ਪੰਜਾਬੀ ਭਾਸ਼ਾ ਦਾ ਵਿਸ਼ਵੀ ਸਰੂਪ (ਲੇਖ )

ਇਕਬਾਲ ਸੋਮੀਆਂ (ਡਾ.)   

Email: iqbalsomian@gmail.com
Cell: +91 95012 05169
Address:
India
ਇਕਬਾਲ ਸੋਮੀਆਂ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


viagra online

buy viagra jelly redirect best place to buy viagra online
ਭਾਸ਼ਾ ਇਕ ਅਜਿਹੀ ਸਮਾਜਿਕ ਹੋਂਦ ਹੈ ਜਿਸ ਦੁਆਰਾ ਮਨੁੱਖ ਆਪਣੇ ਵਿਚਾਰਾਂ, ਭਾਵਾਂ, ਸ਼ਖ਼ਸੀਅਤ ਆਦਿ ਦਾ ਪ੍ਰਗਟਾਅ ਕਰਨ ਦੇ ਨਾਲ਼-ਨਾਲ਼ ਆਪਣੇ ਹਿੱਤਾਂ ਦੀ ਵੀ ਰਾਖੀ ਕਰਦਾ ਹੈ। ਇਸ ਤਰ੍ਹਾਂ ਮਾਂ-ਬੋਲੀ ਦੀ ਮਹੱਤਤਾ ਵੀ ਮਨੁੱਖ ਲਈ ਆਕਸੀਜਨ ਦੀ ਅਹਿਮੀਅਤ ਤੋਂ ਘੱਟ ਨਹੀਂ ਆਖੀ ਜਾ ਸਕਦੀ। ਇਸ ਵਕਤ ਕਰੀਬ 150 ਮੁਲਕਾਂ ਵਿਚ ਪੰਜਾਬੀ ਬੋਲਣ ਵਾਲ਼ੇ ਵੱਸਦੇ ਹਨ। ਐਥਨੋਲੋਗ (2018) ਨੇ ਆਪਣੇ ਅੰਕੜਿਆਂ ਵਿਚ ਸੰਸਾਰ ਵਿਚ 7097 ਭਾਸ਼ਾਵਾਂ ਦਾ ਜਿਕਰ ਕੀਤਾ ਹੈ ਜਿਨ੍ਹਾਂ ਵਿਚੋਂ ਕਰੀਬ ਅੱਧੀਆਂ ਭਾਸ਼ਾਵਾਂ ਹੀ ਠੀਕ ਸਥਿਤੀ ਵਿਚ ਦੱਸੀਆਂ ਗਈਆਂ ਹਨ। ਸਾਡੀ ਮਾਂ-ਬੋਲੀ ਪੰਜਾਬੀ ਦੀ ਗੱਲ ਕਰੀਏ ਤਾਂ ਇਹਨਾਂ ਅੰਕੜਿਆਂ ਅਨੁਸਾਰ ਸੰਸਾਰ ਵਿਚ ਪੰਜਾਬੀ ਬੋਲਣ ਵਾਲ਼ਿਆਂ ਦੀ ਕੁੱਲ ਗਿਣਤੀ 148.3 ਮਿਲੀਅਨ ਹੈ ਅਤੇ ਇਸਦਾ ਵਿਸ਼ਵ ਦੀਆਂ ਵਧੇਰੇ ਬੋਲੀਆਂ ਜਾਣ ਵਾਲ਼ੀਆਂ ਭਾਸ਼ਾਵਾਂ ਵਿਚ ਗਿਆਰਵਾਂ ਦਰਜਾ ਬਣਦਾ ਹੈ। ਇਸ ਅਨੁਸਾਰ ਵੱਸੋਂ ਵਾਧੇ ਦੀ ਦਰ ਅਨੁਸਾਰ ਅੱਜ 2018 ਵਿਚ ਪੰਜਾਬੀ ਬੁਲਾਰਿਆਂ ਦੀ ਗਿਣਤੀ 15 ਕਰੋੜ ਤੋਂ ਵੀ ਵਧੇਰੇ ਬਣਦੀ ਹੈ।
ਵਿਕੀਪੀਡੀਆ ਦੀ ਇਕ ਰਿਪੋਰਟ (2018) ਅਨੁਸਾਰ ਪਾਕਿਸਤਾਨ ਵਿਚ 94,486,500, ਭਾਰਤ ਵਿਚ 30,000,000, ਯੂ. ਕੇ. ਵਿਚ 700,000, ਕੈਨੇਡਾ ਵਿਚ 545,730, ਯੂ ਐੱਸ ਏ ਵਿਚ 253,740, ਆਸਟ੍ਰੇਲੀਆ ਵਿਚ 132,496, ਰੂਸ ਵਿਚ 1.2 ਲੱਖ, ਮਲੇਸ਼ੀਆ ਵਿਚ 56,400, ਲਿਬੀਆ ਵਿਚ 54,000, ਨਾਰਵੇ ਵਿਚ 24,000, ਬੰਗਲਾਦੇਸ਼ ਵਿਚ 23,700, ਨਿਊਜੀਲੈਂਡ ਵਿਚ 19,752 ਅਤੇ ਨੇਪਾਲ ਵਿਚ 10,000 ਪੰਜਾਬੀ ਲੋਕ ਵੱਸਦੇ ਹਨ। ਇਸ ਤਰ੍ਹਾਂ 1 ਕਰੋੜ ਦੇ ਕਰੀਬ ਪੰਜਾਬੀ ਡਾਇਸਪੋਰਾ ਬ੍ਰਿਟੇਨ, ਉਤਰੀ ਅਮਰੀਕਾ, ਦੱਖਣੀ ਏਸ਼ੀਆ ਤੇ ਮੱਧ ਪੂਰਬੀ ਮੁਲਕਾਂ ਵਿਚ ਫੈਲਿਆ ਹੋਇਆ ਹੈ। ਇਥੇ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਕਈ ਰਿਪੋਰਟਾਂ ਵੱਧ ਘੱਟ ਗਿਣਤੀ ਦੱਸਦੀਆਂ ਹਨ।
ਇੰਡੋ-ਆਰੀਅਨ ਭਾਸ਼ਾ ਪਰਿਵਾਰ ਵਿਚ ਪੰਜਾਬੀ ਭਾਸ਼ਾ 10ਵਾਂ ਸਥਾਨ ਰੱਖਦੀ ਹੈ। ਭਾਰਤ ਮੁਲਕ ਦੀਆਂ ਰਾਸ਼ਟਰੀ ਮਾਨਤਾ ਪ੍ਰਾਪਤ 22 ਭਾਸ਼ਾਵਾਂ ਵਿਚ ਇਹ 11ਵਾਂ ਸਥਾਨ ਰੱਖਦੀ ਹੈ। ਇੰਗਲੈਂਡ ਤੇ ਵੇਲਜ਼ ਵਿਚ ਇਹ ਪੰਜਵਾਂ ਤੇ ਕੈਨੇਡਾ ਵਿਚ ਤੀਜਾ ਸਥਾਨ ਰੱਖਦੀ ਹੈ। ਸਿੰਘਾਪੁਰ ਵਿਚ ਵੀ ਪੰਜਾਬੀ ਨੂੰ ਮਾਨਤਾ ਪ੍ਰਾਪਤ ਹੈ। 
ਇਸ ਤਰ੍ਹਾਂ ਵੱਖ-ਵੱਖ ਅੰਕੜਿਆਂ ਅਨੁਸਾਰ ਤਾਂ ਭਾਵੇਂ 14 ਕਰੋੜ ਤੋਂ ਵੀ ਵਧੇਰੇ ਪੰਜਾਬੀ ਬੋਲਣ ਵਾਲ਼ੇ ਹਨ ਪਰ ਅਸਲ ਵਿਚ ਕਈਆਂ ਨੂੰ ਪੰਜਾਬੀ ਠੀਕ ਤਰ੍ਹਾਂ ਬੋਲਣੀ ਨਹੀਂ ਆਉਂਦੀ। ਅਮਰੀਕਾ, ਕੈਨੇਡਾ, ਇੰਗਲੈਂਡ, ਦੁਬਈ, ਸਿੰਘਾਪੁਰ, ਮਲੇਸ਼ੀਆ, ਆਸਟ੍ਰੇਲੀਆ ਆਦਿ ਮੁਲਕਾਂ ਵਿਚ ਬੈਠੇ ਲੋਕ ਉਥੋਂ ਦੀਆਂ ਸਥਾਨਕ ਭਾਸ਼ਾਵਾਂ ਦੀ ਸ਼ਬਦਾਵਲੀ ਦਾ ਮਿਸ਼ਰਣ ਕਰਕੇ ਪੰਜਾਬੀ ਬੋਲਦੇ ਹਨ। ਉਹ ਚਾਹੇ ਮੂਲ ਰੂਪ ਵਿਚ ਪੰਜਾਬੀ ਤਾਂ ਨਹੀਂ ਬੋਲਦੇ ਜਿਵੇਂ ਕਿ ਭਾਰਤੀ ਜਾਂ ਪਾਕਿਸਤਾਨੀ ਪੰਜਾਬ ਦੇ ਵਸਨੀਕ ਬੋਲਦੇ ਹਨ ਬਲਕਿ ਉਹ ਸਥਾਨਕ ਭਾਸ਼ਾਵਾਂ ਦੇ ਪ੍ਰਭਾਵ ਹੇਠਲੀ ਆਪਣੇ ਖ਼ੂਨੀ ਰਿਸ਼ਤੇ ਦੀ ਭਾਸ਼ਾ ਨਾਲ਼ ਮਿਸ਼ਰਿਤ (ਕਰਿਓਲ ਰੂਪੀ) ਭਾਸ਼ਾ ਬੋਲਦੇ ਹਨ। ਇਹ ਵੀ ਤੱਥ ਹੈ ਕਿ ਸਾਰੇ ਪੰਜਾਬੀ ਬੁਲਾਰੇ ਗੁਰਮੁਖੀ ਲਿਪੀ ਦੀ ਵਰਤੋਂ ਨਹੀਂ ਕਰਦੇ ਬਲਕਿ ਅੰਦਾਜਨ ਸਾਢੇ ਕੁ ਤਿੰਨ ਕਰੋੜ ਲੋਕ ਹੀ ਪੰਜਾਬੀ ਲਿਖਣ ਲਈ ਗੁਰਮੁਖੀ ਲਿਪੀ ਦੀ ਵਰਤੋਂ ਕਰਦੇ ਹਨ ਤੇ ਪਾਕਿਸਤਾਨ ਵਿਚਲੇ ਕਰੀਬ ਸਾਢੇ ਨੌ ਕਰੋੜ ਵਿਚੋਂ ਕਰੀਬ ਸਾਢੇ ਸੱਤ ਕਰੋੜ ਪੰਜਾਬੀ ਸ਼ਾਹਮੁਖੀ ਲਿਪੀ ਦੀ ਵਰਤੋਂ ਕਰਦੇ ਹਨ। 
ਭਾਰਤੀ ਪੰਜਾਬੀਆਂ ਵਿਚ ਕੇਵਲ ਪੰਜਾਬ ਸੂਬੇ ਦੀ ਹੀ ਗੱਲ ਕਰੀਏ ਤਾਂ ਅੰਗਰੇਜ਼ੀ ਦੇ ਵਧ ਰਹੇ ਪ੍ਰਭਾਵ ਕਾਰਨ ਵਿਸ਼ੇਸ਼ ਰੂਪ ਵਿਚ ਅਮੀਰ ਤੇ ਮੱਧ ਵਰਗੀ ਤੇ ਸ਼ਹਿਰੀ ਸਭਿਅਤਾ ਵਾਲ਼ੇ ਘਰਾਂ ਦੇ ਨਵੀਂ ਪੀੜ੍ਹੀ ਦੇ ਬੱਚਿਆਂ ਦਾ ਪੰਜਾਬੀ ਉਚਾਰਨ ਤੇ ਸ਼ਬਦਾਵਲੀ ਸ਼ੁੱਧ ਨਹੀਂ ਰਹੀ ਤਾਂ ਹੋਰ ਮੁਲਕਾਂ ਵਿਚ ਜੰਮੀ-ਪਲ਼ੀ ਨਵੀਂ ਪੀੜ੍ਹੀ ਦਾ ਤਾਂ ਕੀ ਕਹਿਣਾ। ਜਿਨ੍ਹਾਂ ਬੱਚਿਆਂ ਦੇ ਮਾਪੇ ਪੰਜਾਬੀ ਭਾਸ਼ਾ ਦੀ ਸਿਖਲਾਈ ਉਪਰ ਵਧੇਰੇ ਜ਼ੋਰ ਦਿੰਦੇ ਹਨ ਉਹਨਾਂ ਮਾਪਿਆਂ ਦੇ ਬੱਚੇ ਜ਼ਰੂਰ ਕੁਝ ਵਧੇਰੇ ਸ਼ਬਦ ਤੇ ਉਚਾਰਨ ਗਿਆਨ ਹਾਸਿਲ ਕਰ ਲੈਂਦੇ ਹਨ। ਭਾਰਤ ਵਿਚ ਪੰਜਾਬੀ ਭਾਸ਼ਾ ਦੀ ਸਿੱਖਿਆ ਲਈ ਬਹੁਤ ਸਾਰੇ ਸਕੂਲ, ਕਾਲਜ, ਯੂਨੀਵਰਸਿਟੀਆਂ, ਅਕਾਦਮੀਆਂ ਤੇ ਹੋਰ ਕਈ ਸੰਸਥਾਵਾਂ ਖੁੱਲ੍ਹੀਆਂ ਹੋਈਆਂ ਹਨ ਤੇ ਵਧੇਰੇ ਪੂਰਬੀ ਪੰਜਾਬ ਰਾਜ ਨਾਲ਼ ਸਬੰਧਿਤ ਬੱਚੇ ਬਾਕੀ ਵਿਸ਼ਿਆਂ ਨਾਲ਼ ਪੰਜਾਬੀ ਦੀ ਪੜ੍ਹਾਈ ਜ਼ਰੂਰ ਹਾਸਿਲ ਕਰਦੇ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਹਰ ਡਿਗਰੀ ਪੱਧਰ ਦੇ ਕੋਰਸਾਂ ਵਿਚ ਪੰਜਾਬੀ ਨੂੰ ਲਾਜ਼ਮੀ ਤੌਰ 'ਤੇ ਪੜ੍ਹਾਏ ਜਾਣ ਦੇ ਬਣਾਏ ਨਿਯਮ ਕਾਰਨ ਪੰਜਾਬੀ ਭਾਸ਼ਾ ਨੂੰ ਲਾਭ ਹੋਇਆ ਹੈ। ਭਾਰਤ ਦੇ ਬਾਕੀ ਰਾਜਾਂ ਜਾਂ ਗ਼ੈਰ-ਰਾਜਾਂ ਦੇ ਪੰਜਾਬੀ ਲੋਕਾਂ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਤੇ ਦਿੱਲੀ ਨੂੰ ਛੱਡ ਕੇ ਬਾਕੀ ਥਾਵਾਂ ਤੇ ਪੰਜਾਬੀ ਦੀ ਪੜ੍ਹਾਈ ਨਾ-ਮਾਤਰ ਹੀ ਹੈ। ਚੰਡੀਗੜ੍ਹ ਵਿਚ ਵੀ ਸਰਕਾਰੀ/ਦਫ਼ਤਰੀ ਭਾਸ਼ਾ ਅੰਗਰੇਜ਼ੀ ਹੋਣ ਕਾਰਨ ਪੰਜਾਬੀ ਨੂੰ ਵਧੇਰੇ ਤਵੱਜੋਂ ਨਹੀਂ ਮਿਲਦੀ। ਕੇਵਲ ਪੰਜਾਬ ਯੂਨੀਵਰਸਿਟੀ ਤੇ ਹੋਰ ਕਾਲਜਾਂ ਤੇ ਕੁਝ ਸਕੂਲਾਂ ਵਿਚ ਹੀ ਪੰਜਾਬੀ ਦੀ ਹਾਲਤ ਕੁਝ ਠੀਕ ਕਹੀ ਜਾ ਸਕਦੀ ਹੈ। ਦਿੱਲੀ ਵਿਚ ਵੀ ਦਿੱਲੀ ਵਿਸ਼ਵਵਿਦਿਆਲੇ ਦਾ ਪੰਜਾਬੀ ਵਿਭਾਗ ਪੰਜਾਬੀ ਲਈ ਥੋੜ੍ਹੇ-ਬਹੁਤੇ ਯਤਨਾਂ ਨਾਲ਼ ਕੰਮ ਚਲਾ ਰਿਹਾ ਹੈ ਤੇ ਇਵੇਂ ਹੀ ਜੰਮੂ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਤੇ ਹੋਰ ਰਾਜਾਂ ਦੇ ਅਦਾਰਿਆਂ ਵਿਚ ਪੰਜਾਬੀ ਪ੍ਰਸਾਰ ਲਈ ਕੁਝ ਵਿਦਵਾਨ ਹੰਭਲੇ ਮਾਰ ਰਹੇ ਹਨ ਪਰ ਪੱਛਮੀ ਬੰਗਾਲ, ਅਸਾਮ, ਲਖਨਊ, ਬਿਹਾਰ ਆਦਿ ਰਾਜਾਂ ਵਿਚ ਵੱਸਦੇ ਪੰਜਾਬੀ ਹਿੰਦੀ ਮਾਧਿਅਮ ਵਿਚ ਹੀ ਸਿੱਖਿਆ ਹਾਸਿਲ ਕਰਦੇ ਹਨ ਕਿਉਂਕਿ ਉਥੇ ਪੰਜਾਬੀ ਅਧਿਆਪਨ ਤੇ ਸਿਖਲਾਈ ਦੇ ਵਧੇਰੇ ਤੇ ਸੌਖਾਲੇ ਸਾਧਨ ਉਪਲਬਧ ਨਹੀਂ ਹਨ। ਇਸ ਦਾ ਇਕੋ ਕਾਰਨ ਹੈ ਕਿ ਕੇਂਦਰ ਤੇ ਰਾਜ ਸਰਕਾਰਾਂ ਲੋਕਾਂ ਦੀ ਭਾਸ਼ਾਈ ਲੋੜ ਪ੍ਰਤੀ ਸੁਸਤ ਰਵੱਈਆ ਹੀ ਰੱਖਦੀਆਂ ਹਨ। ਸਰਕਾਰਾਂ ਦੇ ਇਸ ਰਵੱਈਏ ਪਿੱਛੇ ਵਿਸ਼ਵ ਮੰਡੀ ਵਿਚ ਹਰ ਚੀਜ਼ ਦੇ ਵਿਕਾਊ ਸਿੱਧ ਕਰਨ ਦੀ ਨੀਤੀ ਜ਼ਾਹਰ ਹੁੰਦੀ ਹੈ। ਪਾਕਿਸਤਾਨ ਵਿਚ ਲਾਹੌਰ, ਪਿਸ਼ਾਵਰ, ਮੁਲਤਾਨ ਆਦਿ ਥਾਵਾਂ ਉਪਰ ਪੰਜਾਬੀ ਦੀ ਪੜ੍ਹਾਈ ਲਈ ਕਈ ਸੰਸਥਾਵਾਂ ਜਿਵੇਂ ਪੰਜਾਬ ਯੂਨੀਵਰਸਿਟੀ (ਲਾਹੌਰ), ਲਾਹੌਰ ਕਾਲਜ ਫ਼ਾਰ ਵੁਮੈਨ ਯੂਨੀਵਰਸਿਟੀ (ਲਾਹੌਰ) ਤੇ ਬਹਾਉਦੀਨ ਜ਼ਕਰੀਆ ਯੂਨੀਵਰਸਿਟੀ (ਮੁਲਤਾਨ) ਵਿਚ ਪੰਜਾਬੀ ਭਾਸ਼ਾ ਵਿਚ ਮੁੱਢਲੀ ਪੜ੍ਹਾਈ ਦੇ ਨਾਲ਼-ਨਾਲ਼ ਉੱਚ-ਪੱਧਰੀ ਖੋਜ ਕਾਰਜ ਵੀ ਚੱਲਦੇ ਹਨ। ਉਥੋਂ ਦੇ ਵਧੇਰੇ ਇਸਲਾਮਕ ਪੰਜਾਬੀ ਲੋਕ ਉਰਦੂ ਭਾਸ਼ਾ ਦੀ ਬਜਾਇ ਪੰਜਾਬੀ ਬੋਲੀ ਨੂੰ ਵਧੇਰੇ ਪਿਆਰ ਕਰਦੇ ਹਨ ਤੇ ਅਜੋਕੇ ਸਮਿਆਂ ਵਿਚ ਪੰਜਾਬੀ ਨੂੰ ਸਰਕਾਰੇ-ਦਰਬਾਰੇ ਕੰਮਾਂ ਵਿਚ ਲਾਗੂ ਕਰਵਾਉਣ ਲਈ ਵੀ ਲਹਿਰ ਬਣਾਉਣ ਲੱਗੇ ਹਨ। ਪਰ ਇਹ ਲਹਿਰ ਵਧੇਰੇ ਉਥੋਂ ਦੇ ਪੰਜਾਬ ਸੂਬੇ ਵਿਚ ਹੀ ਮੁੱਖ ਹੈ ਤੇ ਬਾਕੀ ਰਾਜਾਂ ਦੇ ਲੋਕ ਲਿਖਣ ਸਬੰਧੀ ਹੋਰ ਕਾਰ-ਵਿਹਾਰ ਵਿਚ ਅੰਗਰੇਜ਼ੀ ਜਾਂ ਉਰਦੂ ਨੂੰ ਹੀ ਪਹਿਲ ਦਿੰਦੇ ਹਨ ਭਾਵੇਂ ਉਹ ਬੋਲਦੇ ਪੰਜਾਬੀ ਹੀ ਹਨ। 
ਭਾਰਤ ਮੁਲਕ ਵਿਚ ਪੰਜਾਬੀ ਭਾਸ਼ਾ ਵਿਚ ਸਿੱਖਿਆ ਲਈ ਬਹੁਤ ਸਾਰੇ ਅਦਾਰੇ ਹਨ ਜਿਵੇਂ, ਦਿੱਲੀ ਯੂਨੀਵਰਸਿਟੀ, ਦਿੱਲੀ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੇ ਇਹਨਾਂ ਯੂਨੀਵਰਸਿਟੀਆਂ ਨਾਲ਼ ਸਬੰਧਿਤ ਵਿਭਿੰਨ ਕਾਲਜ, ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਤੋਂ ਇਲਾਵਾ ਕਈ ਨਿੱਜੀ ਅਦਾਰੇ ਤੇ ਯੂਨੀਵਰਸਿਟੀਆਂ ਵੀ ਹਨ। ਭਾਵੇਂ ਕਿ ਭਾਰਤ ਵਿਚ ਇਹ ਕਈ ਦਰਜਨ ਅਦਾਰੇ ਹਨ ਪਰ ਇਹਨਾਂ ਸਭਨਾਂ ਅਦਾਰਿਆਂ ਵਿਚਲੀ ਸਭ ਤੋਂ ਵੱਡੀ ਸਮੱਸਿਆ ਇਹਨਾਂ ਵਿਚ ਆਪਣੀ ਤਾਲਮੇਲ ਦੀ ਘਾਟ ਹੈ। ਇਸੇ ਤਾਲਮੇਲ਼ ਦੀ ਘਾਟ ਕਾਰਨ ਇਹਨਾਂ ਅਦਾਰਿਆਂ ਵਿਚਲੇ ਸਿਲੇਬਸ ਵੱਖਰੇ-ਵੱਖਰੇ ਹਨ ਤੇ ਇਸ ਦੀ ਨਿਸਬਤ ਉਚੇਰੇ ਖੋਜ ਕਾਰਜਾਂ ਦੇ ਵਿਸ਼ੇ ਆਪਸ ਵਿਚ ਮਿਲਦੇ-ਜੁਲਦੇ ਹਨ। 
ਅਮਰੀਕਾ ਦੀ ਧਰਤੀ ਉਪਰ ਪੰਜਾਬੀਆਂ ਨੇ ਪੰਜਾਬੀ ਭਾਸ਼ਾ ਦੇ ਪ੍ਰਸਾਰ ਤੇ ਸਰਕਾਰੀ ਪੱਧਰ ਤੇ ਪੜ੍ਹਾਈ ਲਈ 1940 ਤੋਂ ਹੀ ਹੰਭਲੇ ਮਾਰਨੇ ਸ਼ੁਰੂ ਕਰ ਦਿੱਤੇ ਸਨ ਪਰ ਉਥੋਂ ਦੀਆਂ ਯੂਨੀਵਰਸਿਟੀਆਂ ਵਿਚ 1980ਵਿਆਂ ਵਿਚ ਪੰਜਾਬੀ ਭਾਸ਼ਾ ਨੂੰ ਪੜ੍ਹਾਇਆ ਜਾਣਾ ਸ਼ੁਰੂ ਹੋਇਆ। ਅਮਰੀਕਾ ਵਿਚ ਪੰਜਾਬੀ ਭਾਸ਼ਾ ਦੇ ਸਿੱਖਣ ਸਿਖਾਉਣ ਦੇ ਤਰੀਕੇ ਭਾਰਤੀ ਪੰਜਾਬ ਨਾਲੋਂ ਬਿਲਕੁਲ ਭਿੰਨ ਤਰ੍ਹਾਂ ਦੇ ਹਨ। ਭਾਰਤ ਤੋਂ ਬਾਹਰਲੇ ਦੇਸ਼ਾਂ ਵਿਚ ਵੱਸਦੇ ਲੋਕਾਂ ਵਿਚ ਪੰਜਾਬੀ ਭਾਸ਼ਾ ਵਿਚ ਰੁਚੀ ਪੈਦਾ ਕਰਨ ਲਈ ਪੰਜਾਬੀ ਭਾਸ਼ਾ ਵਿਚ ਵਧੇਰੇ ਜਗਿਆਸਾ ਪੈਦਾ ਕਰਨ ਵਾਲ਼ੀਆਂ ਪੁਸਤਕਾਂ ਤਿਆਰ ਕਰਨ ਦੀ ਲੋੜ ਹੈ। ਇਥੇ ਕਈ ਪੰਜਾਬੀ ਸਕੂਲ ਹਨ ਜਿਵੇਂ ਕਲਗੀਧਰ ਸੁਸਾਇਟੀ ਦੇ 129 ਸਕੂਲ, ਸੈਕਰਾਮੈਂਟੋ ਵੈਲੀ ਚਾਰਟਰ ਸਕੂਲ ਤੋਂ ਇਲਾਵਾ ਕੈਲੀਫੋਰਨੀਆ ਦੀਆਂ ਕਈ ਯੂਨੀਵਰਸਿਟੀਆਂ ਜਿਵੇਂ ਸਾਨ ਜੋਜ਼ ਸਟੇਟ ਯੂਨੀਵਰਸਿਟੀ, ਸਟੈਨਫੋਰਡ ਯੂਨੀਵਰਸਿਟੀ, ਯੂਨੀਵਰਸਿਟੀ ਆਫ ਕੈਲੀਫੋਰਨੀਆ, ਸਾਂਟਾ ਬਾਰਬਰਾ ਤੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਸੈਕਰਾਮੈਂਟੋ ਵਿਚ ਪੰਜਾਬੀ ਭਾਸ਼ਾ ਤੇ ਸਿੱਖ ਅਧਿਐਨ ਦੇ ਵਿਭਿੰਨ ਕੋਰਸ ਚੱਲਦੇ ਹਨ। ਇਸ ਤੋਂ ਇਲਾਵਾ ਇਥੇ ਰੇਡੀਓ ਚੈਨਲ ਜਿਵੇਂ ਰੇਡੀਓ ਚੰਨ ਪ੍ਰਦੇਸੀ, ਪੰਜਾਬੀ ਰੇਡੀਓ ਯੂ ਐੱਸ ਏ, ਪੰਜਾਬੀ ਵਰਲਡ ਰੇਡੀਓ ਆਦਿ ਰੇਡੀਓ ਚੈਨਲਾਂ ਤੋਂ ਇਲਾਵਾ ਕਈ ਅਖ਼ਬਾਰਾਂ ਤੇ ਪਤ੍ਰਿਕਾਵਾਂ ਜਿਵੇਂ ਸ਼ੇਰੇ ਏ ਪੰਜਾਬ, ਅਪਣਾ ਪੰਜਾਬ ਆਦਿ ਪੰਜਾਬੀ ਵਿਕਾਸ ਵਿਚ ਆਪਣਾ ਵਡੇਰਾ ਯੋਗਦਾਨ ਦੇ ਰਹੇ ਹਨ।
ਮਲੇਸ਼ੀਆ ਵਿਚ ਪੰਜਾਬੀ ਭਾਸ਼ਾ ਦਾ ਪ੍ਰਚਲਣ ਵਧੇਰਾ ਨਹੀਂ। ਉਥੇ ਮਲੇਸ਼ੀਆ ਸਰਕਾਰ ਵਲੋਂ ਲਾਗੂ ਨਿਯਮਾਂ ਤਹਿਤ ਹਰੇਕ ਵਿਦਿਆਰਥੀ ਨੂੰ ਅੰਗਰੇਜ਼ੀ ਤੇ ਮਲੇਸ਼ੀਅਨ ਭਾਸ਼ਾਵਾਂ ਸਿੱਖਣੀਆਂ ਜ਼ਰੂਰੀ ਹਨ। ਪੰਜਾਬੀਆਂ ਦੀ ਮੰਗ 'ਤੇ ਉਥੇ ਕਈ ਸਕੂਲ ਖੋਲ੍ਹੇ ਗਏ ਜੋ ਹੀਲੇ-ਵਸੀਲੇ ਚੱਲ ਰਹੇ ਹਨ। ਇਸ ਤੋਂ ਬਿਨਾ ਉਥੇ 'ਮਲਾਇਆ ਸਮਾਚਾਰ' ਨਾਮ ਦਾ ਇਕਲੌਤਾ ਪੰਜਾਬੀ ਅਖਬਾਰ ਚੱਲਦਾ ਹੈ। 
ਇਟਲੀ ਵਿਚ ਵੱਸਦੇ ਪੰਜਾਬੀਆਂ ਨੇ ਆਪਣੀਆਂ ਲੋੜਾਂ ਦੀ ਪੂਰਤੀ ਲਈ ਕੁਝ ਪੰਜਾਬੀ ਇਟਲੀ ਕੋਰਸ ਚਲਾਏ ਹਨ ਤੇ ਕੁਝ ਰੂਪ ਵਿਚ ਸਫ਼ਲ ਵੀ ਹੋਏ ਹਨ। ਉਥੇ ਕੁਝ ਪੰਜਾਬੀ ਰੇਡੀਓ ਇਟਲੀ ਚੈਨਲ ਵਰਗੇ ਚੈਨਲ ਵੀ ਪੰਜਾਬੀ ਸਭਿਆਚਾਰ ਦੀ ਪੇਸ਼ਕਾਰੀ ਵਿਚ ਹਿੱਸਾ ਪਾ ਰਹੇ ਹੈ।
ਆਸਟ੍ਰੇਲੀਆ ਵਿਚ ਰਹਿੰਦੇ ਪੰਜਾਬੀ ਲੋਕਾਂ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਵਿਸ਼ੇਸ਼ ਹੰਭਲੇ ਮਾਰਨੇ ਸ਼ੁਰੂ ਕੀਤੇ ਹਨ। ਕਿਸੇ ਵੀ ਭਾਸ਼ਾ ਦੇ ਵਿਕਾਸ ਵਿਚ ਬੁਲਾਰਿਆਂ ਦੀ ਗਿਣਤੀ ਬੇਸ਼ੱਕ ਯੋਗਦਾਨ ਪਾਉਂਦੀ ਹੈ। ਆਸਟ੍ਰੇਲੀਆਂ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਕਰੀਬ 1874 ਵਿਚ ਪੰਜਾਬੀਆਂ ਨੇ ਆਪਣੀਆਂ ਜੜ੍ਹਾਂ ਲਾਈਆਂ ਤੇ ਅੱਜ ਇਹ ਗਿਣਤੀ ਸਵਾ ਲੱਖ ਤੋਂ ਵੀ ਉਪਰ ਟੱਪ ਚੁੱਕੀ ਹੈ। ਉਥੇ ਕਈ ਸਕੂਲਾਂ ਵਿਚ ਪੰਜਾਬੀ ਦੀ ਪੜ੍ਹਾਈ ਤੋਂ ਇਲਾਵਾ 8-10 ਡਾਲਰ ਲੈ ਕੇ ਵੀ ਪ੍ਰਾਈਵੇਟ ਤੌਰ 'ਤੇ ਪੰਜਾਬੀ ਪੜ੍ਹਾਈ ਜਾਂਦੀ ਹੈ, ਇਹ ਸਭ ਪੰਜਾਬੀ ਭਾਸ਼ਾ ਦੇ ਵਿਕਾਸ ਵੱਲ ਰੌਸ਼ਨ ਕਦਮ ਹਨ। ਨੈਸ਼ਨਲ ਸਿੱਖ ਕਾਉਂਸਲ ਵਲੋਂ ਪੰਜਾਬੀ ਦੀ ਪੜ੍ਹਾਈ ਲਈ ਚੁੱਕੇ ਜਾ ਰਹੇ ਕਦਮ ਵੀ ਸ਼ਲਾਘਾਯੋਗ ਹਨ। ਇਸ ਤੋਂ ਇਲਾਵਾ ਉਥੇ ਟੈਲੀਕਾਸਟ ਤੇ ਬਰੋਡਕਾਸਟ ਨਿਯਮਾਂ ਵਿਚ ਨਰਮੀ ਕੀਤੇ ਜਾਣ ਕਾਰਨ ਕੋਈ ਵੀ ਭਾਈਚਾਰਾ ਆਪਣਾ ਟੀ. ਵੀ ਚੈਨਲ ਜਾਂ ਏਅਰ ਟਾਈਮ ਖਰੀਦ ਕੇ ਪ੍ਰੋਗਰਾਮ ਚਲਾ ਸਕਦਾ ਹੈ। ਇਸ ਤਹਿਤ ਕਈ ਰੇਡੀਓ ਪ੍ਰੋਗਰਾਮ ਚਾਲੂ ਹੋਏ ਹਨ। ਹੋਰਾਂ ਰੇਡੀਓ ਚੈਨਲਾਂ ਤੋਂ ਇਲਾਵਾ ਆਸਟ੍ਰੇਲੀਆ ਵਿਚ ਹਰਮਨ ਰੇਡੀਓ, ਹਾਂ ਜੀ ਰੇਡੀਓ, ਕੌਮੀ ਆਵਾਜ਼ ਰੇਡੀਓ, ਪਿਓਰ ਪੰਜਾਬੀ ਰੇਡੀਓ, SBS ਪੰਜਾਬੀ ਰੇਡੀਓ, ਪੰਜਾਬੀ ਟਾਕ ਸ਼ੋਅ ਆਦਿ ਵੱਖ-ਵੱਖ ਚੈਨਲਾਂ ਨੇ ਵੀ ਆਪਣੇ ਅਲੱਗ-ਅਲੱਗ ਪ੍ਰੋਗਰਾਮਾਂ ਤਹਿਤ ਪੰਜਾਬੀ ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਪ੍ਰਫੁੱਲਤ ਕਰਨ ਵਿਚ ਯੋਗਦਾਨ ਪਾਇਆ ਹੈ।
ਅਰਬ ਦੇਸ਼ਾਂ ਵਿਚ ਵਧੇਰੇ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਨਾਲ਼ ਸਬੰਧਿਤ ਪੰਜਾਬੀ ਗਏ ਹੋਏ ਹਨ। ਉਹਨਾਂ ਦੀ ਮੁੱਖ ਲੋੜ ਉਥੇ ਰੁਜ਼ਗਾਰ ਹੀ ਹੈ ਤੇ ਸਰਕਾਰ ਵਲੋਂ ਸਖਤੀਆਂ ਕਾਰਨ ਪਰਿਵਾਰਾਂ ਸਮੇਤ ਰਹਿਣ ਦੀ ਮੁੱਖ ਰੂਪ ਵਿਚ ਆਗਿਆ ਨਹੀਂ। ਇਸ ਲਈ ਉਥੇ ਪੰਜਾਬੀ ਭਾਸ਼ਾ ਦੇ ਪ੍ਰਸਾਰ ਲਈ ਵਧੇਰੇ ਯਤਨ ਵੀ ਨਹੀਂ ਹੋਏ। 
ਕੈਨੇਡਾ ਵਿਚ ਪੰਜਾਬੀ ਤੀਜੀ ਰਾਸ਼ਟਰੀ ਭਾਸ਼ਾ ਦਾ ਦਰਜਾ ਪ੍ਰਾਪਤ ਕਰ ਚੁੱਕੀ ਹੈ। ਉਥੋਂ ਦੀਆਂ 2015 ਵਿਚ ਹੋਈਆਂ ਆਮ ਚੋਣਾਂ ਵਿਚ ਪੰਜਾਬੀ ਮੂਲ ਦੇ 20 ਵਿਅਕਤੀਆਂ ਦਾ ਪਾਰਲੀਮੈਂਟ ਮੈਂਬਰ ਬਣਨਾ ਪੰਜਾਬੀ ਭਾਈਚਾਰੇ ਤੇ ਭਾਸ਼ਾ ਦੀ ਤਰੱਕੀ ਦੀ ਗੱਲ ਹੈ। ਕੈਨੇਡੀਅਨ ਪੰਜਾਬੀਆਂ ਦੁਆਰਾ ਜਨਗਣਨਾ ਵਿਚ ਆਪਣੀ ਮਾਂ-ਬੋਲੀ ਪੰਜਾਬੀ ਲਿਖਵਾਉਣ ਦਾ ਰੁਝਾਨ ਹੀ ਉਨ੍ਹਾਂ ਦੀ ਮਾਂ-ਬੋਲੀ ਨੂੰ ਮੁਲਕ ਦੀ ਤੀਜੀ ਭਾਸ਼ਾ ਬਣਾਉਣ ਵਿਚ ਕਾਰਗ਼ਰ ਸਿੱਧ ਹੋਇਆ ਹੈ। ਉਥੇ ਖਾਲਸਾ ਪੰਜਾਬੀ ਸਕੂਲ, ਦਸ਼ਮੇਸ਼ ਪੰਜਾਬੀ ਸਕੂਲ, ਕਮਿਊਨਿਟੀ ਸਕੂਲ ਤੇ ਹੋਰ ਪੰਜਾਬੀ ਸਕੂਲਾਂ ਤੋਂ ਇਲਾਵਾ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੰਜਾਬੀ ਭਾਸ਼ਾ ਦੀ ਪੜ੍ਹਾਈ ਦੀ ਸਹੂਲਤ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਸ਼ਾਨਦਾਰ ਪਹਿਲੂ ਹੈ। ਉਥੇ ਰੁਜ਼ਗਾਰ ਵਿਚ ਪੰਜਾਬੀ ਦੀ ਵਰਤੋਂ ਵੀ ਬੱਚਿਆਂ ਦੇ ਪੰਜਾਬੀ ਪੜ੍ਹਨ ਵੱਲ ਪ੍ਰੇਰਿਤ ਕਰਨ ਵਾਲ਼ਾ ਪਹਿਲੂ ਹੈ। ਉਥੇ ਕਈ ਰੇਡੀਓ ਚੈਨਲ ਜਿਵੇਂ ਦਿਲ ਆਪਣਾ ਪੰਜਾਬੀ, ਅਪਣਾ ਰੇਡੀਓ, ਧਮਾਲ ਰੇਡੀਓ, ਸਵਰਾਜ ਰੇਡੀਓ, XL ਰੇਡੀਓ, ਪੰਜਾਬੀ ਜ਼ਿੰਦਾਬਾਦ ਰੇਡੀਓ ਆਦਿ ਤੋਂ ਇਲਾਵਾ ਕਈ ਪੰਜਾਬੀ ਅਖ਼ਬਾਰ ਜਿਵੇਂ ਕੈਨੇਡੀਅਨ ਪੰਜਾਬੀ ਪੋਸਟ, ਪੰਜਾਬੀ ਆਵਾਜ਼, ਕੈਨੇਡੀਅਨ ਸਰੋਕਾਰ ਆਦਿ ਪੰਜਾਬੀ ਭਾਸ਼ਾ, ਸਭਿਆਚਾਰ ਤੇ ਵਪਾਰ ਨੂੰ ਪ੍ਰਫੁੱਲਤ ਕਰ ਰਹੇ ਹਨ।
ਇਸ ਤਰ੍ਹਾਂ ਰੂਸ ਵਿਚ ਇੰਸਟੀਚਿਊਟ ਆਫ ਓਰੀਐਂਟਲ ਸਟਡੀ (ਲੈਨਿਨਗ੍ਰਾਦ) ਤੇ ਲੰਡਨ ਵਿਚ ਸਕੂਲ ਆਫ ਓਰੀਐਂਟਲ ਐਂਡ ਐਫਰੀਕਨ ਸਟਡੀਜ਼ ਸੰਸਥਾਵਾਂ ਦਾ ਹੋਣਾ ਪੰਜਾਬੀ ਅਧਿਐਨ ਲਈ ਚੰਗੇਰਾ ਰਾਹ ਹਨ। ਪਰ ਵੱਖ-ਵੱਖ ਮੁਲਕਾਂ ਵਿਚ ਸਥਿਤ ਵਿਸ਼ਵਵਿਦਿਆਲਿਆਂ ਵਿਚ ਪੰਜਾਬੀ ਬਾਰੇ ਹੋ ਰਹੀ ਖੋਜ ਵੀ ਵਧੇਰੇ ਤਸੱਲੀਬਖ਼ਸ਼ ਨਹੀਂ ਕਹੀ ਜਾ ਸਕਦੀ, ਨਕਲ ਮਾਰ ਕੇ ਜਾਂ ਖਰੀਦ-ਵੇਚ ਕਰ ਕੇ ਡਿਗਰੀਆਂ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ। ਵਿੱਦਿਅਕ ਪੱਧਰ 'ਤੇ ਜਾਅਲਸਾਜ਼ੀ ਦਾ ਰੁਝਾਨ ਵਧ ਰਿਹਾ ਹੈ। 
ਇਸ ਵੇਲ਼ੇ ਬਣਿਆ ਵਿਸ਼ਵ ਪੱਧਰ ਦਾ ਰਾਜਸੀ ਤੇ ਆਰਥਿਕ ਮਾਹੌਲ ਚੀਨ ਤੇ ਅਮਰੀਕਾ ਵਿਚਲੇ ਵਪਾਰ ਦੀ ਕਸ਼ਮਕਸ਼ ਨੂੰ ਦਰਸਾਉਂਦਾ ਹੈ। ਦੋਵੇਂ ਮੁਲਕ ਆਪਣੇ ਸਮਾਨ ਨੂੰ ਵੇਚਣ ਦੀ ਲੱਗੀ ਹੋੜ ਦੇ ਨਾਲ਼-ਨਾਲ਼ ਉਹ ਆਪਣੀ-ਆਪਣੀ ਭਾਸ਼ਾ ਤੇ ਸਭਿਆਚਾਰ ਦਾ ਵੀ ਪ੍ਰਚਾਰ-ਪ੍ਰਸਾਰ ਕਰਨ ਦੇ ਯਤਨ ਵਿਚ ਹਨ। ਇਹ ਸਾਮਰਾਜਵਾਦੀ ਮੁਲਕ ਦੀ ਲੋੜ ਹੁੰਦੀ ਹੈ ਕਿ ਉਹ ਆਪਣੀ ਸਭਿਅਤਾ, ਸਭਿਆਚਾਰ ਤੇ ਪੂੰਜੀ ਨੂੰ ਦੂਜੇ ਮੁਲਕਾਂ ਵਿਚ ਪ੍ਰਫੁੱਲਿਤ ਕਰਨ। ਭਾਸ਼ਾ ਪੱਖੋਂ ਵੇਖਿਆ ਜਾਵੇ ਤਾਂ ਇਕ ਪਾਸੇ ਅੰਗਰੇਜ਼ੀ ਤੇ ਦੂਜੇ ਪਾਸੇ ਚੀਨੀ ਭਾਸ਼ਾ ਦਾ ਦਬਦਬਾ ਸੰਸਾਰ ਵਿਚ ਵਧਦਾ ਨਜ਼ਰ ਆ ਰਿਹਾ ਹੈ। ਭਾਰਤ ਮੁਲਕ ਵਿਚ ਵੀ ਕਈ ਰਾਜਾਂ ਵਿਚ ਚੀਨੀ ਭਾਸ਼ਾ ਸਕੂਲਾਂ ਵਿਚ ਪੜ੍ਹਾਉਣ ਦੀਆਂ ਵਿਉਂਤਾਂ ਘੜ੍ਹੀਆਂ ਜਾ ਰਹੀਆਂ ਹਨ। ਇਸ ਤਰ੍ਹਾਂ ਦੋਵਾਂ ਮੁੱਖ ਧਰੁਵਾਂ ਰਾਹੀਂ ਸੰਸਾਰ ਦੀ ਇਕੋ ਭਾਸ਼ਾ 'ਅੰਗਰੇਜ਼ੀ ਜਾਂ ਚੀਨੀ' ਬਣਾਉਣ ਦਾ ਰੁਝਾਣ ਆਮ ਲੋਕਾਂ ਲਈ ਖ਼ਤਰਨਾਕ ਤੇ ਸਥਾਨਕ ਬੋਲੀਆਂ ਨੂੰ ਖੂੰਜੇ ਲਾਉਣ ਵਾਲ਼ਾ ਹੈ। ਇਹਨਾਂ ਭਾਸ਼ਾਵਾਂ ਦੀ ਜੰਗ ਵਿਚ ਕਈ ਸਥਾਨਕ ਬੋਲੀਆਂ ਦੇ ਲੋਪ ਹੋਣ ਦਾ ਵੀ ਖ਼ਤਰਾ ਹੈ। ਯੂਨੈਸਕੋ ਦੁਆਰਾ 2003 ਵਿਚ ਭਾਸ਼ਾਵਾਂ ਦੀ ਹੋਂਦ ਨੂੰ ਖ਼ਤਰੇ ਹੋਣ ਬਾਰੇ ਪੇਸ਼ ਨੁਕਤਿਆਂ ਦੀ ਰਿਪੋਰਟ ਘੋਖਣਯੋਗ ਹੈ। ਭਾਰਤੀ ਪੰਜਾਬ ਵਿਚ ਤਾਂ ਪੰਜਾਬੀ ਰਾਜ ਭਾਸ਼ਾ ਹੈ ਪਰ ਇਸ ਦੇ ਬਾਵਜੂਦ ਵੀ ਪੰਜਾਬੀ ਨੂੰ ਸਰਕਾਰੇ-ਦਰਬਾਰੇ ਬਣਦਾ ਸਨਮਾਨ ਨਹੀਂ ਮਿਲਿਆ ਤੇ ਨਾ ਹੀ ਮੱਧ ਤੇ ਉੱਚ ਵਰਗ ਦੇ ਪੰਜਾਬੀ ਪਰਿਵਾਰਾਂ ਵੱਲੋਂ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ-ਸਿਖਾਉਣ ਵੱਲ ਕੋਈ ਬਹੁਤੀ ਰੁਚੀ ਵਿਖਾਈ ਜਾ ਰਹੀ ਹੈ। ਇਹ ਸਭ ਪੰਜਾਬੀ ਭਾਸ਼ਾ ਦੀ ਹੋਂਦ ਨੂੰ ਖ਼ਤਰੇ ਦੇ ਚਿੰਨ੍ਹ ਹੀ ਮੰਨੇ ਜਾ ਸਕਦੇ ਹਨ।
ਅੱਜ ਵਿਸ਼ਵ ਇਕ ਪਿੰਡ ਬਣਦਾ ਜਾ ਰਿਹਾ ਹੈ ਤੇ ਦੂਰ-ਦੁਰਾਡੇ ਬੈਠਾ ਬੰਦਾ ਵੀ ਸੰਚਾਰ ਤੇ ਆਵਾਜਾਈ ਦੇ ਸਾਧਨਾਂ ਰਾਹੀਂ ਨੇੜੇ ਹੋ ਗਿਆ ਹੈ। ਇਸ ਪ੍ਰਸੰਗ ਵਿਚ ਜਿੱਥੇ ਵੱਖ-ਵੱਖ ਮੁਲਕਾਂ ਵਿਚ ਸੈਮੀਨਾਰਾਂ, ਕਾਨਫਰੰਸਾਂ, ਗੀਤ-ਸੰਗੀਤ ਮੇਲਿਆਂ ਦੇ ਆਯੋਜਨ ਰਾਹੀਂ ਪੰਜਾਬੀ ਭਾਸ਼ਾ ਤੇ ਸਭਿਆਚਾਰ ਦਾ ਪ੍ਰਸਾਰ ਹੋਣਾ ਸੰਭਵ ਹੋਇਆ ਹੈ ਉਥੇ ਇਸ ਪ੍ਰਚਾਰ ਪ੍ਰਸਾਰ ਵਿਚ ਇੰਟਰਨੈੱਟ ਨੇ ਬਹੁਤ ਸਹਾਇਤਾ ਕੀਤੀ ਹੈ। ਅਜੋਕੇ ਸਮਿਆਂ ਵਿਚ ਕਈ ਪੰਜਾਬੀ ਵੈੱਬਸਾਈਟਾਂ, ਆਨਲਾਈਨ ਤੇ ਡਿਜ਼ੀਟਲ ਅਖ਼ਬਾਰਾਂ, ਰਸਾਲਿਆਂ, ਪੱਤ੍ਰਿਕਾਵਾਂ ਜਿਵੇਂ ਪੰਜਾਬੀ ਕਲਮਾਂ, ਗ਼ੁਲਾਮ ਕਲਮ, ਲਿਖਾਰੀ ਡੌਟ ਕੋਮ, ਸੀਰਤ, ਸੰਵਾਦ, ਵਤਨ, ਸਰੋਕਾਰ, ਦਿ ਪੰਜਾਬ, ਪੰਜਾਬ ਹੈਰੀਟੇਜ, ਪੰਜਾਬ ਇੰਟਰਨੈਸ਼ਨਲ; ਫੇਸਬੁੱਕ ਪੰਨਿਆਂ ਤੇ ਬਣੀਆਂ ਵਿਭਿੰਨ ਮੁਲਕਾਂ ਦੀਆਂ ਸੱਥਾਂ, ਵਟਸਐਪ ਉਪਰ ਬਣੀਆਂ ਪੰਜਾਬੀ ਸੱਥਾਂ, ਖੋਜ ਇੰਜਣਾਂ, ਅਨੁਵਾਦ ਸਾਫ਼ਟਵੇਅਰਾਂ, ਕੋਸ਼ਾਂ, ਪੰਜਾਬੀ ਭਾਸ਼ਾ ਸਿੱਖਣ ਲਈ ਆਡੀਓਜ਼ ਤੇ ਵੀਡੀਓਜ਼ ਆਦਿ ਦਾ ਹੋਂਦ ਵਿਚ ਆਉਣਾ ਪੰਜਾਬੀ ਭਾਸ਼ਾ ਦੀ ਤਰੱਕੀ ਦਾ ਚਿੰਨ੍ਹ ਹੈ। ਮਿਸਾਲ ਵਜੋਂ ਯੂਨੀਕੋਡ ਫੌਂਟ ਪ੍ਰਣਾਲੀ ਨੇ ਪੰਜਾਬੀ ਭਾਸ਼ਾ ਦੇ ਇੰਟਰਨੈੱਟ ਉਪਰ ਪ੍ਰਚਲਣ ਵਿਚ ਵੱਡਾ ਯੋਗਦਾਨ ਪਾਇਆ ਹੈ। ਇਸ ਤੋਂ ਇਲਾਵਾ ਕਈ ਹੋਰ ਭਾਸ਼ਾਵਾਂ ਤੋਂ ਪੰਜਾਬੀ ਜਾਂ ਪੰਜਾਬੀ ਤੋਂ ਹੋਰ ਭਾਸ਼ਾਵਾਂ ਵਿਚ ਅਨੁਵਾਦ ਕਰਨ ਲਈ ਬਣਾਏ ਗਏ ਅਨੁਵਾਦ ਪ੍ਰੋਗਰਾਮਾਂ, ਬਹੁ-ਭਾਸ਼ਾਈ ਕੋਸ਼ਾਂ ਆਦਿ ਨੇ ਵੀ ਤਕਨੀਕੀ ਪੱਖ ਤੋਂ ਪੰਜਾਬੀ ਦੇ ਵਿਕਾਸ ਲਈ ਕ੍ਰਾਂਤੀਕਾਰੀ ਭੂਮਿਕਾ ਨਿਭਾਈ ਹੈ। ਬਹੁਤ ਸਾਰੀਆਂ ਪੰਜਾਬੀ ਪੁਸਤਕਾਂ ਤੇ ਆਡੀਓ-ਵੀਡੀਓ ਪਾਠ ਇੰਟਰਨੈੱਟ ਉਪਰ ਉਪਲਬਧ ਹਨ ਤੇ ਤਕਨੀਕ ਨਾਲ ਜੁੜੇ ਲੋਕ ਆਨਲਾਈਨ ਕੋਰਸ ਤੇ ਹੋਰ ਸਿਖਲਾਈ ਤੇ ਜਾਣਕਾਰੀ ਹਾਸਿਲ ਕਰਨ ਨੂੰ ਤਰਜੀਹ ਦਿੰਦੇ ਹਨ। ਪਰ ਇੰਟਰਨੈੱਟ ਉਪਰ ਪਾਠਕਾਂ ਤੇ ਲੇਖਕਾਂ ਦੁਆਰਾ ਪੰਜਾਬੀ ਵਿਚ ਗੁਰਮੁਖੀ ਲਿਪੀ ਦੀ ਵਰਤੋਂ ਕਰਨ ਦੀ ਬਜਾਏ ਅੰਗਰੇਜ਼ੀ ਭਾਸ਼ਾ ਜਾਂ ਪੰਜਾਬੀ ਭਾਸ਼ਾ ਤੇ ਰੋਮਨ ਲਿਪੀ ਦੀ ਵਧੇਰੇ ਵਰਤੋਂ ਕਰਨਾ ਕਈ ਪੱਖਾਂ ਤੋਂ ਪੰਜਾਬੀ ਭਾਸ਼ਾ ਲਈ ਘਾਤਕ ਵਰਤਾਰਾ ਵੀ ਹੈ। 
ਪੰਜਾਬੀ ਭਾਸ਼ਾ ਦੇ ਇੰਟਰਨੈੱਟ ਉਪਰ ਪਾਸਾਰ ਲਈ ਵਧੇਰੇ ਪੰਜਾਬੀ ਸਾਹਿਤ, ਭਾਸ਼ਾ ਕੋਸ਼ਾਂ, ਮਹਾਨ ਕੋਸ਼, ਵਿਆਕਰਨਾਂ ਆਦਿ ਸਮੱਗਰੀ ਦੀ ਭਰਮਾਰ ਉਪਲਬਧਤਾ ਹੋਣੀ ਜ਼ਰੂਰੀ ਹੈ। ਜਦੋਂ ਵੀ ਕੋਈ ਗਿਆਨ-ਵਿਗਿਆਨ ਦੀ ਕੋਈ ਸਮੱਗਰੀ ਖੋਜੇ ਉਸੇ ਵੇਲ਼ੇ ਉਹ ਸਾਹਮਣੇ ਆਉਣੀ ਚਾਹੀਦੀ ਹੈ।  ਆਮ ਤੌਰ 'ਤੇ ਇਹੀ ਵੇਖਣ ਵਿਚ ਆਉਂਦਾ ਹੈ ਕਿ ਜੇਕਰ ਪੰਜਾਬੀ ਫੌਂਟ ਵਰਤ ਕੇ ਇੰਟਰਨੈੱਟ ਤੋਂ ਕਿਸੇ ਖੋਜ ਇੰਜਣ ਰਾਹੀਂ ਦਰਸ਼ਨ-ਸ਼ਾਸਤਰ, ਗਿਆਨ-ਸ਼ਾਸਤਰ, ਮਨੋਵਿਗਿਆਨ, ਜੀਵ-ਵਿਗਿਆਨ, ਡਾਕਟਰੀ ਵਿਗਿਆਨ ਆਦਿ ਵਿਗਿਆਨਾਂ ਬਾਰੇ ਖੋਜ ਕੀਤੀ ਜਾਵੇ ਤਾਂ ਪੰਜਾਬੀ ਭਾਸ਼ਾ ਵਿਚ ਜਾਂ ਤਾਂ ਕੁਝ ਮਿਲਦਾ ਹੀ ਨਹੀਂ ਤੇ ਜੇ ਮਿਲਦਾ ਹੈ ਤਾਂ ਉਹ ਸੰਤੋਖਜਨਕ ਗਿਆਨ ਨਹੀਂ ਹੁੰਦਾ। ਪੰਜਾਬੀ ਪੀਡੀਆ ਵਿਚ ਦਰਜ ਕੀਤੇ ਜਾ ਰਹੇ ਇੰਦਰਾਜਾਂ ਦਾ ਕਾਰਜ ਆਸ਼ਾਮੁਖੀ ਹੈ ਪਰ ਇਸ ਪੱਖ ਤੋਂ ਪੰਜਾਬੀ ਪ੍ਰੇਮੀਆਂ ਨੂੰ ਹੋਰ ਹੰਭਲੇ ਮਾਰਨ ਤੇ ਸੁਚੇਤ ਹੋਣ ਦੀ ਲੋੜ ਹੈ। 
ਵੱਖ-ਵੱਖ ਮੁਲਕਾਂ ਵਿਚ ਵੱਸਣ ਵਾਲ਼ੇ ਕਈ ਪੰਜਾਬੀਆਂ ਦੀ ਮਾਂ-ਬੋਲੀ ਪ੍ਰਤੀ ਬਹੁਤੀ ਵਿਚਾਰਧਾਰਕ ਪ੍ਰਤੀਬੱਧਤਾ ਵੀ ਨਹੀਂ ਹੁੰਦੀ ਤੇ ਉਹਨਾਂ ਤੋਂ ਅਸੀਂ ਇਹ ਆਸ ਵੀ ਨਹੀਂ ਕਰ ਸਕਦੇ ਕਿ ਉਹ ਪੰਜਾਬੀ ਭਾਸ਼ਾ ਤੇ ਸਭਿਆਚਾਰ ਦਾ ਪ੍ਰਚਾਰ ਤੇ ਪ੍ਰਸਾਰ ਕਰਨਗੇ। ਅਜਿਹੇ ਪੰਜਾਬੀਆਂ ਵਿਚ ਉਹ ਲੋਕ ਸ਼ਾਮਿਲ ਹਨ ਜਿਹੜੇ ਵੱਖ-ਵੱਖ ਮੁਲਕਾਂ ਵਿਚ ਕੇਵਲ ਤੇ ਕੇਵਲ ਪੈਸਾ ਕਮਾਉਣ ਜਾਂ ਐਸ਼ਪ੍ਰਸਤੀ ਦੇ ਵਿਚਾਰ ਨਾਲ਼ ਜਾਂਦੇ ਹਨ। ਇਹ ਤੱਥ ਵੀ ਹੈ ਕਿ ਜੋ ਬੇਰੁਜ਼ਗਾਰੀ ਦੇ ਝੰਬੇ ਜੋ ਲੋਕ ਰੁਜ਼ਗਾਰ ਦੀ ਭਾਲ ਵਿਚ ਕਿਸੇ ਮੁਲਕ ਵਿਚ ਜਾਂਦੇ ਹਨ ਉਹਨਾਂ ਲਈ ਰੁਜ਼ਗਾਰ ਦੀ ਭਾਸ਼ਾ ਹੀ ਅਹਿਮੀਅਤ ਰੱਖਦੀ ਹੈ ਜੋ ਕਿ ਉਸ ਮੁਲਕ ਦੀ ਹੁੰਦੀ ਹੈ ਜਿਥੇ ਉਹ ਰਹਿੰਦੇ ਹਨ ਤੇ ਨਾਲ਼ ਹੀ ਉਹ ਉਸ ਮੇਜ਼ਬਾਨ ਮੁਲਕ ਦੇ ਸਭਿਆਚਾਰ ਦਾ ਵੀ ਪ੍ਰਭਾਵ ਕਬੂਲਦੇ ਹਨ। ਇਹ ਵਿਸ਼ਵੀਕਰਨ ਦੀਆਂ ਨੀਤੀਆਂ ਦੇ ਝੰਬੇ ਤੇ ਮਜ਼ਬੂਰ ਲੋਕ ਕਹੇ ਜਾ ਸਕਦੇ ਹਨ ਜਿਨ੍ਹਾਂ ਨੂੰ ਵਧੇਰੇ ਕਸੂਰਵਾਰ ਵੀ ਨਹੀਂ ਠਹਿਰਾਇਆ ਜਾ ਸਕਦਾ। ਇਹ ਸੱਚ ਹੈ ਕਿ ਪੰਜਾਬੀ ਭਾਸ਼ਾ ਦੀ ਰਹਿੰਦੀ-ਖੂੰਹਦੀ ਹੋਂਦ ਜਾਂ ਤਾਂ ਪੰਜਾਬੀ ਪ੍ਰੇਮੀਆਂ ਕਰਕੇ ਬਚੀ ਹੋਈ ਹੈ ਜਾਂ ਫਿਰ ਗ਼ਰੀਬ ਵਰਗ ਦੇ ਲੋਕਾਂ ਕਰਕੇ।
ਬੇਸ਼ੱਕ ਅੰਤਰਰਾਸ਼ਟਰੀ ਪੱਧਰ 'ਤੇ ਗਿਆਨ ਦੇ ਆਦਾਨ-ਪ੍ਰਦਾਨ ਦਾ ਘੇਰਾ ਵਧਿਆ ਹੈ ਤੇ ਪੰਜਾਬੀਆਂ ਨੇ ਵੀ ਵੱਖ-ਵੱਖ ਮੁਲਕਾਂ ਦੇ ਗਿਆਨ-ਸ਼ਾਸਤਰ ਨੂੰ ਪੰਜਾਬੀ ਸਾਹਿਤ ਤੇ ਅਧਿਐਨ ਵਿਚ ਲਿਆਂਦਾ ਹੈ ਪਰ ਅਜੇ ਵੀ ਇਸ ਉੱਦਮ ਨੂੰ ਹੋਰ ਬਲ ਦੀ ਲੋੜ ਹੈ। 
ਭਾਸ਼ਾ ਕਿਸੇ ਕੌਮ ਤੇ ਉਸ ਦੇ ਸਭਿਆਚਾਰ ਨਾਲ਼ੋਂ ਟੁੱਟੀ ਨਹੀਂ ਹੁੰਦੀ ਬਲਕਿ ਇਹ ਕਿਸੇ ਕੌਮ ਦੇ ਮਨੁੱਖ ਦੇ ਹਰ ਇਕ ਪੱਖ ਨਾਲ ਗੜੁੱਚ ਹੁੰਦੀ ਹੈ। ਇਸ ਲਈ ਦੇਸ਼ਾਂ-ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਨੂੰ ਕੰਮ-ਧੰਦੇ ਕਰਦਿਆਂ ਪੰਜਾਬੀਅਤ ਨੂੰ ਵੀ ਉਸਾਰਨ ਤੇ ਉਭਾਰਨ ਦਾ ਯਤਨ ਕਰਨਾ ਚਾਹੀਦਾ ਹੈ। ਜਾਪਾਨੀ ਵਿਦਵਾਨ ਤੋਮਿਓ ਮਿਜ਼ੋਕਾਮੀ ਦੁਆਰਾ ‘ਜਪੁ ਜੀ’ ਦਾ ਜਾਪਾਨੀ ਭਾਸ਼ਾ ਵਿਚ ਅਨੁਵਾਦ ਕਰਨਾ ਤੇ ਕੰਨੜ ਭਾਸ਼ਾ ਦੇ ਪ੍ਰੋਫ਼ੈਸਰ ਪੰਡਿਤ ਰਾਓ ਧਨੇਵਰ ਵਰਗੇ ਗ਼ੈਰ-ਪੰਜਾਬੀਆਂ ਦੁਆਰਾ ਚਾਹੇ ਕਿਸੇ ਵੀ ਉਦੇਸ਼ ਤਹਿਤ ਪੰਜਾਬੀ ਦੇ ਪ੍ਰਸਾਰ ਲਈ ਕਾਰਜ ਕਰਨਾ ਪੰਜਾਬੀਆਂ ਲਈ ਕੁਝ ਸਿੱਖਣ ਦਾ ਸਵਾਲ ਖੜ੍ਹਾ ਕਰਦਾ ਹੈ। ਸੰਖੇਪ ਰੂਪ ਵਿਚ ਇਹੀ ਕਹਿ ਸਕਦੇ ਹਾਂ ਕਿ ਪੰਜਾਬੀ ਬੁਲਾਰਿਆਂ, ਤਕਨੀਕੀ ਮਾਹਿਰਾਂ, ਭਾਸ਼ਾ-ਵਿਗਿਆਨੀਆਂ, ਸਾਹਿਤਕਾਰਾਂ ਤੇ ਬੁੱਧੀਜੀਵੀਆਂ ਨੂੰ ਪੰਜਾਬੀ ਭਾਸ਼ਾ ਤੇ ਸਭਿਆਚਾਰ ਦੀ ਪ੍ਰਫੁੱਲਤਾ ਲਈ ਨਿੱਜੀ, ਰਾਜਸੀ, ਧਾਰਮਿਕ, ਸਮਾਜੀ ਤੇ ਖੇਤਰੀ ਵਿਤਕਰਿਆਂ ਤੇ ਸਵਾਰਥਾਂ ਤੋਂ ਉਪਰ ਉੱਠ ਕੇ ਵਿਸ਼ਵ ਪੱਧਰ ਤੇ ਉਚੇਰੀ ਕਿਸਮ ਦੀ ਕੌਮ ਦੇ ਰੂਪ ਵਿਚ ਉਭਰਨ ਦੇ ਨਿਰੰਤਰ ਯਤਨਾਂ ਦੀ ਸਖ਼ਤ ਲੋੜ ਹੈ।