ਗ਼ਜ਼ਲ (ਗ਼ਜ਼ਲ )

ਅਮਰ 'ਸੂਫ਼ੀ   

Email: amarsufi@yahoo.in
Cell: +91 98555 43660
Address: House No. 2
Moga India 142001
ਅਮਰ 'ਸੂਫ਼ੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਆਖਾਂ ਕਿੰਞ ਮੁਬਾਰਕ ਸਭ ਨੂੰ, ਚੜ੍ਹਿਆ ਜਿਹੜਾ ਸਾਲ ਭਰਾਵੋ।
ਦਿਲ਼ ਨਾ ਕਰਦਾ,ਫਿਰ ਵੀ ਆਖਾਂ,ਅਣਮੰਨੇ ਮਨ ਨਾਲ ਭਰਾਵੋ।

ਲੀਰਾਂ ਵੀ ਮਿਲ ਜਾਣ ਗ਼ਨੀਮਤ, ਦੋ ਡੰਗਾਂ ਦਾ ਟੁੱਕਰ ਕਾਫ਼ੀ,
ਬਹੁਤੀ ਵੱਡੀ ਇੱਛਾ ਲੈਣੀ, ਦਿਲ਼ ਦੇ ਵਿਚ ਨਾ ਪਾਲ ਭਰਾਵੋ।

ਆਠੇ ਦੀ ਥਾਂ 'ਤੇ ਲਾ ਨਾਇਆਂ,ਜਸ਼ਨ ਮਨਾਇਆ ਅੱਧੀ ਰਾਤੀਂ,
ਇੱਕ ਵਰ੍ਹਾ ਹਾਂ ਵੱਡੇ ਹੋਏ, ਉਮਰ ਘਟੀ ਇਕ ਸਾਲ ਭਰਾਵੋ।

'ਠਾਰਾਂ ਵਾਲਾ ਲਾਹ ਕੈਲੰਡਰ, ਲਾ ਦਿੱਤਾ ਹੈ ਉੱਨੀ ਵਾਲਾ,
ਬਾਕੀ ਸਭ ਕੁਝ ਪਹਿਲਾਂ ਵਾਲਾ, ਓਦਾਂ ਰਹਿਣੈ ਹਾਲ ਭਰਾਵੋ।

ਏਸ ਵਰ੍ਹੇ ਵੀ ਹੱਥ ਤੁਹਾਡੇ, ਕੰਮ ਤੋਂ ਵਿਹਲੇ ਰਹਿਣੇ ਯਾਰੋ,
ਭੁੱਖੇ ਮਰਨ ਨਾ ਦੇਣਾ, ਦੇਵਣਗੇ ਆਟਾ ਤੇ ਦਾਲ ਭਰਾਵੋ।

ਏਸ ਵਰ੍ਹੇ ਵੀ ਲੁੱਟਾਂ ਖੋਹਾਂ, ਕਤਲ, ਡਕੈਤੀ ਹੁੰਦੀ ਰਹਿਣੀ,
ਧਿੰਗੋ-ਜ਼ੋਰੀ ਹੁੰਦੀ ਰਹਿਣੀ, ਕੁੜੀਆਂ-ਚਿੜੀਆਂ ਨਾਲ ਭਰਾਵੋ।

ਧਨ ਸਰਮਾਏਦਾਰ ਬਥੇਰਾ, ਏਸ ਵਰ੍ਹੇ ਵੀ ਹੂੰਝਣਗੇ ਪਰ,
ਪਹਿਲਾਂ ਨਾਲੋਂ ਬਦਤਰ ਹੋਣਾ, ਹਰ ਕਿਰਤੀ ਦਾ ਹਾਲ ਭਰਾਵੋ।

ਜੇ ਕਰ ਸ਼ਾਸ਼ਕ ਬਦਲੇ  ਤਾਂ ਵੀ ਭੋਰਾ ਫ਼ਰਕ ਨ ਪੈਣਾ ਇੱਥੇ,
ਆਉਣੇ ਹੋਰ ਲੁਟੇਰੇ ਯਾਰੋ, ਜਾਣੇ ਬਦਲ ਦਲਾਲ ਭਰਾਵੋ।

ਵਿਧਵਾ ਭਾਰਤ-ਮਾਂ ਦੇ ਮੂੰਹੋਂ, ਇੱਦਾਂ ਲੈਣ ਆਸੀਸਾਂ ਆਗੂ,
ਆਪੇ ਹੀ ਮੈਂ ਰੱਜੀ-ਪੁੱਜੀ, ਆਪੇ ਜੀਵਨ ਬਾਲ ਭਰਾਵੋ।

ਉੱਗੇਗੀ ਸਲਫ਼ਾਸ ਬਥੇਰੀ, ਖੱਸੀ ਹੋਏ ਖੇਤਾਂ ਦੇ ਵਿਚ,
ਤੋਰੀ ਵਾਂਙੂੰ ਲਮਕੇਗਾ ਜੱਟ, ਖੇਤੀਂ ਰੁੱਖਾਂ ਨਾਲ ਭਰਾਵੋ।

ਅੱਲ੍ਹੜ ਕੁੜੀਆਂ, ਚੋਬਰ ਮੁੰਡੇ, ਬੇਕਾਰੀ ਦੇ ਝੰਬੇ ਹੋਏ,
ਧਰਤ ਬਿਗ਼ਾਨੀ ਜਾ ਬੈਠਣਗੇ, ਸਾਡੇ ਹੀਰੇ, ਲਾਲ ਭਰਾਵੋ।

ਭੁੱਖੇ ਮਰਦੇ ਗਾਂਵਾਂ ਢੱਟੇ, ਭਟਕਣਗੇ ਬਾਜ਼ਾਰਾਂ ਦੇ ਵਿਚ,
ਪਰ ਇਹਨਾਂ ਦੇ ਨਾਂ 'ਤੇ ਹੋਣੇ, ਢੇਰਾਂ ਲੋਕ ਹਲਾਲ ਭਰਾਵੋ।

ਪੱਥਰ-ਬਾਜ਼ੀ ਵੀ ਹੋਵੇਗੀ, ਰੱਤ ਵਗੇਗੀ ਸਰਹੱਦ ਉੱਤੇ,
ਲਾਸ਼ਾਂ ਬਣ ਕੇ ਘਰ ਨੂੰ ਮੁੜਨੇ,ਮਾਂ-ਪਿਓ ਜਾਏ ਲਾਲ ਭਰਾਵੋ।

ਔਤ-ਮੜ੍ਹੀ ਦੇ ਵਰਗੇ ਚਿੱਟੇ, ਆਗੂ ਲੀੜੇ ਪਾ ਕੇ ਆਉਣੇ,
ਐਪਰ ਕੱਛ 'ਚ ਰੱਖਣਗੇ ਉਹ, ਰੰਗ-ਬਰੰਗੇ ਜਾਲ ਭਰਾਵੋ।

ਵਾਅਦੇ ਹੋਣੇ, ਲਾਰੇ ਮਿਲਣੇ, ਹੋਰ ਭਲਾ ਕੀ ਮਿਲਣੈ 'ਸੂਫ਼ੀ',
ਸਾਲ ਨਵੇਂ ਦੇ ਪਹਿਲੇ ਅੱਧ 'ਚ, ਪੈਣੀ ਚੋਣ-ਧਮਾਲ ਭਰਾਵੋ।