ਤੁਰਿਆ ਚੱਲ ਤੂੰ ਰਾਹ ਨਾ ਵੇਖ!
ਮੰਜ਼ਿਲ ਦੀ ਪ੍ਰਵਾਹ ਨਾ ਵੇਖ!
ਬਿਖੜੇ ਪੈਂਡੇ ਜੰਗਲ-ਝਾੜ,
ਗਾਹ ਦੇ ਸਾਰੇ ਰਾਹ ਉਜਾੜ।
ਇਹ ਜ਼ਿੰਦਗੀ ਤੋਂ ਕੀ ਕਰਾਉਣਾ,
ਵਿਹਲੇ ਬਹਿ ਕੇ ਸਮਾਂ ਗਵਾਉਣਾ।
ਲੋਕਾਂ ਲਈ ਕੁਝ ਕਰ ਕੁਰਬਾਨੀ,
ਇਹੇ ਮਿਥ ਲੈ ਕੰਮ ਲਾਸਾਨੀ।
ਉਮਰ ਹੈ ਬਹੁਤ ਹੀ ਛੋਟੀ ਬੇ-ਸ਼ੱਕ,
ਬੈਠ ਨਿਚੱਲੇ ਜਾਣਾ ਨਹੀਂ ਅੱਕ।
ਏਸ ਉਮਰ ਤੋਂ ਕੁਝ ਕੁ ਥਾਹ ਲੈ,
ਨਿੱਕੀ ਜ਼ਿੰਦਗੀ ਚੋਂ ਕੁਝ ਪਾ ਲੈ।
ਤੁਰ-ਤੁਰ ਵੰਡ ਪਿਆਰ ਦੀਆਂ ਦਾਤਾਂ,
ਨਾ ਹੀ ਦਿਨ ਨਾ ਦੇਖੀਂ ਰਾਤਾਂ।
ਲੋਕਾਂ ਲਈ ਕੁਝ ਕਰ ਕੁਰਬਾਨੀ,
ਤੇਰੀ ਲਿਖੀ ਜਾਊ ਕਹਾਣੀ।
ਮੁਰਝਾਇਆਂ ਨੂੰ ਫੇਰ ਖਿੜਾ ਦੇ,
ਫੁੱਟਪਾਥਾਂ 'ਤੇ ਫੁੱਲ ਖਿੜਾ ਦੇ।
ਜੇ ਕੋਈ ਮਿਲੇ ਨਿਰਾਸ਼ ਪਰਾਣੀ,
ਉਸ ਦੀ ਬਹਿ ਕੇ ਸੁਣ ਕਹਾਣੀ।
ਹੱਥਲੀ ਪੂਰੀ ਆਪ ਨਹੀਂ ਖਾਣੀ,
ਅੱਧੀ ਉਸ ਨੂੰ ਨਾਲ ਖੁਆਣੀ।
ਉਸ ਨੂੰ ਸੁੱਚਾ ਰਾਹ ਸਮਝਾਉਣਾ,
ਭਟਕੇ ਹੋਏ ਨੂੰ ਰਾਹ ਪਾਉਣਾ।
ਲੋਕਾਂ ਵਿੱਚ ਨਾ ਫੁੱਟਾਂ ਪਾਵੀਂ,
ਸਭ ਨੂੰ ਦਿਲ ਦੇ ਨਾਲ ਲਗਾਵੀਂ।
ਚੱਕਾਂ-ਥੱਲਾਂ ਕਰਦੇ ਕੋਹੜੀ,
ਉਨ੍ਹਾਂ ਦੀ ਹੈ ਜ਼ਿੰਦਗੀ ਥੋਹੜੀ।
ਉਹ ਨਹੀਂ ਬਣਦੇ ਰਾਹ-ਦਸੇਰੇ,
ਐਸੇ ਲੋਕੀਂ ਹਨ ਬਥੇਰੇ।
ਉਨ੍ਹਾਂ ਨੂੰ ਵੀ ਰਾਹੇ ਪਾਉਣਾ,
ਪੁੱਚ-ਪੁੱਚ ਕਰਕੇ ਹੈ ਸਮਝਾਉਣਾ।
ਘਟੀਆ ਲੋਕੀਂ ਨਾਲ ਰਲਾ ਕੇ,
ਉਨ੍ਹਾਂ ਦੇ ਕੁਝ ਖਾਨੇ ਪਾ ਕੇ।
ਦੁਨੀਆਂ ਨੂੰ ਰੰਗੀਨ ਬਣਾਉਣਾ,
ਸਭਨਾ ਦੇ ਸੰਗ ਹੱਥ ਮਿਲਾਉਣਾ।
ਸੱਚੇ ਦਿਲ ਤੋਂ ਕੀਤੀ ਕੋਸ਼ਿਸ਼,
ਬੇ-ਅਰਥੀ ਨਹੀਂ ਜਾਂਦੀ ਕੋਸ਼ਿਸ਼।
ਬੰਦਾ ਕੀ ਨਹੀਓਂ ਕਰ ਸਕਦਾ,
ਜੇਕਰ ਹੋਵੇ ਨੇਕ ਇਰਾਦਾ।
ਜੀਵਨ ਤਾਂ ਚੌਮੁਖੀਆ ਦੀਵਾ,
ਰੌਸ਼ਨੀਆਂ ਵੰਡ ਹੋਵੇ ਖੀਵਾ।
ਮਨ 'ਤੇ ਦਿਲ ਦਾ ਢੋ ਢੁਕਾਵੋ,
ਚੰਗੇ ਰਸਤੇ ਚਲਦੇ ਜਾਵੋ।
ਜੀਵਨ ਦੀ ਜੋ ਵੀ ਅਣਹੋਣੀ,
ਬੰਦਾ ਕਰ ਸਕਦਾ ਹੈ ਬੌਣੀ।
ਮਸਲਾ ਹੋਵੇ ਕਿੰਨਾ ਭਖਦਾ,
ਸੁਘੜ-ਸਿਆਣਾ ਸ਼ਾਂਤ ਰੱਖਦਾ।
ਦੂਈ ਦਵੈਤਾਂ ਸਭ ਮਿਟਾ ਕੇ,
ਸਭ ਦੁਨੀਆਂ ਨੂੰ ਨਾਲ ਰਲਾ ਕੇ।
ਕਰਨੇ ਹੱਲ ਸਵਾਲ ਬਥੇਰੇ,
ਅਜਗਰ ਵੱਸ 'ਚ ਕਰਨ ਸਪੇਰੇ।
ਜੰਗਾਂ ਦੀ ਹੈ ਅਲਖ ਮੁਕਾਉਣੀ।
ਤਾਂ ਹੀ ਅਸੀਂ ਤਰੱਕੀ ਪਾਉਣੀ।
ਕੱਫਣ ਵਿਛਣੇ ਬੰਦ ਕਰਾਉਣੇ,
ਲੋਕਾਂ ਦੇ ਦਿਮਾਗ਼ ਜਗਾਉਣੇ।
ਜੋ ਜੰਗਾਂ 'ਤੇ ਖਰਚੇ ਕਰੀਏ,
ਉਸ ਦੇ ਸੰਗ ਸਕੂਲੇ ਪੜੀਏ!
ਯੂਨੀਵਰਸਿਟੀਆਂ-ਹੋਰ ਅਦਾਰੇ,
ਬਣ ਜਾਣ ਸਸਤੇ ਅਤੇ ਪਿਆਰੇ।
ਮਾਰੂਥਲ ਵੀ ਸਭ ਮਿਟਾਉਣੇ,
ਹਰਿਆਵਲ 'ਤੇ ਫੁੱਲ ਖਿੜਾਉਣੇ।
ਲੱਖਾਂ ਰੁੱਖ ਲਗਾਉਣੇ ਰਲਕੇ,
ਕੁਝ ਅੱਜ ਲਾਉਣੇ,ਕੁਝ ਰੁੱਖ ਭਲਕੇ।
ਪੱਥਰ ਪਰਬਤ ਬਣਨ ਅੜਿੱਕੇ,
ਇਨ੍ਹਾਂ ਲਈ ਹਥਿਆਰ ਹੈ ਤਿੱਖੇ।
ਬਾਰੂਦਾਂ ਨੂੰ ਕੰਮ ਲਿਆਉਣਾ,
ਇਨ੍ਹਾਂ ਸੰਗ ਨਹੀਂ ਖੂਨ ਵਹਾਉਣਾ।
ਲਾਸ਼ਾਂ ਦੇ ਨਹੀਂ ਢੇਰ ਲਗਾਉਣੇ,
ਮਾਨਵ ਜੀਵਨ ਅਸੀਂ ਬਚਾਉਣੇ।
'ਵਾਵਾਂ ਸ਼ੁੱਧ ਅਹਾਰ ਬਣਨੀਆਂ,
ਬੀਮਾਰੀਆਂ ਉੱਥੇ ਨਹੀਂ ਖੜਨੀਆਂ।
ਮਿੱਠੀ ਬੋਲੀ ਅਸੀਂ ਸਿਖਾਉਣੀ,
ਕੌੜ-ਕੁੜੱਤਣ ਸਭ ਮਿਟਾਉਣੀ।
ਨੰਗ-ਧੜੰਗੇ ਬਾਲ ਸਜਾਉਣੇ,
ਅਨਪੜ੍ਹ ਬੱਚੇ ਸਭ ਪੜਾਉਣੇ।
ਸਭ ਦਾ ਰਲ ਨੰਗੇਜ ਢਕਾਂਗੇ,
ਐਸੇ ਕੰਮੋਂ ਨਹੀਂ ਥੱਕਾਂਗੇ।
ਵੀਰ ਬਹਾਦਰ ਸਭ ਬਣਾਉਣੇ,
ਖਾਕੀ ਦੇ ਵਿੱਚ ਸਭ ਸਜਾਉਣੇ।
ਮਿੱਠੀ ਬੋਲੀ ਖੂਬ ਫਬੇਗੀ,
ਤੂੰ-ਤੜਿੱਕ ਹੁਣ ਨਹੀਂ ਚਲੇਗੀ।
ਜੋ ਮਜ਼੍ਹਬਾਂ ਦਾ ਪਾਠ ਪੜਾਉਣੇ,
ਉਨ੍ਹਾਂ ਦੇ ਕੁੰਡੇ ਖੜਕਾਉਣੇ।
ਇਹ ਕੀ ਕਰਦੇ ਧਰਮੀ ਸ਼ੇਰੋ?
ਅਕਲ ਕਰੋ ਕੁਝ ਹੰਝੂ ਕੇਰੋ।
ਕਾਹਤੋਂ ਤੁਸੀਂ ਲੜਾਈਆਂ ਪਾਉਂਦੇ!
ਧਰਮਾਂ ਦੇ ਨਾਂ ਲੋਕ ਮਰਾਉਂਦੇ।
ਇੱਕ-ਦੂਜੇ ਦੇ ਧਰਮ ਨੂੰ ਮੰਨੋ,
ਸੂਰਜ-ਤਾਰਿਓ ਸੁਹਣਿਓ ਚੰਨੋ।
ਮਰ ਜਾਣਾ ਕੁਝ ਰਹਿਣਾ ਨਾਹੀਂ,
ਜੀ ਲਓ ਰਲਕੇ ਕਹਿਨਾ ਤਾਂਹੀ।
ਜਿੰਨਾ ਜੀਓ ਰਲਕੇ ਜੀਓ,
ਪਿਆਰ ਮੁਹੱਬਤ ਰੱਜ ਕੇ ਪੀਓ।
ਹਿੰਦੁਸਤਾਨ ਨੂੰ ਸਵਰਗ ਬਣਾਓ,
ਦੁਨੀਆਂ ਦੇ ਵਿੱਚ ਨਾਂ ਚਮਕਾਓ।
ਦੁਨੀਆਂ ਪਈ ਲੜਾਉਂਦੀ ਸਾਨੂੰ,
ਅੱਗ-ਬਾਰੂਦ ਵਿਖਾਉਂਦੀ ਸਾਨੂੰ।
ਅਮਨ ਸ਼ਾਂਤੀ ਨਾਲ ਜਿਉਣਾ,
ਜੇ ਨਾ ਟਲੇ ਤਾਂ ਸਬਕ ਸਿਖਾਉਣਾ।
ਅੱਗਾਂ ਦੇ ਵਿਉਪਾਰੀ ਸੱਭੇ।
ਅਸੀਂ ਤਾਂ ਲਾ ਲੈਣੇ ਨੇ ਅੱਗੇ।
ਚਾਹੇ ਹੋਵਣ ਰੂਸ-ਮਰੀਕਾ,
ਚੀਨ-ਪਾਕਿਸਤਾਨ ਸ਼ਰੀਕਾ।
ਸਾਡੀ ਇੱਕਮੁੱਠਤਾ ਦੇ ਅੱਗੇ,
ਕੋਡੇ ਹੋ ਜਾਣੇ ਨੇ ਸੱਭੇ।
ਸਾਡਾ ਏਕਾ ਜੱਗ 'ਚ ਫੱਬੇ,
ਲੱਗ ਤੁਰਨੇ ਸਭ ਮੂਹਰੇ ਢੱਗੇ।
ਜਿੰਨ ਮਰਜ਼ੀ ਭਾਰ ਢੋਆਂਗੇ,
ਮੱਝਾਂ ਵਾਂਗੂੰ ਅਸੀਂ ਚੋਆਂਗੇ।