ਨਵੇ’ ਸਾਲ ਦਾ ਗੀਤ (ਗੀਤ )

ਸੁਰਜੀਤ ਸਿੰਘ ਕਾਉਂਕੇ   

Email: sskaonke@gmail.com
Cell: +1301528 6269
Address:
ਮੈਰੀਲੈਂਡ United States
ਸੁਰਜੀਤ ਸਿੰਘ ਕਾਉਂਕੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਚੜ੍ਹ ਚੜ੍ਹ ਚੜ੍ਹ ਨਵੇਂ ਸਾਲ ਦਿਆ ਸੂਰਜਾਂ ਵੇ
ਸੁੱਖ ਦਾ ਸੁਨੇਹਾ ਕੋਈ ਲਿਆ
ਦੂਰ ਕਰ ਨੇਰੇ੍ਹ ਲੱਭ ਨੰਵਿਆ ਸਵੇਰਿਆਂ ਨੂੰ
ਸਗਨਾਂ ਦੇ ਗੀਤ ਕੋਈ ਗਾ
ਨਫ਼ਰਤਾਂ ਦਾ ਬੀਜ ਜਿਹੜੇ ਬੀਜਦੇ ਨੇ ਰਾਹਾਂ ਵਿੱਚ 
ਪਿਆਰ ਵਾਲੀ ਵੰਝਲ਼ੀ ਵਜਾ
ਭੁੱਲ ਜਾ ਅਤੀਤ ਦੀਆ’ ਯਾਦਾਂ ਲਹੂ ਪੀਣੀਆਂ ਨੂੰ
ਸੁਪਨੇ ਭਵਿਖ ਦੇ ਸਜਾ
ਚੜ੍ਹ ਚੜ੍ਹ ਚੜ੍ਹ ਨਵੇਂ .................
ਬੇਈਮਾਨੀ ਠੱਗੀ ਠੋਰੀ ਲੁੱਟਾਂ ਖੋਹਾਂ ਹੋਣ ਏਥੇ
ਕੀਤਾ ਮਹਿੰਗਾਈ ਬੁਰਾ ਹਾਲ ਵੇ
ਚੋਰ ਹੈ ਉਚੱਕਾ ਗੁੰਡੀ ਰੰਨ ਪ੍ਰਧਾਨ ਏਥੇ
ਕਿਵੇਂ ਦੱਸ ਆਊ ਨਵਾਂ ਸਾਲ ਵੇ?
ਭੁੱਖੇ ਢਿੱਡੀ’ ਰੋਟੀ ਅਤੇ ਮਿਹਨਤਾਂ ਦਾ ਪਾਈ ਮੁੱਲ
ਹੱਕ ਸੱਚ ਨਾਲ ਕਰੀ’ ਨਿਆਂ 
ਚੜ੍ਹ ਚੜ੍ਹ ਚੜ੍ਹ ਨਵੇਂ ਸਾਲ ...........,.
ਨਵੇਂ ਸਾਲ ਤੋਲੀ’ ਆ ਕੇ ਮੰਦਰਾਂ ਚ ਸੋਨਾ ਕਿੰਨਾ
ਲੱਗਦੇ ਕਰੋੜਾਂ ਦੇ ਕਿਉਂ ਬੁੱਤ ਵੇ ?
ਭੁੱਖ ਅਤੇ ਚਿੱਟੇ ਨਾਲ ਹਰ ਸਾਲ ਮਰ ਜਾਂਦੇ 
ਦੱਸ ਕਾਹਤੋਂ ਮਾਂਵਾਂ ਦੇ ਹੀ ਪੁੱਤ ਵੇ ?
ਕਰਦੇ ਕਿਉਂ ਖ਼ੁਦਕੁਸ਼ੀ ਅੰਨ ਦਾਤੇ ਸਾਡੇ ਹੁਣ
ਬਾਹਰ ਦੱਸੀ’ ਧਨ ਕਿੰਨਾ ਪਿਆ ?
ਚੜ੍ਹ ਚੜ੍ਹ ਚੜ੍ਹ ਨਵੇਂ ................,
ਪੰਛੀਆਂ ਦੇ ਆਲ੍ਹਣੇ ਜੇ ਢਾਹ ਕੇ ਹੀ ਬਣਾਉਂਦਾ ਰਿਹਾ
ਆਪਣੇ ਹੀ ਘਰ ਇਹ ਮਨੁੱਖ ਵੇ
ਕਿੱਦਾਂ ਆਊ ਸ਼ਾਹ ਮੇਰੇ ਬਚਿਆਂ ਦੇ ਬਚਿਆਂ ਨੂੰ
ਕੱਟੇ ਗਏ ਏਦਾਂ ਹੀ ਰੁੱਖ ਵੇ ?
ਨਵੇਂ ਸਾਲ ਲਿਆ ਕੋਈ ਚਾਨਣੀ ਦੀ ਰੁੱਤ ਤੂੰ ਹੀ
ਬੁੱਕਲ਼ ਚ ਸੂਰਜ ਛੁਪਾ
ਚੜ੍ਹ ਚੜ੍ਹ ਚੜ੍ਹ ਨਵੇ .................
ਭੁੱਲ ਜਾ ਭਰੂਣ ਜਿਹੀ ਹੱਤਿਆ ਤੇ ਨਸ਼ਿਆ’ ਦੇ
ਛੇਵੇਂ ਦਰਿਆ ਨੂੰ ਠੱਲ੍ਹ ਪਾਈ’ ਵੇ
ਪੀਰਾਂ ਤੇ ਫਕੀਰਾ’ ਵਾਲੀ ਧਰਤੀ ਦੇ ਮਾਲਕਾਂ 
ਨਿਤਾਣਿਆਂ ਨੂੰ ਗੱਲ ਨਾਲ ਲਾਈ ਵੇ
ਵਿਸ਼ਵ ਦੇ ਵਿਹੜੇ ਵਿੱਚ ਮਹਿਕਾ’ਤੂੰ ਖਿਲਾਰ ਕੇ ਤੇ
ਆ ਜਾ ਭਾਗਾਂ ਵਾਲ਼ਿਆ ਤੂੰ ਆ
ਚੜ੍ਹ ਚੜ੍ਹ ਚੜ੍ਹ ਨਵੇ ....................
ਲੋਕ ਰਾਜ ਵਾਲੀ ਹੋਵੇ ਸਦਾ ਜੈ ਜੈ ਕਾਰ ਏਥੇ 
ਦੱਬੀ’ਨਾ ਲੋਕਾਈ ਦੀ ਆਵਾਜ਼ ਵੇ
ਰੱਬੀ ਮਿਹਰ ਰੱਖੀ’ਸਦਾ ਰੱਬ ਦਿਆਂ ਬੰਦਿਆਂ ਤੇ
ਮੰਨੀ ਸਾਡੀ ਇਕ ਅਰਦਾਸ ਵੇ
ਸੋਨ ਤੇ ਸੁਨਹਿਰੀ ਤੇਰੀ ਕਿਰਨ ਨੂੰ ਜੀ ਆਇਆ’ 
ਦਿੱਤਾ ਕਾਉਕੇ ਤੇਲ ਹੈ ਚੁਆ 
ਚੜ੍ਹ ਚੜ੍ਹ ਚੜ੍ਹ ਨਵੇ’...................