ਮਾਵਾਂ ਵਰਗੇ ਹੁੰਦੇ ਰੁੱਖ
(ਕਵਿਤਾ)
ਆਉ ਬੱਚਿਉ!ਰੁੱਖ ਲਗਾਈਏ।
ਰੁੱਖ ਲਗਾ ਕੇ ਪਾਣੀ ਪਾਈਏ।
ਇਹ ਮਾਵਾਂ ਵਰਗੇ ਹੁੰਦੇ ਰੁੱਖ।
ਰੁੱਖਾਂ ਦੇ ਨੇ ਸੌ - ਸੌ ਸੁੱਖ।
ਵੇਖ- ਵੇਖ ਕੇ ਲਹਿੰਦੀ ਭੁੱਖ।
ਮੁਕ ਜਾਂਦੇ ਨੇ ਸਾਰੇ ਦੁੱਖ।
ਇਕ ਦੂਜੇ ਦਾ ਹੱਥ ਵਟਾਈਏ,
ਆਉ ਬੱਚਿਉ!ਰੁੱਖ ਲਗਾਈਏ।
ਘਰ ਸਾਡੇ 'ਚ ਅੰਬ ਦੀ ਛਾਂ।
ਲਾਇਆ ਸੀ,ਸਾਡੀ ਦਾਦੀ ਮਾਂ।
ਇਹ ਛਾਂ ਹੈ ਰੱਬ ਦਾ ਨਾਂ।
ਜਿਸ ਹੇਠਾਂ ਮੈਂ ਬਹਿੰਦੀ ਹਾਂ।
ਆਪਾਂ ਇਹਨੂੰ ਕਿਵੇਂ ਭੁਲਾਈਏ,
ਆਉ ਬੱਚਿਉ! ਰੁੱਖ ਲਗਾਈe।
ਫ਼ਲ ਇਸ ਨੂੰ ਲਗਣ ਮਿੱਠੇ।
ਇਹੋ ਜਿਹੇ ਤਾਂ, ਮੈਂ ਨਾ ਡਿੱਠੇ।
ਕਈ ਬੂਟੇ ਹਨ ਗਿੱਠੇ–ਮਿੱਠੇ।
ਫ਼ਲ ਜਿਨ੍ਹਾਂ ਦੇ ਖੱਟੇ - ਮਿੱਠੇ।
ਬਹਿ ਕੇ ਸਾਰੇ 'ਕੱਠੇ ਖਾਈਏ,
ਆਪਾਂ ਸਾਰੇ ਰੁੱਖ ਲਗਾਈਏ।
ਸੁਣ ਲਉ ਸਾਰੇ ਭੈਣ ਭਰਾਵੋ।
ਕੋਈ ਆਪਣੇ ਹੱਥੀਂ ਬੂਟਾ ਲਾਵੋ।
"ਸੁਹਲ" ਇਕ ਮੁਹਿਮ ਚਲਾਵੋ।
ਸਾਰੇ ਹੀ ਫ਼ੱਲ ਘਰ ਦੇ ਖਾਵੋ।
ਸੁੱਤੇ ਲੋਕਾਂ ਤਾਈਂ ਜਗਾਈਏ,
ਰਲ ਕੇ ਸਾਰੇ ਰੁੱਖ ਲਗਾਈਏ।
ਲਗਾਏ ਰੁੱਖਾਂ ਤਾਈਂ ਬਚਾਈਏ।