ਸੁਖਵਿੰਦਰ ਨੂੰ ਸਹੁਰੇ ਘਰ ਆਈ ਨੂੰ ਇਕ ਮਹੀਨਾ ਹੋ ਗਿਆ ਸੀ। ਉਸ ਦੀ ਨਨਾਣ ਦੀ ਉਮਰ ਬਾਈ ਸਾਲ ਦੀ ਹੋ ਗਈ ਸੀ।ਉਸ ਦੇ ਰਿਸ਼ਤੇ ਦੀ ਕਈ ਪਾਸੇ ਗੱਲ ਚੱਲੀ।ਪਰ ਹਰ ਪਾਸੇ ਦਾਜ ਦੀ ਮੰਗ ਕਰਕੇ ਕੋਈ ਰਿਸ਼ਤਾ ਸਿਰੇ ਨਹੀਂ ਸੀ ਚੜ੍ਹ ਰਿਹਾ। ਉਸ ਦੇ ਸਹੁਰੇ ਦਾਜ ਦੇਣ ਦੇ ਸਮਰੱਥ ਨਹੀਂ ਸਨ।ਅੱਜ ਫਿਰ ਉਸ ਦੀ ਨਨਾਣ ਨੂੰ ਰਿਸ਼ਤਾ ਆਇਆ ਸੀ।ਇਸ ਵਿੱਚ ਵੀ ਦਾਜ ਦੇਣ ਦੀ ਮੰਗ ਸੀ।ਸੁਖਵਿੰਦਰ ਦੀ ਸੱਸ ਨੇ ਉਸ ਦੇ ਅੱਗੇ ਦਾਜ ਸਬੰਧੀ ਗੱਲ ਬਾਤ ਕੀਤੀ।ਸੁਖਵਿੰਦਰ ਨੇ ਆਖਿਆ, "ਮੰਮੀ ਜੀ, ਹੁਣ ਇਹ ਘਰ ਮੇਰਾ ਆ। ਇਸ ਘਰ ਦੀ ਇੱਜ਼ਤ, ਮੇਰੀ ਇੱਜ਼ਤ ਆ।ਮੇਰੇ ਘਰਦਿਆਂ ਨੇ ਜਿਹੜਾ ਦਾਜ ਮੈਨੂੰ ਦਿੱਤਾ ਆ, ਉਸ 'ਚੋਂ ਜਿਹੜੀਆਂ ਮਰਜ਼ੀ ਚੀਜ਼ਾਂ ਤੁਸੀਂ ਮੇਰੀ ਨਨਾਣ ਨੂੰ ਦੇ ਦਿਉ।ਮੈਂ ਤਾਂ ਹਾਲੇ ਉਨ੍ਹਾਂ ਚੋਂ ਕੋਈ ਵੀ ਚੀਜ਼ ਨਹੀਂ ਵਰਤੀ। ਮੈਨੂੰ ਕੋਈ ਇਤਰਾਜ਼ ਨਹੀਂ ।ਬਾਅਦ 'ਚ ਅਸੀਂ ਦੋਵੇਂ ਤੀਵੀਂ, ਆਦਮੀ ਮਿਹਨਤ ਕਰਕੇ ਜਿਸ ਚੀਜ਼ ਦੀ ਲੋੜ ਹੋਈ, ਬਣਾ ਲਵਾਂਗੇ।"ਸੁਖਵਿੰਦਰ ਦੀਆਂ ਇਹ ਗੱਲਾਂ ਸੁਣ ਕੇ ਉਸ ਦੀ ਸੱਸ ਦਾ ਸਾਹ ਵਿੱਚ ਸਾਹ ਆਇਆ ਤੇ ਉਸ ਨੂੰ ਆਖਣ ਲੱਗੀ, "ਰੱਬ ਤੇਰੇ ਵਰਗੀਆਂ ਨੂੰਹਾਂ ਸੱਭ ਨੂੰ ਦੇਵੇ।ਮੈਂ ਇਸ ਕਰਕੇ ਬੜੀ ਸ਼ਰਮਿੰਦੀ ਹਾਂ ਕਿ ਮੈਂ ਤੇਰੇ ਘਰਦਿਆਂ ਤੋਂ ਮੰਗ ਕੇ ਦਾਜ ਲਿਆ ਸੀ।ਹੋ ਸਕੇ, ਤਾਂ ਮੈਨੂੰ ਮਾਫ ਕਰ ਦਈਂ।"
"ਮੰਮੀ ਜੀ, ਜਿਹੜਾ ਸਮਾਂ ਲੰਘ ਗਿਆ, ਉਸ ਬਾਰੇ ਫਿਕਰ ਕਰਨ ਦੀ ਲੋੜ ਨਹੀਂ।ਮੈਂ ਤਾਂ ਤੁਹਾਨੂੰ ਇਸ ਘਰ 'ਚ ਪੈਰ ਪਾਣ ਤੋਂ ਪਹਿਲਾਂ ਹੀ ਮਾਫ ਕਰ ਦਿੱਤਾ ਸੀ।"ਸੁਖਵਿੰਦਰ ਦੀਆਂ ਇਹ ਗੱਲਾਂ ਸੁਣ ਕੇ ਉਸ ਦੀ ਸੱਸ ਨੇ ਉਸ ਨੂੰ ਘੁੱਟ ਕੇ ਸੀਨੇ ਨਾਲ ਲਾ ਲਿਆ।