ਲੰਮੀ ਗੁੱਤ ਪਰਾਂਦੀ ਵਾਲੀ,
ਅੱਜਕਲ੍ਹ ਨਹੀਓਂ ਦਿਸਦੀ ਭਾਲੀ!
ਗਿਆ ਰਿਵਾਜ ਓਹ ਘੁੰਡਾਂ ਵਾਲਾ,
ਦਿਸਦੀ ਨਾ ਸੱਗੀ ਫੁੱਲ ਵਾਲੀ!!
ਕੱਢਦੀ ਨਾ ਫੁਲਕਾਰੀ ਦਿਸਦੀ,
ਅੱਜਕਲ੍ਹ ਕੋਈ ਮੁਟਿਆਰ!
ਸ਼ੌਕ ਹੈ ਪੋਨੀ ਦਾ, ਵਿਰਸਾ ਦਿੱਤਾ ਵਿਸਾਰ,,,
ਸ਼ੌਕ ਹੈ ਪੋਨੀ ਦਾ,,,,,,
ਗੁੱਤ ਮਰੋੜ ਕੇ ਜੂੜਾ ਕਰਦੀ ਚੁੰਨੀ ਲੈਣੀ ਭੁੱਲੀ!
ਗਿੱਧਾ ਬੋਲੀਆ ਦਿਲੋਂ ਭੁਲਾ ਕੇ ਡਿਸਕੋ ਉੱਤੇ ਡੁੱਲੀ!!
ਸੂਟ ਪੰਜਾਬੀ ਛੱਡਤਾ ਪਾਉਣਾ ਵਿਰਸੇ ਨੂੰ ਪਈ ਮਾਰ,,,,, ਸ਼ੌਕ,,,,,
ਪੜ੍ਹ ਲਿਖ ਭਾਵੇਂ ਕਰੀ ਤਰੱਕੀ ਸੱਭਿਆਚਾਰ ਭੁਲਾਇਆ!
ਰੀਤ ਰਿਵਾਜ਼ ਵਿਸਾਰ ਪੁਰਾਣੇ ਮਿੱਟੀ ਵਿੱਚ ਮਿਲਾਇਆ!!
ਆਪ ਮੁਹਾਰੀ ਨਵੀਂ ਪੀੜ੍ਹੀ ਨੇ ਕੀਤੀ ਨਹੀਂ ਵਿਚਾਰ,,,,, ਸ਼ੌਕ,,,
ਮਾਂ ਬੋਲੀ ਨੂੰ ਦਿਲੋਂ ਭੁਲਾਇਆ ਬੋਲਣ ਤੋਂ ਵੀ ਸੰਗੇ!
ਪੱਛਮੀ ਸੱਭਿਆਚਾਰ ਦੇ ਵਿੱਚ ਆਪਣੇ ਆਪ ਨੂੰ ਰੰਗੇ!!
ਰੋਲਤੀ ਆਪਣੀ ਬੋਲੀ ਅੱਖਰ ਸਿੱਖ ਅੰਗਰੇਜ਼ੀ ਚਾਰ,,,, ਸ਼ੌਕ,,,
ਲਾਲਚ ਦੇ ਵਿੱਚ ਅੰਨ੍ਹੀ ਹੋ ਕੇ ਆਪਣੇ ਦੇਸ਼ ਨੂੰ ਨਿੰਦੇਂ!
ਵਿਦੇਸ਼ ਦੀਆਂ ਤੂੰ ਗੱਲਾਂ ਕਰਦੀ, ਕਰਦੀ ਝੱਟੇ ਬਿੰਦੇਂ!!
ਤੇਰਾ ਜੀਅ ਤਾਂ ਕਰਦੈ ਖੰਭ ਲਾ ਉੱਡਜਾਂ ਦੇਸ਼ੋਂ ਬਾਹਰ,,,, ਸ਼ੌਕ,,,,,,
ਅੱਜਕਲ੍ਹ ਦੀ ਪੀੜ੍ਹੀ ਪੈਰੀਂ ਆਪ ਕੁਹਾੜਾ ਮਾਰੇ!
ਦੱਦਾਹੂਰੀਏ ਵਰਗੇ ਇਹਨੂੰ ਕਹਿ ਕਹਿ ਥੱਕੇ ਹਾਰੇ!!
ਜੜ੍ਹਾਂ ਆਪਦੀਆਂ ਆਪੇ ਪੁੱਟੇ ਸੋਚੇ ਨਾ ਇੱਕ ਵਾਰ,,,, ਸ਼ੌਕ,,,,