ਸੁਹਣੇ ਪੰਛੀ (ਕਵਿਤਾ)

ਓਮਕਾਰ ਸੂਦ ਬਹੋਨਾ   

Email: omkarsood4@gmail.com
Cell: +91 96540 36080
Address: 2467,ਐੱਸ.ਜੀ.ਐੱਮ.-ਨਗਰ
ਫ਼ਰੀਦਾਬਾਦ Haryana India 121001
ਓਮਕਾਰ ਸੂਦ ਬਹੋਨਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬੜੇ ਪਿਆਰੇ ਸੁਹਣੇ ਪੰਛੀ ਉੱਡਣ ਵਿੱਚ ਆਸਮਾਨ ਦੇ!
ਦੂਰੋਂ-ਦੂਰੋਂ ਮਾਰ ਉਡਾਰੀ ਪਹੁੰਚਣ ਖੇਤ ਕਿਸਾਨ ਦੇ---!!
ਦਾਣੇ ਚੁਗਕੇ ਦੇਣ ਅਸੀਸ਼ਾਂ ਨਾਲੇ ਕਰਨ ਕਲੋਲ ਬੜੇ,
ਚੀਂ-ਚੀਂ,ਪੀਂ-ਪੀਂ ਕਰਕੇ ਕੱਢਣ ਚੁੰਝਾਂ ਵਿੱਚੋਂ ਬੋਲ ਬੜੇ,
ਬੇਫਿਕਰਾ ਇਹੇ ਜੀਵਨ ਜੀਂਦੇ ਨਾਲ ਬੜੇ ਸਨਮਾਨ ਦੇ---!
ਤਰ੍ਹਾਂ-ਤਰ੍ਹਾਂ ਦੇ ਰੰਗ ਬਰੰਗੇ ਅੰਬਰੀਂ ਉੱਡਣ ਉਰੇ-ਪਰ੍ਹੇ,
ਵੱਡੇ ਛੋਟੇ ਮੋਟੇ ਪਤਲੇ ਰਹਿੰਦੇ ਨੇ ਪਰ ਡਰੇ-ਡਰੇ,
ਨਾ ਮੰਨਣ ਸਰਹੱਦਾਂ ਹੱਦਾਂ ਆਸ਼ਕ ਇਹ ਕਲਿਆਣ ਦੇ---!
ਮਾਨਵ ਜਾਤੀ ਦੁਸਮਣ ਹੋਈ ਜੰਗਲ ਬੇਲੇ ਕੱਟ ਧਰੇ,
ਜਗ੍ਹਾ-ਜਗ੍ਹਾ 'ਤੇ ਟਾਵਰ ਗੱਡੇ ਪੰਛੀ ਇਨ੍ਹਾਂ ਨਾਲ ਮਰੇ,
ਬੰਦਿਓ ਕਾਹਤੋਂ ਦੁਸ਼ਮਣ ਹੋਏ ਇਹ ਜੀਵਾਂ ਦੀ ਜਾਨ ਦੇ---!
ਕੁਦਰਤ ਦਾ ਸਰਮਾਇਆ ਇਹ ਤਾਂ ਇਨ੍ਹਾਂ ਦਾ ਕੁਝ ਖਿਆਲ ਕਰੋ,
ਆਹਲਣਿਆਂ ਲਈ ਰੁੱਖ ਲਗਾਓ ਪੰਛੀ ਮਾਲਾ-ਮਾਲ ਕਰੋ,
ਬੜੇ ਪਿਆਰੇ ਮਿੱਤਰ ਇਹ ਤਾਂ ਦੁਨੀਆਂ ਦੇ ਇਨਸਾਨ ਦੇ---!
ਪਾਣੀ ਤੇ ਹਰਿਆਲੀ ਇਹ ਤਾਂ ਕੁਦਰਤ ਕੋਲੋਂ ਚਾਹੁੰਦੇ ਨੇ,
ਛੋਟੀ-ਛੋਟੀ ਮਾਰ ਉਡਾਰੀ ਖੁਸ਼ੀਆਂ ਨਾਲ ਜਿਉਂਦੇ ਨੇ,
ਇਨ੍ਹਾਂ ਨੂੰ ਜ਼ਾਲਮ ਬਣਕੇ ਤੋਰੋ ਵੱਲ ਸਮਸ਼ਾਨ ਦੇ---!
ਇਨ੍ਹਾਂ ਨੂੰ ਕੁਝ ਸਮਝ ਨਾ ਆਵੇ ਜਾਨਾ ਕਾਹਤੇ ਜਾ ਰਹੀਆਂ,
ਇਹ ਕੇਹੀਆਂ ਨੇ ਜ਼ਾਲਮ ਕਿਰਨਾਂ ਸਾਡੀ ਉਮਰ ਘਟਾ ਰਹੀਆਂ,
ਕਿਹੜੇ ਸਾਡੇ ਵੱਜ ਰਹੇ ਨੇ ਸੀਨੇ ਤੀਰ ਕਮਾਨ ਦੇ ---!