ਜਸਮੀਤ ਦੇ ਵਿਆਹ ਹੋਏ ਨੂੰ ਦਿਨ ਹੀ ਹੋਏ ਸੀ। ਅੱਜ ਉਸ ਦਾ ਪਤੀ ਆਪਣੀ ਟਰੱਕ ਨੂੰ ਆਪ ਲੈ ਕੇ ਜਾ ਰਿਹਾ ਸੀ। ਵਿਆਹ ਤੋਂ ਕੁਝ ਦਿਨ ਪਹਿਲਾਂ ਉਸ ਨੇ ਕੁਝ ਸਮੇਂ ਵਾਸਤੇ ਡਰਾਇਵਰ ਰੱਖ ਲਿਆ ਸੀ। ਹੁਣ ਸਾਰੇ ਸ਼ਗਨ ਵਿਹਾਰ ਹੋ ਗਏ ਸਨ। ਅੱਜ ਬਲਵੰਤ ਫਿਰ ਤੋਂ ਆਪਣੀ ਡਿਉਟੀ ਭਾਵ ਡਰਾਇਵਰੀ ਤੇ ਜਾ ਰਿਹਾ ਸੀ। ਉਹ ਟਰੱਕ ਤੇ ਕੱਪੜਾ ਮਾਰ ਰਿਹਾ ਸੀ।ਉਸ ਦੀ ਨਵ ਵਿਆਹੀ ਪਤਨੀ ਜਸਮੀਤ ਉਸ ਕੋਲ ਆ ਕੇ ਕਹਿੰਦੀ ਹੈ,"ਜੀ ਤੁਸੀਂ ਘਰੇ ਨੀ ਕੋਈ ਕੰਮ ਕਰ ਸਕਦੇ। ਮੈਨੂੰ ਤਾਂ ਡਰ ਜਿਹਾ ਲੱਗਦਾ ਐ ਤੁਹਾਡਾ ਹਰ ਰੋਜ਼ ਟਰੱਕ ਚਲਾਉਣਾ ਤੇ ਉਥੇ ਸੜਕਾਂ ਤੇ ਹੁੰਦੇ ਐਕਸੀਡੈਟ "। ਆਖ ਜਸਮੀਤ ਜਿਵੇ ਸੁੰਨ ਅਜਿਹੀ ਹੋ ਜਾਂਦੀ ਐ।
ਬਲਵੰਤ ਆਪਣੀ ਪਤਨੀ ਦੇ ਮੋਢੇ ਪਕੜ ਕੇ ਅੱਖਾਂ ਵਿੱਚ ਅੱਖਾਂ ਪਾ ਕਹਿੰਦਾ ਐ, "ਭਾਗਵਾਨੇ ਇਹ ਤਾਂ ਸਭ ਉਪਰ ਵਾਲੇ ਦੇ ਹੱਥ ਐ। ਜਦੋਂ ਉਹਦੀ ਨ੍ਹਿੱਗਾ ਸਿੱਧੀ ਐ ਸਭ ਠੀਕ, ਜੇ ਉਹਦੀ ਨ੍ਹਿੱਗਾ ਪੁੱਠੀ ਹੋਗੀ ਸੱਤਵੇਂ
ਅੰਦਰੋ ਵੀ ਕੱਢ ਲਉ। ਤੈਨੂੰ ਪਤਾ ਇਥੇ ਕਿਸੇ ਕੰਮ ਵਿੱਚ ਵੀ ਦਮ ਨਹੀਂ ਰਿਹਾ। ਨੋਟ ਬੰਦੀ ਨੇ ਸਭ ਧੰਦੇ ਠੱਪ ਕਰਤੇ। ਜਿਸ ਜੱਟ ਕੋਲ ਜ਼ਮੀਨ ਥੋੜੀ ਐ ਉਹਦੀ ਵੀ ਕਹਾਦੀ ਜ਼ਿੰਦਗੀ ਐ। ਆਪਣੀ ਦੋ ਕਿੱਲੇ ਜ਼ਮੀਨ ਤਾਂ ਦਾਦੇ ਦੇ ਕੈਂਸਰ ਨੇ ਖਾ ਲਈ। ਫਿਰ ਮੈਂ ਵਿਦੇਸ਼ ਜਾਣ ਦੇ ਚੱਕਰ ਵਿੱੱਚ ਕਿੱਲਾ ਜ਼ਮੀਨ ਦਾ ਵੇਚ ਦਿੱਤਾ ਆਹ ਦੋ ਕਿੱਲਿਆ ਨਾਲ ਢਿੱਡ ਭਰਨ ਬਹੁਤ ਮੁੁਸ਼ਕਲ ਸੀ। ਇਸੇ ਕਰਕੇ ਮੈਂ ਗੱਡੀ ਚਲਾਉਣ ਲੱਗ ਗਿਆ ਹੋਰ ਜੱਟਾਂ ਤੋਂ ਕੋਈ ਕੰਮ ਹੁੰਦਾ ਵੀ ਨਹੀਂ। ਮੈਂ ਤਾਂ ਤੁਹਾਡੇ ਆਲੇ ਗੁਰਨਾਮ ਨੂੰ ਵੀ ਇਹੋ ਕੰਮ ਤੇ ਲਾਉਣ ਨੂੰ ਫਿਰਦਾ ਸੀ। ਤੂੰ ਮੈਨੂੰ ਵੀ ਰੋਕਣ ਲੱਗ ਪਈ। ਮੈਨੂੰ ਲੱਗਦਾ ਦੋ ਤਿੰਨ ਕਿੱਲੇ ਜ਼ਮੀਨ ਵਾਲੇ ਜੱਟ ਨੂੰ ਨਾਲ ਕੋਈ ਹੋਰ ਕੰਮ ਕਰਨਾ ਚਾਹੀਦਾ ਹੈ। ਇਕੱਲੀ ਖੇਤੀ ਨਾਲ ਹੁਣ ਨੀ ਢਿੱਡ ਭਰਨੇ। ਪਿੱਛੋ ਫਾਹਾ ਲੈਣ ਨਾਲੋ ਚੰਗਾ ਪਹਿਲਾਂ ਹੀ ਮੁੜਜੋ ਇਸ ਪਾਸੇ ਤੋਂ...।"
"ਚੱਲੋਂ ਛੱਡੋ ਜੀ ਤੁਸੀਂ ਤਾਂ ਬਹੁਤੀ ਲੰਮੀ ਰਾਮ ਕਹਾਣੀ ਤੋਰ ਬੈਠਗੇ। ਮੈਨੂੰ ਇਹ ਦੱਸੋ ਡਰਾਇਵਰ ਦੀ ਜਿੰਦਗੀ ਕਿਹੋ ਜਿਹੀ ਹੁੰਦੀ ਐ।" ਜਸਮੀਤ ਨੇ ਗੱਲ ਨੂੰ ਕੱਟ ਕੇ ਕਿਹਾ।
"ਜਿਹੋ ਜਿਹੀ ਇਥੇ ਲੋਕਾਂ ਦੀ ਐ। ਕਿਸੇ ਦੀ ਚੰਗੀ ਕਿਸੇ ਦੀ ਬਹੁਤੀ ਚੰਗੀ, ਕਿਸੇ ਦੀ ਦਿਨ ਕਟੀ, ਕਿਸੇ ਦੀ ਇਸ ਤੋਂ ਵੀ ਥੱਲੇ।" ਪਤਨੀ ਦੀ ਗੱਲ੍ਹ ਤੇ ਚੁੰਡੀ ਵੱਢ ਕੇ ਬਲਵੰਤ ਨੇ ਕਿਹਾ।
"ਮੈਨੂੰ ਇਹੋ ਅਜਿਹੀਆ ਬੁਜਾਰਤਾਂ ਦੀ ਸਮਝ ਨਹੀਂ ਹੈ। ਤੁਸੀਂ ਇਹ ਦੱਸੋ ਤੁਹਾਡੀ ਜਿੰਦਗੀ ਕਿਵੇ ਐ। ਇਸ ਕੰਮ ਵਿੱਚ ਆਉਣ ਬਾਅਦ।"
ਹੁਣ ਤੱਕ ਤਾਂ ਬਾਬੇ ਦੀ ਫੁੱਲ ਕਿਪਾ ਹੈ। ਅੱਗੇ ਦੇਖੋ ਤੇਰੇ ਨਾਲ ਸਬੰਧ ਬਣੇ ਬਾਅਦ ਕੀ ਰੰਗ ਦਿਖਾਉਦੀ ਐ ਜਿੰਦਗੀ ।
"ਜੀ ਮੇਰਾ ਮਤਲਵ ਐ ਹੁਣ ਤੱਕ ਤੁਸੀਂ ਕਿਵੇਂ ਮਹਿਸੂਸ ਕੀਤਾ।"
"ਕਮਲੀਏ ਕੰਮ ਹੀ ਜਿੰਦਗੀ ਐ। ਜਿਹੜੇ ਬੰਦੇ ਨੂੰ ਆਪਣੇ ਕੰਮ ਵਿੱਚ ਸਵਾਦ ਨਹੀਂ ਆਉਂਦਾ ਉਹਦੀ ਕਹਾਦੀ ਜਿੰਦਗੀ ਐ। ਮੈਨੂੰ ਤਾਂ ਫੁੱਲ ਨਜ਼ਾਰੇ ਲੱਗਦੀ ਐ ਇਹ ਜਿੰਦਗੀ। ਸਾਰਾ ਦਿਨ ਗੱਡੀ ਵਿੱਚ ਗਾਣੇ ਸੁਣੀਦੇ ਜਦੋਂ ਜੀ ਕਰੇ ਦੀਵਾਨ ਸੁਣਲੋ ਆਹ ਸਮਾਟਫੋਨ ਨੇ ਤਾਂ ਬਹੁਤੀ ਸੋਖੀ ਕਰਤੀ ਡਰਾਇਵਰੀ ਫੋਨ ਤੇ ਮਾਲ ਭਾਲੋ ਲੋਡ ਕਰੋ ਤੇ ਚੱਲ ਸੋ ਚੱਲ ਜਦੋਂ ਮਰਜੀ ਮਾਂ ਨਾਲ ਗੱਲ ਕਰੋ ਜਦ ਮਰਜੀ ਪਿਓ ਨਾਲ ਜਦੋਂ ਜੀ ਕਰੇ ਤੇਰੇ ਵਰਗੀ ਦੇ ਦਰਸ਼ਨ ਕਰਲੋ ਵੀਡੀਓ ਕਾਲ ਕਰਕੇ। ਹਾਂ ਢਾਬੇ ਤੇ ਨਿੱਤ ਨਵੀਆਂ ਕਿਸਮਾਂ ਦੀ ਸਬਜੀ ਦਾਲ ਨਵੇ ਨਵੇ ਪਕਵਾਨ ਹਰ ਸਟੈਟ ਦੇ ਖਾਣੇ ਕਦੇ ਕੜ੍ਹੀ ਚੋਲ, ਕਦੇ ਮੁੰਗੀ, ਕਦੇ ਸਰੋਂ ਦੇ ਸਾਗ ਨਾਲ ਮੱਕੀ ਦੀ ਰੋਟੀ। ਪਰ ਇਹ ਸਾਰਾ ਕੁੱਝ ਘਰ ਦੀ ਦਾਲ ਤੋਂ ਵੱਧ ਨਹੀਂ ਹੁੰਦਾ। ਪਰ ਫਿਰ ਵੀ ਮੈਨੂੰ ਵਧੀਆ ਲਗਦਾ ਐ।"
ਲੰਮਾ ਹੋਕਾ ਲੈ ਕੇ,"ਹਾਂ ਕੁਝ ਤਕਲੀਫ਼ਾ ਵੀ ਐ ਜਿਵੇ ਸਾਰਿਆ ਦੀ ਜਿੰਦਗੀ 'ਚ ਉਤਰਾ ਚੜਾ ਹੁੰਦੇ ਐ। ਸਾਰਾ ਦਿਨ ਗੱਡੀ ਚਲਾਉਣੀ ਅੱਗੇ ਪਿੱਛੇ ਸੱਜੇ ਖੱਬੇ ਨ੍ਹਿੱਗਾ ਰੱਖਣੀ। ਹੁਣ ਸਾਡੇ ਲੋਕ ਟਰੈਫਕ ਨਿਯਮਾਂ ਦੀ ਪਾਲਣਾ ਹੀ ਨਹੀਂ ਕਰਦੇ। ਪਤਾ ਨਹੀਂ ਕੋਈ ਕਿਧਰੋ ਆ ਜਾਂਦਾ ਹੈ। ਜਿਧਰ ਦੀ ਜੀ ਕਰਦਾ ਲੋਕ ਭੱਜੇ ਫਿਰਦੇ ਐ ਜਿਵੇ ਪੂੱਛ ਨੂੰ ਅੱਗ ਲੱਗੀ ਹੋਵੇ। ਦੂਜਾ ਹੁਣ ਕੋਈ ਇਹ ਨਹੀਂ ਦੇਖਦਾ ਕਿ ਕਸੂਰ ਕਿਸਦਾ ਹੈ। ਵੱਡੀ ਗੱਡੀ ਚਲਾਉਣ ਵਾਲਾ ਹੀ ਦੋਸ਼ੀ ਐ ਸਾਡੇ ਦੇਸ਼ ਵਿੱਚ, ਭਾਵੇ ਉਹਦੇ ਥੱਲੇ ਆਪ ਕੋਈ ਜਾਣਕੇ ਮਰਿਆ ਹੋਵੇ।ਔਖ ਤਾਂ ਜਿੰਦਗੀ ਦਾ ਇੱਕ ਹਿੱਸਾ ਹੈ ਇਹਨਾਂ ਤੋਂ ਘਬਰਾਉਣਾ ਨਹੀਂ ਚਾਹੀਦਾ। ਵੇਸੇ ਮੈਨੂੰ ਬਹੁਤਾ ਔਖਾ ਨਹੀਂ ਲੱਗਦਾ ਪਹਿਲਾਂ ਪਹਿਲਾਂ ਕੁਝ ਲਗਦਾ ਸੀ। ਹਾਂ ਜਦੋਂ ਅਸੀਂ ਸ਼ਾਮੀ ਢਾਬੇ ਤੇ ਬੈਠਦੇ ਆ ਰੋਟੀ ਪਾਣੀ ਲੈਣ ਓਦੋ ਤਾਂ ਪੱਟੂ ਪੁਰਾ ਮਨੋਰੰਜਨ ਕਰਦੇ ਐ। ਢਾਬੇ ਵਾਲੇ ਨੂੰ ਕਹਿਣਗੇ ਰੋਟੀ ਹੈਮਾ ਮਲਣੀ ਦੀ ਗੱਲ੍ਹ ਵਰਗੀ ਬਣਾਦੇ, ਜੇ ਮਾੜੀ ਮੋਟੀ ਰੜਜੇ ਫਿਰ ਕਹਿਣਗੇ ਇਹ ਤਾਂ ਓਮ ਪੁਰੀ ਦੀ ਗੱਲ੍ਹ ਵਰਗੀ ਹੈ। ਕਈ ਤਾਂ ਓਥੇ ਛਿੱਟ ਲਾ ਕੇ ਕਹਿਣਗੇ ਅਸੀਂ ਸਮਝਦੇ ਆ ਡਰਾਇਵਰੀ ਤੇ ਸ਼ਰਾਬ ਦਾ ਕੋਈ ਮੈਲ ਨਹੀਂ ਪਰ ਐਸ ਵੇਲੇ ਘਰ ਦੀ ਯਾਦ ਪੀਣ ਲਈ ਮਜਬੂਰ ਕਰਦੀ ਐ।ਮੈਨੂੰ ਕਹਿੰਦੇ ਐ ਤੂੰ ਛੜ੍ਹਾ ਛਾਟ ਐ ਤਾਂ ਨੀ ਪੀਦਾ...।"
ਬਲਵੰਤ ਦੀ ਗੱਲ ਵਿਚੋਂ ਹੀ ਕੱਟਕੇ ਜੀ ਦੇਖੀਓ ਕਿਤੇ ਹੁਣ ਪੀਣ ਲੱਗਜੋ। ਰੱਬ ਦਾ ਵਾਸਤਾ ਮੈਂ ਸ਼ਰਾਬ ਦਾ ਪੱਟਿਆ ਆਪਣੇ ਪਿਉ ਦਾ ਘਰ ਦੇਖਿਆ। ਮੈਂ ਨੀ ਚਹੁੰਦੀ ਮੈਂ ਵੀ ਆਪਣੀ ਮਾਂ ਵਰਗੀ ਜਿੰਦਗੀ ਕੱਢਾ। ਸ਼ਰੀਕਾ ਦੇ ਥੱਲੇ ਲੱਗ ਕੇ। ਇੱਕ ਗੱਲ ਹੋਰ ਮੇਰੀ ਸੇਹਲੀ ਕਹਿੰਦੀ ਸੀ ਕਿ ਡਰਾਇਵਰ ਗ਼ਲਤ ਕੰਮ ਵੀ ਕਰਦੇ ਹੁੰਦੇ ਐ ਤੇ ਉਹ ਏਡਜ਼ ਨਾ ਦੀ ਬਿਮਾਰੀ ਦਾ ਸ਼ਿਕਾਰ ਵੀ ਹੋ ਜਾਂਦੇ ਐ, ਜਿਸ ਦਾ ਕੋਈ ਇਲਾਜ ਹੀ ਨਹੀਂ ਹੁੰਦਾ।"
ਬਲਵੰਤ ਇੱਕ ਦਮ ਸੁੰਨ ਅਜਿਹਾ ਹੋ ਜਾਂਦਾ ਐ। ਉਹਨੂੰ ਉਸ ਡਰਾਇਵਰ ਦੀ ਯਾਦ ਆਉਂਦੀ ਹੈ ਜੋ ਸਾਰੀ ਦਿਹਾੜੀ ਇਹੋ ਜਿਹੀਆਂ ਗੱਲਾਂ ਹੀ ਕਰਦਾ ਸੀ ਤੇ ਫਿਰ ਉਹ ਏਡਜ਼ ਦਾ ਸ਼ਿਕਾਰ ਹੋ ਕੇ ਜਵਾ ਸੁੱਕ ਕੇ ਮਰਦਾ ਹੈ। ਕਈ ਉਹ ਵੀ ਯਾਦ ਆਉਂਦੇ ਹਨ ਜੋ ਸਾਰੀ ਦਿਹਾੜੀ ਨਸ਼ਾ ਕਰਦੇ ਰਹਿੰਦੇ ਹਨ ਅਤੇ ਘਰ ਕੁਝ ਨਹੀਂ ਦਿੰਦੇ।
ਉਹ ਇੱਕ ਵਾਰ ਫਿਰ ਆਪਣੀ ਪਤਨੀ ਦੇ ਕੋਲ ਜਾਂਦਾ ਹੈ ਤੇ ਉਹਦੇ ਸਿਰ ਤੇ ਹੱਥ ਰੱਖਕੇ ਉਹਨੂੰ ਵਿਸ਼ਵਾਸ਼ ਦੀਵਾਉਂਦਾ ਹੈ ਕੇ ਮੈਂ ਅਜਿਹਾ ਨਾ ਕਦੇ ਕੀਤਾ ਨਾ ਕਰਾਗਾ। ਕੁਝ ਲੋਕ ਹਰ ਥਾਂ ਅਜਿਹੇ ਹੁੰਦੇ ਹਨ ਜਿਹਨਾਂ ਕਰਕੇ ਉਹਨ੍ਹਾਂ ਦਾ ਸਾਰਾ ਮਹਿਕਮਾ ਹੀ ਬਦਨਾਮ ਹੋ ਜਾਂਦਾ ਹੈ। ਮੇਰੇ ਦੋ ਕਿੱਲੇ ਅੱਗੇ ਬਾਪੂ ਜੀ ਦੀ ਭੈੜੀ ਬਿਮਾਰੀ ਨੇ ਖਾ ਲਏ। ਮੈਂ ਅਜਿਹੀ ਗ਼ਲਤੀ ਕਦੇ ਨਹੀਂ ਕਰ ਸਕਦਾ ਕਿ ਜੋ ਜ਼ਮੀਨ ਦਾ ਹੇਰਵਾ ਮੈਂ ਦਿਲ ਵਿੱਚ ਲਈ ਫਿਰਦਾ ਮੇਰੇ ਬੱਚੇ ਵੀ ਮੇਰੇ ਵਾਂਗ ਹੋਣ ਮੈਂ ਤਾਂ ਆਪਣੀ ਦੋ ਕਿੱਲੇ ਜ਼ਮੀਨ ਵਾਪਸ ਕਰਕੇ ਦਮ ਲੈਣ ਦਾ ਪਰਨ ਕਰੀ ਬੈਠਾ ਹਾਂ ਦਿਲ ਵਿੱਚ।