ ਉਤਰਨ ਦੀ ਥਾਂ ਤੇ ਅਧਿਆਪਕਾਂ ਦੀ ਤਨਖਾਹ ਵਿਚ ਕਟੌਤੀ ਕਰਨ ਅਤੇ ਸਿਖਿਆਂ ਦੇ ਬਜਟ ਵਿਚ ਕਟੌਤੀ ਕਰਨ ਦੇ ਰਾਹ ਪੈ ਗਈ ਹੈ....ਮੰਚ ਦੇ ਪ੍ਰਧਾਨ ਡਾ ਗੁਲਜ਼ਾਰ ਸਿੰਘ ਪੰਧੇਰ ਨੇ ਮਤੇ ਦੀ ਹਮਾਇਤ ਕਰਦਿਆਂ ਕਿਹਾ ਕਿ ਸਰਕਾਰ ਅਧਿਆਪਕਾਂ ਦੀ ਗੱਲ ਸੁਣਨ ਦੀ ਥਾਂ 'ਤੇ ਉਨ੍ਹਾਂ ਤੇ ਜਬਰ ਢਾਉਣ ਅਤੇ ਦੂਰ-ਦੁਰਾਡੇ ਬਦਲੀਆਂ ਕਰਨ ਦੇ ਉਲਟੇ ਰਾਹ ਪਈ ਹੋਈ ਹੈ। ਸੋ, ਸਾਨੂੰ ਸਮੁੱਚੇ ਸੰਘਰਸ਼ ਦੀ ਮੱਦਦ ਕਰਨੀ ਚਾਹੀਦੀ ਹੈ। ਹਾਜ਼ਿਰ ਮੈਂਬਰਾਂ ਨੇ ਸਰਬ-ਸੰਮਤੀ ਨਾਲ ਇਕ ਮੱਤ ਹੋ ਕੇ ਇਸ ਸੰਘਰਸ਼ ਦੀ ਹਮਾਇਤ ਕੀਤੀ। ਇਕ ਮਤਾ ਪਾ ਕੇ ਮੰਚ ਨੇ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਜਿਹੜੇ ਪਬਲਿਕ ਸਕੂਲਾਂ ਵਿਚ ਮਾਤ ਭਾਸ਼ਾ ਪੰਜਾਬੀ ਨਹੀਂ ਪੜ੍ਹਾਈ ਜਾਂਦੀ, ਉਥੇ ਸਰਕਾਰ ਸਖ਼ਤੀ ਨਾਲ ਪੰਜਾਬੀ ਪੜ੍ਹਾਏ ਜਾਣਾ ਯਕੀਨੀ ਬਣਾਵੇ।

ਰਚਨਾਵਾ ਦੇ ਦੌਰ ਵਿਚ ਹਰਬੰਸ਼ ਮਾਲਵਾ ਨੇ ਗੀਤ 'ਜਦ ਵੀ ਤੈਨੂੰ ਖਤ ਲਿਖਦਾ ਹਾਂ, ਖ਼ੁਦ ਹੀ ਖਤ ਹੋ ਜਾਈਦਾ', ਜਨਮੇਜਾ ਸਿੰਘ ਜੌਹਲ ਨੇ 'ਮਨ ਕੀ ਮੌਜ' ਦੀ ਇਕ ਕੜੀ ਸੁਣਾਈ, ਰਾਵਿੰਦਰ ਰਵੀ ਨੇ 'ਤੂੰ ਜਾ ਜਾਣਾ ਹੈ ਜਿੱਥੇ ਵੀ, ਗੁਜਾਰਾ ਕਰ ਲਵਾਂਗਾ ਮੈਂ', ਭਗਵਾਨ ਢਿੱਲੋਂ ਨੇ 'ਬਰਫ਼ ਦਾ ਤੋਦਾ ਤੇ ਮੇਮਣਾ', ਇੰਜ ਸੁਰਜਨ ਸਿੰਘ ਨੇ 'ਮੁਕੱਦਰ', ਸੁਖਚਰਨਜੀਤ ਗਿੱਲ ਨੇ ਭਾਵਪੂਰਤ ਗੀਤ 'ਆ ਸੋਹਣੀਏ ਨੀ ਗੱਲਾਂ ਕਰੀਏ ਪੰਜਾਬ ਦੀਆਂ' ਤਰੁੱਨਮ ਵਿਚ ਗਾ ਕੇ ਪੇਸ਼ ਕੀਤਾ। ਡਾ ਗਰੁਚਰਨ ਕੌਰ ਕੋਚਰ ਨੇ 'ਟੀ.ਵੀ. ਤੇ ਨੰਗੀਆਂ ਤਸਵੀਰਾਂ ਕਿਸ ਨੇ ਢਾਹਿਆਂ ਕਹਿਰ ਨਾ ਪੁੱਛ', ਰਬਿੰਦਰ ਦੀਵਾਨਾ ਨੇ 'ਹੁਣ ਸਾਡਾ ਹਾਲ ਪੁੱਛਦਾ' ਸੁਰ ਤੇ ਤਾਲ ਵਿਚ ਗੀਤ ਪੇਸ਼ ਕੀਤਾ...ਦਲਵੀਰ ਸਿੰਘ ਲੁਧਿਆਣਵੀ ਨੇ ਮਿੰਨੀ ਕਹਾਣੀ 'ਕੁਰਬਾਨੀ' ਅਤੇ ਡਾ ਪੰਧੇਰ ਨੇ 'ਸਸਤੀਆਂ ਬਨਾਮ ਮਹਿੰਗੀਆਂ ਚੀਜ਼ਾਂ'। ਰਚਨਾਵਾਂ ਤੇ ਵਿਚਾਰ ਚਰਚਾ ਕਰਨ ਵਾਲਿਆਂ ਵਿਚ ਹੋਰਨਾਂ ਸਮੇਤ ਪ੍ਰਿੰ: ਇੰਦਰਜੀਤਪਾਲ ਕੌਰ, ਸੁਰਿੰਦਰ ਕੈਲੇ, ਬੁੱਧ ਸਿੰਘ ਨੀਲੋ, ਰਘਬੀਰ ਸੰਧੂ, ਤਰਲੋਚਨ ਝਾਂਡੇ, ਭੁਪਿੰਦਰ ਸਿੰਘ ਚੌਂਕੀਮਾਨ, ਡਾ ਕੁਲਵਿੰਦਰ ਕੌਰ ਮਿਨਹਾਸ ਆਦਿ ਸ਼ਾਮਿਲ ਸਨ। ਅੰਤ ਵਿਚ ਡਾ ਗੁਲਜ਼ਾਰ ਪੰਧੇਰ ਨੇ ਆਏ ਹੋਏ ਮੈਂਬਰਾਂ ਦਾ ਧੰਨਵਾਦ ਕੀਤਾ।