ਰਾਈਟਰਜ਼ ਫੋਰਮ ਕੈਲ਼ਗਰੀ ਦੀ ਬੈਠਕ
(ਖ਼ਬਰਸਾਰ)
ਰਾਈਟਰਜ਼ ਫੋਰਮ ਕੈਲ਼ਗਰੀ ਦੀ ਨਵੰਬਰ ਮਹੀਨੇ ਦੀ ਬੈਠਕ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਅਤੇ ਬੀਬੀ ਰਜਿੰਦਰ ਕੌਰ ਚੋਹਕਾ ਦੀ ਪ੍ਰਧਾਨਗੀ ਹੇਠ, 3 ਨਵੰਬਰ 2018 ਨੂੰ ਕੌਸਲ ਆਫ ਸਿੱਖ ਔਰਗੇਨਾਈਜੇਸ਼ਨ ਦੇ ਹਾਲ ਵਿਚ ਹੋਈ। ਸਕੱਤਰ ਜਸਵੀਰ ਸਿੰਘ ਸਿਹੋਤਾ ਨੇ ਸਮੁੱਚੀ ਹਾਜ਼ਰੀਨ ਨੂੰ ਜੀਓ ਆਇਆਂ ਆਖਦਿਆਂ ਸਵਾਗਤ ਕੀਤਾ।
ਰਣਜੀਤ ਸਿੰਘ ਮਿਨਹਾਸ ਹੋਰਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਮੁੱਚੀ ਬਾਣੀ ਨੂੰ ਮਨ ਵਿਚ ਵਸਾਉਣ ਲਈ ਵਾਰ ਵਾਰ ਪਾਠ ਕਰਨ ਤੇ ਜੋਰ ਦਿੱਤਾ। ਸਿੱਖ ਇਤਹਾਸ ਵਿਚ ਅਦੁੱਤੀਆਂ ਕਰਬਾਨੀ ਦੀ ਲੰਬੀ ਲੜੀ ਦੇ ਪਿੱਛੇ ਬਾਣੀ ਦੀ ਹੀ ਦੇਣ ਹੈ।‘ਕੱਟੇ ਹਉਮੇਂ ਦਾ ਰੋਗ ਪੜ੍ਹ ਸੁਣ ਬਾਣੀ ਹਰ ਰੋਜ਼’।
ਬੀਬੀ ਰਜਿੰਦਰ ਕੌਰ ਚੋਹਕਾ ਨੇ ਦੁੱਖ ਦੀ ਖਬਰ ਸਾਂਝੀ ਕਰਦਿਆਂ ਦੱਸਿਆ ਸੰਤ ਕੁਮਾਰ ਰਤਨ ਜੀ ਜੋ ਕਿ ਦੂਸਰੇ ਬੁੱਲੇਸ਼ਾਹ ਵਜੋਂ ਜਾਣੇ ਜਾਂਦੇ ਸਨ, ਪਿਛਲੇ ਦਿਨੀਂ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਹਨ ਜਿਸ ਨਾਲ ਸਾਹਿਤ ਜਗਤ ਨੂੰ ਅਤੇ ਪ੍ਰਵਾਰ ਨੂੰ ਨਾ ਪੂਰਾ ਹੋਣ ਵਾਲ਼ਾ ਘਾਟਾ ਪਿਆ ਹੈ। ਉਨ੍ਹਾਂ ਦੀਆਂ ਜੀਵਨ ਪ੍ਰਾਪਤੀਆਂ ਬਾਰੇ ਸੰਖੇਪ ਵਿਚ ਚਾਨਣਾ ਪਾਇਆ। ਰੂ੍ਹ ਦੀ ਸ਼ਾਤੀ ਲਈ ਇਕ ਸਭਾ ਵਲੋਂ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ।
ਸਭਾ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ ਹੋਰਾਂ, ਮਹਾਨ ਇਤਹਾਸਕਾਰ, ਨਾਵਲਕਾਰ, ਅਤੇ
ਕਵੀਸ਼ਰ ਮਹਿਰੂਮ ਸੋਹਣ ਸਿੰਘ ਸੀਤਲ਼ ਜੀ ਦੀ ਜੀਵਨ ਯਾਤਰ ਦਾ ਸੰਖੇਪ ਵਿਚ ਜਿਕਰ ਕੀਤਾ ਅਤੇ
ਗੁਰਪੁਰਬ ਦੀਆਂ ਲੱਕ ਲੱਖ ਮੁਬਾਰਕਾਂ ਦਿੱਤੀਆਂ। ‘ਰੌਸ਼ਨੀ ਦੀ ਭਾਂਲ’ ਵਿਚੋਂ ਇਕ ਗਜ਼ਲ ਪੇਸ਼ ਕੀਤੀ।
‘ਗੁਜ਼ਾਰਾਂ ਗੁਜ਼ਾਰਾਂ ਮੈਂ ਗਿਣ ਗਿਣ ਗੁਜ਼ਾਰਾਂ,
ਉਡੀਕਾਂ ਮੈਂ ਤੈਨੂੰ ਤੇ ਰਾਹਾਂ ਨਿਹਾਰਾਂ।
ਬਹਾਰਾਂ ਜੇ ਆਵਣ ਤੇਰੇ ਬਿਨ ਨਾ ਭਾਵਣ,
ਤੇਰੇ ਬਿਨ ਨਾ ਜੀਵਨ ਹੀ ਮੈਂ ਤੇ ਚਿਤਾਰਾਂ।
ਹੋਮਿਓ ਪੈਥੀ ਦੇ ਡਾ. ਜੋਗਾ ਸਿੰਘ ਸਹੋਤਾ ਨੇ ‘ਟੋਡੀ’ ਰਾਗ ਵਿਚ ਇਕ ਸਬਦ ਦਾ ਗਾਇਨ ਕਰਕੇ ਪ੍ਰਕਾਸ਼ ਉਸਤਵ ਦੀਆਂ ਮੁਬਾਰਕਾਂ ਦਿੱਤੀਆ ਅਤੇ ਕੈਲਗਰੀ ਦੇ ਮਸ਼ਹੂਰ ਗਜ਼ਲਗੋ ਮਹਿਰੂਮ ਪੌ. ਮੋਹਨ ਸਿੰਘ ਅੋਜਲਾ ਜੀ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਗਜ਼ਲ ਸੁਣਾ ਕੇ ਮਹੌਲ ਅਨੰਦਤ ਕੀਤਾ।
‘ਕਿਸ ਨੂੰ ਸੁਣਾਵਾਂ ਗਮ ਦੀ ਇਹ ਦਾਸਤਾਂ ਯਾਰੋ
ਪ੍ਰਦੇਸ ਵਿਚ ਮਿਲੇ ਨਾ ਕੋਈ ਮਿਹਰਬਾਨ ਯਾਰੋ
ਕਿਸੇ ਤੇ ਕਰੋ ਭਰੋਸਾ ਕਿਸ ਦੀ ਕਰੋ ਇਬਾਦਤ।
ਨਜ਼ਰੀ ਖੁਦਾ ਨਾ ਆਵੇ ਵਿਕਦਾ ਇਮਾਨ ਯਾਰੋ।‘
ਹਰਨੇਕ ਸਿੰਘ ਬੱਧਨੀ ਹੋਰਾਂ ਕਵਿਤਾਵਾਂ ਗੀਤਾਂ ਵਿਚ ਮਕਬੂਲ ਪਾਤਰ ‘ਛੱਲਾ’ ਜਿਸ ਨੂੰ ਆਮ ਗਾਇਆ ਤੇ ਸੁਣਿਆਂ ਜਾਂਦਾ ਹੈ, ਦਾ ਪਛੋਕੜ ਦੱਸਦਿਆਂ ਪ੍ਰਦੇਸੀਆਂ ਬਾਰੇ, ਛੱਲੇ ਤੇ ਅਧਾਰਤ ਕਵਿਤਾ ਸੁਣਾਈ।‘ ਛੱਲਾ ਬੇਰੀਆਂ ਤੋੜੇ ਸੌਂਦਾ ਨਿੱਤ ਵੇਚ ਕੇ ਘੋੜੇ’।
ਅਮਰੀਕ ਸਿੰਘ ਚੀਮਾਂ ਹੋਰਾਂ ਆਪਣੇ ਨਿੱਜੀ ਤਜਰਬੇ ਦੱਸਿਆ ਕਿ ਇਰਾਨ ਵਿਚ ਮੁਸਲਮਾਨ ਧਰਮ ਵਿਚ ਯਕੀਨ ਰੱਖਣ ਵਾਲੇ ਗੁਰੂ ਨਾਨਕ ਦੇਵ ਜੀ ਦੇ ਅਨੇਕਾਂ ਉਪਾਸ਼ਕ ਹਨ ਜੋ ਰੋਮਾਂ ਦੀ ਬੇਅਦਬੀ ਨਹੀਂ ਕਰਦੇ। ਅਤੇ ਅੱਗੋਂ ‘ਬੇ ਮੁਹਾਰੀ ਭੀੜ ਨਾ ਦੀ ਕਵਿਤਾ ਸੁਣਾਈ’।
ਕਵੀਸ਼ਰ ਜਸਵੰਤ ਸਿੰਘ ਸੇਖੋਂ ਹੋਰਾਂ 84 ਦੇ ਕਤਲੇ ਆਮ ਸਬੰਧੀ ਦਿੱਲੀ ਦੇ ਹਾਕਮ ਸਿਆਸਤਦਾਨਾ ਨੂੰ ਨਿਹੋਰਾ ਮਾਰਦਿਆਂ ਆਖਿਆ
‘ਸਿੱਖ ਪੁੱਛਦੇ ਕਸ਼ੂ੍ਰਰ ਕੀ ਸੀ ਬੋਲ ਦਿੱਲੀਏ----
ਗੁਰਚਰਨ ਸਿੰਘ ਹੇਹਰ ਹੋਰਾਂ ਦਾ ਕਹਿਣਾ ਹੈ ਕਿ ‘ਆਪਣੇ ਹੀ ਪੁੱਤ ਤੈਂਨੂੰ ਆਪਣੇ ਨੇ ਲੱਗਦੇ,
ਯਾਦ ਕਰ ਅਜੀਤ ਤੇ ਜੂਝਾਰ ਨੂੰ’।
ਸ. ਬਿੱਕਰ ਸਿੰਘ ਸੰਧੂ ਹੋਰਾਂ ਸਮਾਜ ਵਿਚਲੀਆਂ ਤਰੁਟੀਆਂ ਦੀ ਗੱਲ ਕਰਦਿਆਂ ਆਖਿਆ ਗੁਰੂ ਸਾਹਿਬਾਂ ਦੀ ਮਹਾਨਤਾ ਨੂੰ ਯਾਦ ਰੱਖਣ ਦੇ ਨਾਲ-ਨਾਲ ਇਹ ਵੀ ਸੋਚਣਾ ਵਿਚਾਰਨਾ ਚਾਹੀਦੈ ਕਿ ਮੈਂ ਕਿੱਥੈ ਖੜਾ ਹਾਂ, ਮੈਂ ਕੀ ਹਾਂ। ‘ਇਨਸਾਨ ਦੀਆਂ ਪੰਜੇ ਇੰਦਰੀਆਂ ਬਾਹਰ ਮੁੱਖੀ ਖੁਸ਼ੀ ਤੇ ਸ਼ਲਾਘਾ ਭਾਲਦੀਆਂ ਹਨ’।
ਗਿਆਨੀ ਸੇਵਾ ਸਿੰਘ ਹੋਰਾਂ ਗੁਰਬਾਣੀ ਦੀ ਤੁਕ ਦਾ ਗਾਇਨ ਕਰਕੇ ਖੁਸ਼ੀਆਂ ਪ੍ਰਾਪਤ ਕੀਤੀਆਂ।
‘ਹੇ ਗੋਬਿੰਦ ਗੋਪਾਲ, ਹੇ ਦਿਆਲ ਲਾਲ’
ਪੰਜਾਬੀ ਸਾਹਿਤ ਸਭਾ ਕੈਲ਼ਗਰੀ ਦੀ ਪ੍ਰਧਾਨ ਬੀਬੀ ਸੁਰਿੰਦਰ ਗੀਤ ਨੇ ਤਰੱਨਮ ਵਿਚ ਗਜ਼ਲ ਪੇਸ਼ ਕੀਤੀ---
‘ਤੂੰ ਬਾਲ ਦੀਵੇ, ਇਹ ਵਾਵਰੋਲੇ ਤਾਂ ਉੱਠਦੇ ਰਹਿਣੇ।
ਰਵੀ ਜਨਾਗਲ ਹੋਰਾਂ ਨੂੰ ਦਸ਼ਮੇਸ਼ ਕਲਚਰਲ ਸੁਸਾਇਟੀ ਕੈਲ਼ਗਰੀ ਇਸ ਮਹੀਨੇ, ਸਾਹਿਤਕ ਅਤੇ ਸਮਾਜ ਸੇਵਾ ਲਈ ਸਨਮਾਨਤ ਕਰਨ ਜਾ ਰਹੀ ਹੈ। ਉਨ੍ਹਾਂ ਚੰਨ ਗੁਰਾਇਆ ਵਾਲੇ ਦੀ ਰਚਨਾ ਨਰਿੰਦਰ ਬੀਬਾ ਦਾ ਗਾਇਆ ਗੀਤ ਸੁਣਾਇਆ।
“ਸਾਡੀ ਮਿੱਟੀ ਵਿਚ ਰੋਲ ਕੇ ਜਵਾਨੀ, ਮੁੱਖ ਮੋੜ ਗਏ ਦਿਲਾਂ ਦੇ ਜਾਨੀ”
ਜਗਦੇਵ ਸਿੰਘ ਸਾਹੋਕੇ ਦੇ ਕਵੀਸ਼ਰੀ ਜਥੇ ਨੇ ਸਭਾ ਵਿਚ ਬਾਬੂ ਰਜਵਲ਼ੀ ਦੀ ਰਚਨਾ ਬੜੀ ਜੋਰਦਾਰ ਅਵਾਜ਼ ਅਤੇ ਕਵੀਸ਼ਰੀ ਦੇ ਪ੍ਰਭਾਵਸ਼ਾਲੀ ਲਹਿਜੇ ਵਿਚ ਚੋਖਾ ਰੰਗ ਬੰਨਿਆਂ।
ਜਗਦੀਸ਼ ਸਿੰਘ ਚੋਹਕਾ ਹੋਰਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਉਤਸਵ ਤੇ ਮੁਬਾਰਕਾਂ ਦੇਂਦੇ ਹੋਏ ਆਖਿਆ, ਬਾਬਾ ਫਰੀਦ ਜੀ ਅਤੇ ਨਾਥਾਂ ਤੋਂ ਬਾਦ ਪੰਜਾਬੀ ਦੇ ਬੂਟੇ ਨੂੰ ਸਿੰਜਿਆ।
ਅਮਰੀਕ ਸਿੰਘ ਸਰੋਆ ਅਤੇ ਗੁਰਦੀਪ ਸਿੰਘ ਰੁਪਾਲੋਂ ਹੋਰਾਂ ਵੀ ਹਜ਼ਰੀ ਲੁਆਈ ।