ਗ਼ਜ਼ਲ (ਗ਼ਜ਼ਲ )

ਨਿਸ਼ਾਨ ਸਿੰਘ ਰਾਠੌਰ   

Email: nishanrathaur@gmail.com
Address: ਪੰਜਾਬੀ ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ
ਕੁਰੂਕਸ਼ੇਤਰ India
ਨਿਸ਼ਾਨ ਸਿੰਘ ਰਾਠੌਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


'ਪੰਡਤ- ਮੁੱਲਾਂ ਐਸਾ ਕਹਿਰ ਕਮਾਇਆ ਹੈ
ਝੁੱਗੀਆਂ ਢਾਹ ਕੇ ਰੱਬ ਦਾ ਘਰ ਬਣਵਾਇਆ ਹੈ!

ਬਾਰਡਰ ਉੱਤੇ ਵਿੰਨ ਕੇ ਪੁੱਤ ਬਿਗਾਨੇ ਨੂੰ
ਕਹਿੰਦੇ ਉਸਨੇ ਸੱਚਾ ਫਰਜ਼ ਨਿਭਾਇਆ ਹੈ!

ਨੀਲਕੰਠ ਦੇ ਵਾਂਗੂ ਚੁੱਪ ਕਰ ਪੀ ਲੈਣਾ
ਆਪਣਿਆਂ ਨੇ ਹੱਥ ਵਿਚ ਜ਼ਹਿਰ ਫੜਾਇਆ ਹੈ!

ਰੱਬ ਨੂੰ ਭਾਲਣ ਖ਼ਾਤਰ ਘਰ ਤੋਂ ਤੁਰਿਆ ਸੀ
ਮਾਂ ਦੇ ਪੈਰੀਂ ਹੱਥ ਲਾ ਕੇ ਮੁੜ ਆਇਆ ਹੈ!

ਮਾਰ ਚੌਂਕੜੀ ਰੱਬ ਦੀ ਬੰਦਗੀ ਕਰਦੇ ਹੋ
ਨਾਨਕ ਨੇ ਤਾਂ ਹੱਥੀਂ ਹਲ਼ ਵੀ ਵਾਹਿਆ ਹੈ!

ਰਾਮ- ਅੱਲਾ ਨੂੰ ਖ਼ਬਰੇ! ਅੱਜ ਕੱਲ ਸੁਣਦਾ ਨਹੀਂ
ਪੰਡਤ- ਮੁੱਲਾਂ ਤੜਕੇ ਸ਼ੋਰ ਮਚਾਇਆ ਹੈ!

ਰਾਤ ਹਨੇਰੀ ਦੇ ਵਿਚ ਕਾਲੇ ਕੰਮ ਕਰੇ
ਦਿਨ ਚੜਦੇ ਨੂੰ ਚਿੱਟਾ ਚੋਲ਼ਾ ਪਾਇਆ ਹੈ!

ਕਿਰਤ ਕਰੋ ਜਿਹੇ ਉਪਦੇਸ਼ਾਂ ਨੂੰ ਭੁੱਲ ਕੇ, ਹੁਣ
ਡੇਰੇ ਦੇ ਵਿਚ ਸੰਤਾਂ ਨਾਮ ਜਪਾਇਆ ਹੈ!

ਬੰਦਿਆਂ ਵਿੱਚੋਂ ਖ਼ਬਰੇ! ਬੰਦਾ ਮਿਲ ਜਾਵੇ
'ਸ਼ਾਨੇ' ਨੇ ਵੀ ਡਾਹਢਾ ਜ਼ੋਰ ਲਗਾਇਆ ਹੈ!'