ਪਲ ਵਿੱਚ ਪਾਸੇ ਬਦਲ ਗਏ ਨੇ
ਰੋਣੇ ਹਾਸੇ ਬਦਲ ਗਏ ਨੇ।
ਦੀਦ ਉਦ੍ਹੀ ਨੂੰ ਜੋ ਤਰਸੇ ਸਨ
ਨੈਣ ਪਿਆਸੇ ਬਦਲ ਗਏ ਨੇ।
ਇੰਫੋ ਟੈਕ ਦੇ ਯੁੱਗ ਦੇ ਅੰਦਰ
ਖੇਲ੍ਹ ਤਮਾਸੇ ਬਦਲ ਗਏ ਨੇ।
ਤੱਕ ਕੇ ਰੌਣਕ ਮੇਲੇ ਵਾਲੀ
ਮਨੋਂ ਖਟਾਸੇ ਬਦਲ ਗਏ ਨੇ।
ਇੱਕ ਦੂਜੇ ਨੂੰ ਦਿਲ ਦੀ ਕਹਿਕੇ
ਦਿਲੋਂ ਭੜਾਸੇ ਬਦਲ ਗਏ ਨੇ।
ਮਤਲਬ ਜਦ ਤੋਂ ਨਿਕਲ ਗਏ ਨੇ
ਬੋਲ ਪਤਾਸੇ ਬਦਲ ਗਏ ਨੇ।