ਕਲਯੁੱਗ ਤੋਂ ਸਤਿਯੁੱਗ ਤੱਕ ਦੀ ਅਸਲੀਅਤ (ਲੇਖ )

ਅਮਰਜੀਤ ਢਿਲੋਂ   

Email: bajakhanacity@gmail.com
Cell: +91 94171 20427
Address: Baja Khana
Bhatinda India
ਅਮਰਜੀਤ ਢਿਲੋਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


( ਸਰਿਤਾ,ਮਾਰਚ 1959 'ਚ ਛਪੇ ਡਾ:ਅਨੰਤਰਾਮ ਦੂਬੇ ਦੇ ਲੇਖ 'ਤੇ ਅਧਾਰਤ ਜਾਣਕਾਰੀ)

ਹਿੰਦੂ ਮਿਥਿਹਾਸ 'ਚੋਂ ਇਤਿਹਾਸ ਲੱਭਣ ਵਾਸਤੇ ਵਿਦਵਾਨਾਂ ਨੇ ਬਹੁਤ ਡੂੰਘੀ ਖੋਜ ਕੀਤੀ ਹੈ। ਪੁਰਾਤਨ ਪੰਡਿਤਾਂ(ਰਿਸ਼ੀਆਂ ਮੁਨੀਆਂ) ਨੇ ਲੋਕਾਂ 'ਚ ਇਹ ਗ਼ਲਤ ਧਾਰਨਾ ਫੈਲਾਈ ਹੋਈ ਹੈ ਕਿ ਵਰਤਮਾਨ ਸਮਾਂ ਕਲਯੁੱਗ( ਅਧਰਮ ) ਦਾ ਯੁੱਗ ਹੈ। ਇਸ ਯੁੱਗ ਨੂੰ ਪਾਪਾਂ ਦਾ ਯੁੱਗ ਸਿਧ ਕਰਨ ਲਈ ਉਹਨਾਂ ਵਲੋਂ ਸਤਿਯੁੱਗ ,ਤਰੇਤਾ ਅਤੇ ਦੁਆਪਰ ਯੁੱਗ ਦੀਆਂ ਮਿਸਾਲਾਂ ਦਿਤੀਆਂ ਜਾਂਦੀਆਂ ਹਨ। ਵੈਸੇ ਤਾਂ ਸਤਿਯੁੱਗ ਤੋਂ ਬਾਦ ਦੁਆਪਰ ਆਉਣਾ ਚਾਹੀਦਾ ਹੀ ਪਰ ਪੰਡਿਤਾਂ ਨੇ ਗੌਤਮ ਰਿਸ਼ੀ ਅਤੇ ਅਹਲਿਆ ਦੀ ਕਹਾਣੀ ਜੋੜ ਕੇ ਆਪ ਹੀ ਯੁੱਗ ਪਲਟ ਕੇ ਦੁਆਪਰ ਪਹਿਲਾਂ ਅਤੇ ਤਰੇਤਾ ਬਾਦ 'ਚ ਕਰ ਦਿੱਤਾ। ਉਹ ਕਹਿੰਦੇ ਹਨ ਕਿ ਸਤਿਯੁੱਗ 'ਚ ਧਰਮ ਦਾ ਰਾਜ ਸੀ ਅਤੇ ਪਾਪ ਦਾ ਕਿਤੇ ਨਾਮੋ ਨਿਸ਼ਾਨ ਹੀ ਨਹੀਂ ਸੀ, ਹੁਣ ਕਲਯੁੱਗ ਆਪਣੇ  ਜੋਬਨ 'ਤੇ ਹੈ ਅਤੇ ਚਾਰ  ਚੁਫੇਰੇ ਪਾਪ ਹੀ ਪਾਪ ਫੈਲੇ ਹੋਏ ਹਨ।
ਇਤਿਹਾਸਕਾਰਾਂ ਨੇ ਇਹਨਾਂ ਯੁੱਗਾਂ ਦੀ ਸੌਖੀ ਪਰਖ ਪੜਤਾਲ ਕਰਨ ਲਈ ਅਧੁਨਿਕ ਇਤਿਹਾਸ ਨੂੰ ਮੌਰੀਆ ਕਾਲ,ਗੁਪਤਕਾਲ ,ਮੁਸਲਿਮ ਕਾਲ ਅਤੇ ਅੰਗਰੇਜ ਰਾਜ ਦੇ ਸਮੇਂ 'ਚ ਵੰਡ ਲਿਆ ਹੈ।  ਇਸੇ ਤਰ•ਾਂ ਹੀ ਪੁਰਾਤਨ ਭਾਰਤੀ ਇਤਿਹਾਸ ਨੂੰ ਪੰਡਿਤਾਂ ਨੇ ਸਤਿਯੁੱਗ ,ਤਰੇਤੇ  ਦੁਆਪਰ ਅਤੇ ਕਲਯੁੱਗ 'ਚ ਵੰਡਿਆ ਹੈ। ਆਰੀਆ ਜਾਤੀ ਦੇ ਲੋਕ ਭਾਰਤ 'ਚ ਦੋ ਪਾਸਿਆਂ ਤੋਂ ਆਏ। ਇਕ ਕਾਬਲ ਕੰਧਾਰ ਦੇ ਰਾਹ ਅਤੇ ਦੂਜੇ 45 ਪੀੜਈਆਂ ਬਾਦ ਤਿਬਤ ਦੇ ਰਸਤੇ ਆਏ। ਆਰੀਆ ਲੋਕਾਂ ਦੇ ਭਾਰਤ ਆਉਣ ਅਤੇ 45 ਪੀੜਈਆਂ ਤੱਕ ਗੈਰ ਆਰੀਅਨਾਂ ਨਾਲ ਸੰਘਰਸ਼ ਕਰਨ ਅਤੇ ਉਹਨਾਂ ਉਪਰ ਆਪਣੀ ਤਾਕਤ ਸਥਾਪਤ ਕਰਨ ਦਾ ਇਹ ਸਮਾਂ ਪੰਡਿਤਾਂ ਅਨੁਸਾਰ ਸਤਿਯੁਗ ਦਾ ਸਮਾਂ ਹੈ। ਇਹ ਕਾਲ 810 ਸਾਲਾਂ ਤੋਂ ਵਧੇਰੇ ਲੰਮਾ ਨਹੀਂ ਮੰਨਿਆ ਜਾ ਸਕਦਾ। ਰਿਗਵੇਦ ਅਤੇ ਪੁਰਾਣਾਂ 'ਚ ਦਿੱਤੇ ਪੀੜਈ ਦਰ ਪੀੜਈ ਵੇਰਵੇ ਹੀ ਇਸਦਾ ਸਭ ਵੱਡਾ ਪ੍ਰਮਾਣ ਹਨ। ਪੁਰਾਣਾਂ ਵਿਚ ਦਿੱਤੇ ਕਾਲ ਵੰਡ ਦੇ ਵੇਰਵੇ ਮਨਵੰਤਰਾਂ 'ਚ ਹਨ ਅਤੇ ਕਿਸੇ ਵੀ ਤਰ•ਾਂ ਤਰਕ 'ਤੇ ਅਧਾਰਤ ਨਹੀਂ। ਉਹਨਾਂ ਅਨੁਸਾਰ 8,52,000( ਅੱਠ ਲੱਖ ਬਵੰਜਾ ਹਜਾਰ ਸਾਲ) ਸਾਲ ਦਾ ਸਮਾਂ ਬੀਤ ਚੁੱਕਿਆ ਹੈ।
ਵਿਗਿਆਨ ਨੇ ਸੈਂਕੜੇ ਸਾਲਾਂ ਦੀ ਮਿਹਨਤ ਪਿੱਛੋਂ ਇਹ ਸਿੱਧ ਕੀਤਾ ਹੈ ਕਿ ਧਰਤੀ ਦੀ ਉਮਰ ਦੋ ਅਰਬ  ਸਾਲ ਹੈ,ਸ਼ੁਰੂਆਤੀ ਸਮੇਂ ਇਹ ਅੱਗ ਦਾ ਦਹਿਕਦਾ ਗੋਲਾ ਸੀ। ਇਸ ਦੇ ਠੰਡਾ ਹੋਣ ਅਤੇ ਜੀਵਨ ਉਤਪੰਨ ਹੋਣ ਵਾਲੀਆਂ ਹਾਲਤਾਂ ਪੈਦਾ ਹੋਣ 'ਚ ਡੇਢ ਅਰਬ ਸਾਲ ਦਾ ਸਮਾਂ ਲੱਗਿਆ। ਮਨੁੱਖ ਦੇ ਵੱਡੇ ਵਡੇਰੇ ਸਿਰਫ ਵੀਹ ਲੱਖ ਸਾਲ ਪੁਰਾਣੇ ਹਨ,ਜੋ ਜਾਨਵਰਾਂ ਵਾਂਗ ਹੀ ਜੰਗਲਾਂ ,ਪਹਾੜਾਂ ਅਤੇ ਗੁਫ਼ਾਵਾਂ 'ਚ ਰਹਿੰਦੇ ਸਨ। ਅੱਜ ਤੋਂ ਸਿਰਫ ਦਸ ਲੱਖ ਸਾਲ ਪਹਿਲਾਂ ਹੀ ਮਨੁੱਖ ਹਥਿਆਰ ਧਾਰੀ ਬਣਿਆ। ਇਹ ਪੁਰਾਤਨ ਹਾਲਾਤ ਅੱਜ ਤੋਂ ਅੱਠ ਹਜਾਰ  ਸਾਲ ਪਹਿਲਾਂ ਤੱਕ ਕਾਇਮ ਰਹੇ। ਉਸ ਸਮੇਂ ਤੱਕ ਮਨੁੱਖ ਨੰਗਾ ਰਹਿੰਦਾ ਸੀ , ਪਸ਼ੂਆਂ ਵਾਂਗ ਆਪਣੇ ਝੁੰਡ ਦੀ ਜਿਹੜੀ ਮਰਜੀ ਔਰਤ ਨਾਲ ਸੰਭੋਗ ਕਰ ਲੈਂਦਾ ਸੀ। ਉਸਨੇ ਅਜੇ ਤੱਕ ਅੱਗ ਮਚਾਉਣੀ ਨਹੀਂ ਸੀ ਸਿੱਖੀ ਅਤੇ ਉਹ ਸ਼ਿਕਾਰ ਕਰਕੇ ਕੱਚਾ ਮਾਸ ਹੀ ਖਾਂਦਾ ਸੀ। ਅੱਜ ਤੋਂ ਚਾਰ ਹਜਾਰ ਸਾਲ ਪਹਿਲਾਂ ਦੇ ਮਨੁੱਖ ਨੂੰ ਹੀ ਅਸੀਂ ਕੁਝ ਵਿਕਸਤ ਹੋਇਆ ਸਮਝ ਸਕਦੇ  ਹਾਂ ਜਦੋਂ ਉਹ ਖੇਤੀ ਕਰਨ ਲੱਗ ਪਿਆ ਅਤੇ ਸਰੀਰ ਜਾਨਵਰਾਂ ਦੀਆਂ ਖੱਲਾਂ ਨਾਲ ਢਕਣ ਲੱਗ ਪਿਆ। ਸੋ ਸਪੱਸ਼ਟ ਹੈ ਕਿ  ਵਿਗਿਆਨਕ ਗਿਣਤੀ ਮਿਣਤੀ ਨਾਲ ਪੁਰਾਣਾਂ ਦੇ ਮਨਵੰਤਰਾਂ ਦੇ ਸਾਲਾਂ ਦੀ ਗਿਣਤੀ ਕਿਸੇ ਵੀ ਤਰ•ਾਂ ਮੇਲ ਨਹੀਂ ਖਾਂਦੀ। ਪਰਾਣਾ ਅਨੁਸਾਰ 14 ਮੰਨੂ ਹਨ, ਜਿਹਨਾਂ ਦੇ ਤੱਥ ਰਿਗਵੇਦ,ਭਗਵਤ ਪੁਰਾਣ  ,ਵਿਸ਼ਨੂੰ ਪੁਰਾਣ ਅਤੇ ਹਰੀਵੰਸ਼ ਆਦਿ ਗਰੰਥਾਂ 'ਚ ਮਿਲਦੇ ਹਨ।
ਸਤਿਯੁੱਗ: ਆਰੀਅਨ ਦਾ ਲੜ•ਣ ਵਾਲਾ ਯੋਧਾ ਇੰਦਰ ਸੀ । ਰਿਗਵੇਦ 'ਚ ਲਿਖਿਆ ਹੈ ' ਹੇ ਇੰਦਰ ਤੂੰ ਦੇਸ਼ ਮਨੂੰ ਨੂੰ ਦਿੱਤਾ ' ਤੋਂ ਪਤਾ ਲਗਦਾ ਹੈ ਆਰੀਅਨ ਦਾ ਪਹਿਲਾ ਆਦਮੀ ਮੰਨੂੰ ਸੀ ਜਿਸਦੀ ਅਗਵਾਈ ਹੇਠ ਆਰੀਅਨਾਂ ਦੀ ਟੋਲੀ ਮਧ ਏਸ਼ੀਆਂ 'ਚੋਂ ਭਾਰਤ 'ਚ ਆਈ। ਮੰਨੂੰ ਦੇ ਇਸ ਮਹੱਤਵ ਨੂੰ ਸਥਾਪਤ ਕਰਨ ਲਈ ਹੀ ਪੋਥੀ ਪੰਡਤਾਂ ਨੇ ਲਿਖ ਦਿੱਤਾ ਕਿ ਸਵਾਏਂਭੁਵ ਮੰਨੂੰ ਹੀ ਆਦਿ ਪੁਰਖ ਸੀ, ਜਿਸਨੂੰ ਬ੍ਰਹਮਾ ਨੇ ਸ਼੍ਰਿਸ਼ਟੀ ਉਤਪੰਨ  ਕਰਨ ਲਈ ਪੈਦਾ ਕੀਤਾ। ਸਵਾਏਂਭੁਵ ਮੰਨੂੰ ਦੇ ਪ੍ਰਿਆਵਰਤ ਅਤੇ ਉਤਾਨਪਾਦ ਨਾਂ ਦੇ ਦੋ ਪੁਤਰ  ਤਿੰਨ ਲੜਕੀਆਂ ਆਕੂਤੀ,ਪਰਸੂਤੀ ਅਤੇ ਦੇਵਹੂਤੀ ਹੋਈਆਂ। ਇਸ  ਤਰ•ਾਂ ਇਸ ਵੰਸ਼ ਵਿਚ 45 ਪੀੜਈਆਂ ਰਾਜ ਚੱਲਿਆ। ਸੁਕੰਦ ਪੁਰਾਣ ਅਨੁਸਾਰ ਦੱਖਣ ਦੀ ਇਕ ਮਹਿਛ ਜਾਤੀ ਸੀ ਜਿਸਦੇ ਰਾਜੇ ਮਹਿਛਾਸੁਰ ਨਾਲ ਆਰੀਅਨਾਂ ਦਾ ਜੋਰਦਾਰ ਯੁੱਧ ਹੋਇਆ। ਇਸੇ ਤਰ•ਾਂ ਇਕ ਥਾਂ ਸੁਰਗ ਜਿੱਤਣ ਦੀ ਲੜਾਈ ਦਾ ਜ਼ਿਕਰ ਹੈ ,ਲਗਦੈ  ਆਰੀਅਨਾਂ ਨੇ ਕਿਸੇ ਰਮਣੀਕ ਪਹਾੜੀ 'ਤੇ  ਸਾਰੀਆਂ ਸੁੱਖ ਸਹੂਲਤਾਂ ਵਾਲਾ ਸੁਰਗ ਵਸਾਇਆ ਹੋਵੇਗਾ। ਛੇਵੇਂ ਮਨਮੰਤਰ ਕਾਲ ਵਿਚ ਸ਼੍ਰੀ ਮਦ ਭਗਵਤ ਅਨੁਸਾਰ ਸਮੁੰਦਰ ਮੰਥਨ ਹੋਇਆ। ਮੰਨੂ ਦੇ ਪਹਿਲੇ ਪੁਤਰ ਪ੍ਰਿਆਵਰਤ ਦੇ ਵੰਸ਼ 'ਚੋਂ 35 ਪੀੜਈਆਂ ਸਨ। ਦੂਜੇ ਪੁਤਰ ਉਤਾਨਪਦ ਦੇ ਵੰਸ਼ 'ਚੋਂ 10 ਪੀੜਈਆਂ ਚੱਲੀਆਂ। ਇਸ ਤਰ•ਾਂ 6 ਮਨਵੰਤਰ ਦਾ ਸਮਾਂ 45 ਪੀੜਈਆਂ ਸਹੀ ਬੈਠਦਾ ਹੈ। ਜੇ 18 ਸਾਲਾਂ ਦੀ ਇਕ ਪੀੜਈ ਮੰਨ ਲਈਏ ਤਾਂ  ਸਤਿਯੁੱਗ ਦਾ ਇਹ ਮਨਵੰਤਰ ਕਾਲ 810ਸਾਲ ਬਣਦਾ ਹੈ। 
ਤਰੇਤਾ ਯੁੱਗ ਅਤੇ ਦੁਆਪਰ ਯੁੱਗ: ਆਰੀਅਨਾਂ ਦੇ ਭਾਰਤ ਆਉਣ 'ਤੇ ਪਹਿਲੀ ਟੋਲੀ ਦੀ ਅਗਵਾਈ ਸਵਾਏਂਭੁਵ ਮੰਨੂੰ ਨੇ ਕੀਤੀ। 45 ਪੀੜਈਆਂ ਗੁਜ਼ਰ ਜਾਣ ਪਿੱਛੋਂ ਆਰੀਆ ਲੋਕਾਂ ਦੀ ਦੂਜੀ ਧਾਰਾ ( ਗਰੁੱਪ) ਤਿਬਤ ( ਚੀਨ) ਦੇ ਰਾਹ ਹਿਮਾਲੀਆ ਪਾਰ ਕਰਕੇ ਭਾਰਤ ਆ ਵਸੇ। ਇਹਨਾਂ ਦੀ ਅਗਵਾਈ ਵੈਵਸਵਤ ਮੰਨੂੰ ਨੇ ਕੀਤੀ। ਬਾਲਮੀਕ ਰਮਾਇਣ ਅਨੁਸਾਰ ਇਸੇ ਮੰਨੂੰ ਨੇ ਅਯੁਧਿਆ  ਨਗਰ ਵਸਾਇਆ।
ਵੈਵਸਵਤ ਮੰਨੂੰ ਦੇ ਪੁਤਰ ਦਾ ਨਾਮ ਇੱਛਵਾਕੂ ਅਤੇ ਪੁਤਰੀ ਦਾ ਨਾਮ ਇਲਾ ਸੀ ਜੋ ਚੰਦਰ ਪੁਤਰ ਬੁੱਧ ਨੂੰ ਵਿਆਹੀ ਗਈ। ਇਹਨਾਂ ਤੋਂ ਕ੍ਰਮਵਾਰ ਚੰਦਰਵੰਸ਼ ਅਤੇ ਸੂਰਜਵੰਸ਼ ਚੱਲੇ। ਵੈਵਸਵਤ ਮੰਨੂੰ ਤੋਂ ਲੈਕੇ ਰਾਮ ਚੰਦਰ ਤੱਕ ਇਹ ਯੁੱਗ 39 ਪੀੜਈਆਂ ਦਾ ਹੈ। ਪੁਰਾਣਾ ' ਚ ਇਹਨਾਂ ਦਾ ਪੂਰਾ ਵੇਰਵਾ ਪੀੜਈ ਦਰ ਪੀੜਈ ਲਿਖਿਆ ਮਿਲਦਾ ਹੈ। 39 ਪੀੜਈਆਂ ਦਾ ਇਹ ਸਮਾਂ 780ਸਾਲਾਂ ਤੋਂ ਵੱਧ ਦਾ ਨਹੀਂ ਬਣਦਾ। ਵੈਵਸਵਤ ਮੰਨੂੰ ਤੋਂ ਲੈਕੇ ਰਾਮਚੰਦਰ ਤੱਕ ਦਾ ਇਹ ਸਮਾਂ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸੇ ਸਮੇਂ 'ਚ ਹੀ ਆਰੀਆ ਅਤੇ ਗੈਰ ਆਰੀਆ 'ਚ ਬਹੁਤ ਭਿਆਨਕ ਯੁੱਧ ਹੋਏ। ਇਸੇ ਕਾਲ 'ਚ ਹੀ ਗੈਰ ਆਰੀਆ ਮਹਾਰਾਜਾ ਸ਼ੰਬਰ ,ਦਸਰੱਥ ਦੇ ਸਮਕਾਲੀ ਆਰੀਆ ਰਾਜੇ ਦਿਵੇਦਾਸ ਹੱਥੋਂ ਮਾਰਿਆ ਗਿਆ। ਸ਼ੰਬਰ ਦਾ ਸਾਂਢੂ ਭਰਾ ਰਾਵਣ ਵੀ ਰਾਮ ਚੰਦਰ ਹੱਥੋਂ ਮਾਰਿਆ ਗਿਆ। ਇਸ ਕਾਲ ਵਿਚ ਗੈਰ ਆਰੀਆ ਦੀ ਸਰਦਾਰੀ ਪੂਰੀ ਤਰ•ਾਂ ਖਤਮ ਹੋ ਗਈ।
ਲਵਕੁਸ਼ ਤੋਂ ਸ਼ੁਰੂ ਹੋਏ  ਦੁਆਪੁਰ ਯੁੱਗ ਦੀ ਸਮਾਂ ਸੀਮਾ ਪ੍ਰੀਕਸ਼ਤ ਦੇ ਪੁਤਰ ਜਨਮੇਜਾ ਤੱਕ ਮੰਨੀ ਜਾਂਦੀ ਹੈ। ਇਸ ਕਾਲ ਵਿਚ 13 ਵੰਸ਼ਾਂ ਦੀਆਂ 185ਪੀੜਈਆਂ ਦਾ ਜ਼ਿਕਰ ਮਿਲਦਾ ਹੈ। 13 ਵੰਸ਼ਾਂ ਦਾ ਇਹ ਸਮਾਂ260 ਸਾਲ ਤੱਕ ਮੰਨਿਆ ਜਾ ਸਕਦਾ ਹੈ। ਮਹਾਂਭਾਰਤ ਯੁੱਧ ਤੋਂ ਬਾਦ ਪ੍ਰੀਕਸ਼ਤ ਹੀ ਬਚਿਆ ਸੀ ਜਿਸਦਾ ਇਕ ਪੁਤਰ ਜਨਮੇਜਾ ਵੀ ਮਾਰਿਆ ਗਿਆ। ਜਨਮੇਜਾ ਦੀ ਮੌਤ ਨਾਲ ਦੁਆਪਰ ਯੁੱਗ ਦੀ ਸਮਾਪਤੀ ਹੋ ਗਈ। ਇਸ ਤੋਂ ਪਿੱਛੋਂ ਦੇ ਸਮੇਂ ਨੂੰ ਕਲਯੁੱਗ ਕਿਹਾ ਜਾਂਦਾ ਹੈ। ਪੰਡਤਾਂ ਅਨੁਸਾਰ ਸਤਿਯੁਗ ,ਤਰੇਤਾ ਅਤੇ ਦੁਆਪਰ ਦਾ ਸਮਾਂ 51ਲੱਖ 12 ਹਜਾਰ ਸਾਲ ਪਹਿਲਾਂ ਦਾ ਹੈ ਜੋ ਕਿ ਨਿਰਾ ਕਲਪਿਤ ਝੂਠ ਹੈ। ਪੁਰਾਣਾ ਅਨੁਸਾਰ ਮਗਧ ਦਾ ਰਾਜਾ ਮਹਾਂਪਰਮਾਨੰਦ ਤੋਂ 1050 ਸਾਲ ਪਹਿਲਾਂ ਪ੍ਰੀਕਸ਼ਤ ਦਾ ਜਨਮ ਹੋਇਆ। ਅਧੁਨਿਕ ਇਤਿਹਾਸ ਤੋਂ ਸਿੱਧ  ਹੁੰਦਾ ਹੈ ਮਹਾਂਪਰਮਾਨੰਦ ਮਗਧ ਦੀ ਗੱਦੀ 'ਤੇ420 ਈਸਾ ਪੂਰਵ ਬੈਠਾ ਸੀ। ਇਸ ਹਿਸਾਬ ਨਾਲ ਈਸਾ ਤੋਂ 1420 ਸਾਲ ਪਹਿਲਾਂ ਦੁਆਪੁਰ ਯੁੱਗ ਸੀ ਜੋ 260 ਸਾਲ ਤੱਕ ਚਲਿਆ। ਉਸਤੋਂ 810 ਸਾਲ ਪਹਿਲਾਂ ਆਰੀਆਂ ਦੇ ਆਉਣ ਨਾਲ ਸਤਿਯੁੱਗ ਦੀ ਸ਼ੁਰੂਆਤ ਹੋਈ। ਯਾਨੀ 3270 ਸਾਲ ਈਸਾ ਪੂਰਵ ਆਰੀਆ ਲੋਕ ਭਾਰਤ ਆਏ। ਇਹਦੇ 'ਚ 2019 ਹੋਰ ਜੋੜ ਦੇਣ ਨਾਲ ਹੁਣ  5289 ਸਾਲ ਪਹਿਲਾਂ ਆਰੀਅਨਾਂ ਦਾ ਭਾਰਤ ਆਗਮਨ ਬਣਦਾ ਹੈ। ਸਤਿਯੁਗ ਦੁਆਪਰ,ਤਰੇਤਾ ਧਰਮ ਦੇ ਯੁੱਗ ਅਤੇ ਕਲਯੁੱਗ ਅਧਰਮ ਦਾ ਯੁੱਗ ਕਹਿ ਕੇ ਇਹ ਭਰਮ ਹੀ ਪੈਦਾ ਕੀਤਾ ਗਿਆ ਹੈ।
ਰਿਗਵੇਦ ਦੇ ਪੰਜਵੇਂ ਮੰਡਲ ਵਿਚ ਲਿਖਿਆ ਹੈ ਕਿ ਰੂਦਰਦੇਵ ,ਰੋਦਸੀ ਦਾ ਪਤੀ ਸੀ,ਜਿਸਦੇ ਵੀਰਯ ਨਾਲ ਮੂਰਤ ਪੈਦਾ ਹੋਇਆ, ਇਹੀ ਮੂਰਤ ਪਿੱਛੋਂ ਜਾ ਕੇ ਆਪਣੀ ਮਾਂ ਰੋਦਸੀ ਦਾ ਪਤੀ ਬਣਿਆ। ਦਸਵੇਂ ਮੰਡਲ ਵਿਚ ਯਮ ਅਤੇ ਯਮੀ ਨਾਮ ਦੇ ਭੈਣ ਭਰਾ ਦੀ ਕਹਾਣੀ ਹੈ। ਭੈਣ ਯਮੀ ਆਪਣੇ ਭਰਾ ਯਮ ਨਾਲ ਵਿਆਹ ਕਰਾਉਣ ਦੀ ਇੱਛਾ ਪ੍ਰਗਟ ਕਰਦੀ ਹੈ। ਸਵਾਏਂਭੁਵ ਮੰਨੂੰ ਦੇ ਪੁਤਰ ਪ੍ਰਿਆਵਰਤ ਨੇ ਆਪਣੀ ਭੈਣ ਦੇਵਹੂਤੀ ਦੀ ਬੇਟੀ ( ਆਪਣੀ ਭਾਣਜੀ )ਨਾਲ ਵਿਆਹ ਕੀਤਾ। ਰਾਜਾ ਇੰਦਰ ਦੇ ਪ੍ਰੋਹਿਤ ਬ੍ਰਹਿਸਪਤੀ ਦੀ ਪਤਨੀ ਤਾਰਾ ਨੂੰ ਬਨਸਪਤੀਆਂ ਦਾ ਸਵਾਮੀ ਵਣ ਮੰਤਰੀ ਚੰਦਰ ਭਜਾ ਕੇ ਲੈ ਗਿਆ। ਮਨੂੰ ਪੁਤਰ ਇਛਵਾਕੂ ਦੇ 100 ਪੁਤਰ ਸਨ। ਂਿÂਹਨਾਂ'ਚੋਂ 48 ਭਰਾ  ਵੰਸ਼ਾਤੀ ਦੀ ਅਗਵਾਈ 'ਚ ਦੱਖਣ 'ਚ ਜਾ ਵਸੇ। ਇਹਨਾਂ'ਚੋਂ ਇਕ ਦਾ ਨਾ ਦੰਡਕ ਸੀ। ਵੰਸ਼ਾਤੀ ਦੀ ਮੌਤ ਪਿੱਛੋਂ ਦੰਡਕ ਰਾਜਾ ਬਣਿਆ ਤਾਂ ਉਸਨੇ ਆਪਣੇ ਪ੍ਰੋਹਿਤ ਸ਼ੁਕਰਚਾਰੀਆ ਦੀ ਬੇਟੀ ਨਾਲ ਬਲਾਤਕਾਰ ਕੀਤਾ ਤਾਂ ਸ਼ੁਕਰਚਾਰੀਆ ਨੇ ਦੰਡਕ ਰਾਜੇ ਦਾ ਕਤਲ ਕਰ ਦਿੱਤਾ।  ਰਾਜ ਹਰੀਸ਼ ਚੰਦਰ ਦੇ ਪਿਤਾ ਤ੍ਰਿਸ਼ੰਕੂ ਨੇ ਇਕ ਬ੍ਰਹਿਮਣ ਦੀ ਨਵੀਂ ਵਿਆਹੀ ਪਤਨੀ ਨੂੰ ਅਗਵਾ ਕਰਕੇ ਉਸ ਨਾਲ ਬਲਾਤਕਾਰ ਕੀਤਾ। ਭੀਸ਼ਮ ਪਿਤਾਮਾ ਦੇ ਪਿਤਾ ਬਜੁਰਗ ਸ਼ਾਂਤਨੂੰ ਨੇ ਂਿÂਕ ਮਛੇਰੇ ਦੀ ਬੇਟੀ ਸੱਤਿਆਵਤੀ ( ਯੋਜਨਗੰਧਾ) ਨਾਲ ਵਿਆਹ ਕਰਵਾਇਆ। ਜਿਸ ਨਾਲ ਕੁਆਰੀ ਹੁੰਦਿਆਂ ਰਿਸ਼ੀ ਪ੍ਰਾਸ਼ਰ ਨੇ ਸੰਭੋਗ ਕਰਕੇ ਦੁਵਪਾਇਨ ਨਾ ਦਾ ਪੁਤਰ ਪੈਦਾ ਕੀਤਾ। ਪਾਂਡਵਾਂ ਦੀ ਮਾਂ ਕੁੰਤੀ ਵੀ ਕੁਆਰੀ ਹੁੰਦਿਆਂ ਸੂਰਜ ਨਾਲ ਸੰਭੋਗ ਕਰਕੇ ਕਰਨ ਨੂੰ ਜਨਮ ਦੇ ਚੁਕੀ ਸੀ। ਰਾਜਾ ਧ੍ਰਿਤਰਾਸ਼ਟਰ ਦੇ 100 ਪੁਤਰਾਂ ਤੋਂ ਇਲਾਵਾ ਇਕ ਪੁਤਰ ਯਯਾਤੀ ਉਹਨਾਂ ਦੁਆਰਾ ਰੱਖੀ ਵੇਸਵਾ ਤੋਂ ਪੈਦਾ ਹੋਇਆ ਸੀ। ਦਰੋਪਤੀ ਦੇ ਪੰਜ ਪਤੀ ਰਿਸ਼ੀ ਵੇਦ ਵਿਆਸ ਅਨੁਸਾਰ ਠੀਕ ਸੀ। ਦਰੋਪਤੀ ਨਾਲ ਰਹਿਣ ਲਈ ਹਰੇਕ ਪਾਂਡਵ ਦਾ ਸਾਲ 'ਚ  2 ਮਹੀਨੇ 12 ਦਿਨ ਦਾ ਸਮਾਂ ਤਹਿ ਸੀ। ਇੰਦਰ ,ਸੂਰਜ ,ਚੰਦ ਆਦਿ ਦੇਵਤਾ ਕਿਸਤਰ•ਾਂ ਵਿਭਚਾਰ ਕਰਦੇ ਅਤੇ ਸੁੰਦਰ ਔਰਤਾਂ ਦੇਖ ਦੇ ਡੋਲ ਜਾਂਦੇ ਸਨ ਇਸਦੀਆਂ ਅਨੇਕਾਂ ਮਿਸਾਲਾਂ ਹਨ।
ਉਸ ਸਮੇਂ ਦੇਵਤਿਆਂ ਦੀ ਪੂਜਾ ਦਾ ਇਕੋ ਇਕ ਉਦੇਸ਼ ਧਨ ਪ੍ਰਾਪਤੀ ਸੀ, ਇਹ ਹੀ ਉਹਨਾਂ ਦਾ ਅੰਤਮ ਉਦੇਸ਼ ਸੀ( ਅੱਜ ਵੀ ਇਹ ਹੀ ਹੈ।)। ਰਿਗਵੇਦ ਦੇ ਪਹਿਲੇ ਮੰਡਲ 'ਚ ਲਿਖਿਆ ਹੈ ਕਿ ਜਦੋਂ ਦੇਵਤੇ ਖੁਸ਼ ਹੋ ਕੇ ਰਾਜਿਆਂ ਦੀ ਮਦਦ ਕਰਨ ਅਤੇ ਰਾਜੇ ਯੁੱਧ ਜਿਤਣ ਤਾਂ ਰਿਸ਼ੀਆਂ ਨੂੰ ਵੀ ਲੁੱਟ ਦੇ ਮਾਲ 'ਚੋਂ ਹਿੱਸਾ ਮਿਲਣਾ ਚਾਹੀਦਾ ਹੈ। ਯਜੁਰਵੇਦ ਵਿਚ ਯੱਗਾਂ ਦੌਰਾਨ ਮਨੁੱਖ ਬਲੀ ਦਾ ਵੀ ਜ਼ਿਕਰ ਹੈ। ਬਲੀ ਦੇਣ ਵਾਲੇ ਮਨੁੱਖ ਦਾ ਮਾਸ ਪ੍ਰਸ਼ਾਦ ਦੇ ਰੂਪ 'ਚ ਖਾਧਾ ਜਾਂਦਾ ਸੀ। ਵਿਸ਼ਵਾ ਮਿਤਰ ਅਤੇ ਹਰੀਸ਼ ਚੰਦਰ ਦੀ ਆਪਸੀ ਦੁਸ਼ਮਣੀ ਸੀ,ਯਜੁਰਵੇਦ ' ਚ ਸ਼ਨਸੇਪ ਰਿਸ਼ੀ ਨੇ ਲਿਖਿਆ ਹੈ ਰਾਜਾ ਹਰੀਸ਼ਚੰਦਰ ਨੇ ਉਸਦੀ ਬਲੀ ਦੇਣ ਲਈ ਉਸਨੂੰ ਇਕ ਹਜਾਰ ਗਾਵਾਂ ਬਦਲੇ ਖਰੀਦਿਆ ਸੀ। ਦੱਖਣੀ ਕੌਸ਼ਲ ਦਾ ਸੂਰਜ ਵੰਸ਼ੀ ਰਾਜਾ ਕੁਲਪਾਛਪਾਦ ਮਨੁੱਖੀ ਮਾਸ ਖਾਂਦਾ ਸੀ,ਉਹ ਰਿਸ਼ੀ ਵਸ਼ਿਸ਼ਟ ਦੇ 100 ਪੁਤਰਾਂ ਨੂੰ ਮਾਰ ਕੇ ਖਾ ਗਿਆ। ਸਤਯੁੱਗ ਦੇ ਰਾਜਾ ਰੰਤੀ ਦੇਵ ਦੇ ਰਾਜ 'ਚ ਰੋਜਾਨਾਂ ਇਕ ਹਜਾਰ ਗਾਵਾਂ ਖਾਣ  ਲਈ ਵੱਢੀਆਂ ਜਾਂਦੀਆਂ ਸਨ। ਰਿਸ਼ੀਆਂ ਅਤੇ ਪੰਡਤਾਂ ਨੇ ਇਸੇ ਰਾਜੇ ਦੀ ਬਹੁਤ ਜਿਆਦਾ ਪਰਸ਼ੰਸਾ ਕੀਤੀ ਹੈ। ਅਥਰਵੇਦ 'ਚ ਕਾਂਡ ਸੂਕਤ 3 'ਚ ਬਲਦ ਅਤੇ ਗਾਂ ਦੇ ਮੀਟ ਖਾਣ ਦਾ ਵਰਨਣ ਮਿਲਦਾ ਹੈ।  ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੋ ਬ੍ਰਹਿਮਣ ਬਲਦ ਦੀ ਬਲੀ ਦਿੰਦਾ ਹੈ ਉਸਦੀ ਸਾਰੇ ਦੇਵਤਾ ਸਹਾਇਤਾ ਕਰਦੇ ਹਨ।  ਸਾਰੇ ਵੇਦ ਪੜ•ਣ ਤੋਂ ਬਾਦ ਵਿਦਵਾਨਾਂ ਨੇ ਜੋ ਨਤੀਜੇ ਕੱਢੇ ਹਨ  , ਉਹਨਾਂ ਅਨੁਸਾਰ ਵੇਦਾਂ ਵਿਚ ਲੁੱਟ,ਚੋਰੀ ਡਕੈਤੀ ਦੀਆਂ ਘਟਨਾਵਾਂ ਹਨ। ਵਿਭਚਾਰ ਦੀਆਂ ਬਹੁਤ ਜਿਆਦਾ ਮਿਸਾਲਾਂ ਹਨ। ਅਥਰਵੇਦ ਅਨੁਸਾਰ ਜੇ 10 ਗੈਰ ਬ੍ਰਹਿਮਣ ਕਿਸੇ ਔਰਤ ਨੂੰ ਚਾਹੁੰਦੇ ਹੋਣ ਤਾਂ ਉਸ 'ਤੇ ਹੱਕ ਇਕ ਚਾਹੁਣ ਵਾਲੇ ਬ੍ਰਹਿਮਣ ਦਾ ਹੈ। ਹੋਰ ਚੀਜਾਂ ਦੇ ਨਾਲ ਰਾਜਾ ਰਿਸ਼ੀਆਂ ਬ੍ਰਹਿਮਣਾਂ ਨੂੰ ਦਾਸੀਆਂ ਵੀ ਭੇਂਟ ਕਰਦਾ ਸੀ। ਰਿਗਵੇਦ ਅਨੁਸਾਰ ਚਹਮਾਨ ਨੇ ਰਿਸ਼ੀ ਭਾਰਦਵਾਜ ਨੂੰ 20 ਘੋੜੇ  ਅਤੇ ਦਾਸੀਆਂ ਦਿੱਤੀਆਂ ਗਈਆਂ। ਰਾਜੇ ਜਨਕ ਦੀ ਸਭਾ 'ਚ ਜਿੱਤ ਪ੍ਰਾਪਤ ਕਰਨ ਵਾਲੇ ਰਿਸ਼ੀ ਯੱਗਵਲਕਇਆ ਨੂੰ ਇਕ ਹਜਾਰ ਗਾਵਾਂ ਅਤੇ ਦਾਸੀਆਂ ਦਿੱਤੀਆਂ ਗਈਆਂ ।  ਗਾਵਾਂ ਉਸਨੇ ਬ੍ਰਹਿਮਣਾਂ ਨੂੰ ਵੰਡ ਦਿਤੀਆਂ ਪਰ ਦਾਸੀਆਂ ਆਪ ਰੱਖ ਲਈਆਂ। ਰਿਗਵੇਦ ਕਾਲ 'ਚ ਸ਼ਰਾਬ ਅਤੇ ਜੂਏ ਦਾ ਰਿਵਾਜ਼ ਪ੍ਰਚਲਤ ਸੀ। ਹਾਰੇ ਹੋਏ ਜੁਆਰੀ ਦੀ ਔਰਤ ਜਿਤਣ ਵਾਲੇ ਦੇ ਅਧਿਕਾਰ ਹੇਠ ਆ ਜਾਂਦੀ ਸੀ। ਇਸ ਤਰ•ਾਂ ਰਿਸ਼ੀਆਂ ਦਾ ਕਲਪਿਆ ਸਤਿਯੁਗ ਹੁਣ ਦੇ ਸਮੇਂ ਨਾਲੋਂ ਕਿਵੇਂ ਵੀ ਬਿਹਤਰ ਨਹੀਂ ਸੀ ।ਅੱਜ ਵਿਗਿਆਨ ਦਾ ਯੁੱਗ ਪਿਛਲੇ ਸਮਿਆਂ ਨਾਲੋਂ ਕਿਤੇ ਬਿਹਤਰ ਹੈ ਅਤੇ ਅੱਗੇ ਤੋਂ ਅੱਗੇ ਵਿਗਿਆਨ ਦੀ ਬਦੌਲਤ ਹੀ ਇਹ ਹੋਰ ਬਿਹਤਰ ਹੁੰਦਾ ਜਾਵੇਗਾ।