ਪੰਜਾਬ ਸਿਆਂ, ਸੁਣਦੈਂ?
(ਕਵਿਤਾ)
ਪੰਜਾਬ ਸਿਆਂ,
ਇੱਕ ਬਟਨ ਦੱਬਣ ਤੋਂ ਪਹਿਲੋਂ,
ਵਿੱਚ ਦਾਰੂ ਚੰਦ ਦਮੜਿਆਂ ਪਿੱਛੇ,
ਮੁਸਤਕਬਿਲ ਰੋੜ੍ਹਨ ਤੋਂ ਪਹਿਲੋਂ;
ਯਾਦ ਰੱਖੀਂ ਓ ਬੱਲਿਆ,
ਕਿਸ ਖਾਧੀ ਤਿਰੀ ਜਵਾਨੀ,
ਕੌਣ ਗ਼ਰਕਾ ਗਿਆ ਨਸਲਾਂ ਨੂੰ,
ਕਿਸ ਰੋਲ਼ੀ ਤਿਰੀ ਕੁਰਬਾਨੀ;
ਜਿਹੜੀ ਧਰਤ ਗੁਰਾਂ ਦੇ ਨਾਅ 'ਤੇ,
ਜਿਉਂਦੀ ਹਿੰਦੂ ਮੁਸਲ ਸਿੱਖ ਭੁਲਾ ਕੇ,
ਉਹ ਕਿਹੜਾ ਸੀ ਆਇਆ ਅਬਦਾਲੀ,
ਦਰ ਖ਼ੈਰਾਂ 'ਤੇ ਤੋਪਾਂ ਡਾਅ 'ਕੇ;
ਉਹਨਾਂ ਅਮ੍ਰਿਤ ਬੋਲਾਂ ਨੂੰ,
ਕਿਸ ਗਲੀ ਸੜਕਾਂ ਬੇਅਦਬ ਕਰਾਇਆ,
ਕਿਸ ਨਿਹੱਥੇ ਇਨਸਾਫ਼ ਲੋਚਦਿਆਂ 'ਤੇ,
ਤਸ਼ੱਦਦ ਦਾ ਮੀਂਹ ਵਰ੍ਹਾਇਆ;
ਓਏ ਘਰੋਂ ਘਰੀਂ ਚੱਕ ਕਿਸਨੇ,
ਪੁੱਤਾਂ ਦੇ ਪੁੱਤ ਮਰਵਾਏ,
ਮਾਵਾਂ ਰਹਿ ਗਈਆਂ ਵੈਣ ਪਾਉਂਦੀਆਂ,
ਮੁੜ੍ਹ ਕੁੱਜਿਆਂ ਵਿੱਚ ਨਾ ਥਿਆਏ;
ਡੰਡਾ ਵਰ੍ਹਦਾ ਮੰਗੇ ਰੁਜ਼ਗਾਰੀ,
ਸਾਰੀ ਨਸ਼ਿਆਂ 'ਤੇ ਲਾਈ ਜਵਾਨੀ,
ਦੇਖ ਫ਼ਸਲ ਮੰਡੀਆਂ ਵਿੱਚ ਰੁਲਦੀ,
ਸਪਰੇਆਂ ਪੀਅ ਮਰੇ ਕਿਸਾਨੀ;
ਕਿਸ ਖੋਹਿਆ ਪਾਣੀਆਂ ਨੂੰ,
ਕਿਸ ਬੋਲੀ ਤੇਰੀ ਤਾਲੇ ਲਗਵਾਏ,
ਕਿਹਨੇ ਆਪਣੇ ਘਰ ਦੇ ਵਿੱਚ ਹੀ,
ਬੇਗ਼ਾਨੇ ਕੀਤੇ ਧਰਤ ਦੇ ਜਾਏ;
ਸੱਥਰ ਵਿੱਛਦੇ ਜਾਵਣ ਸਭ ਪਾਸੀਂ,
ਜ਼ਹਿਰ ਘੋਲਿਆ ਹਵਾ ਤੇ ਪਾਣੀ,
ਕਿਹਨਾਂ ਪਾਈ ਰਾਹ ਪਰਵਾਸਾਂ ਦੇ,
ਕੰਵਲ ਮਿੱਟਦੀ ਮੁੱਕਦੀ ਤਿਰੀ ਕਹਾਣੀ;