ਦੋ ਤੋ ਚਾਰ ਜਦ ਹੋਗੀਆਂ ਅੱਖਾਂ ਮਿਲ ਅੱਖਾਂ ਨਾਲ।
ਹੈ ਦਿਲ ਉਦੋਂ ਦਾ ਫਸ ਗਿਆ ਵਿੱਚ ਤੇਰੇ ਮੋਹ ਜਾਲ।
ਜੁਲਫਾਂ ਦੀ ਘਟਾ ਚੋਂ ਚਮਕੀ ਨੈਣਾਂ ਦੀ ਬਿਜਲੀ ਤੱਕ,
ਹੈ ਸੋਚਾਂ ਦੇ ਸਮੁੰਦਰ ਅੰਦਰ ਖੜੀਆਂ ਉਠ ਭੁਚਾਲ।
ਜਦ ਫੁੱਲ ਵਾਂਗ ਮਹਿਕ ਛੱਡਦੀ ਲੰਘੀ ਉਹ ਹਵਾ ਬਣਕੇ,
ਮੋਰ ਮਨ ਦਾ ਮਚਲ ਉੱਠਿਆ ਤਕ ਹਰਨਾ ਜਿਹੀ ਚਾਲ।
ਸੂਰਤ ਸੀਰਤ ਉਸ ਦੀ ਪਾਵੇ ਪਰੀਆਂ ਨੂੰ ਵੀ ਮਾਤ,
ਸੂਰਜ ਵੀ ਸ਼ਰਮਾਵਣ ਲਗੇ ਮੱਥੇ ਦਾ ਤੱਕ ਜਲਾਲ।
ਹੁਸਨਾਂ ਲੱਦੀ ਅੱਲੜ ਜਵਾਨੀ ਮੋਹ ਦੀ ਭਰੀ ਸੁਰਾਹੀ,
ਇਹੋ ਚਾਹੁੰਦਾ ਹਰ ਗਭਰੂ ਹੀ ਉਹਦਾ ਬਣੇ ਭਿਆਲ।
ਨਾਲ ਚਾਵਾਂ ਮਨ ਭਰ ਜਾਂਦਾ ਜਦ ਵੀ ਆਵੇ ਖਿਆਲ,
ਧਰਤੀ ਪੈਰ ਨਹੀਂ ਸੀ ਲੱਗਦਾ ਤੇਰੇ ਤੋਂ ਲੈ ਰੁਮਾਲ।
ਦਿਲ ਸਮੁੰਦਰ ਤੇ ਪਰਬਤ ਜਿਗਰੇ ਵਾਲਾ ਹੀ ਪਾ ਸਕਦਾ,
ਕਮਾਲ ਇਸ਼ਕ ਕਮਾਲ ਵਾਅਦੇ ਵਾਲਿਆਂ ਸੰਗ ਧਮਾਲ।