ਰੰਗ ਬਰੰਗੇ ਫੁੱਲ (ਬਾਲ ਗੀਤ-ਸੰਗ੍ਰਹਿ) (ਪੁਸਤਕ ਪੜਚੋਲ )

ਜਸਵੀਰ ਸ਼ਰਮਾ ਦੱਦਾਹੂਰ   

Email: jasveer.sharma123@gmail.com
Cell: +91 94176 22046
Address:
ਸ੍ਰੀ ਮੁਕਤਸਰ ਸਾਹਿਬ India
ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਰੰਗ ਬਰੰਗੇ ਫੁੱਲ (ਬਾਲ ਗੀਤ-ਸੰਗ੍ਰਹਿ)
ਲੇਖਕ ਗੋਗੀ ਜੀਰਾ
ਪੰਜਆਬ ਪ੍ਰਕਾਸ਼ਨ ਜਲੰਧਰ              ਪੇਜ 32            ਮੁੱਲ 30 ਰੁਪਏ

ਗੋਗੀ ਜੀਰਾ ਸਾਹਿਤਕ ਹਲਕਿਆਂ ਵਿਚ ਬਿਲਕੁਲ ਨਵਾਂ ਨਾਮ ਹੈ। ਸਾਹਿਤ ਸਭਾ ਜੀਰਾ ਦਾ ਮਜ਼ਬੂਤ ਇਰਾਦੇ ਵਾਲਾ, ਅਗਾਂਹ ਵਧੂ ਖਿਆਲਾਂ ਦਾ ਮੱਦਈ ਨੌਜਵਾਨ ਹੈ। ਸਰਕਾਰੀ ਨੌਕਰੀ ਤੇ ਹੁੰਦੇ ਹੋਏ ਵੀ ਬੱਚਿਆਂ ਪ੍ਰਤੀ ਲਿਖਣ ਦੀ ਚੇਟਕ ਉਸ ਨੂੰ ਸਾਹਿਤ ਸਭਾਵਾਂ ਦੀ ਹਾਜਰੀ ਤੋਂ ਲੱਗੀ। ਦਾਸ ਨੂੰ ਜੀਰਾ ਵਿਖੇ ਮਿਲਿਆ ਪਹਿਲੀ ਮਿਲਣੀ ਦੇ ਵਿੱਚ ਹੀ ਹਰ ਇਕ ਇਨਸਾਨ ਨੂੰ ਆਪਣੇ ਚੰਗੇ ਸੁਭਾਅ ਤੋਂ ਪ੍ਰਭਾਵਿਤ ਕਰਨ ਵਾਲੇ ਇਸ ਨੌਜਵਾਨ ਵਿੱਚ ਵੱਡਿਆਂ ਪ੍ਰਤੀ ਪਿਆਰ ਤੇ ਮਿਠਤ ਨਾਲ ਆਪਣਾ ਬਣਾਉਣ ਦਾ ਜਜ਼ਬਾ ਹੈ।
ਗੋਗੀ ਜੀਰਾ ਨੇ ਦਾਸ ਨੂੰ ਆਪਣੀ ਇਹ ਪਹਿਲੀ ਪੁਸਤਕ ਬੜੇ ਪਿਆਰ ਸਤਿਕਾਰ ਨਾਲ ਭੇਂਟ ਕੀਤੀ। ਬੱਤੀ ਪੇਜ ਦੀ ਇਸ ਰੰਗ ਬਰੰਗੇ ਫੁੱਲ (ਬਾਲ ਗੀਤ-ਸੰਗ੍ਰਹਿ) ਵਿਚ ਲੇਖਕ ਨੇ ਛੋਟੀਆਂ-ਛੋਟੀਆਂ ਪੱਚੀ ਬਾਲ ਗੀਤ ਲਿਖ ਕੇ ਜਿਥੇ ਆਪਣੇ ਬਚਪਨ ਨੂੰ ਯਾਦ ਕਰਨ ਦੀ ਗੱਲ ਕਹੀ ਹੈ ਓਥੇ ਮੇਰੇ ਖਿਆਲ ਅਨੁਸਾਰ ਹਰ ਪੜ੍ਹਨ ਵਾਲੇ ਨੂੰ ਵੀ ਆਪਣੇ ਬਚਪਨ ਵਿੱਚ ਪਚਾਉਣ ਤੇ ਓਹ ਯਾਦਾਂ ਤਾਜੀਆਂ ਕਰਨ ਦੀ ਸਮਰੱਥਾ ਰੱਖਦੀ ਹੈ ਇਹ ਬਾਲ ਪੁਸਤਕ।
ਹਰ ਵਿਸ਼ੇ ਨੂੰ ਛੋਹਿਆ ਹੈ ਗੋਗੀ ਨੇ ਇਸ ਬੱਚਿਆਂ ਦੇ ਛੋਟੇ ਜਿਹੇ ਗੀਤ ਸੰਗ੍ਰਹਿ ਵਿਚ, ਮਾਸਟਰ ਜੀ ਦੀ ਨਸੀਹਤ ਦੀ ਗੱਲ ਕਰਦਿਆਂ ਚੰਗੀਆਂ ਆਦਤਾਂ ਮਿਹਨਤ ਕਰਨੀ ਤੇ ਮਾੜੀ ਸੰਗਤੋਂ ਬਚਣ ਦਾ ਸੁਨੇਹਾ ਦਿੱਤਾ, ਮੇਲੇ ਦੀ ਗੱਲ ਕਰਦਿਆਂ ਪੁਰਾਤਨ ਮੇਲਿਆਂ ਦੀ ਯਾਦ ਤਾਜਾ ਕਰਵਾਈ, ਪਾਪਾ ਦੇ ਹੁੰਦਿਆਂ ਬੱਚਿਆਂ ਨੂੰ ਮੌਜਾ ਈ ਮੌਜਾਂ, ਨੰਨ੍ਹੀ ਪਰੀ ਗੀਤ ਵਿਚ ਲੜਕਾ ਤੇ ਲੜਕੀ ਵਿੱਚ ਕੋਈ ਫਰਕ ਨਹੀਂ ਦਾ ਸੰਕੇਤ, ਪਾਪਾ ਜੀ ਗੀਤ ਵਿਚ ਸ਼ਰਾਬ ਦੀ ਭੈੜੀ ਆਦਤ ਛੱਡਣ ਲਈ ਬੱਚੇ ਭਾਵਪੂਰਤ ਪਾਪਾ ਨੂੰ ਬੇਨਤੀ ਕਰਦੇ ਨੇ ਤੇ ਆਪਣੀ ਪੜ੍ਹਾਈ ਦਾ ਵਾਸਤਾ ਪਾਉਂਦੇ ਨੇ, ਚੰਗੇ ਪੇਪਰ ਕਰਨ ਲਈ ਨਕਲ ਦੀ ਮਾੜੀ ਆਦਤ ਵੱਲੋਂ ਵਰਜਿਤ ਕਰਨਾ, ਨਾਨਕੇ ਪਿੰਡ ਦੀ ਗੱਲ ਕਰਦਿਆਂ ਓਥੋਂ ਦੀ ਮਸਤੀ ਤੇ ਨਾਨਕਿਆਂ ਵੱਲੋਂ ਪਿਆਰ ਦੀ ਗੱਲ ਕੀਤੀ ਹੈ। ਇਸੇ ਚੰਗੇ ਨੰਬਰ ਲੈ ਕੇ ਅਖ਼ਬਾਰਾਂ ਵਿੱਚ ਫੋਟੋ ਲੱਗਣ ਤੇ ਬੱਚਿਆਂ ਦਾ ਹੌਸਲਾ ਅਫ਼ਜ਼ਾਈ ਦੀ ਗੱਲ, ਇਸ ਰਚਨਾ ਵਿੱਚ ਪ੍ਰੈੱਸ ਦੀ ਗਲਤੀ ਕਰਕੇ ਗੀਤ ਦੇ ਹਰ ਅੰਤਰੇ ਦੀ ਆਖਰੀ ਲਾਈਨ ਵਿੱਚ ਮੇਰੀ ਦੀ ਥਾਂ ਤੇ ਮੇਰੇ ਲਿਖਿਆ ਗਿਆ ਹੈ, ਅੰਤਾਂ ਦੀ ਗਰਮੀ ਵਿੱਚ ਬੱਚਿਆਂ ਵੱਲੋਂ ਰੱਬ ਨੂੰ ਮੀਂਹ ਪਾਉਣ ਦੀ ਬੇਨਤੀ ਹੈ ਰੱਬਾ ਰੱਬਾ ਮੀਂਹ ਵਰਸਾ ਰਚਨਾ ਵਿੱਚ, ਮੈਨੂੰ ਪੜ੍ਹਨ ਪਾਓ ਕਵਿਤਾ ਵੀ ਵਧੀਆ ਭਵਿੱਖ ਦੀ ਹਾਮ੍ਹੀ ਭਰਦੀ ਰਚਨਾ ਹੈ।
ਸਕੂਲ ਵਾਲੀ ਬੱਸ, ਵਜ਼ੀਫਾ, ਦੀਵਾਲੀ, ਹੋ ਗਈ ਛੁੱਟੀ, ਗਰਮੀ ਦੀਆਂ ਛੁੱਟੀਆਂ, ਕੁਲਫੀ ਵਾਲਾ ਭਾਈ, ਰੱਖੜੀ ਤੇ ਅਸੀਂ ਵੀ ਪੜ੍ਹਨਾ ਚਾਹੁੰਦੇ ਹਾਂ ਵਾਲੀ ਰਚਨਾ ਗਰੀਬ ਪਰਿਵਾਰਾਂ ਦੇ ਬੱਚਿਆਂ ਪ੍ਰਤੀ ਲਿਖੀ ਬਹੁਤ ਹੀ ਭਾਵੁਕ ਕਰਨ ਵਾਲੀ ਰਚਨਾ ਹੈ, ਭੱਠੀ ਵਾਲੀ ਮਾਈ, ਬਸੰਤ ਮਾਣੋ ਬਿੱਲੀ ਨਾਲ ਬੱਚਿਆਂ ਦਾ ਪਿਆਰ, ਭਵਿੱਖ ਸਾਰੀਆਂ ਕਹਾਣੀਆਂ ਹੀ ਬਹੁਤ ਵਧੀਆ ਤੇ ਕਿਸੇ ਬੱਚਿਆਂ ਪ੍ਰਤੀ ਪ੍ਹੋੜ ਭਾਵ ਪੁਰਾਣੇ ਲੇਖਕ ਦੀਆਂ ਲਿਖੀਆਂ ਜਾਪਦੀਆਂ ਨੇ। ਇਹ ਛੋਟੀ ਜਿਹੀ ਕਿਤਾਬ ਵਿੱਚ ਬੱਚਿਆ ਦਾ ਭਵਿੱਖ ਵੀ ਸਾਭਿਆ ਹੋਇਆ ਹੈ ਤੇ ਛੋਟੇ ਬੱਚੇ ਇਸ ਨੂੰ ਜਰੂਰ ਪੜ੍ਹਨ, ਉਹਨਾਂ ਨੂੰ ਸਿੱਖਣ ਲਈ ਇਸ ਕਿਤਾਬ ਚੋਂ ਬਹੁਤ ਕੁਝ ਮਿਲੇਗਾ।
ਗੋਗੀ ਜੀਰਾ ਵਰਗੇ ਬਹੁਤ ਮਿਹਨਤੀ ਤੇ ਸਿਰੜੀ ਤੇ ਸਿਦਕੀ ਲੇਖਕ ਤੋਂ ਸਾਹਿਤ ਜਗਤ ਨੂੰ ਢੇਰ ਸਾਰੀਆਂ ਆਸਾਂ ਹਨ। ਜਿਥੇ ਇਸ ਬਾਲ ਗੀਤ ਸੰਗ੍ਰਹਿ ਨੂੰ ਸਾਹਿਤਕ ਖ਼ੇਤਰ ਵਿੱਚ ਆਉਣ ਤੇ ਆਪਾਂ ਸਭਨਾਂ ਦੋਸਤਾਂ ਮਿੱਤਰਾਂ ਨੂੰ ਗੋਗੀ ਜੀ ਨੂੰ ਵਧਾਈ ਦੇਣੀ ਬਣਦੀ ਹੈ ਓਥੇ ਇਸ ਕਲਮ ਤੋਂ ਬਾਲ ਸਾਹਿਤ ਵਿੱਚ ਹੋਰ ਵੀ ਮਿਆਰੀ ਲਿਖਤਾਂ ਨਾਲ਼ ਭਰਪੂਰ ਹਾਜਰੀ ਦੀ ਕਾਮਨਾ ਵੀ ਕਰਨੀ ਚਾਹੀਦੀ ਹੈ।