ਅਕਲ ਦੀ ਦਵਾਈ
(ਮਿੰਨੀ ਕਹਾਣੀ)
ਮੇਰੇ ਗੁਆਂਢੀ ਕੁਲਵੀਰ ਦੇ ਘਰ ਦਾ ਗੇਟ, ਮੇਰੇ ਘਰ ਦੇ ਗੇਟ ਦੇ ਬਿਲਕੁਲ ਨਾਲ ਹੀ ਹੈ। ਉਸ ਦਾ ਵੱਡਾ ਮੁੰਡਾ ਮਾੜੇ ਮੁੰਡਿਆਂ ਦੀ ਸੰਗਤ ਵਿੱਚ ਪੈ ਕੇ ਨਸ਼ੇ ਕਰਨ ਲੱਗ ਪਿਆ ਹੈ। ਘਰ ਦੀ ਜੋ ਚੀਜ਼ ਉਸ ਨੂੰ ਦਿੱਸਦੀ ਹੈ, ਉਸ ਨੂੰ ਵੇਚਣ ਤੁਰ ਪੈਂਦਾ ਹੈ।ਨਸ਼ਾ ਕਰਨ ਲਈ ਕੁਲਵੀਰ ਤੋਂ ਕਿਸੇ ਨਾ ਕਿਸੇ ਬਹਾਨੇ ਪੈਸੇ ਮੰਗਦਾ ਰਹਿੰਦਾ ਹੈ। ਉਸ ਦੇ ਕਰਕੇ ਹੀ ਕੁਲਵੀਰ ਨੂੰ ਫੌਜ ਦੀ ਨੌਕਰੀ ਵੀ ਛੱਡਣੀ ਪਈ ਹੈ। ਕੁਲਵੀਰ ਦਾ ਛੋਟਾ ਭਰਾ ਬਲਵੀਰ, ਜਿਸ ਦੀ ਉਮਰ ੪੦ ਸਾਲ ਤੋਂ ਉੱਪਰ ਹੈ, ਦਾ ਹਾਲੇ ਵਿਆਹ ਨਹੀਂ ਹੋਇਆ। ਉਸ ਦਾ ਵਿਆਹ ਨਾ ਹੋਣ ਦਾ ਕਾਰਨ ਉਸ ਦਾ ਵਿਹਲਾ ਰਹਿਣਾ ਹੈ। ਉਸ ਦੀ ਆਪਣੀ ਮਾਂ,ਕੁਲਵੀਰ ਤੇ ਉਸ ਦੀ ਪਤਨੀ ਨਾਲ ਵੱਡੇ ਮੁੰਡੇ ਕਰਕੇ ਲੜਾਈ, ਝਗੜਾ ਹੁੰਦਾ ਰਹਿੰਦਾ ਹੈ। ਉਹ ਸਵੇਰੇ, ਦੁਪਹਿਰੇ ਤੇ ਸ਼ਾਮ ਉੱਚੀ, ਉੱਚੀ ਬੋਲਦਾ ਰਹਿੰਦਾ ਹੈ। ਉਸ ਦਾ ਬਹੁਤਾ ਤੇ ਉੱਚੀ, ਉੱਚੀ ਬੋਲਣਾ ਮੈਨੂੰ ਵੀ ਚੰਗਾ ਨਹੀਂ ਲੱਗਦਾ। ਕੁਲਵੀਰ ਦੇ ਵੱਡੇ ਮੁੰਡੇ ਤੇ ਬਲਵੀਰ ਨੇ ਉਸ ਦੇ ਘਰ ਨੂੰ ਨਰਕ ਬਣਾਇਆ ਹੋਇਆ ਹੈ।ਕੁਲਵੀਰ ਆਪਣੇ ਮੁੰਡੇ ਨੂੰ ਤਾਂ ਸਮਝਾਉਂਦਾ ਰਹਿੰਦਾ ਹੈ,ਪਰ ਬਲਵੀਰ ਉਸ ਦੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ।
ਇਕ ਦਿਨ ਮੈਨੂੰ ਬਲਵੀਰ ਆਪਣੇ ਘਰ ਦੇ ਗੇਟ ਤੋਂ ਬਾਹਰ ਉੱਚੀ, ਉੱਚੀ ਬੋਲਦਾ ਮਿਲ ਪਿਆ।ਮੈਂ ਉਸ ਨੂੰ ਆਖਿਆ, "ਦੇਖ ਬਲਵੀਰ,ਤੇਰਾ ਹਾਲੇ ਵਿਆਹ ਨ੍ਹੀ ਹੋਇਆ।ਨਾ ਤੇਰਾ ਕੋਈ ਪੁੱਤ ਆ, ਨਾ ਕੋਈ ਤੇਰੀ ਧੀ ਆ। ਹਾਲੇ ਤੇਰੀਆਂ ਚੱਲਦੀਆਂ ਆਂ। ਜਿਸ ਦਿਨ ਤੂੰ ਕਿਸੇ ਕਾਰਨ ਮੰਜੇ ਪੈ ਗਿਆ, ਤੈਨੂੰ ਕੁਲਵੀਰ ਤੇ ਉਸ ਦੇ ਮੁੰਡਿਆਂ ਨੇ ਪਾਣੀ ਦਾ ਘੁੱਟ ਤੱਕ ਨ੍ਹੀ ਦੇਣਾ।ਇਸ ਲਈ ਤੂੰ ਕੁਲਵੀਰ ਤੇ ਉਸ ਦੇ ਮੁੰਡਿਆਂ ਨਾਲ ਚੱਜ ਨਾਲ ਪੇਸ਼ ਆਇਆ ਕਰ।"
ਬਲਵੀਰ ਨੇ ਮੇਰੀਆਂ ਗੱਲਾਂ ਧਿਆਨ ਨਾਲ ਸੁਣੀਆਂ ਤੇ ਚਲਾ ਗਿਆ।ਮੇਰੇ ਵਲੋਂ ਦਿੱਤੀ ਇਸ ਅਕਲ ਦੀ ਦਵਾਈ ਦਾ ਉਸ ਤੇ ਬਹੁਤ ਅਸਰ ਪਿਆ।ਹੁਣ ਉਸ ਦੀ ਆਪਣੀ ਮਾਂ,ਆਪਣੇ ਭਰਾ ਕੁਲਵੀਰ ਤੇ ਉਸ ਦੇ ਮੁੰਡਿਆਂ ਨਾਲ ਲੜਾਈ, ਝਗੜਾ ਕਰਨ ਦੀ ਆਵਾਜ਼ ਨਹੀਂ ਆਉਂਦੀ।