ਗੁਣਾਂ ਦੀ ਖ਼ੁਸ਼ਬੂ (ਗੀਤ )

ਨਾਇਬ ਸਿੰਘ ਬੁੱਕਣਵਾਲ   

Email: naibsingh62708@gmail.com
Cell: +91 94176 61708
Address: ਪਿੰਡ ਬੁੱਕਣਵਾਲ ਤਹਿ: ਮਲੇਰਕੋਟਲਾ
ਸੰਗਰੂਰ India
ਨਾਇਬ ਸਿੰਘ ਬੁੱਕਣਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ

ਗੁਣਾਂ ਦੀ ਖ਼ੁਸ਼ਬੂ ਨਾਲ ਭਰ ਲੈ, ਮਾਨਸ ਦੇਹੀ ਨੂੰ।
ਕੋਈ ਨੀ ਇੱਥੇ ਪੁੱਛਦਾ , ਕੱਚੇ ਰਾਹਾਂ ਦੀ ਰੇਹੀ ਨੂੰ।
ਉੁਹ ਮਿੱਤਰਾਂ ਤੋਂ ਕੀ ਲੈਣਾ, ਜੋ ਔਖੇ ਵਕਤ ਫੇਰ ਲੈਣ ਮੂੰਹ
ਦੁਨੀਆਂ ਉੱਤੇ ਮੁੜਕੇ ਮਿੱਤਰਾ, ਫੇਰ ਨੀਂ ਆਉਣਾ ਤੂੰ……………………
ਮਾੜੀਆਂ ਗੱਲਾਂ ਵਿੱਚੋਂ, ਮਾੜਾ ਦਾਗ਼ ਬਦਨਾਮੀ ਦਾ।
ਪੀੜ੍ਹੀਆਂ ਤੱਕ ਨਾ ਕਰਜ਼ ਉੱਤਰੇ, ਖੱਟੀ ਹੋਈ ਖ਼ੁਨਾਮੀ ਦਾ।
ਮਾੜਿਆ ਨੂੰ ਕੀ ਕਹਿਣਾ, ਜਿਹਨਾਂ  ਕੰਨ ਤੇ ਸਰਕੇ ਨਾ ਜੂੰ
ਦੁਨੀਆਂ ਉੱਤੇ ਮੁੜਕੇ ਮਿੱਤਰਾ, ਫੇਰ ਨੀਂ ਆਉਣਾ ਤੂੰ……………………
ਹੁੰਦਾ ਕੌੜਾ ਸੱਚ ਵੀ, ਘੋੜੇ ਤੇਜ਼ ਨੇ ਸੋਚਾਂ ਦੇ।
ਸਭ ਕੁੱਝ ਹੁੰਦਿਆ ਮਾਰ ਲਏ, ਬਈ ਕਈ ਨਘੋਚਾਂ ਨੇ।
ਸੱਚ ਦੀ ਵਾਰ ਤਾਂ ਕਰ ਦਿੰਦੀ, ਖੜ੍ਹੇ ਬੰਦੇ ਦੇ ਲੂੰ
ਦੁਨੀਆਂ ਉੱਤੇ ਮੁੜਕੇ ਮਿੱਤਰਾ, ਫੇਰ ਨੀਂ ਆਉਣਾ ਤੂੰ……………………
ਮਾਂ ਦੀ ਗੋਦ ਦਾ, ਨਿੱਘ ਮਾਨਣਾਂ ਕਰਮਾਂ ਦਾ
ਬੰਦਾ ਉਹੀ ਚੰਗਾ, ਕਰੇ ਸਤਿਕਾਰ ਸਭ ਧਰਮਾਂ ਦਾ
ਦੇਹੀ ਨੇ ਪਿੰਂਝ ਜਾਣਾ, ਪੇਂਝਾ ਪਿੰਝਦਾ ਜਿਵੇਂ ਰੂੰ
ਦੁਨੀਆਂ ਉੱਤੇ ਮੁੜਕੇ ਮਿੱਤਰਾ, ਫੇਰ ਨੀਂ ਆਉਣਾ ਤੂੰ……………………
ਇੱਜ਼ਤਾਂ ਜੇਕਰ ਰੁਲ ਜਾਵਣ, ਨਾ ਮੁੜਕੇ ਮਿਲਦੀਆਂ ਨੇ।
ਕਲੀਆਂ ਤਾਂ ਵਿੱਚ ਬਾਗਾਂ, ਆਪਣੀ ਰੁੱਤੇ ਖਿੜਦੀਆਂ ਨੇ।
ਮਿੱਠੇ ਫ਼ਲ ਤਾਂ ਲੱਗਣੇ ਨੇ, ਤੇਰੀਆਂ ਚੰਗਿਆਈਆਂ ਨੂੰ
ਦੁਨੀਆਂ ਉੱਤੇ ਮੁੜਕੇ ਮਿੱਤਰਾ, ਫੇਰ ਨੀਂ ਆਉਣਾ ਤੂੰ……………………
ਜਦੋਂ ਕਿਸੇ ਦੇ ਸਿਰ ਤੋਂ, ਛਾਇਆ ਬਾਪ ਦਾ ਉੱਠ ਜਾਵੇ।
ਔਖੀਆ ਬਣ ਜਾਣ ਰਾਹਵਾਂ , ਭਾਵੇਂ ਮੰਜ਼ਿਲ ਮਿਲ ਜਾਵੇ।
"ਬੁੱਕਣਵਾਲੀਆ" ਆਖੇ , ਛੁੱਟੇ ਨਾ ਭਰਾਵਾਂ ਦੀ ਢੂਅ
ਦੁਨੀਆਂ ਉੱਤੇ ਮੁੜਕੇ ਮਿੱਤਰਾ, ਫੇਰ ਨੀਂ ਆਉਣਾ ਤੂੰ……………………