ਮੇਰੀ ਪਹਿਲੀ ਲਿਖਤ
(ਪਿਛਲ ਝਾਤ )
ਸੰਨ 1977 ਵਿਚ ਮੈਂ ਦਸਵੀਂ ਕਲਾਸ ਵਿਚ ਪੜ੍ਹਦਾ ਸੀ | ਉਸ ਸਮੇਂ ਸਾਨੂੰ ਸਲੇਬਸ ਵਿਚ ਨਾਨਕ ਸਿੰਘ ਜੀ ਦਾ ਲਿਖਿਆ ਨਾਵਲ “ ਚਿੱਟਾ ਲਹੂ “ ਲੱਗਿਆ ਸੀ ਬਸ ਇਥੋਂ ਹੀ ਨਾਵਲ ਪੜ੍ਹਨ ਦੀ ਚੇਟਕ ਲੱਗ ਗਈ | ਸੋਹਣ ਸਿੰਘ ਸੀਤਲ ਦਾ “ ਤੂਤਾਂ ਵਾਲਾ ਖੂਹ “ ਵੀ ਪੜ੍ਹਿਆ , ਇਹ ਦੋਨੋ ਨਾਵਲ ਬਹੁਤ ਹੀ ਉਚ ਪੱਧਰ ਦੇ ਸਨ | ਫਿਰ ਚੜ੍ਹਦੀ ਉਮਰੇ ਗੁਰਬਖਸ਼ ਸਿੰਘ ਪ੍ਰੀਤ ਲੜੀ ਦਾ ਨਾਵਲ “ ਇਸ਼ਕ ਜਿਨ੍ਹਾਂ ਦੇ ਹੱਡੀਂ ਰਚਿਆ “ ਵੀ ਪੜ੍ਹਿਆ | ਬਾਲ-ਪਨ ਦੇ ਕੋਰੇ ਮਨ ਉਪਰ ਇਨ੍ਹਾਂ ਦਾ ਗਹਿਰਾ ਪ੍ਰਭਾਵ ਪੈਣਾ ਕੁਦਰਤੀ ਸੀ | ਚੜ੍ਹਦੀ ਜਵਾਨੀ ਦੇ ਰੋਲ ਮਾਡਲ ਹੀਰ ਰਾਂਝਾ , ਸੱਸੀ ਪੁੰਨੂ , ਸੋਹਣੀ ਮਹੀਵਾਲ , ਮਿਰਜ਼ਾ ਸਾਹਿਬਾਂ ਜਿਹੇ ਆਸ਼ਿਕ ਹੋਇਆ ਕਰਦੇ ਹਨ | ਹਰ ਕੋਈ ਇਸ ਉਮਰੇ ਆਪਣੇ ਆਪ ਨੂੰ ਇਨ੍ਹਾ ਤੋਂ ਘੱਟ ਨਹੀਂ ਸਮਝਦਾ | ਸਾਡੇ ਸਭਿਆਚਾਰ ਦੇ ਲੋਕ ਗਾਇਕਾਂ ਨੇ ਵੀ ਬਹੁਤ ਹੀ ਜ਼ੋਰ- ਸ਼ੋਰ ਨਾਲ ਇਨ੍ਹਾਂ ਦੇ ਕਿਸਿਆਂ ਨੂੰ ਗੀਤਾਂ ਦੇ ਵਿਚ ਪਰੋ ਕੇ ਸਮਾਜ ਵਿਚ ਪੇਸ਼ ਕਰਨਾ ਆਪਣੇ ਆਪ ਲਈ ਬਹੁਤ ਮਾਣ ਵਾਲੀ ਗੱਲ ਸਮਝਦੇ ਸਨ |ਉਸ ਸਮੇਂ ਇਹੋ ਜਿਹਾ ਸਾਹਿਤ ਬਹੁਤ ਪ੍ਰਭਾਵਿਤ ਕਰਦਾ ਸੀ | ਅੱਜ ਜਦੋਂ ਇਨ੍ਹਾਂ ਸਾਰਿਆਂ ਰੰਗਾਂ ਨੂੰ ਮਾਣ ਕੇ ਹੁਣ ਨਿਚੋੜ ਕਢਦੇ ਹਾਂ ਤਾਂ ਇਹ ਕਾਵਿ ਕਿੱਸੇ ਬਿਲਕੁਲ ਫਜੂਲ ਦੀਆਂ ਗੱਲਾਂ ਲੱਗਦੇ ਹਨ| ਇਨ੍ਹਾਂ ਤੋਂ ਸਾਡੇ ਸਮਾਜ ਨੂੰ ਕੀ ਸੇਧ ਮਿਲਦੀ ਹੈ ? ਮੂਰਖ ਆਦਮੀ ਚੌਦਾ ਸਾਲ ਮੱਝਾ ਚਾਰਦਾ ਫਿਰੀ ਗਿਆ ਆਖਿਰ ਹੀਰ ਨੂੰ ਲੈ ਕੋਈ ਹੋਰ ਹੀ ਗਿਆ ਫੇਰ ਕੰਨ ਪੜਵਾ ਕੇ ਸਾਧ ਬਣਿਆ ਰਿਹਾ , ਭਲਿਆ ਲੋਕਾ ਕੋਈ ਚੱਜ ਦਾ ਕੰਮ ਕਰਲਾ | ਇਹੋ ਜਿਹਾ ਹਾਲ ਹੋਰ ਆਸ਼ਿਕਾਂ ਦਾ ਆਪਾਂ ਸਾਰਿਆਂ ਨੂੰ ਪਤਾ ਹੀ ਹੈ , ਕੋਈ ਮਾਰੂਥਲਾਂ ਵਿਚ ਰੁਲੀ ਗਿਆ ਤੇ ਕੋਈ ਝਨਾਂ ਦੇ ਵਿਚ ਰੁੜੀ ਗਿਆ ਆਖਿਰ ਮਿਰਜ਼ਾ ਤਾਂ ਜੰਡ ਥੱਲੇ ਵੱਡਿਆ ਹੀ ਗਿਆ | ਇਨ੍ਹਾਂ ਸਾਰਿਆਂ ਆਸ਼ਿਕਾਂ ਨੇ ਲੇਖਕਾਂ ਗਾਇਕਾਂ ਨੂੰ ਕੰਮ ਲਾ ਛੱਡਿਆ | ਲੇਖਕਾਂ ਨੇ ਇਹਨਾਂ ਨੂੰ ਹੀਰੋਆਂ ਵਾਂਗ ਪੇਸ਼ ਕੀਤਾ | ਪਰ ਸਮਾਜ ਨੂੰ ਕੋਈ ਸੇਧ ਨਾ ਮਿਲੀ ਸਗੋਂ ਸਾਡਾ ਹਰ ਚੜ੍ਹਦੀ ਉਮਰ ਦਾ ਨੌਜਵਾਨ ਆਪਣੇ ਆਪ ਵਿਚ ਇਨ੍ਹਾਂ ਨੂੰ ਹੀ ਦੇਖਦਾ ਹੋਇਆ ਕੁਰਾਹੇ ਪਿਆ ਰਿਹਾ |
ਮੈਨੂੰ ਨਾਵਲ ਪੜਨ ਦਾ ਚਸਕਾ ਵਧਦਾ ਗਿਆ ,ਕਿਸ਼ੋਰ ਅਵਸਥਾ ਵਿੱਚ ਚੰਗੇ ਮਾੜੇ ਸਾਹਿਤ ਦਾ ਕੋਈ ਪਤਾ ਨਹੀਂ ਚਲਦਾ ਕਿ ਕਿਹੋ ਜਿਹਾ ਸਾਹਿਤ ਪੜ੍ਹਨਾਂ ਹੈ ਜਾਂ ਨਹੀਂ |ਉਸ ਸਮੇਂ ਮੇਰੇ ਹੱਥ ਬੂਟਾ ਸਿੰਘ ਸ਼ਾਦ ਦਾ ਨਾਵਲ ਲੱਗ ਗਿਆ ਮੈਂ ਉਸ ਨੂੰ ਪੜਿਆ ਜਿਸ ਦਾ ਮੇਰੇ ਮਨ ਉਪਰ ਗਹਿਰਾ ਪ੍ਰਭਾਵ ਪਿਆ | ਉਸ ਪ੍ਰਭਾਵ ਕਾਰਨ ਮੇਰੇ ਅੰਦਰ ਦਾ ਲੇਖਕ ਜਾਗ ਪਿਆ |ਲਿਖਣ ਦੀ ਕਲਾ ਪ੍ਰਮਾਤਮਾਂ ਵੱਲੋਂ ਮਿਲਿਆ ਇਕ ਤੋਹਫ਼ਾ ਹੀ ਹੁੰਦੀ ਹੈ| ਪ੍ਰਮਾਤਮਾਂ ਜਦੋਂ ਵੀ ਕਿਸੇ ਨੂੰ ਇਸ ਦੁਨੀਆਂ ਉਪਰ ਭੇਜਦਾ ਹੈ ਤਾਂ ਉਸ ਨੂੰ ਕੋਈ ਨਾਂ ਕੋਈ ਕਲਾ ਦੀ ਬਖਸ਼ਿਸ਼ ਜਰੂਰ ਕਰਦਾ ਹੈ| ਅਜਿਹਾ ਕੋਈ ਵੀ ਇੰਨਸਾਨ ਨਹੀਂ ਜਿਸ ਅੰਦਰ ਕੋਈ ਕਲਾ ਨਾਂ ਹੋਵੇ | ਲੇਕਿਨ ਕਲਾ ਦਾ ਆਪਣੇ ਆਪ ਨੂੰ ਕੋਈ ਪਤਾ ਨਹੀਂ ਹੁੰਦਾ ਇਸ ਦਾ ਕੋਈ ਨਾ ਕੋਈ ਸਬੱਬ ਬਣਦਾ ਹੈ ਜਦੋਂ ਇਸ ਦਾ ਪ੍ਰਗਟਾਵਾ ਹੁੰਦਾਂ ਹੈ | ਸਗੋਂ ਮੇਰੇ ਉਪਰ ਤਾਂ ਪ੍ਰਮਾਤਮਾ ਦੀ ਬਹੁਤ ਹੀ ਖ਼ਾਸ ਰਹਿਮਤ ਸੀ ਜਿਸ ਨੇ ਮੈਨੂੰ ਬਹੁ –ਕਲਾ ਨਾਲ ਨਿਵਾਜਿਆ, ਦਿਸ਼ਾ ਨਿਰਦੇਸ਼ ਦੀ ਘਾਟ ਅਤੇ ਸਮੇਂ ਦੀਆਂ ਮਜਬੂਰੀਆਂ ਕਾਰਣ ਮੇਰੀਆਂ ਕੁਝ ਕਲਾਵਾਂ ਨੂੰ ਮੈ ਕਿਸੇ ਖ਼ਾਸ ਮੁਕਾਮ ਤੇ ਪਹੁੰਚਾਉਣ ਤੋਂ ਅਧੂਰਾ ਰਹਿ ਗਿਆ ਲੇਕਿਨ ਮੈ ਫਿਰ ਵੀ ਉਹਨਾ ਨੂੰ ਬਹੁਤ ਪਿਆਰ ਕਰਦਾ ਹਾਂ ਤੇ ਹਮੇਸ਼ਾਂ ਕਰਨ ਦੇ ਯਤਨ ਨਾਲ ਆਪਣੀ ਰੂਹ ਨੂੰ ਤ੍ਰਿਪਤ ਕਰਦਾ ਰਹਿੰਦਾ ਹਾਂ | ਜਿਹੜੀ ਕਲਾ ਬਚਪਨ ਵਿਚ ਮੇਰੇ ਉਪਰ ਜ਼ਿਆਦਾ ਭਾਰੂ ਹੋ ਗੀ ਓਹ ਮੇਰੀ ਰੋਜ਼ੀ ਰੋਟੀ ਦਾ ਸਾਧਨ ਬਣ ਗਈ ਜਿਸ ਨੂੰ ਮੈ ਸ਼ਿਦਤ ਨਾਲ ਨਿਭਾਉਂਦਾ ਹੋਇਆ ਅੱਜ ਖੁਸ਼ਹਾਲ ਜੀਵਨ ਗੁਜਾਰ ਰਿਹਾਂ ਹਾਂ
ਮੈਨੂੰ ਯਾਦ ਹੈ ਲਿਖਣ ਦੇ ਗੁਰ ਸਾਡੇ ਹਿੰਦੀ ਵਾਲੇ ਅਧਿਆਪਕ ਸ਼੍ਰੀ ਜਗਨ ਨਾਥ ਸ਼ਾਸ਼ਤਰੀ ਜੀ ਨੇ ਦੱਸੇ ਸਨ ਬੱਸ ਇਕ ਵਾਰ ਉਹਨਾ ਦੱਸਿਆ ਸੀ ਕਿ ਜੋ ਕੁਝ ਤੁਸੀਂ ਅਖੀਂ ਵੇਖਦੇ ਹੋ ਉਸ ਨੂੰ ਸ਼ਬਦਾਂ ਵਿੱਚ ਪਰੋ ਦਿਓ ਜਾਂ ਜੋ ਤੁਹਾਡੇ ਮਨ ਦੀ ਕੋਈ ਕਲਪਨਾ ਹੈ ਉਸ ਨੂੰ ਇੱਕ ਕਹਾਣੀ ਬਣਾ ਦਿਓ ਬਸ ਇਹਨਾ ਨੁਕਤਿਆਂ ਨਾਲ ਮੇਰੇ ਅੰਦਰ ਲੇਖਕ ਦਾ ਜਨਮ ਹੋਇਆ ਜਾਂ ਕਹਿ ਲਓ ਉਸ ਬੂਟਾ ਸਿੰਘ ਸ਼ਾਦ ਦੇ ਨਾਵਲ ਦੇ ਪ੍ਰਭਾਵ ਕਰਕੇ ਮੇਰੇ ਕਿਸ਼ੋਰ ਮਨ ਦੀ ਕਲਪਨਾ ਉਡਾਰੀਆਂ ਮਾਰਨ ਲੱਗੀ ਜਿਸ ਵਿਚ ਅੱਲੜ ਉਮਰ ਦੇ ਨੌਜਵਾਨ ਮੀਨੂੰ ਅਤੇ ਸ਼ਸ਼ੀ ਦੋ ਦੋਸਤ ਮੇਰੇ ਨਾਵਲ ਦੇ ਪਾਤਰ ਬਣੇ ਅਤੇ ਇਨ੍ਹਾਂ ਦੀ ਸੱਚੀ ਮੁਹੱਬਤ ਦਾ ਰੋਲ ਸੀਮਾ ਤੇ ਨੀਤੂ ਨੇ ਨਿਭਾਇਆ ਖਲਨਾਇਕ ਦੀ ਭੂਮਿਕਾ ਦਲੀਪ ਖੰਡੀ ਪੱਟ ਨੇ ਨਿਭਾਈ | ਇਹ ਨਿਰੋਲ ਸੱਚੇ ਪਿਆਰ ਦੀ ਕਹਾਣੀ ਸੀ |ਇਹ ਮੇਰੀ ਪਹਿਲੀ ਲਿਖਤ ਅੱਲੜ ਉਮਰ ਸੋਲਵੇਂ ਸਾਲ ਦੇ ਵਿੱਚ ਲਿਖੀ ਸੀ | ਜਿਸ ਨੇ ਮੇਰੇ ਲਿਖਣ ਦੇ ਹੋਸਲੇ ਨੂੰ ਵਧਾਇਆ ਤੇ ਮੈਨੂੰ ਮੇਰੀ ਲਿਖਣ ਕਲਾ ਦੀ ਪਹਿਚਾਣ ਹੋਈ | ਉਸ ਤੋਂ ਬਾਅਦ ਮੈ ਇਕ ਸਮਾਜਿਕ ਨਾਵਲ “ ਮਜਬੂਰ ਇਨਸਾਨ “ ਸ਼ੁਰੂ ਕੀਤਾ ਪ੍ਰੰਤੂ ਸਮੇਂ ਦੀਆਂ ਮਜਬੂਰੀਆਂ ਕਾਰਨ ਉਹ ਨਾਵਲ ਪੂਰਾ ਨਾ ਹੋ ਸਕਿਆ ਉਸ ਦਾ ਖਰੜਾ ਅੱਧ ਵਿਚਾਲੇ ਹੀ ਰੁਕ ਗਿਆ |ਮੈ ਆਪਣੀ ਜਿੰਦਗੀ ਨੂੰ ਸਵਾਰਨ ਦੇ ਰਾਹ ਤੁਰ ਪਿਆ | ਮੇਰੇ ਅੰਦਰ ਦਾ ਲੇਖਕ ਖਾਮੋਸ਼ ਹੋ ਗਿਆ | ਪਰ ਫਿਰ ਵੀ ਜ਼ਿੰਦਗੀ ਦੀਆਂ ਖੱਟੀਆਂ – ਮਿੱਠੀਆਂ ਯਾਦਾਂ ਨੂੰ ਇਕ ਡਾਇਰੀ ਦੇ ਰੂਪ ਵਿੱਚ ਲਿਖਦਾ ਰਹਿੰਦਾ ਜਿਸ ਨਾਲ ਮੇਰੇ ਲੇਖਕ ਦੇ ਜਿਉਂਦੇ ਹੋਣ ਦਾ ਮੈਨੂੰ ਅਹਿਸਾਸ ਹੁੰਦਾ ਰਹਿੰਦਾ |
37 ਸਾਲ ਦੇ ਵਕਫੇ ਬਾਅਦ ਮੇਰੇ ਅੰਦਰ ਦੇ ਲੇਖਕ ਨੇ ਕਰਵਟ ਲਈ ਮੇਰੇ ਮਨ ਵਿੱਚ ਵਿਚਾਰ ਆਇਆ, ਮੇਰਾ ਇਕ ਦੋਸਤ ਹਰਮਿੰਦਰ ਬੋਪਾਰਾਏ ਜੋ ਇਕ ਉਭਰਦਾ ਮੂਰਤੀਕਾਰ ਹੈ ਜੋ ਅੱਜਕੱਲ੍ਹ ਅਮਰੀਕਾ ਦੇ ਸ਼ਹਿਰ ਮਿਸ਼ੀਗਨ ਵਿੱਚ ਆਪਣੀ ਕਲਾ ਦੇ ਪ੍ਰੇਮੀਆਂ ਲਈ ਸ਼ਿੱਦਤ ਨਾਲ ਕੰਮ ਕਰ ਕੇ ਚੰਗਾ ਨਾਮਣਾ ਖੱਟ ਰਿਹਾ ਹੈ | ਉਸ ਉਪਰ ਇਕ ਲੇਖ ਲਿਖਿਆ “ ਵਿਲੱਖਣ ਕਲਾਕਾਰ ਹਰਮਿੰਦਰ ਬੋਪਾਰਾਏ “ ਜੋ ਦਿਸੰਬਰ 2014 ਵਿੱਚ ਪੰਜਾਬੀ ਟ੍ਰਿਬਿਊਨ ਵਿੱਚ ਕਾਸ਼ਨੀ ਸਵੇਰਾ ਸਫ਼ੇ ਤੇ ਸਤਰੰਗ ਦਾ ਸ਼ਿੰਗਾਰ ਬਣਿਆ ਇਸ ਦੀ ਹੋਸਲਾ ਅਫਜਾਈ ਨਾਲ ਮੇਰੀ ਕਲਮ ਜਵਾਨੀ ਦੀਆਂ ਬਰੂਹਾਂ ਤੇ ਪੈਰ ਧਰਨ ਲੱਗੀ ਨਾਲ ਹੀ ਇਸੇ ਲੇਖ ਨੂੰ ਨੇੱਟ ਮੈਗਜ਼ੀਨ ਪੰਜਾਬੀ ਮਾਂ ਡਾਟ ਕੌਮ ਜੋ ਅਮਰੀਕਾ ਤੋਂ ਪਬਲਿਸ਼ ਹੁੰਦਾਂ ਹੈ | ਉਸ ਨੇ ਵੀ ਮੇਰੀ ਕਲਮ ਨੂੰ ਮਾਣ ਬਖਸ਼ਿਆ ਇਸ ਹੌਸਲੇ ਨੇ ਮੇਰੇ ਲਿਖਣ ਦੇ ਉਤਸ਼ਾਹ ਨੂੰ ਵਧਾਇਆ | ਉਸ ਤੋਂ ਬਾਅਦ “ ਜਦੋਂ ਈਜ਼ਲ ਨੂੰ ਧੀ ਵਾਂਗ ਤੋਰਿਆ “ ਤੇ “ਸ਼ੋਭਾ ਸਿੰਘ ਜੀ ਨੂੰ ਯਾਦ ਕਰਦਿਆਂ “ ਲਿਖਿਆ | ਪੰਜਾਬੀ ਮਾਂ ਡਾਟ ਕੌਮ ਦੇ ਨਾਲ- ਨਾਲ ਪੰਜਾਬੀ ਦੇ ਉਘੇ ਅਖਬਾਰ ਸਪੋਕਸਮੈਨ ਦੇ ਸੰਜੀਦਾ ਸੂਝਵਾਨ ਪਾਠਕਾਂ ਦੇ ਨਿਘੇ ਪਿਆਰ ਨੇ ਮੇਰੀ ਕਲਮ ਨੂੰ ਬਲ ਬਖਸ਼ਿਆ |ਫਿਰ ਮੇਰੇ ਲਗਾਤਾਰ ਕੁਝ ਸਫ਼ਰਨਾਮੇ ਅੱਖੀਂ ਵੇਖਿਆ ਦੁਬਈ , ਜਦੋਂ ਨੇੜੇ ਹੋ ਤੱਕਿਆ ਸਿੰਗਾਪੁਰ , ਇੱਕ ਅਭੁੱਲ ਘਟਨਾ ਮਨਾਲੀ ਦੀ , ਕੁਦਰਤ ਦੇ ਹਸੀਨ ਨਜ਼ਾਰੇ ਬਰੋਟ ਵੈਲੀ , ਧਰਮਸ਼ਾਲਾ ਦੇ ਖਨਿਆਰਾ ਵਿੱਚ ਸਾਧਨਾਂ ਦੇ ਚਾਰ ਦਿਨ, ਮੇਰੇ ਦੇਸ਼ ਦਾ ਭਵਿੱਖ ਕਿਧਰ ਨੂੰ ਜਾ ਰਿਹੈ ਅਤੇ ਜਿੰਦਗੀ ਬਹੁਤ ਖੂਬਸੂਰਤ ਹੈ ਸਮੇਤ ਕੁਝ ਹੋਰ ਲੇਖ ਅਖ਼ਬਾਰ ਅਤੇ ਪੰਜਾਬੀ ਮਾਂ ਡਾਟ ਕੌਮ ਦੇ ਅਨਮੋਲ ਖਜ਼ਾਨੇ ਦੀ ਵਿਰਾਸਤ ਬਣੇ |ਮੈਨੂੰ ਲਿਖਣ ਦਾ ਸ਼ੌਂਕ ਦਾ ਵਧਦਾ ਗਿਆ ਜੋ ਅੱਜ ਵੀ ਨਿਰੰਤਰ ਜਾਰੀ ਹੈ |ਮੈ ਆਪਣੇ ਜੀਵਨ ਦੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਕੁਝ ਨਾ ਕੁਝ ਯਾਦਾਂ ਨੂੰ ਲਿਖਣ ਦਾ ਯਤਨ ਕਰਦਾ ਰਹਿੰਦਾ ਹਾਂ ਇਹ ਲਿਖਣ ਦਾ ਸਫ਼ਰ ਜਿੰਦਗੀ ਦੇ ਆਖਰੀ ਸਾਹ ਤੱਕ ਨਿਰੰਤਰ ਜਾਰੀ ਰਹੇਗਾ |