ਜਦ ਕਿਸੇ ਧੀ ਭੈਣ ਤੇ ਭੀੜ ਕਦੀ ਬਣ ਆਉਂਦੀ ਹੈ
ਜਦ ਸ੍ਰਿਸ਼ਟੀ ਕਦੇ ਆਪਣਾ ਪ੍ਰਕੋਪ ਦਿਖਾਉਂਦੀ ਹੈ
ਜਦ ਜੰਗਾਂ ਦੇ ਨਾਮ ਤੇ ਲਹੂ ਵਹਾਇਆ ਜਾਂਦਾ ਹੈ
ਜਦ ਕਿਸੇ ਗ਼ਰੀਬ ਗੁਰਬੇ ਨੂੰ ਸਤਾਇਆ ਜਾਂਦਾ ਹੈ
ਤਾਂ ਇਹ ਮਦਦ ਲਈ ਸਭ ਤੋਂ ਪਹਿਲਾਂ ਭੱਜੇ ਆਂਦੇ ਨੇ
ਹਾਂ ਬਈ ਇਹਨਾਂ ਸਿੱਖਾਂ ਦੇ ਉਦੋਂ ਬਾਰਾਂ ਜੋ ਵੱਜ ਜਾਂਦੇ ਨੇ
ਜਦ ਸੜਕਾਂ ਤੇ ਵੇਚ ਕੇ ਪਾਣੀ ਲੋਕੀਂ ਪੈਸਾ ਕਮਾਉਂਦੇ ਨੇ
ਇਹ ਉਹਨਾਂ ਦਿਨਾਂ ਚਂ ਖੜ ਕੇ ਧੁੱਪੇ ਛਬੀਲਾਂ ਲਾਉਂਦੇ ਨੇ
ਮਹਾਂਮਾਰੀ ਤੇ ਭੁੱਖਮਰੀ ਚਂ ਜਿੱਥੇ ਲੋਕੀਂ ਜਾਣੋਂ ਵੀ ਘਬਰਾਂਦੇ ਨੇ
ਉੱਥੇ ਵੀ ਇਹ ਪਹੁੰਚ ਜਾਂਦੇ ਤੇ ਖੁੱਲੇ ਲੰਗਰ ਲਾਉਂਦੇ ਨੇ
ਵੇਖ ਮੁਸੀਬਤ ਚਂ ਕਿਸੇ ਨੂੰ ਇਹ ਟਿਕ ਕੇ ਨਾ ਬਹਿ ਪਾਂਦੇ ਨੇ
ਹਾਂ ਬਈ ਇਹਨਾਂ ਸਿੱਖਾਂ ਦੇ ਉਦੋਂ ਬਾਰਾਂ ਜੋ ਵੱਜ ਜਾਂਦੇ ਨੇ
ਜਿਸ ਪੱਗ ਨਾਲ ਢੱਕ ਕੇ ਕਿਸੇ ਦੀ ਇੱਜ਼ਤ ਘਰ ਲੈ ਆਂਦੇ ਸੀ
ਜਿਸ ਪੱਗ ਨੂੰ ਵੇਖ ਕੇ ਜ਼ਾਲਮਾਂ ਦੇ ਹੋਸ਼ ਹਵਾਸ ਉੱਡ ਜਾਂਦੇ ਸੀ
ਉਸੇ ਪੱਗ ਦਾ ਅੱਜ ਮਜ਼ਾਕ ਉਡਾਇਆ ਜਾ ਰਿਹੈ
ਹਾਸੇ ਦਾ ਪਾਤਰ ਬਣਾ ਕੇ ਹਰ ਪਾਸੇ ਦਿਖਾਇਆ ਜਾ ਰਿਹੈ
ਫਿਰ ਵੀ ਇਹ ਚੁੱਪਚਾਪ ਸਭ ਕੁਝ ਸਹਿ ਜਾਂਦੇ ਨੇ
ਹਾਂ ਬਈ ਇਹਨਾਂ ਸਿੱਖਾਂ ਦੇ ਉਦੋਂ ਬਾਰਾਂ ਜੋ ਵੱਜ ਜਾਂਦੇ ਨੇ
ਕਾਸ਼ ਇਹ ਬਾਰਾਂ ਵੱਜਦੇ ਹੁੰਦੇ ਹਰ ਇੱਕ ਇਨਸਾਨ ਦੇ
ਸੱਚ ਮੰਨਣਾ ਕਦੇ ਹੋਣੇ ਨਹੀਂ ਸਨ ਦਰਸ਼ਨ ਕਿਸੇ ਸ਼ੈਤਾਨ ਦੇ
ਧੀ ਹਰੇਕ ਦੀ ਹੁੰਦੀ ਮਹਿਫ਼ੂਜ਼ ਕੋਈ ਨਾ ਭੇਦ ਭਾਵ ਹੁੰਦਾ
ਹਰ ਕਿਸੇ ਦੀ ਮਦਦ ਕਰਨ ਲਈ ਹਰ ਕੋਈ ਤਿਆਰ ਹੁੰਦਾ
ਕਾਸ਼ ਇਸ ਬਾਰਾਂ ਦੇ ਜੇ ਅਰਥ ਇਹ ਸਾਰੇ ਸਮਝ ਜਾਂਦੇ
ਤਾਂ ਸਤਿਕਾਰ ਵਿੱਚ ਇਸ ਕੌਮ ਦੇ ਸਿਰ ਸਭਨਾਂ ਦੇ ਝੁਕ ਜਾਂਦੇ
ਤਾਂ ਸਤਿਕਾਰ ਵਿੱਚ ਇਸ ਕੌਮ ਦੇ ਸਿਰ ਸਭਨਾਂ ਦੇ ਝੁਕ ਜਾਂਦੇ