ਮੇਰੇ ਵਾਰਤਕ ਦੇ ਰੰਗ (ਪੁਸਤਕ ਪੜਚੋਲ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੁਸਤਕ ---ਮੇਰੇ ਵਾਰਤਕ ਦੇ ਰੰਗ
ਲੇਖਕ ---ਪ੍ਰਿੰਸੀਪਲ ਸਰਵਣ ਸਿੰਘ
ਪ੍ਰਕਾਸ਼ਕ ----ਪੀਪਲਜ਼ ਫੋਰਮ ਬਰਗਾੜੀ
ਪੰਨੇ ----168   ਮੁੱਲ ---150 ਰੁਪਏ


ਪੰਜਾਬੀ ਜਗਤ ਦੇ ਜਾਣੇ ਪਛਾਣੇ ਖੇਡ  ਲੇਖਕ ਤੇ ਉਘੇ ਸਾਹਿਤਕਾਰ ਪ੍ਰਿੰਸੀਪਲ ਸਰਵਣ ਸਿੰਘ ਦੀ ਇਹ ਕਿਤਾਬ ਇਸ ਸਾਲ ਛਪ ਕੇ ਆਈ ਹੈ ਜਿਸ ਵਿਚ ਸਮੇਂ ਸਮੇਂ ਤੇ ਉਸ ਦੀ ਮੁਬਾਰਕ  ਕਲਮ ਲਿਖੇ ਬਹੁਪਖੀ ਵਿਸ਼ਿਆਂ ਤੇ ਜਾਣਕਾਰੀ ਭਰਪੂਰ ਤੇ ਖੌਜਮਈ ਲੇਖ ਹਨ । ਪ੍ਰਿਸ਼ੀਪਲ ਸਰਵਣ ਸਿੰਘ ਦੀ ਬਤੌਰ ਖੇਡ ਲੇਖਕ ਜਾਣ ਪਛਾਂਣ ਹੈ । ਹੁਣ ਤਕ ਉਸ ਦੀਆਂ  ਲਿਖੀਆਂ ਤੇਤੀ ਕਿਤਾਬਾਂ ਵਿਚੋਂ ਬਾਈ ਕਿਤਾਬਾਂ ਖੇਡਾਂ ਤੇ ਫੋਕਸ ਹਨ । ਜਾਂ ਫਿਰ ਖਿਡਾਰੀਆਂ ਦੀਆਂ ਰੌਚਿਕ ਕਥਾਂਵਾਂ ਹਨ । ਉਂਨ੍ਹਾ ਦੇ ਸੰਘਰਸ਼ ਦੀਆਂ ਗਾਥਾਵਾਂ ਹਨ ।  ਇਹ ਖਿਡਾਰੀ ਪੰਜਾਬ ਤੇ ਪੰਜਾਬ ਤੋਂ ਬਾਹਰਲੇ ਵਿਦੇਸ਼ੀ ਵੀ ਹਨ। ਜਿਂਨ੍ਹਾਂ ਨਾਲ ਲੇਖਕ ਦਾ ਰਾਬਤਾ ਦੇਸ਼ਾਂ ਵਿਦੇਸ਼ਾਂ ਵਿਚ ਹੁੰਦੀਆ ਕੋਮਾਂਤਰੀ ਖੇਡਾਂ ਮੌਕੇ ਲੇਖਕ ਵਲੋਂ ਕੀਤੀ ਜਾਂਦੀ ਕੁਮੈਂਟਰੀ ਜਾ ਸੈਰ ਸਫਰ ਸਮੇਂ ਉਨ੍ਹਾਂ ਖਿਡਾਰੀਆ ਨੂੰ ਮਿਲਣ ਦਾ ਸਬਬ ਬਣਿਆ । ਕਿਉਂਕਿ ਲੇਖਕ ਨੇ ਵਿਸ਼ਵ ਪ।ਧਰੀ ਖੇਡਾਂ ਵਿਚ  ਕੁਮੈਂਟਰੀ ਕੀਤੀ ਹੈ । ਤੇ ਬਹੁਤ ਵਡਾ ਨਾਮਣਾ ਖੱਟਿਆ । ਖੇਡਾਂ ਦੇ ਨਾਲ ਨਾਲ ਪ੍ਰਿੰਸੀਪਲ ਸਰਵਣ ਸਿੰਘ ਨੇ ਸਵੈਜੀਵਨੀ ਸਫਰਨਾਮਾ ,ਰੇਖਾ ਚਿਤਰ  ਤੇ ਕਹਾਣੀਆਂ ਤੇ ਸਿਰੜ ਨਾਲ ਕਲਮ ਅਜ਼ਮਾਈ ਕੀਤੀ ਹੈ । ਅੱਖੀਂ ਵੇਖ ਨਾ ਰੱਜੀਆਂ ਉਸ ਦੀ ਮਕਬੂਲ ਕਿਤਾਬ ਹੈ ਜਿਸ ਨੂੰ ਲੰਮੇ ਸਮੇਂ ਤੋਂ ਪੰਜਾਬ ਯੂਨੀਵਰਸਿਟੀ ਦੇ ਬੀ ਏ  ਪਾਠਕਰਮ ਵਿਚ ਪੜ੍ਹਾਇਆ ਜਾ ਰਿਹਾ ਹੈ। ਹਸੰਦਿਆਂ ਖੇਲੰਦਿਆਂ ਵੀ ਉਸ ਦੀ ਬਹੁਚਰਚਿਤ ਸਵੈਜੀਵਨੀ ਹੈ । ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਸ ਦੀ ਦੇਸੀ ਖੇਡਾਂ ਬਾਰੇ ਇਕ ਕਿਤਾਬ ਛਾਪੀ ਹੈ ਜਿਸ ਵਿਚ ਪੰਜਾਬ  ਦੀਆਂ ਸਤਾਸੀ ਪੁਰਾਣੀਆਂ ਖੇਡਾਂ ਦਾ ਜ਼ਿਕਰ ਹੈ । ਜੋ ਕਿਸੇ ਵੇਲੇ ਖੇਡੀਆਂ ਜਾਂਦੀਆਂ  ਰਹੀਆਂ ਹਨ । ਕੁਝ ਤਾਂ ਹੁਣ ਲ਼ੋਪ ਵੀ ਹੋ ਚੁੱਕੀਆਂ ਹਨ । ਤੇ ਸਾਡੇ ਬੱਚੇ ਉਂਨ੍ਹਾ ਦੇ ਨਾਵਾਂ ਤੋਂ ਵੀ ਵਾਕਿਫ ਨਹੀਂ ਹਨ । ਕਿਉਂ ਕਿ ਹੁਣ ਤਕਨੀਕ ਨੇ ਉਂਨ੍ਹਾਂ ਤੇ ਐਨਾ ਗਲਬਾ ਪਾ ਲਿਆ ਹੈ ਕਿ ਉਹ ਇਨ੍ਹਾਂ ਰਿਵਾਇਤੀ ਖੇਡਾਂ ਤੋਂ ਦੂਰ ਹੁੰਦੇ ਜਾ ਰਹੇ ਹਨ । ਇਸ ਕਿਤਾਬ ਵਿਚ ਵੀ ਲੇਖਕ ਨੇ ਇਸ ਕਿਸਮ ਦੀ ਫਿਕਰਮੰਦੀ ਦਾ ਇਜ਼ਹਾਰ ਕੀਤਾ ਹੈ । ਤੇ ਸਕੂਲਾਂ ਵਿਚ ਕੰਮ ਕਰਦੇ ਸਰੀਰਕ ਸਿਖਿਆ ਅਧਿਆਪਕਾਂ ਨੂੰ ਖੇਡਾਂ ਪ੍ਰਤੀ ਸੁਚੇਤ ਕੀਤਾ ਹੈ ।ਅਸਲ ਵਿਚ ਅਧਿਆਪਕਾਂ ਨਾਲੋਂ ਪਹਿਲਾਂ ਸਰਕਾਰਾਂ ਦੀ ਖੇਡਾਂ ਪ੍ਰਤੀ ਨੀਤੀ ਤੇ ਉਂਗਲ ਰਖਣ ਦੀ ਲੋੜ ਹੈ । ਬਸਤਿਆਂ ਦਾ ਵਾਧੂ ਭਾਰ ਵੀ ਇਸ ਵਿਚ ਅੜਿਕਾ ਹੈ ਤੇ ਪੰਜਾਬ ਵਿਚ ਖਿਡਾਰੀਆਂ ਪ੍ਰਤੀ ਸਰਕਾਰਾਂ ਦੀ ਬੇਰੁਖੀ ਵੀ ਇਸ ਦਾ ਕਾਰਨ ਹੈ ।  ਜਿਸ ਦੇ ਕਿੱਸੇ ਅਸੀਂ ਅਕਸਰ ਅਖਬਾਰਾਂ ਵਿਚ ਪੜ੍ਹਦੇ ਸੁਣਦੇ ਹਾਂ ।
  ਪ੍ਰਿਸ਼ੀਪਲ ਸਰਵਣ ਸਿੰਘ ਨੂੰ ਖੇਡਾਂ ਦਾ ਸ਼ੌਕ ਚਿਰੋਕਣਾ ਹੈ।  ਸਾਰੀ ਉਮਰ ਉਹ ਖੇਡਿਆ ਹੈ  ਖਿਡਾਰੀਆਂ ਵਿਚ ਰਿਹਾ ਹੈ । ਜਿਸ ਕਾਲਿਜ ਵਿਚ ਵੀ ਅਹੁਦੇ ਤੇ ਰਿਹਾ ਉਸ ਵਿਚ ਖੇਡਾਂ ਨੂੰ ਪ੍ਰਫੁਲਿਤ ਕੀਤਾ ਹੈ । ਅਧਿਆਪਨ ਤੋਂ ਕੁਮੈਂਟਰੀ ਤਕ ਦਾ ਉਸ ਦਾ ਬਹੁਤ ਲੰਮਾ ਸਫਰ ਹੈ। ਕੁਮੈਂਟਰੀ ਕਰਨ ਵੇਲੇ ਉਸ ਦਾ ਇਹ ਜਲੌਅ ਵੇਖਣ ਵਾਲਾ ਹੁੰਦਾ ਹੈ। ਵੇਖਣ ਸੁਨਣ ਵਾਲਾ ਉਸ ਦੇ ਸ਼ਬਦਾਂ ਨੂੰ ਸੁਣ ਕੇ ਨੱਚਣ ਤਕ ਜਾਂਦਾ ਹੈ। ਉਹ ਸ਼ਬਦਾਂ ਦਾ ਕਾਰੀਗਰ ਹੈ । ਚਿਹਰੇ ਵੇਖ ਕੇ ਬੰਦੇ ਦੀ ਫਿਤਰਤ ਪਛਾਂਨਣੀ ਉਸਦਾ ਹੁਨਰ ਹੈ ਤੇ ਮਨੋਵਿਗਿਆਨਕ ਜੁਗਤ ਹੈ ।  ਵਾਈਸ ਚਾਂਸਲਰ ਸਰਦਾਰਾ ਸਿੰਘ ਜੌਹਲ ਦਾ ਉਹ ਮੁਰੀਦ ਹੈ। ਇਕ ਪੂਰੀ ਕਿਤਾਬ ਸਰਦਾਰਾ ਸਿੰਘ ਜੌਹਲ ਬਾਰੇ ਲਿਖੀ ਹੈ । ਤੇ ਇਹ ਕਿਤਾਬ ਵੀ ਉਸਨੇ ਸਰਦਾਰਾ ਸਿੰਘ ਜੌਹਲ ਨੂੰ ਸਮਰਪਿਤ ਕੀਤੀ ਹੈ । ਪ੍ਰਿਸੀਪਲ ਸਰਵਣ ਸਿੰਘ ਦੀ ਵਾਰਤਕ ਵਿਚ ਰੰਗੀਨੀ ਹੈ । ਉਸਦੀਆਂ  ਲਿਖਤਾਂ ਦੇ ਬਹੁਰੰਗ ਹਨ । ਜਿਂਨ੍ਹਾ ਵਿਚ ਕਈ ਰੰਗਾਂ ਦਾ ਜ਼ਿਕਰ ਉਪਰ ਹੋ ਚੁਕਾ ਹੈ  । ਇਸ ਪੁਸਤਕ ਵਿਚ ਉਸਦੀ ਵਾਰਤਕ ਦੇ ਵਿੰਭਿੰਨ ਰੰਗ ਹਨ। ਪੁਸਤਕ ਦੇ ਆਰੰਭ ਵਿਚ ਡਾ ਹਰਿਭਜਨ ਸਿੰਘ ਨੇ ਪ੍ਰਿੰਸੀਪਲ ਸ਼ਰਵਣ ਸਿੰਘ ਨੂੰ ਸ਼ਬਦਾਂ ਦਾ ਓਲੰਪੀਅਨ ਕਿਹਾ ਹੈ। ਉਸਦੀ ਲਿਖਤ ਵਿਚ ਸ਼ਬਦ ਤੇਜ਼ੀ ਨਾਲ ਦੌੜਦੇ ਹਨ। ਇਉਂ ਲਗਦਾ ਹੈ ਜਿਵੇਂ ਖੇਡ ਲੇਖਕ ਦੇ ਹਥਾਂ ,ਚੋਂ ਲੰਘੇ ਸ਼ਬਦ ਅਠਖੇਲੀਆਂ ਕਰਦੇ ਹੋਣ ।  ਉਸ਼ਦੀ ਲਿਖਤ ਵਿਚ ਫਾਊਲ ਨਹੀਂ ਹੈ । ਕਿਤੇ ਵਾਧੂ ਸ਼ਬਦ ਨਹੀਂ ਹੁੰਦਾ । ਜੇ ਕਿਤੇ ਵਾਕ ਦਾ ਅਕਾਰ ਵਧ ਵੀ ਜਾਵੇ ਤਾਂ ਬੜੇ ਸਲੀਕੇ ਨਾਲ ।  ਉਹ ਆਪਣੀ ਸ਼ਾਫ ਸੁਥਰੀ ਤੇ ਪਾਰਦਰਸ਼ੀ ਸ਼਼ਖਸੀਅਤ ਵਾਂਗ ਲਿਖਤ ਵਿਚ ਵੀ ਸਚੋ ਸਚ ਤੇ ਸਪਸ਼ਟਵਾਦੀ ਰਹਿੰਦਾ ਹੈ। ਉਸਦੀ ਵਾਰਤਕ ਨਿਰੋਲ ਪੰਜਾਬੀ ਜੁੱਸੇ ਵਾਲੀ ਹੈ । ਪੰਜਾਬੀਅਤ  ਦੀਆਂ  ਸੁਗੰਧੀਆਂ ਬਿਖੇਰਦੀ ਇਹ ਵਾਰਤਕ  ਬਿਲਕੁਲ ਨਿਵੇਕਲੀ ਹੈ । ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ  ਪੁਸਤਕ ਵਿਚ ਉਸਦੀ ਸ਼ਖਸੀਅਤ ਤੇ ਸਿਰਜਨਕਾਰੀ ਬਾਰੇ ਲੰਮਾ ਲੇਖ ਲਿਖਿਆ ਹੈ  --ਪੰਜਾਬੀ ਵਾਰਤਕ ਦਾ ਉੱਚਾ ਬੁਰਜ । ਇਹ ਬੁਰਜ ਆਪਣੀ ਉਮਰਾਂ ਦੀ ਸਾਹਿਤਕ ਘਾਲ ਕਮਾਈ ਸਦਕਾ ਸਾਹਿਤਕ ਸੰਸਾਰ ਵਿਚ ਦੂਰੋਂ ਹੀ ਧਰੂ ਤਾਰੇ ਵਾਂਗ ਦਿਸ ਪੈਂਦਾ ਹੈ । ਹੁਣ ਤਕਨੀਕ ਦੇ ਸਮੇਂ ਵਿਚ ਮੋਬਾਈਲ ਤਰੰਗਾ ਵਾਲੇ ਕਈ ਟਾਵਰਾਂ ਦਾ ਬੋਲਬਾਲਾ ਹੈ । ਪਰ ਪ੍ਰਿੰਸੀਪਲ ਸਰਵਣ ਸਿੰਘ ਦਾ ਸਾਹਿਤਕ ਟਾਵਰ  ਇਸ ਕਦਰ ਉੱਚਾ ਹੈ ਕਿ  ਇਸ ਦੀ ਆਭਾ ਬਰਕਰਾਰ ਹੈ। ਸਰਵਣ ਸਿੰਘ ਸਾਹਿਤਕ ਤਰੰਗਾਂ ਦਾ ਹੁਸੀਨ ਟਾਵਰ ਹੈ । ਇਸ ਸਾਹਿਤਕ ਬੁਰਜ ਕੋਲ ਕਲਮ ਦਾ ਉਹ ਸੰਦ ਹੈ। ਜਿਸ ਨਾਲ ਉਹ ਕਲਮਕਾਰੀ ਕਰ ਰਿਹਾ ਹੈ । ਇਸੇ ਕਰਕੇ ਡਾ ਹਰਿਭਜਨ ਸਿੰਘ ਨੇ ਉਸਦੀ ਲਿਖਣ ਸ਼ੈਲੀ ਨੂੰ ਅਥਲੈਟਿਕ ਸ਼ੈਲੀ ਕਿਹਾ ਹੈ।  ਪ੍ਰੋ ਵਰਿਆਮ ਸਿੰਘ ਸੰਧੂ ਨੇ ਲਿਖਿਆ ਹੈ ਕਿ ਹੁਣ ਤਕ ਪੰਜਾਬ ਦੇ ਪਿੰਡਾਂ ਬਾਰੇ ਪ੍ਰਮਾਣਿਕ ਪੁਸਤਕ ਗਿਆਨੀ ਗੁਰਦਿਤ ਸਿੰਘ ਦੀ ਕਿਤਾਬ ਮੇਰਾ ਪਿੰਡ ਨੂੰ ਮੰਨਿਆ ਗਿਆ ਹੈ । ਪਰ ਪ੍ਰਿੰਸੀਪਲ ਸਰਵਣ ਸਿੰਘ ਨੇ ਪਿੰਡਾਂ ਦੀ ਇਹ ਦੌੜ  ਜਿਥੇ ਗਿਆਨੀ ਗੁਰਦਿਤ ਸਿੰਘ ਨੇ ਛਡੀ ਸੀ ਉਸ ਤੋਂ ਅਗੇ ਸ਼ੁਰੂ ਕੀਤੀ ਹੈ। ਪਿੰਡ ਦੀ ਸਥ ਚੋਂ ਤੇ ਬਾਤਾਂ ਵਤਨ ਦੀਆਂ ਇਸ ਕਿਸਮ ਦੀਆਂ ਵਾਰਤਕ ਪੁਸਤਕਾਂ ਹਨ । ਇਸ ਕਿਸਮ ਦੀ ਵਾਰਤਕ ਲਿਖਣਾ ਹਾਰੀ ਸਾਰੀ ਦੇ ਵਸ ਦਾ ਹੁਨਰ ਨਹੀਂ ਹੈ । ਸਰਵਣ ਸਿੰਘ ਰੌਸ਼ਨੀ ਦਾ ਉਪਾਸ਼ਕ ਹੈ । ਉਸ ਦਾ ਆਪਣਾ ਕਥਨ ਹੈ –ਜੇ ਮੈਂ ਕਹਾਣੀਆਂ ਲਿਖੀ ਜਾਂਦਾ  ਤਾਂ ਨਾ ਮੈਂ ਤਿੰਨਾਂ ਵਿਚ ਹੋਣਾ ਸੀ ਨਾ ਤੇਰਾਂ ਵਿਚ । ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣ ਮੈਂ ਹੁਣ ਪਹਿਲੇ ਨੰਬਰ ਤੇ ਹਾਂ । ਪੁਸਤਕ ਵਿਚ ਪੰਨਾ 17-25 ਵਿਚ ਇਹ ਪੁਸਤਕ--- ਸਿਰਲੇਖ ਤਹਿਤ ਪ੍ਰਿੰਸੀਪਲ ਸਰਵਣ ਸਿੰਘ ਨੇ ਆਪਣੀ ਵਾਰਤਕ ਲਿਖਣ ਦੇ ਕਈ ਗੁਝੇ ਭੇਤ ਲਿਖੇ ਹਨ ਜੋ ਹਰੇਕ ਜਗਿਆਸੂ ਪਾਠਕ ਦੇ ਪੜ੍ਹਨ ਵਾਲੇ ਹਨ  ਜੋ ਪ੍ਰਿੰਸੀਪਲ ਸਰਵਣ ਸਿੰਘ ਰਚਿਤ ਸਾਹਿਤ ਦੇ  ਉਪਾਸ਼ਕ ਹਨ ।
 ਪੁਸਤਕ ਤਤਕਰੇ ਦੀ ਲੇਖ ਲੜੀ ਵਿਚ 4 ਤੋਂ ਤੀਹ ਤੱਕ ਕੁਲ  ਸਤਾਈ ਲੇਖ ਹਨ ।(ਪੰਨਾ 26 -165)   ਅਖੀਰਲੇ ਪੰਨੇ ਤੇ ਲੇਖਕ ਦੀ ਸੰਖੇਪ ਵਿਚ ਜਾਣ ਪਛਾਂਣ ਹੈ । ਪੜ੍ਹ ਕੇ ਪਤਾ ਲਗਦਾ ਹੈ ਕਿ ਲੇਖਕ ਕੋਲ ਕਾਲਜਾਂ ਦਾ ਅਧਿਆਪਨ ਤੇ ਪ੍ਰਬੰਧਕੀ ਤਜ਼ਰਬਾ ਕਮਾਲ ਦਾ ਹੈ । ਇਂਨ੍ਹਾਂ ਸਤਾਈ ਲੇਖਾਂ ਦੀ ਵੰਨਗੀ ਵੇਖ ਕੇ ਹੀ ਭਰਪੂਰ ਜਾਣਕਾਰੀ ਮਿਲ ਜਾਂਦੀ ਹੈ । ਮੇਰਾ ਜਨਮ ਮੇਰਾ ਪਿੰਡ   ਵਿਚ ਜਨਮ ਮਿਤੀ 8 ਜੁਲਾਈ 1940 ਦੀ ਪ੍ਰਮਾਣਿਕਤਾ ਬਾਰੇ ਲੇਖਕ ਸਹਿਜੇ ਸਹਿਜੇ ਸਾਰਾ ਭੇਤ ਖੋਲ੍ਹਦਾ ਹੈ । ਉਂਨ੍ਹਾਂ ਦਿਨਾਂ ਵਿਚ ਵਿਸ਼ਵ ,ਚ ਵਾਪਰ ਰਹੀਆਂ ਅਹਿਮ ਘਟਨਾਵਾਂ ਦਸਦਾ ਹੈ । ਜਰਮਨੀ ਦੇ ਡਿਕਟੇਟਰ ਹਿਟਲਰ ਦੀਆਂ ਫੋਜਾਂ ਅਗੇ ਤੋਂ ਅਗੇ ਵਧ ਰਹੀਆਂ ਸਨ। ਭਾਂਵ 1940 ਸੰਨ ਦੀਆ ਰਾਜਸੀ ਤੇ ਪੰਜਾਬ ਦੀ ਰਾਜਨੀਤੀ ਬਾਰੇ ਸੁਤੇ ਸਿਧ ਜਾਣਕਾਰੀ ਮਿਲੀ ਜਾਂਦੀ ਹੇ । ਇਹ ਸੁਚਜੇ ਵਾਰਤਕਕਾਰ ਦੀ ਪਛਾਣ ਹੈ। ਬਚਪਨ ਵਿਚ ਡੰਗਰ ਚਾਰਨ ਵਾਲਾ ਪ੍ਰਸੰਗ ਪੜ੍ਹਨ ਵਾਲਾ ਹੈ । ਲੇਖਕ ਰੀਝ ਨਾਲ ਆਪਣੇ ਪਿੰਡ ਚਕਰ ਦੀਆਂ ਬਾਤਾਂ ਪਾਉਂਦਾ ਹੈ ।  ਅਰਥਚਾਰੇ ਦਾ ਧਰੂ ਤਾਰਾ ਡਾ ਜੌਹਲ ਲੇਖ ਵਿਚ ਸਰਦਾਰਾ ਸਿੰਘ ਜੋਹਲ ਦੀ ਸੰਘਰਸ਼ ਭਰੀ ਜੀਵਨੀ ਤੇ ਸਾਧਾਂਰਣ ਸਰਕਾਰੀ ਸਕੂਲਾਂ ਵਿਚੋਂ ਸਿਖਿਆ ਹਾਸਲ ਕਰਕੇ ਉਚ ਆਹੁਦਿਆਂ ਤਕ ਦੀ ਪ੍ਰਾਪਤੀ ਨੂੰ ਖੁਬਸੂਰਤ ਵਾਰਤਕ ਵਿਚ ਲਿਖਿਆ ਗਿਆ ਹੈ ।  ਨਾਲ ਹੀ ਲੇਖਕ ਨੇ ਅਜੋਕੀ ਸਿਖਿਆ ਪ੍ਰਣਾਲੀ ਤੇ ਗਹਿਰੀ ਚੋਟ ਕੀਤੀ ਹੈ ।। ਅਸਮਾਨ ਛੂਹੰਸਦੀਆਂ ਮਾਡਰਨ ਸਕੂਲੀ ਇਮਾਰਤਾਂ ਤੇ ਨਿਜੀ ਸਕੂਲਾਂ ਦੀ ਸਿਖਿਆ ਤੇ ਤਿਖਾ ਵਿਅੰਗ ਕੀਤਾ ਹੈ ਕਿ ਇਹ ਕਿਹੋ ਜਿਹੇ ਸਕੂਲ ਨੇ ਤੇ ਕਿਹੜੀ ਸਿਖਿਆ ਦੇ ਰਹੇ ਹਨ। ਜੋ ਬਚਿਆਂ ਨੂੰ ਮਾਂ ਬੋਲੀ ਨਾਲੋਂ ਵੀ ਤੋੜ ਰਹੀ ਹੈ । ਵਿਦੇਸ਼ੀ ਜ਼ਬਾਨ ਅੰਗਰੇਜ਼ੀ ਦਾ ਬੋਝ ਪਤਾ ਨਹੀਂ ਕੀ ਵੇਖ ਬੱਚਿਆਂ ਤੇ ਲਦਿਆ ਜਾ ਰਿਹਾ ਹੈ। ਜਿਵੇਂ ਬਹੁਤ ਵਡੀਆਂ ਮਲਾਂ ਮਾਰ ਰਹੇ ਹੋਨ । ਵਿਦੇਸ਼ਾਂ ਵਿਚ ਭਾਰਤੀ ਸਿਖਿਆ ਦਾ ਕੋਈ ਮੁਲ ਨਹੀਂ ਹੈ  ।ਅਸਲ ਵਿਚ  ਭਾਰਤੀ ਸਿਖਿਆਂ ਲੀਹੋਂ ਲਹਿ ਚੁਕੀ ਹੈ । ਅੰਗਰੇਜ਼ੀ ਰਾਜ ਵਿਚ ਸਿਖਿਆ ਬਚਿਆਂ ਨੂੰ  ਘਟੋ ਘਟ ਕਲਰਕ ਤਾਂ ਬਣਾ ਦਿੰਦੀ ਸੀ ਹੁਣ ਤਾਂ ਵਡੀਆਂ ਡਿਗਰੀਆਂ ਲੈ ਕੇ ਵੀ ਪਲੇ ਬੇਰੁਜ਼ਗਾਰੀ ਪੈਂਦੀ ਹੈ । ਇਸੇ ਤਰਾਂ  ਪੁਸਤਕ ਦੇ ਹੋਰ ਲੇਖਾਂ ਵਿਚ ਡਾ ਮਹਿੰਦਰ ਸਿੰਘ ਰੰਧਾਂਵਾ ਦੀ ਜੀਵਨੀ ਤੇ ਪੰਜਾਬ ਨੂੰ ਦਿਤੀ ਡਾਕਟਰ ਰੰਧਾਂਵਾਂ ਦੀ ਦੇਣ ਬਾਰੇ ਕੀੰਮਤੀ ਵਿਚਾਰ ਹਨ।  ਸ਼ਖਸੀਅਤਾਂ ਦਾ ਬਿਰਤਾਂਤ ਹੋਰ ਵੀ ਲੇਖਾਂ ਵਿਚ ਹੈ ਜਿਸ ਵਿਚ ਫਲਾਈੰਗ ਸਿਖ ਮਿਲਖਾ ਸਿੰਘ ,ਓਲੰਪਿਅਨ ਬਲਬੀਰ ਸਿੰਘ , ਦੋਹਾਂ ਦਾਰਿਆਂ ਦੀ ਦਾਸਤਾਨ ,ਦੋਹਾਂ ਮੱਖਣਾਂ ਦੀ ਰੌਚਿਕ ਗਾਥਾਂ,  ਮਾਈਕਲ ਫੈਲਪਸ ਦੀ ਕਥਾ  । ਇਂਨ੍ਹਾ ਸਾਰੀਆਂ ਸ਼ਖਸੀਅਤਾਂ ਦੀ ਪੂਰੀ ਜਾਣਕਾਰੀ ਇਸ ਪੁਸਤਕ ਵਿਚ ਪੜ੍ਹੀ ਜਾ ਸਕਦੀ ਹੈ । ਸੱਚੀ ਗਲ ਤਾਂ ਇਹ ਹੈ ਕਿ ਇਸ ਵਾਰਤਕ ਵਿਚੋਂ ਪਾਠਕ ਸਹਿਜੇ ਹੀ ਕਹਾਣੀ ਵਰਗਾ ਰਸ ਨਾਲੋ ਨਾਲ ਲੈ ਸਕਦਾ ਹੈ । ਇਨ੍ਹਾ ਦੇ ਜੀਵਨ ਸੰਘਰਸ਼ ਵਿਚੋਂ ਸਹੀ ਸਮਾਜਿਕ ਸੇਧ ਮਿਲਦੀ ਹੈ । ਤੇ ਪਤਾ ਲਗਦਾ ਹੈ ਕਿ ਕਿਵੇਂ ਲੰਮੇ ਸੰਘਰਸ਼ ਕਰਕੇ ਇਂਨ੍ਹਾ ਨੇ ਜ਼ਿੰਦਗੀ ਦੇ ਲੰਮੇ ਮੁਕਾਮ ਹਾਸਲ ਕੀਤੇ ਹਨ। ਤੇ ਦੁਨੀਆਂ ਲਈ ਮਾਡਲ ਬਣ ਕੇ ਵਿਖਾਇਆ ਹੈ।    
ਪ੍ਰਿੰਸੀਪਲ ਸਰਵਣ ਸਿੰਘ ਜ਼ਿੰਦਗੀ ਦਾ ਸਹੀ ਚਿਤੇਰਾ ਹੈ।  ਉਸ ਨੂੰ ਅਜਿਹੀਆਂ ਸੰਘਰਸ਼ ਮਈ ਜ਼ਿੰਦਗੀਆਂ ਦੀ ਜਾਣਕਾਰੀ ਦੇ ਕੇ ਅਥਾਂਹ ਖੁਸ਼ੀ ਮਿਲਦੀ ਹੈ । ਤੇ ਉਹ ਇਸ ਖੁਸ਼ੀ ਨੂੰ ਆਪਣੇ ਪਾਠਕਾਂ ਨਾਲ ਸਾਂਝੀ ਕਰਕੇ ਖੁਸ਼ੀ ਨੂੰ ਦੂਣੀ ਚਉਣੀ  ਕਰਦਾ ਹੈ ।  ਉਸ ਕੋਲ ਹੁਨਰ ਤਾ ਹੈ ਹੀ। ਇਹ ਲੇਖਕ ਦੀ ਬਹੁਤ ਵਡੀ ਫਰਾਖਦਿਲੀ ਵੀ ਹੈ । ਇਕ ਲੇਖ ਹੈ ਮੇਰੀਆਂ ਕਹਾਣੀਆਂ ਦੇ ਬੀਜ (ਪੰਨਾ 94) ਇਸ ਲੇਖ ਵਿਚ ਲੇਖਕ ਨੇ ਆਪਣੀਆਂ ਲਿਖੀਆ ਦੋ ਕਹਾਣੀਆਂ ਭਾਰ ਤੇ ਬੁੱਢਾ ਤੇ ਬੀਜ ਦਾ ਖੁਲ੍ਹਾ ਜ਼ਿਕਰ ਕੀਤਾ ਹੈ । ਅਸਲ ਵਿਚ ਇਹ ਲੇਖ ਲੇਖਕ ਦੇ ਯੂਨੀਵਰਸਿਟੀ ਵਿਚੋਂ ਬੀਜ ਪ੍ਰਾਪਤ ਕਰਨ ਵੇਲੇ ਕੀਤੇ ਸੰਘਰਸ਼ ਦੀ ਪੇਸ਼ਕਾਰੀ ਹੈ ।  ਤੇ ਇਸ ਸੰਘਰਸ਼ ਵਿਚੋਂ ਉਗਮੀ ਕਹਾਣੀ ਬਾਅਦ ਵਿਚ ਆਰਸੀ ਵਿਚ ਛਪੀ ।  ਜਿਸ ਨੂੰ ਪਾਠਕਾਂ ਤੋਂ ਬਹੁਤ ਆਦਰ ਮਾਣ ਮਿਲਿਆ । ਇਸ ਦਾ ਬੁਢਾਂ ਪਾਤਰ ਹੈਮਿੰਗਵੇ ਦੇ ਨਾਵਲ ਬੁਢਾਂ ਤੇ ਸਮੁੰਦਰ ਵਰਗਾ ਲੇਖਕ ਨੂੰ ਲਗਿਆ ।,ਇਹ ਸਾਰਾ ਬਿਰਤਾਂਤ ਪੜ੍ਹ ਕੇ ਰੂਹ ਨਸ਼ਿਆ ਜਾਂਦੀ ਹੈ । ਇਹੀ ਲੇਖਕ ਦੇ ਸਿਰਜੇ ਸ਼ਬਦਾਂ ਦੀ ਜਾਦੂਗਰੀ ਹੈ । ਲੇਖ ਕਿਰਤ ਤੇ ਕਸਰਤ ,ਜੀਵੇ ਜਵਾਨੀ (ਪੁਸਤਕ ਦਾ ਬਿਰਤਾਂਤ ਲੇਖਕ ਗੁਰਪ੍ਰੀਤ ਸਿੰਘ ਤੂਰ) ਤੁਰੋ ਤੇ ਤੰਦਰੁਸਤ ਰਹੋ ,ਬੱਚਿਆਂ ਦੀਆਂ ਸਰੀਰਕ ਖੇਡਾਂ ,ਤੁਰ ਪਰਦੇਸ ਗਿਓਂ ਆਦਿ ਪੜ੍ਹ ਕੇ ਆਨੰਦ ਲਿਆ ਜਾ ਸਕਦਾ ਹੈ। ਇਨ੍ਹਾਂ ਵਿਚੋਂ ਦੇਸ਼ਾਂ ਵਿਦੇਸ਼ਾਂ ਦੇ ਸਭਿਆਚਾਰ ,ਜੀਵਨ ਜਾਚ ਤੇ ਕਾਇਦੇ ਕਾਨੂੰਨਾ ਦੀ ਭਰਪੂਰ ਜਾਣਕਾਰੀ ਮਿਲਦੀ ਹੈ। ਇਕ ਗਲ ਬਹੁਤ ਪਤੇ ਦੀ ਹੈ ਕਿ ਮਨੁਖ ਜਿਨ੍ਹਾਂ  ਅੰਗਾਂ  ਦੀ ਵਰਤੌਂ ਘਟ ਕਰਦਾ ਹੈ ਕੁਦਰਤ ਹੌਲੀ ਹੌਲੀ ਉਂਨ੍ਹਾ ਨੂੰ ਖਤਮ ਕਰ ਦਿੰਦੀ ਹੈ ।ਮਿਸਾਲ ਦੇ ਤੌਰ ਤੇ ਮਨੁੱਖ ਨੂੰ ਪੈਰ ਤੁਰਨ ਲਈ ਮਿਲੇ ਹਨ ਪਰ ਅਸੀ ਤੁਰਨਾ ਹੀ ਘਟ ਕਰੀ ਜਾ ਰਹੇ ਹਾਂ ।  ਹਰ ਵੇਲੇ ਕਿਸੇ ਸਵਾਰੀ ਦੀ ਉਡੀਕ ਕਰਦੇ ਹਾਂ।  ਥੋੜ੍ਹਾ ਜਿਹਾ ਤੁਰਨਾ ਵੀ  ਔਖਾ ਸਮਝਦੇ ਹਾਂ। ਇਹ ਗੱਲ ਸਿਹਤ ਪਖੋਂ  ਗਲਤ ਹੈ । ਵਿਦੇਸ਼ਾਂ ਵਿਚ ਤੁਰਨ ਵਾਲਿਆਂ ਦੀ ਐਨੀ ਕਦਰ ਹੈ ਕਿ ਸੜਕ ਤੇ ਚਲਦੀਆਂ ਕਾਰਾਂ ਰੁਕ ਜਾਂਦੀਆ ਹਨ ਜੇ  ਕੋਈ  ਬੰਦਾ ਸੜਕ ਪਾਰ ਕਰ ਰਿਹਾ ਹੈ। ਲੇਖਕ ਕੈਨੇਡਾ ਵਾਸੀ ਹੈ । ਇਹ ਸਭ ਕੁਝ ਉਸ ਨੇ ਬਾਕਾਇਦਾ ਵੇਖ ਕੇ ਲਿਖਿਆ ਹੈ ਨਾ ਕਿ ਸੁਣੀ ਸੁਣਾਈ ਗੱਲ ਹੈ। ਕਈ ਲੇਖਾਂ ਵਿਚ ਹੈਰਾਨੀ ਜਨਕ ਤੱਥ ਹਨ । ਲੇਖ ਜਹਾਜ਼ ਦੇ ਪਹੀਆਂ ਵਿਚ ਤੇ ਮੀਡੀਆ ਜਦੋਂ ਬਾਂਦਰ ਬਣ ਜਾਵੇ ਰੌਚਿਕ ਤੇ ਹੈਰਾਨੀ ਜਨਕ ਬਿਰਤਾਂਤ ਹਨ। ਲੇਖਕ ਪੁਸਤਕ ਦੀਆਂ ਰਚਨਾਵਾਂ ਵਿਚੋਂ ਭਾਰਤੀ ਮਨੁਖ ਨੂੰ ਆਪਣੇ ਢੰਗ ਨਾਲ ਜੀਵਨ ਜਾਚ ਦੀ ਸਿਖਿਆ ਦਿੰਦਾ ਹੈ । ਸਿਰਮੌਰ  ਖੇਡ ਲੇਖਕ ਦੀ ਵਾਰਤਕ ਦੇ  ਬਹੁਰੰਗਾਂ ਵਾਲੀ  ਪੁਸਤਕ ਹਰੇਕ ਪਾਠਕ ਦੇ ਪੜ੍ਹਨ ਵਾਲੀ ਹੈ ਤੇ ਸਾਂਭਣ ਵਾਲੀ ਹੈ ।  ਭਰਪੂਰ ਸਵਾਗਤ ਹੈ ।