ਟਾਹਣੀਆਂ ਤੋ ਭੱਬੂਆਂ ਦੀ ਕੰਧ ਹਟਾਉਣ ਦੀ ਗੱਲ ਕਰੀਏ ।
ਉਜੜ ਰਹੀਆਂ ਗੁਲਜਾਰਾਂ ਨੂੰ ਆ ਬਚਾਉਣ ਦੀ ਗੱਲ ਕਰੀਏ ।
ਆਲ੍ਹਣੇ ਚ ਬੈਠੇ ਬੋਟ ਮੂੰਹ ਭੱਖੜੇ ਦੀ ਚੋਗ ਜੋ ਪਾ ਰਿਹਾ,
ਇਸ ਨਕਾਬ ਪਹਿਨੇ ਉਕਾਬ ਨੂੰ ਆ ਭਜਾਉਣ ਦੀ ਗੱਲ ਕਰੀਏ ।
ਆਵੋ ਛੱਡ ਧਰਮਾਂ ਦੇ ਝਗੜੇ ਲੜੀਏ ਨਾਂ ਸੰਗ ਭਰਾਵਾਂ ਦੇ,
ਰੋਟੀ ਤੋ ਭੁੱਖੇ ਕਾਮਿਆਂ ਨੂੰ ਕੁਝ ਖਵਾਉਣ ਦੀ ਗੱਲ ਕਰੀਏ।
ਵੇਖਣੀ ਚਹੁੰਦੇ ਜਿੰਦਗੀ ਚ ਜੇ ਤੁਸੀ ਚਾਨਣ ਦੀ ਕਿਰਨ ਕੋਈ ,
ਨ੍ਹੇਰੇ ਨੂੰ ਛੱਡ ਚਾਨਣ ਦੇ ਸੰਗ ਹੱਥ ਮਿਲਾਉਣ ਦੀ ਗੱਲ ਕਰੀਏ ।
ਚੱੜਦੀ ਉਮਰ ਚ ਰੰਗਲੀ ਦੀ ਥਾਂ ਚਿੱਟੀ ਚੁੰਨੀ ਜਿਸ ਸਿਰ ਤੇ ਦਿੱਤੀ,
ਆਵੋ ਉਸ ਦਰਿੰਦੇ ਨੂੰ ਨਾਨੀ ਯਾਦ ਕਰਾਉਣ ਦੀ ਗੱਲ ਕਰੀਏ।
ਜਿਸਦੀ ਖਾਤਰ ਚੁੰਮੀ ਸੀ ਫਾਸ਼ੀ ਤੇ ਤਰੇ ਸਨ ਅੱਗ ਦੇ ਦਰਿਆ ,
ਉਸ ਅਜ਼ਾਦੀ ਦਾ ਹਰ ਘਰ ਸਿੱਧੂ ਸੁਖ ਲਿਆਉਣ ਦੀ ਗੱਲ ਕਰੀਏ ।