ਨਵੀਂ ਸਦੀ ਦੀ ਯੁਵਾ ਪੀੜ੍ਹੀ ਦੀ ਨਵੀਂ ਸੋਚ (ਲੇਖ )

ਕਮੋਡੋਰ ਗੁਰਨਾਮ ਸਿੰਘ   

Email: commodoregurnam@gmail.com
Cell: +91 98181 59944
Address:
ਜੇ 240, ਸੈਕਟਰ 25, ਨੌਏਡਾ ਯੂ ਪੀ India
ਕਮੋਡੋਰ ਗੁਰਨਾਮ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅਜਕਲ ਆਮ ਵੇਖਦੇ ਹਾਂ, ਪੜ੍ਹਦੇ ਹਾਂ ਅਤੇ ਸੁਣਦੇ ਵੀ ਹਾਂ ਕਿ ਮੁਲਕ ਦੀ, ਅਤੇ ਪੰਜਾਬ ਦੀ ਵੀ, ਹੁਣ ਦੀ ਯੁਵਾ ਪੀੜ੍ਹੀ ਦਾ ਵਰਤਮਾਨ ਅਤੇ ਉਹਨਾਂ ਦਾ ਭਵਿੱਖ ਜਿੰਨਾਂ ਉੱਜਲਾ ਹੋਣਾ ਚਾਹੀਦਾ ਹੈ ਓਨਾਂ ਹੈ ਨਹੀਂ। ਇਹ ਸੋਚ ਵਿਚਲੀ ਅਤੇ ਵਡੇਰੀ ਉਮਰ ਦੇ ਅਜ ਦੇ ਸਿਆਣਿਆਂ ਨੂੰ ਫ਼ਿਕਰਮੰਦ ਕਰਦੀ ਹੈ। ਇਸ ਦਿਲਢਾਊ ਅਤੇ ਨਿਰਾਸ਼ਾ ਨਾਲ ਭਰੀ ਸੋਚ ਪਿੱਛੇ ਜੋ ਕਾਰਨ ਦੱਸੇ ਜਾਂਦੇ ਹਨ, ਉਹ ਹਨ: ਯੁਵਾਪੀੜ੍ਹੀ ਦੀ ਪੜ੍ਹਾਈ ਵੱਲ ਉਦਾਸੀਨਤਾ, ਉਸ ਦੀ ਆਪਣੇ ਭਵਿੱਖ ਬਾਰੇ ਫ਼ਿਕਰ ਨਾਲ ਲੋੜੀਂਦੀ ਦਿਲਚਸਪੀ ਅਤੇ ਪ੍ਰਵੀਣਤਾ ਹਾਸਲ ਕਰਨ ਵਲ ਬੇਧਿਆਨੀ ਅਤੇ ਲਾਪ੍ਰਵਾਹੀ, ਉਸ ਦੀ ਜ਼ਿੰਮੇਦਾਰੀਆਂ ਸੰਭਾਲਣ ਤੋਂ ਮੂੰਹ ਮੋੜਣ ਦੀ ਪਰਵਿਰਤੀ, ਉਸ ਦਾ ਫ਼ਿਜ਼ੂਲ ਅਤੇ ਅੰਞਾਈਂ ਕੰਮਾਂ ਵਿਚ ਸਮਾਂ ਬਿਤਾਉਣਾ,  ਉਸ ਦਾ ਨਸ਼ਿਆਂ ਵੱਲ ਵਧਦਾ ਝੁਕਾਅ,  ਉਸ ਵਿਚ ਵਿਦੇਸ਼ ਜਾਣ ਦੀ ਲਿੱਲ ਆਦਿ। ਇਸ ਦਾ ਰੋਜ਼ ਰੋਜ਼ ਅਤੇ ਆਏ ਦਿਨ ਜ਼ਿਕਰ ਹੁੰਦਾ ਹੈ ਜਿਸ ਤੋਂ ਜਾਪਦਾ ਹੈ ਕਿ ਸਥਿਤੀ ਵਾਹਵਾ ਮਾੜੀ ਹੋ ਚੁਕੀ ਹੈ ਅਤੇ ਲਗਭਗ ਹੱਥੋਂ ਨਿਕਲਦੀ ਜਾ ਰਹੀ ਹੈ।  ਇਸ ਸਥਿਤੀ ਨੂੰ ਠੀਕ ਕਰਨ ਦੀ ਲੋੜ ਨੂੰ ਮਹਿਸੂਸਦਿਆਂ ਸਮਾਜ ਅਤੇ ਸਰਕਾਰ ਦੋਵੇਂ ਹੀ ਜਾਗਰੂਕ ਹੋ ਚੁਕੇ ਹਨ ਅਤੇ ਇਸ ਨੂੰ ਸੁਧਾਰਨ ਲਈ ਯਤਨਸ਼ੀਲ ਹਨ। ਪਰ ਜਿਹੜੇ ਸਾਡੇ ਯੁਵਾ ਸਹੀ ਚਲਦੇ ਹਨ ਉਹਨਾਂ ਦੀ ਗਿਣਤੀ ਵੀ ਤਾਂ ਕਾਫ਼ੀ ਵੱਡੀ ਹੈ। ਸਾਨੂੰ ਉਹਨਾਂ ਬਾਰੇ ਵੀ ਸੋਚਣਾ ਹੈ। ਹੁਣੇ ਹੁਣੇ ਪ੍ਰਕਾਸ਼ਤ ਹੋਈ ਇਕ ਰਿਪੋਰਟ ਸਿੱਕੇ ਦੇ ਇਸ ਦੂਸਰੇ ਪਾਸੇ ਵੱਲ ਧਿਆਨ ਦਿਵਾਉਂਦੀ ਹੈ।
ਮੌਰਗਨ ਸਟੈਨਲੀ ਇਕ ਪ੍ਰਸਿੱਧ ਕੰਪਨੀ ਹੈ ਜਿਸ ਨੇ ਸੰਨ ੨੦੧੮ ਦੀ ਆਪਣੀ ਇਕ ਸ਼ੋਧ ਰਿਪੋਰਟ ਵਿਚ ਦਸਿਆ ਹੈ ਕਿ ਭਾਰਤ  ਦੀ ਯੁਵਾ ਪੀੜ੍ਹੀ ਕੀ ਸੋਚਦੀ ਹੈ ਅਤੇ ਆਪਣੇ ਵਰਤਮਾਨ ਅਤੇ ਭਵਿੱਖ ਨੂੰ ਸਿਰਜਣ ਲਈ ਉਹ ਕਿਸਤਰਾਂ ਪ੍ਰਯਤਨਸ਼ੀਲ ਹੈ, ਇਹਨਾਂ ਉੱਤੇ ਅਤੇ ਇਹਨਾਂ ਵਰਗੇ ਹੋਰ ਪਹਿਲੂਆਂ ਤੇ ਰੋਸ਼ਨੀ ਪਾਈ ਗਈ ਹੈ। ਇਹ ਰਿਪੋਰਟ ਦੇਸ਼ ਦੇ ਯੁਵਾਵਾਂ ਨੂੰ ਤਿੰਨ ਸ਼੍ਰੇਣੀਆਂ ਵਿਚ ਵੰਡ ਕੇ ਵੇਖਦੀ ਹੈ। ਪਹਿਲੀ ਸ਼੍ਰੇਣੀ ਵਿਚ ਉਹ ਹਨ ਜਿਹੜੇ ਸੰਨ ੧੯੬੦ ਤੋਂ ੧੯੮੦ ਵਿਚ ਜਨਮੇ ਸਨ। ਇਹਨਾਂ ਦੀ ਉਮਰ ਅਜ ੩੯ ਤੋਂ ੫੯ ਸਾਲ ਹੈ। ਇਹਨਾਂ ਨੂੰ ਜੈਨਰੇਸ਼ਨ (ਪੀੜ੍ਹੀ) ਐਕਸ ਦਾ ਨਾਂਅ ਦਿੱਤਾ ਗਿਆ ਹੈ। ਦੂਸਰੀ ਸ਼੍ਰੇਣੀ ਵਿਚ ਉਹ ਹਨ ਜਿਹੜੇ ਸੰਨ ੧੯੮੧ ਤੋਂ ੨੦੦੦ ਵਿਚ ਜਨਮੇ ਸਨ। ਇਹਨਾਂ ਦੀ ਉਮਰ ਅਜ ੧੯ ਤੋਂ ੩੮ ਸਾਲ ਹੈ ਅਤੇ ਇਹਨਾਂ ਨੂੰ ਜੈਨਰੇਸ਼ਨ ਵਾਈ ਦਾ ਨਾਂਅ ਦਿੱਤਾ ਗਿਆ ਹੈ। ਤੀਸਰੀ ਸ਼੍ਰੇਣੀ ਵਿਚ ਉਹ ਹਨ ਜਿਨਾਂ੍ਹ ਦਾ ਜਨਮ ਸੰਨ ੧੯੯੫ ਤੋਂ ੨੦੦੫ ਦੇ ਸਮੇਂ ਦਾ ਹੈ। ਇਹਨਾਂ ਦੀ ਉਮਰ ਅਜ ੧੪ ਤੋਂ ੨੪ ਸਾਲਾਂ ਦੀ ਹੈ। ਇਹਨਾਂ ਨੂੰ ਜੈਨਰੇਸ਼ਨ ਜ਼ੈਡ ਆਖਿਆ ਗਿਆ ਹੈ। ਇਹਨਾਂ ਵਿਚੋਂ ਐਕਸ ਪੀੜ੍ਹੀ ਨੇ ਪਿਛਲੀ ਸਦੀ ਦੇ ਮੱਧ ਦੇ ਭਾਰਤ ਦੇ ਆਰਥਕ ਸੰਕਟ ਅਤੇ ਗੁਰਬਤ ਦਾ ਸਮਾਂ ਵੇਖਿਆ ਹੈ। ਉਹਨਾਂ ਦੀ ਓਦੋਂ ਕੀਤੀ ਮਿਹਨਤ ਅਤੇ ਮੁਸ਼ੱਕਤ ਦਾ ਸਦਕਾ ਹੀ ਦੇਸ਼ ਗਰੀਬੀ ਦੀ ਦਲਦਲ ਵਿਚੋਂ ਕਾਫ਼ੀ ਹਦ ਤੱਕ ਨਿਕਲਣ ਵਿਚ ਸਫ਼ਲ ਹੋਇਆ ਹੈ। ਇਸ ਤੋਂ ਬਾਅਦ ਦੀ ਵਾਈ ਪੀੜ੍ਹੀ ਨੇ ਉਹ ਸਮਾਂ ਵੇਖਿਆ ਹੈ ਜਿਸ ਵਿਚ ਮੁਲਕ ਵਿਚ ਖੁਸ਼ਹਾਲੀ ਅਤੇ ਆਰਥਕ ਤਰੱਕੀ ਦੀਆਂ ਉੱਗਦੀਆਂ ਨਵੀਂਆਂ ਕਰੂੰਬਲਾਂ ਦਿਸਣ ਲਗ ਪਈਆਂ ਸਨ ਅਤੇ ਲੋਕਾਂ ਨੂੰ ਆਮ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਵਸਤਾਂ ਅਤੇ ਖਾਦ ਪਦਾਰਥਾਂ ਦੀ ਨਿੱਤ ਦੀ ਥੁੜ ਤੋਂ ਲਗਭਗ ਨਿਜਾਤ ਮਿਲ ਚੁਕੀ ਸੀ। ਹੁਣ ਸਮਾਂ ਸਭ ਤੋਂ ਛੋਟੀ ਉਮਰ ਦੀ ਜ਼ੈਡ ਪੀੜ੍ਹੀ ਦਾ ਹੈ ਜਦੋਂ ਦੇਸ਼ ਵਿਚ ਤਰੱਕੀ ਅਤੇ ਖੁਸ਼ਹਾਲੀ ਦਾ ਪਸਾਰ ਵਧ ਰਿਹਾ ਹੈ ਅਤੇ ਸਾਰੇ ਮੁਲਕ ਵਿਚ ਵੱਡੇ ਪੈਮਾਨੇ ਤੇ ਕੰਪਿਊਟਰੀਕਰਣ ਹੋ ਰਿਹਾ ਹੈ। ਚੌਥੀ ਉਦਿਯੋਗਿਕ ਕ੍ਰਾਂਤੀ ਦੀਆਂ ਗੱਲਾਂ ਵੀ ਹੋ ਰਹੀਆਂ ਹਨ ਅਤੇ ਉਸ ਦੀ ਆਮਦ ਦੇ ਕਦਮਾਂ ਦੀ ਆਹਟ ਅਤੇ ਧਮਕ ਵੀ ਸੁਣਾਈ ਦੇ ਰਹੀਆਂ ਹਨ।    
ਅਜ ਦੀ ਯੁਵਾ ਪੀੜ੍ਹੀ, ਪੀੜ੍ਹੀ ਜ਼ੈਡ, ਕੰਪਿਊਟਰ, ਡਿਜੀਟਲ ਸੋਚ, ਇੰਟਰਨੈੱਟ, ਮੋਬਾਈਲ, ਕ੍ਰਿਤਮ ਬੁੱਧ (ਆਰਟੀਫ਼ਿਸ਼ਲ ਇੰਨਟੈਲੀਜੈਂਸ)  ਅਤੇ ਐਪਸ ਵਰਗੇ ਤੌਰ ਤਰੀਕਿਆਂ ਨਾਲ ਲੈਸ ਹੈ ਅਤੇ ਦਿਨ ਰਾਤ ਉਹਨਾਂ ਵਿਚ ਹੀ ਵਿਚਰਦੀ ਹੈ। ਇਸ ਪੀੜ੍ਹੀ ਦੇ ਯੁਵਾਵਾਂ ਨੂੰ ਇਹ ਜਾਨਣ ਦੀ ਕੋਈ ਤਾਂਘ ਅਤੇ ਉਤਸੁਕਤਾ ਨਹੀਂ ਹੈ ਕਿ ਦੇਸ਼ ਕਿਹੜਿਆਂ ਰਸਤਿਆਂ ਵਿਚੋਂ ਲੰਘ ਕੇ ਅਤੇ ਕਿਹੜੀਆਂ ਮੁਸ਼ਕਲਾਂ  ਸਰ ਕਰਕੇ ਅਜ ਦੇ ਵਰਤਮਾਨ ਤਕ ਪਹੁੰਚਿਆ ਹੈ। ਉਹਨਾਂ ਲਈ ਇਹ ਹੋਈ ਬੀਤੀ ਹੈ, ਪੁਰਾਣੀਆਂ ਗੱਲਾਂ ਹਨ ਅਤੇ ਉਹਨਾਂ ਨੂੰ ਲਗਦਾ ਹੈ ਕਿ ਅਜ ਦੇ ਸਮੇਂ ਵਿਚ ਇਸ ਸਭ ਨੂੰ ਕਦੀ ਕਦਾਈਂ ਕਿਨ੍ਹਾਂ ਮੌਕਿਆਂ ਤੇ ਯਾਦ ਕਰਨਾ ਤਾਂ ਠੀਕ ਹੈ ਪਰ  ਇਹਨਾਂ ਨੂੰ ਬਾਰ ਬਾਰ ਚਿੱਥਣ ਅਤੇ ਦੁਹਰਾਉਣ ਦੀ ਕੋਈ ਲੋੜ ਨਹੀਂ ਹੈ। ਅਗਾਂਹ ਵੱਲ ਵੇਖਣ ਦੀ ਲੋੜ ਹੈ। ਉਹਨਾਂ ਦੀਆਂ ਨਜ਼ਰਾਂ ਉਹਨਾਂ ਦੇ ਆਪਣੇ ਆਉਣ ਵਾਲੇ ਭਵਿੱਖ ਤੇ ਟਿਕੀਆਂ ਹੋਈਆਂ ਹਨ। ਮਨੁੱਖ ਦਾ ਚੰਦਰਮਾ ਤੇ ਜਾਣਾ ਉਹਨਾਂ ਵਾਸਤੇ ਪੁਰਾਣੀ ਗੱਲ ਹੋ ਚੁਕੀ ਹੈ। ਹੁਣ ਮੰਗਲ ਗ੍ਰਹਿ ਤੇ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਪੈਟਰੋਲ ਅਤੇ ਡੀਜ਼ਲ ਨਾਲ ਚਲਣ ਵਾਲੀਆਂ ਕਾਰਾਂ, ਬੱਸਾਂ ਅਤੇ ਗੱਡੀਆਂ ਦਾ ਸਮਾਂ ਨਿਕਲ ਚੁਕਾ ਹੈ ਅਤੇ ਉਹ ਹੁਣ ਆਪਣੇ ਆਖਰੀ ਦਮਾਂ ਤੇ ਹਨ। ਉਹਨਾਂ ਦੀ ਥਾਂ ਬਿਜਲੀ ਨਾਲ ਚੱਲਣ ਵਾਲੇ ਵਾਹਨ ਧੜਾਧੜ ਮਾਰਕੀਟ ਵਿਚ ਆ ਰਹੇ ਹਨ। ਈ-ਰਿਕਸ਼ਿਆਂ ਨਾਲ ਸੜਕਾਂ ਖਚਾਖਚ ਭਰੀਆਂ ਹਨ। ਸੂਰਜ ਦੀ ਧੁੱਪ ਅਤੇ ਵਗ਼ਦੀ ਪੌਣ ਤੋਂ ਬਿਜਲੀ ਪੈਦਾ ਕਰਕੇ ਤੇਲ ਤੋਂ ਬਿਜਲੀ ਪੈਦਾ ਕਰਨ ਤੋਂ ਛੁੱਟੀ ਮਿਲ ਜਾਵੇਗੀ। ਨਾਲ ਹੀ ਪ੍ਰਦੂਸ਼ਣ ਵੀ ਕਾਬੂ ਵਿਚ ਆ ਜਾਵੇਗਾ। ਕਾਰਾਂ ਆਪਣੇ ਆਪ ਕੰਪਿਊਟਰਾਂ ਨਾਲ ਚਲਣਗੀਆਂ। ਉਹਨਾਂ ਨੂੰ ਚਲਾਉਣ ਲਈ ਕਿਸੇ ਡਰਾਈਵਰ ਦੀ ਲੋੜ ਨਹੀਂ ਹੋਵੇਗੀ। ਹਵਾਈ ਜਹਾਜ਼ਾਂ ਨੂੰ ਵੀ ਕੰਪਿਊਟਰ ਕਿਸੇ ਮਨੁੱਖੀ ਨਿਗਰਾਨੀ ਦੇ ਬਿਨਾਂ  ਹੀ ਉਡਾਉਣਗੇ। ਫ਼ੈਕਟਰੀਆਂ ਅਤੇ ਕਾਰਖਾਨਿਆਂ ਵਿਚ ਜਿਹੜੇ ਕੰਮ ਅਜਤਕ ਮਨੁੱਖ ਕਰਦੇ ਸਨ ਉਹਨਾਂ ਨੂੰ ਹੁਣ ਰੋਬੋਟ ਨਾਂਅ ਦੀਆਂ ਮਸ਼ੀਨਾਂ ਕਰਨ ਲਗ ਪਈਆਂ ਹਨ। ਵਾਈ ਅਤੇ ਜ਼ੈਡ ਪੀੜ੍ਹੀਆਂ ਨੂੰ ਮਿਲਾ ਕੇ ਮਿਲੀਨੀਅਲ ਵੀ ਆਖਿਆ ਜਾਂਦਾ ਹੈ ਜਿਸ ਦਾ ਸੰਕੇਤ ਨਵੀਂ ੨੧ਵੀਂ ਸਦੀ ਦੇ ਸ਼ੁਰੂ ਦੇ ਸਾਲ ਸੰਨ ੨੦੦੦ ਵਲ ਹੈ। ਪੰਜਾਬੀ ਵਿਚ ਅਸੀਂ ਇਸ ਪੀੜ੍ਹੀ ਨੂੰ ਹਜ਼ਾਰੀਏ ਕਹਿ ਸਕਦੇ ਹਾਂ। ਸੰਨ ੨੦੦੦ ਨੂੰ ਇਸ ਲਈ ਮਿਥਿਆ ਜਾਂਦਾ ਹੈ ਕਿ ਇਸ ਸਾਲ ਵਿਚ ਨਵਾਂ ਹਜ਼ਾਰ ਸਾਲਾਂ ਦਾ ਸਮਾਂ ਸ਼ੁਰੂ ਹੋਇਆ ਸੀ ਜੋ ਸੰਨ ੩੦੦੦ ਤੱਕ ਚੱਲੇਗਾ। 
ਸਾਡੇ ਦੇਸ਼ ਦੀ ਆਬਾਦੀ ਹੁਣ ੧੩੨ ਕਰੋੜ ਹੈ। ਇਸ ਵਿਚ ਮਿਲੀਨੀਅਲ ਜਾਂ ਹਜ਼ਾਰੇਏ ੪੪ ਕਰੋੜ ਹਨ ਯਾਨੀ ਦੇਸ਼ ਦੀ ਆਬਾਦੀ ਦਾ ਤੀਸਰਾ ਹਿੱਸਾ। ਇਸ ਤਰਾਂ੍ਹ ਪੰਜਾਬ ਦੀ ਤਿੰਨ ਕਰੋੜ ਅਬਾਦੀ ਵਿਚ ਇਕ ਕਰੋੜ ਹਜ਼ਾਰੀਏ ਬਣਦੇ ਹਨ। ਜੇ ਕਰ ਅਜ ਦੇ ਸਮੇਂ ਵਿਚ ਕੰਮ ਕਰਨ ਵਾਲਿਆਂ (੨੫ ਤੋਂ ੬੫ ਸਾਲ ਦੀ ਉਮਰ ਦੇ) ਨੂੰ ਵੇਖੀਏ ਤਾਂ ਉਹਨਾਂ ਵਿਚੋਂ ਅੱਧੇ ਹਜ਼ਾਰੀਏ ਹਨ। ਹਜ਼ਾਰੀਆ ਯੁਵਾ ਪੀੜ੍ਹੀ ਦਾ ਜੀਵਨ ਪ੍ਰਤੀ ਦ੍ਰਿਸ਼ਟੀਕੋਣ ਪਿਛਲੀਆਂ ਪੀੜ੍ਹੀਆਂ ਨਾਲੋਂ ਕਾਫ਼ੀ ਅੱਡ ਹੈ। ਇਸ ਪੀੜ੍ਹੀ ਦੇ ਯੁਵਾ ਪੜ੍ਹਾਈ ਵਲ ਵਿਸ਼ੇਸ਼ ਧਿਆਨ ਦੇਂਦੇ ਹਨ ਅਤੇ ਵਿਦਿਅਕ ਯੋਗਤਾਵਾਂ ਹਾਸਲ ਕਰਨ ਉੱਤੇ ਖਾਸਾ ਜ਼ੋਰ ਦੇਂਦੇ ਹਨ। ਨੌਕਰੀ ਹਾਸਲ ਕਰਨ ਲਈ ਆਪਣੇ ਆਪ ਨੂੰ ਹਰ ਤਰ੍ਹਾਂ ਅਤੇ ਛੇਤੀ ਤੋਂ ਛੇਤੀ ਯੋਗ ਬਨਾਉਣ ਵਲ ਪੂਰੀ ਤਵੱਜੋਂ ਦੇਂਦੇ ਹਨ ਅਤੇ ਫ਼ਿਰ ਨੌਕਰੀ ਹਾਸਲ ਕਰਨ ਦਾ ਹਰ ਉਪਰਾਲਾ ਕਰਦੇ ਹਨ। ਜਿੱਥੋਂ ਤੱਕ ਵਾਹ ਲੱਗੇ, ਇਹ ਪੈਸੇ ਦੇ ਮਾਮਲੇ ਵਿਚ ਆਪਣੇ ਮਾਤਾ ਪਿਤਾ ਸਮੇਤ ਕਿਸੇ ਉੱਤੇ ਵੀ ਭਾਰ ਨਹੀਂ ਪਾਉਣਾ ਚਾਹੁੰਦੇ। ਆਪਣੇ ਖਰਚ ਲਈ ਆਪਣਾ ਹੀ ਧਨ ਪੈਦਾ ਕਰਨਾ ਚਾਹੁੰਦੇ ਹਨ ਅਤੇ ਇਸ ਲਈ ਉਪਰਾਲੇ ਵੀ ਕਰਦੇ ਹਨ। ਹਜ਼ਾਰੀਆ ਪੀੜ੍ਹੀ  ਦੇ ਯੁਵਾਵਾਂ ਦੀ ਆਪਸ ਵਿਚ ਇਕ ਖਾਸ ਤਰਾਂ੍ਹ ਦੀ ਸਾਂਝ ਹੁੰਦੀ ਹੈ ਜਿਸ ਵਿਚ ਬਹੁਤਾ ਕਰਕੇ ਹੋਰ ਕੋਈ ਸ਼ਾਮਲ ਨਹੀਂ ਹੁੰਦਾ। ਉਹ ਭਾਵੇਂ ਇਕ ਦੂਜੇ ਨੂੰ ਨਾ ਜਾਣਦੇ ਹੋਣ ਫ਼ਿਰ ਵੀ ਉਹ ਇਕ ਦੂਸਰੇ ਦੀ ਖੈਰਖਵਾਹੀ ਦਿਲੋਂ ਚਾਹੁੰਦੇ ਹਨ ਅਤੇ ਇਕ ਦੂਸਰੇ ਦੀ ਮਦਦ ਕਰਦੇ ਹਨ। ਕੰਮਾਂ ਦੀਆਂ ਦੱਸਾਂ ਪਾ ਕੇ ਨੌਕਰੀਆਂ ਲੱਭਣ ਵਿਚ ਹਜ਼ਾਰੀਏ ਇਕ ਦੂਜੇ ਦੀ ਵਧ ਚੜ੍ਹ ਕੇ ਮਦਦ ਕਰਦੇ ਹਨ। ਹਜ਼ਾਰੀਏ ਖਰਚ ਖੁੱਲਾ ਕਰਦੇ ਹਨ ਅਤੇ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਲੋੜੀਂਦੀਆਂ ਵਸਤਾਂ ਉਧਾਰ ਤੇ ਜਾਂ ਕਿਸ਼ਤਾਂ ਤੇ ਲੈਣੋਂ ਨਹੀਂਂ ਝਿਝਕਦੇ। ਕੁੜੀਆਂ ਭਾਂਵੇਂ ਮੁੰਡੇ, ਹਜ਼ਾਰੀਏ ਵਿਆਹ ਕਰਨ ਵਿਚ ਛੇਤੀ ਨਹੀਂ ਕਰਦੇ ਸਗੋਂ ਆਪਣੇ ਕੰਮ ਅਤੇ ਆਪਣੇ ਕਿੱਤੇ ਵਿਚ ਧਿਆਨ ਦੇਣ ਨੂੰ ਤਰਜੀਹ ਦੇਂਦੇ ਹਨ। ਇਸ ਲਈ ਇਹ ਵਿਆਹ ਦੇਰੀ ਨਾਲ ਕਰਦੇ ਹਨ। ਵਿਆਹ ਤੋਂ ਬਿਨਾਂ ਹੀ ਇਕ ਦੂਜੇ ਨਾਲ ਰਹਿਣ ਲਈ ਵੀ ਤਿਆਰ ਹੋ ਜਾਂਦੇ ਹਨ। ਵਿਆਹ ਕਰਨ ਤੋਂ ਬਾਅਦ ਇਹਨਾਂ ਦੀ ਬੱਚੇ ਪੈਦਾ ਕਰਨ ਵੱਲ ਵੀ ਰੁਚੀ ਘੱਟ ਹੁੰਦੀ ਹੈ। ਇਹ ਆਪਣੀ ਆਰਥਕ ਸਥਿਤੀ ਨੂੰ ਹੋਰ ਚੰਗਾ ਬਨਾਉਣ ਵਿਚ ਹੀ ਸਦਾ ਯਤਨਸ਼ੀਲ ਰਹਿੰਦੇ ਹਨ। ਇਸ ਲਈ ਜੇ ਕਰ ਵਿਦੇਸ਼ ਵੀ ਜਾਣਾ ਪਵੇ ਤਾਂ ਬਹੁਤੀਆਂ ਸੋਚਾਂ ਨਹੀਂ ਸੋਚਦੇ ਅਤੇ ਚਲੇ ਜਾਂਦੇ ਹਨ। ਜਿਹੜੇ ਹਜ਼ਾਰੀਏ ਜੋੜਿਆਂ ਦੇ ਬੱਚੇ ਹੁੰਦੇ ਹਨ, ਇਹ ਉਹਨਾਂ ਦੀ ਖੁਰਾਕ, ਸੇਹਤ, ਪੜ੍ਹਾਈ, ਸਕੂਲ ਦੀ ਚੋਣ, ਖੇਡਾਂ ਅਤੇ ਹਰ ਤਰਾਂ੍ਹ ਦੇ ਦਿਮਾਗੀ ਅਤੇ ਮਾਨਸਿਕ ਵਿਕਾਸ ਲਈ ਪੂਰਾ ਧਿਆਨ ਦੇਂਦੇ ਹਨ। ਆਪਣੀ ਇਸ ਜ਼ਿੰਮੇਦਾਰੀ ਤੋਂ ਕਦੀ ਘੌਲ ਨਹੀਂ ਕਰਦੇ ਹਨ। ਆਪਣੇ ਬੱਚਿਆ ਨੂੰ ਸ਼ੁਰੂ ਤੋਂ ਹੀ ਡਿਜੀਟਲ ਉਪਕਰਣਾਂ ਦੀ ਵਰਤੋਂ ਕਰਾ ਕੇ ਕੰਪਿਊਟਰ ਅਤੇ ਡਿਜੀਟਲ ਸੋਚ ਵਿਚ ਪਰਪੱਕ ਕਰ ਦੇਂਦੇ ਹਨ। ਉਹ ਆਪਣੀ ਖ੍ਰੀਦ ਬਹੁਤਾ ਕਰਕੇ ਔਨਲਾਈਨ ਕਰਨਾ ਪਸੰਦ ਕਰਦੇ ਹਨ। ਪੈਸਿਆਂ ਦਾ ਭੁਗਤਾਨ ਵੀ ਔਨਲਾਈਨ ਕਰਨਾ ਪਸੰਦ ਕਰਦੇ ਹਨ।
ਹਜ਼ਾਰੀਆ ਪੀੜ੍ਹੀ ਪਿਛਲੀਆਂ ਪੀੜ੍ਹੀਆਂ ਨਾਲੋਂ ਕਈਆਂ ਤਰਾਂ੍ਹ ਨਾਲ ਵੱਖਰੀ ਅਤੇ ਨਿਆਰੀ ਹੈ। ਪਿਛਲੀਆਂ ਪੀੜ੍ਹੀਆਂ ਪੈਸੇ ਖਰਚਣ ਨਾਲੋਂ ਪੈਸੇ ਬਚਾਉਣ ਉੱਤੇ ਵਧੇਰੇ ਜ਼ੋਰ ਦੇਂਦੀਆ ਸਨ। ਉਹਨਾਂ ਪੀੜ੍ਹੀਆਂ ਦੇ ਲੋਗ ਲੋੜੀਂਦੀਆਂ ਚੀਜ਼ਾਂ ਵਸਤਾਂ ਨਕਦ ਲੈਣੀਆਂ ਪਸੰਦ ਕਰਦੇ ਸਨ। ਇਸ ਲਈ ਉਹ ਪਹਿਲਾਂ ਪੈਸੇ ਜੋੜਦੇ ਸਨ ਅਤੇ ਫ਼ਿਰ ਹੀ ਲੋੜੀਂਦੀ ਚੀਜ਼ ਖ੍ਰੀਦਦੇ ਸਨ। ਉਧਾਰ ਲੈਣ ਤੋਂ ਝਿਝਕਦੇ ਸਨ ਅਤੇ ਗੁਰੇਜ਼ ਕਰਦੇ ਸਨ। ਪਿਛਲੀ ਪੀੜ੍ਹੀ ਵਿਚੋਂ ਕਈ ਇਸ ਗਲ ਤੇ ਫ਼ਖ਼ਰ ਕਰਦੇ ਸਨ ਕਿ ਉਹਨਾਂ ਨੇ ਜੀਵਨ ਪ੍ਰਯੰਤ ਕਦੀ ਉਧਾਰ ਨਹੀਂ ਚੁਕਿਆ ਅਤੇ ਨਾ ਹੀ ਕਦੀ ਕਿਸੇ ਤੋਂ ਕੋਈ ਕਰਜ਼ ਹੀ ਲਿਆ ਹੈ, ਕਿਸੇ ਬੈਂਕ ਤੋਂ ਵੀ ਨਹੀਂ। ਉਹ ਨਕਦ ਭੁਗਤਾਨ ਕਰਨ ਵਿਚ ਵਿਸ਼ਵਾਸ ਕਰਦੇ ਸਨ ਅਤੇ ਤੰਗੀ ਤੁਰਸ਼ੀ ਕੱਟ ਕੇ ਵੀ ਆਪਣੇ ਇਸ ਅਸੂਲ ਦੀ ਪਾਲਣਾ ਕਰਦੇ ਸਨ ਅਤੇ ਉਸ ਉੱਤੇ ਅਮਲ ਕਰਦੇ ਸਨ। ਹਜ਼ਾਰੀਆ ਪੀੜ੍ਹੀ ਨੂੰ ਏਦਾਂ ਦੇ ਖਿਆਲ ਤੰਗ ਨਹੀਂ ਕਰਦੇ। ਹਜ਼ਾਰੀਏ ਸ਼ੇਅਰਾਂ ਵਿਚ ਅਤੇ ਮਿਊਚਲ ਫ਼ੰਡਾਂ ਵਿਚ ਪੈਸਾ ਲਾਉਣ ਤੋਂ ਝਿਝਕ ਨਹੀਂ ਕਰਦੇ। ਇਹਨਾਂ ਦੀ ਪੀੜ੍ਹੀ ਮੈਡੀਕਲ ਬੀਮਾ ਅਤੇ ਜੀਵਨ ਬੀਮਾ ਕਰਵਾਉਣ ਵਿਚ ਵਿਸ਼ਵਾਸ ਰੱਖਦੀ ਹੈ। ਹਜ਼ਾਰੀਆ ਪੀੜ੍ਹੀ ਕੰਮ ਕਰਨ ਅਤੇ ਜੀਵਨ ਨੂੰ ਆਪਣੀ ਪਸੰਦ ਨਾਲ ਬਿਤਾਉਣ ਅਤੇ ਉਸ ਦਾ ਆਨੰਦ ਲੈਣ ਵਿਚ ਤਾਲਮੇਲ ਮਿਲਾ ਕੇ ਤੁਰਦੀ ਹੈ। ਸਿਗਰਟ, ਸ਼ਰਾਬ ਅਤੇ ਨਸ਼ਿਆਂ ਨੂੰ ਆਪਣੀ ਜੀਵਨ ਵਿਚ ਕਰਨ ਵਾਲੀ ਤਰੱਕੀ ਵਿਚ ਰੁਕਾਵਟ ਮੰਨਦੀ ਹੈ ਅਤੇ ਉਹਨਾਂ ਤੋਂ ਪਰਹੇਜ਼ ਕਰਦੀ ਹੈ। ਇਹਨਾਂ ਨੂੰ ਆਪਣੀ ਸੇਹਤ ਲਈ ਨੁਕਸਾਨਦੇਹ ਮੰਨਦੀ ਹੈ ਅਤੇ ਇਹਨਾਂ ਉੱਤੇ ਹੋਏ ਖਰਚ ਨੂੰ ਫ਼ਿਜ਼ੂਲ ਮੰਨਦੀ ਹੈ। ਪਿਛਲੀ ਪੀੜ੍ਹੀ ਵਿਚੋਂ ਕਈ ਕੰਮ ਦੇ ਕੀੜੇ ਬਣੇ ਰਹਿੰਦੇ ਸਨ। ਇਹ ਆਦਤ ਜਦੋਂ ਇਕ ਵਾਰ ਪੈ ਜਾਂਦੀ ਸੀ ਤਾਂ ਫ਼ਿਰ ਛੁਟਦੀ ਨਹੀਂ ਸੀ। ਏਦਾਂ ਦੇ ਲੋਕ ਆਪਣੇ ਲਈ ਅਤੇ ਆਪਣੇ ਪਰਿਵਾਰ ਦੇ ਮਨੋਰੰਜਨ ਲਈ ਸਮਾਂ ਕੱਢਣ ਨੂੰ ਮਾੜਾ ਗਿਣਦੇ ਸਨ। ਕੰਮ ਤੇ ਛੇਤੀ ਜਾਣਾ ਅਤੇ ਕੰਮ ਤੋਂ ਦੇਰ ਨਾਲ ਘਰ ਆਉਣਾ ਜੀਵਨ ਦੌੜ ਵਿਚ ਅੱਗੇ ਵਧਣ ਲਈ ਜ਼ਰੂਰੀ ਅਤੇ ਚੰਗਾ ਮੰਨਿਆਂ ਜਾਂਦਾ ਸੀ ਅਤੇ ਉਸ ਦੀ ਆਂਢ ਗੁਆਂਢ ਅਤੇ ਰਿਸ਼ਤੇਦਾਰ ਵੀ ਸ਼ਲਾਘਾ ਕਰਦੇ ਸਨ। ਇਸ ਵਿਚ ਹੀ ਵਿਅਕਤੀ ਦੀ ਸਿਆਣਪ ਅਤੇ ਵਡਿਆਈ ਮੰਨੀਂ ਜਾਂਦੀ ਸੀ। ਪਰ ਨਵੀਂ ਪੀੜ੍ਹੀ ਦੇ ਹਜ਼ਾਰੀਏ ਇਸ ਤਰਾਂ੍ਹ ਦੇ ਰਵੱਈਏ ਨੂੰ ਤਰਕ ਕਰਦੇ ਹਨ। ਉਹ ਮਨੋਰੰਜਨ ਅਤੇ ਸੈਰ ਸਪਾਟੇ ਨੂੰ ਵੀ ਓਨਾਂ ਹੀ ਮਹੱਤਵ ਦੇਂਦੇ ਹਨ ਜਿੰਨਾਂ ਕਿ ਆਪਣੇ ਕਿੱਤੇ ਨੂੰ ਅਤੇ ਆਪਣੇ ਕੰਮ ਨੂੰ। 
ਆਪਣੇ ਖੁੱਲੇ ਅਤੇ ਵਿਸ਼ਵਾਸੀ ਰਵੱਈਏ ਕਰਕੇ ਇਹ ਨਵੀਂ ਹਜ਼ਾਰੀਆ ਪੀੜ੍ਹੀ ਕਦੀ ਕਦੀ ਪੈਸੇ ਗਵਾ ਵੀ ਲੈਂਦੀ ਹੈ ਅਤੇ ਧੋਖਾ ਵੀ ਖਾ ਜਾਂਦੀ ਹੈ। ਪਰ ਉਹ ਆਪਣੀਆਂ ਚੁਣੀਆਂ ਲੀਹਾਂ ਤੋਂ ਮੂੰਹ ਨਹੀਂ ਮੋੜਦੀ। ਦੁਨੀਆਂ ਵਿਚ ਹੋ ਰਹੀਆਂ ਨਵੀਆਂ ਤਬਦੀਲੀਆਂ ਅਤੇ ਹੋ ਰਹੀਆਂ ਨਵੀਆਂ ਕਾਢਾਂ ਤੋਂ ਉਹ ਆਪਣੇ ਆਪ ਨੂੰ ਜਾਣੂੰ ਕਰਵਾਉਂਦੀ ਰਹਿੰਦੀ ਹੈ ਅਤੇ ਉਹਨਾਂ ਨੂੰ ਹਾਸਲ ਕਰਕੇ ਉਹਨਾਂ ਦੀ ਜਾਚ ਸਿੱਖਣ ਵੱਲ ਯਤਨਸ਼ੀਲ ਰਹਿੰਦੀ ਹੈ। ਹਜ਼ਾਰੀਏ ਯੌਨ ਸੰਬੰਧਾਂ ਨੂੰ ਜ਼ਿੰਦਗੀ ਦਾ ਹੀ ਇਕ ਆਮ ਹਿੱਸਾ ਮੰਨਦੇ ਹਨ। ਬਣੇ ਦੀ ਖੁਸ਼ੀ ਨਹੀਂ ਕਰਦੇ ਅਤੇ ਟੁੱਟੇ ਦਾ ਗਮ ਨਹੀਂ ਕਰਦੇ। ਨਵਾਂ ਸੰਬੰਧ ਜੋੜ ਲੈਂਦੇ ਹਨ। ਜ਼ਿੰਦਗੀ ਪਰਯੰਤ ਸਾਥ ਨਿਭਾਉਣ ਦੀਆਂ ਸੌਂਹਾਂ ਚੁੱਕਣ ਵਿਚ ਵਿਸ਼ਵਾਸ ਨਹੀਂ ਕਰਦੇ। ਸੰਬੰਧ ਵਿਗੜ ਜਾਣ ਜਾਂ ਆਪਸ ਵਿਚ ਤਾਲਮੇਲ ਨਾ ਬੈਠਣ ਦੀ ਸਥਿਤੀ ਵਿਚ ਅੱਡ ਹੋ ਕੇ ਆਪਣੇ ਆਪਣੇ ਰਾਹ ਪੈਣ ਨੂੰ ਤਰਜੀਹ ਦੇਂਦੇ ਹਨ। ਕੋਈ ਗਿਲਾ ਸ਼ਿਕਵਾ ਨਹੀਂ ਕਰਦੇ। ਮੁਕਦਮੇਬਾਜ਼ੀ ਤੋਂ ਪਰਹੇਜ਼ ਕਰਦੇ ਹਨ। 
ਮੌਰਗਨ ਸਟੈਨਲੀ ਦੀ ਰਿਪੋਰਟ ਦਸਦੀ ਹੈ ਕਿ ਹਜ਼ਾਰੀਏ ਜੇ ਕਰ ਆਪਣੇ ਮਾਤਾ ਪਿਤਾ ਨਾਲ ਸਾਂਝੇ ਘਰ ਵਿਚ ਰਹਿੰਦੇ ਹਨ ਤਾਂ ਘਰ ਦੇ ਖਰਚ ਦਾ ਸੱਤਰ ਫ਼ੀ ਸਦੀ ਤਕ ਖਰਚ ਆਪ ਚੁਕਦੇ ਹਨ। ਰਿਪੋਰਟ ਅਨੁਸਾਰ ਸੌ ਵਿਚੋਂ ਅੱਸੀ ਹਜ਼ਾਰੀਏ ਧਨ ਕਮਾਉਣ ਨੂੰ ਆਪਣਾ ਪਹਿਲਾ ਟੀਚਾ ਮੰਨਦੇ ਹਨ। ਹਰ ਸੌ ਵਿਚੋਂ ਨੱਬੇ ਹਜ਼ਾਰੀਏ ਆਪਣੇ ਕਮਾਏ ਧਨ ਨੂੰ ਵਰਤਣ ਦਾ ਫ਼ੈਸਲਾ ਆਪ ਕਰਦੇ ਹਨ। ਹਜ਼ਾਰੀਆ ਪੀੜ੍ਹੀ ਬਹੁਤ ਦੂਰ ਤੱਕ ਦੀ ਨਹੀਂ ਸੋਚਦੀ। ਉਹ ਲੰਮੀ ਅਵਧੀ ਦੀਆਂ ਸਕੀਮਾਂ, ਘਰ ਲੈਣ ਬਾਰੇ ਜਾਂ ਰਿਟਾਇਰ ਹੋਣ ਤੋਂ ਬਾਅਦ ਦੇ ਜੀਵਨ ਬਾਰੇ ਨਹੀਂ ਸੋਚਦੀ। ਅੱਜ ਤੋਂ ਵੀਹ ਤੀਹ ਸਾਲ ਬਾਅਦ ਆਉਣ ਵਾਲੇ ਸਮੇਂ ਵਿਚ ਪੈਣ ਵਾਲੀਆਂ ਲੋੜਾਂ ਦੀ ਅੱਜ ਚਿੰਤਾ ਨਹੀਂ ਕਰਦੀ।
ਆਮ ਵਿਸ਼ਵਾਸ ਤੋਂ ਉਲਟ, ਨਵੀਂ ਹਜ਼ਾਰੀਆ ਪੀੜ੍ਹੀ ਆਪਣੀ ਸੇਹਤ, ਆਪਣੀ ਦੇਹ ਅਰੋਗਤਾ, ਵਰਜਿਸ਼, ਜਿਮ ਜਾ ਕੇ ਕਸਰਤ ਕਰਨ, ਸਾਈਕਲ ਚਲਾਉਣ ਜਾਂ ਕੋਈ ਖੇਡ ਖੇਡਣ ਆਦਿ ਵਲ ਵਿਸ਼ੇਸ਼ ਧਿਆਨ ਦੇਂਦੀ ਹੈ। ਇਹ ਪੀੜ੍ਹੀ ਬਹੁਤਾ ਕਰਕੇ ਆਪਣੇ ਆਪ ਵਿਚ ਹੀ ਰਹਿਣਾ ਪਸੰਦ ਕਰਦੀ ਹੈ। ਉਹ ਪਿਛਲੀਆਂ ਪੀੜ੍ਹੀਆਂ ਦੀ ਟੋਕਾਟੋਕੀ ਅਤੇ ਗੱਲ ਗੱਲ ਤੇ ਲੰਮੀਆਂ ਨਸੀਹਤਾਂ ਦੇਣ ਤੋਂ ਪਰੇਸ਼ਾਨ ਹੁੰਦੀ ਹੈ ਪਰ ਮੋੜਵਾਂ ਜਵਾਬ ਵੀ ਨਹੀਂ ਦੇਂਦੀ। ਉਹ ਪਿਛਲੀਆਂ ਪੀੜ੍ਹੀਆਂ ਦੇ ਲੋਕਾਂ ਨਾਲ ਸਾਕਸ਼ਾਤ ਕਰਨ ਜਾਂ ਅੱਗਲਵਾਂਢੀ ਹੋ ਕੇ ਮਿਲਣ ਤੋਂ ਗੁਰੇਜ਼ ਕਰਦੀ ਹੈ। ਜਿਥੋਂ ਤੱਕ ਹੋ ਸਕੇ ਉਹ ਉਹਨਾਂ ਦੇ ਸਾਹਮਣੇ ਹੀ ਨਹੀਂ ਆਉਂਦੀ ਅਤੇ ਆਪਣਾ ਸਮਾਂ ਆਪਣੇ ਹਿਸਾਬ ਨਾਲ ਬਿਤਾਉਣ ਦੇ ਹੀ ਢੰਗ ਵਸੀਲੇ ਅਪਣਾਉਂਦੀ ਹੈ। 
ਦੇਸ਼ ਵਿਚ ਨਵੀਂ ਹਜ਼ਾਰੀਆ ਪੀੜ੍ਹੀ ਦੇ ਰਾਜਕਾਲ ਦਾ ਸਮਾਂ ਸ਼ੁਰੂ ਹੋ ਚੁਕਾ ਹੈ। ਦੇਸ਼ ਦੇ ਮਹਿਕਮਿਆਂ, ਅਦਾਰਿਆਂ, ਸੰਸਥਾਵਾਂ, ਦਫ਼ਤਰਾਂ, ਬੈਕਾਂ, ਕੌਰਪੋਰੇਸ਼ਨਾਂ, ਮੀਡੀਆ ਆਦਿ ਵਿਚ ਉਹ ਜ਼ਿੰਮੇਦਾਰੀਆਂ ਸੰਭਾਲ ਚੁਕੇ ਹਨ ਅਤੇ ਸਮੇਂ ਨਾਲ ਉਹਨਾਂ ਦੀ ਗਿਣਤੀ ਵਧਦੀ ਜਾਵੇਗੀ।  ਜੇ ਮੌਰਗਨ ਸਟੈਨਲੀ ਦਾ ਹਿਸਾਬ ਮੰਨ ਲਈਏ ਤਾਂ ਪੰਜਾਬ ਦੀ ਤਿੰਨ ਕਰੋੜ ਦੀ ਆਬਾਦੀ ਵਿਚ ਹਜ਼ਾਰੀਆ ਪੀੜ੍ਹੀ ਦੀ ਗਿਣਤੀ ਇਕ ਕਰੋੜ ਬਣਦੀ ਹੈ। ਸਮੇਂ ਦੇ ਨਾਲ, ਮੁਲਕ ਦੇ ਨਾਲ ਨਾਲ ਪੰਜਾਬ ਦੇ ਵੀ ਹਰ ਮਹਿਕਮੇ ਅਤੇ ਹਰ ਦਫ਼ਤਰ ਦੀ ਵਾਗਡੋਰ ਇਸ ਨਵੀਂ ਪੀੜ੍ਹੀ ਦੇ ਹੱਥਾਂ ਵਿਚ ਜਾਣੀ ਸ਼ੁਰੂ ਹੋ ਗਈ ਹੈ। ਇਸ ਪੀੜ੍ਹੀ ਅਤੇ ਪਿਛਲੀ ਪੀੜ੍ਹੀ, ਜਿਸ ਵਿਚ ਅੱਜ ਦੇ ਅੱਧਖੜ ਅਤੇ ਬਜ਼ੁਰਗ ਆਉਂਦੇ ਹਨ, ਦੇ ਕੰਮ ਕਰਨ ਦੇ ਤੌਰ ਤਰੀਕਿਆਂ ਵਿਚ ਅਤੇ ਕੰਮ ਪ੍ਰਤੀ ਉਹਨਾਂ ਦੇ ਦ੍ਰਿਸ਼ਟੀਕੋਣ ਵਿਚ ਜ਼ਮੀਨ ਅਸਮਾਨ ਦਾ ਅੰਤਰ ਹੈ। ਹਜ਼ਾਰੀਆ ਪੀੜ੍ਹੀ ਨਵੇਂ ਕੰਪਿਊਟਰ ਅਤੇ ਡਿਜੀਟਲ ਯੁਗ ਵਿਚ ਹੀ ਜਨਮੀ ਹੈ। ਇਹ ਇਸ ਨਵੇਂ ਯੁਗ ਦੀ ਜੰਮਪਲ ਹੈ। ਇਸ ਨੇ ਪੁਰਾਣਾ ਹੱਥੀਂ ਕੰਮ ਕਰਨ ਵਾਲਾ ਸਮਾਂ ਨਹੀਂ ਵੇਖਿਆ। ਕੰਪਿਊਟਰ ਵਿਚ ਕੁਸ਼ਲ ਹੋਣ ਕਰਕੇ ਇਹਨਾਂ ਦੀ ਕੰਮ ਫ਼ੜਣ ਅਤੇ ਫ਼ੜੇ ਕੰਮ ਨੂੰ ਨਿਪਟਾਉਣ ਦੀ ਰਫ਼ਤਾਰ ਤੇਜ਼ ਹੁੰਦੀ ਹੈ।  ਪੁਰਾਣੀ ਪੀੜ੍ਹੀ ਝਿਝਕ ਤਿਆਗ ਕੇ ਡਿਜੀਟਲ ਅਤੇ ਕੰਪਿਊਟਰ ਯੁਗ ਨਾਲ ਜੁੜ ਨਹੀਂ ਪਾ ਰਹੀ ਹੈ। ਇਹ ਇਕ ਵੱਡੀ ਵਿੱਥ ਹੈ ਜਿਸ ਨੂੰ ਮੇਲਿਆ ਨਹੀਂ ਜਾ ਸਕਦਾ, ਸਗੋਂ ਇਹ ਪਾਟ ਸਮੇਂ ਦੇ ਨਾਲ ਹੋਰ ਵੱਡਾ ਹੁੰਦਾ ਜਾਣਾ ਹੈ। ਪੁਰਾਣੀ ਪੀੜ੍ਹੀ ਨੂੰ ਹੀਲੇ ਕਰਨੇ ਚਾਹੀਦੇ ਹਨ ਜਿਨਾਂ੍ਹ ਨਾਲ ਉਹ ਨਵੇਂ ਕੰਪਿਊਟਰੀ ਯੁਗ ਨਾਲ ਜਿੰਨਾਂ ਹੋ ਸਕੇ ਜੁੜਣ ਅਤੇ ਫ਼ਿਰ ਜੁੜੇ ਰਹਿਣ। ਇਹ ਕੰਮ ਬਹੁਤ ਮੁਸ਼ਕਲ ਨਹੀਂ ਹੈ। ਸਿਰਫ਼ ਆਪਣੇ ਆਪ ਨੂੰ ਮਾਨਸਕ ਤੌਰ ਤੇ ਤਿਆਰ ਕਰਨਾ ਹੈ ਅਤੇ ਨਵੇਂ ਯੁਗ ਦੇ ਨਵੇਂ ਤੌਰ ਤਰੀਕੇ ਸਿੱਖਣ ਵੱਲ ਮਨੋਂ ਯਤਨ ਕਰਨੇ ਹਨ। ਜੇ ਕਰ ਨਹੀਂ ਕਰਾਂਗੇ ਤਾਂ ਪਿਛੜਦੇ ਜਾਵਾਂਗੇ ਅਤੇ ਸਾਡੇ ਆਲੇ ਦੁਆਲੇ ਦੀ ਬਦਲਦੀ ਦੁਨੀਆਂ ਸਾਡੇ ਲਈ ਅਜਨਬੀ ਅਤੇ ਹੋਰ ਅਜਨਬੀ ਬਣਦੀ ਜਾਵੇਗੀ। ਸਾਡੇ ਲਈ ਨਵੇਂ ਯੁਗ ਦੀ ਨਵੀਂ ਦੁਨੀਆਂ ਵਿਚ ਵਿਚਰਨਾ ਕਠਨ ਹੋ ਜਾਵੇਗਾ ਅਤੇ ਹੁੰਦਾ ਹੀ ਜਾਵੇਗਾ। ਮੁਸ਼ਕਲਾਂ ਵੀ ਵਧ ਜਾਣਗੀਆਂ ਕਿਓਂ ਕਿ ਆਪਣੇ ਰੋਜ਼ਮੱਰਾ ਦੇ ਕੰਮ ਵੀ ਅਸੀਂ ਆਪਣੇ ਆਪ ਨਹੀਂ ਕਰ ਪਾਵਾਂਗੇ।
ਨਵੀਂ ਸਦੀ ਦੀ ਨਵੀਂ ਯੁਵਾ ਪੀੜ੍ਹੀ ਦੀ ਨਵੀਂ ਸੋਚ ਅਜ ਦੀ ਨਵੀਂ ਹਕੀਕਤ ਹੈ, ਇਹ ਹੀ ਸੱਚ ਹੈ। ਇਸ ਸੋਚ ਨੇ ਹੀ ਭਵਿੱਖ ਦਾ ਨਿਰਮਾਣ ਕਰਨਾ ਹੈ। ਇਸ ਨੂੰ ਮੰਨ ਲੈਣ ਅਤੇ ਇਸ ਅਨੁਸਾਰ ਚਲਣ ਵਿਚ ਹੀ ਸਬ ਦਾ ਭਲਾ ਹੈ।