ਦਰਸ਼ਨ ਸਿੰਘ ‘ਆਸ਼ਟ` ਨਾਲ ਰੂਬਰੂ
(ਖ਼ਬਰਸਾਰ)
ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਅਤੇ ਸਾਹਿਤ ਅਕਾਦਮੀ ਐਵਾਰਡੀ ਡਾ. ਦਰਸ਼ਨ ਸਿੰਘ ‘ਆਸ਼ਟ` ਨਾਲ ਪਟਿਆਲਾ-ਰਾਜਪੁਰਾ ਰੋਡ ਤੇ ਸਥਿਤ ਜਸਦੇਵ ਪਬਲਿਕ ਸਕੂਲ ਕੌਲੀ ਵਿਖੇ ਰੂਬਰੂ ਕਰਵਾਇਆ ਗਿਆ। ਆਪਣੇ ਰੂਬਰੂ ਦੌਰਾਨ ਡਾ. ਆਸ਼ਟ ਨੇ ਵੱਡੀ ਗਿਣਤੀ ਵਿਚ ਜੁੜੇ ਵਿਦਿਆਰਥੀਆਂ ਨੂੰ ਆਪਣੀ ਮਾਤ ਭਾਸ਼ਾ ਅਤੇ ਸਭਿਆਚਾਰ ਦੇ ਮੁੱਲਵਾਨ ਪਿਛੋਕੜ ਬਾਰੇ ਰੌਸ਼ਨੀ ਪਾਈ ਅਤੇ ਇਹ ਸੁਨੇਹਾ ਦਿੱਤਾ ਕਿ ਜਿਹੜੀਆਂ ਕੌਮਾਂ ਜਾਂ ਮੁਲਕ ਆਪਣੀ ਮਾਂ ਬੋਲੀ ਅਤੇ ਸਭਿਆਚਾਰ ਨੂੰ ਵਿਸਾਰ ਦਿੰਦੇ ਹਨ ਜਾਂ ਉਹਨਾਂ ਪ੍ਰਤੀ ਜਾਗਰੂਕ ਨਹੀਂ ਰਹਿੰਦੇ, ਉਹ ਨੁਕਸਾਨ ਉਠਾਉਂਦੇ ਹਨ। ਡਾ. ‘ਆਸ਼ਟ` ਨੇ ਕਿਹਾ ਕਿ ਵਿਦਿਆਰਥੀ ਵਰਗ ਨੂੰ ਪੱਛਮੀ ਸਭਿਆਚਾਰ ਪਿੱਛੇ ਲੱਗ ਕੇ ਆਪਣੀਆਂ ਜੜ੍ਹਾਂ ਅਤੇ ਵਿਰਾਸਤ ਨੂੰ ਨਹੀਂ ਭੁੱਲਣਾ ਚਾਹੀਦਾ ਕਿਉਂਕਿ ਸਦੀਆਂ ਤੋਂ ਪੰਜਾਬ ਦੀ ਜ਼ਰਖ਼ੇਜ਼ ਮਿੱਟੀ ਵਿਚ ਅਜਿਹੀ ਅਸੀਮ ਸ਼ਕਤੀ ਹੈ ਜਿੱਥੇ ਬੱਚੇ ਵੱਡੇ ਹੋ ਕੇ ਦੇਸ ਵਿਦੇਸ ਵਿਚ ਮੱਲ੍ਹਾਂ ਮਾਰਦੇ ਹਨ ਅਤੇ ਨਾਂ ਰੌਸ਼ਨ ਕਰਦੇ ਹਨ। ਇਸ ਲਈ ਆਪਣੀ ਮਾਂ ਬੋਲੀ ਜਾਂ ਸਭਿਆਚਾਰ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਅਤੇ ਇਹਨਾਂ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਕੀਮਤੀ ਪਿੱਛੋਕੜ ਦੀ ਵਾਕਫੀਅਤ ਮਿਲਦੀ ਰਹੇ।

ਇਸ ਦੌਰਾਨ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਅਨੂਪਇੰਦਰ ਕੌਰ ਸੰਧੂ ਨੇ ਕਿਹਾ ਕਿ ਉਹਨਾਂ ਦੇ ਸਕੂਲ ਵੱਲੋਂ ਸਮੇਂ ਸਮੇਂ ਤੇ ਵੱਖ ਵੱਖ ਖੇਤਰਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਨੂੰ ਬੁਲਾ ਕੇ ਵਿਦਿਆਰਥੀਆਂ ਨਾਲ ਰੂਬਰੂ ਕਰਵਾਉਣ ਦੀ ਪਰੰਪਰਾ ਹੈ ਤਾਂ ਜੋ ਵਿਦਿਆਰਥੀ ਵੱਖ ਵੱਖ ਖੇਤਰਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਦੇ ਤਜਰਬਿਆਂ ਅਤੇ ਪ੍ਰੇਰਣਾਵਾਂ ਤੋਂ ਲਾਭ ਉਠਾ ਕੇ ਜੀਵਨ ਵਿਚ ਮੰਜ਼ਿਲ ਤੇ ਪਹੁੰਚ ਸਕਣ।ਸਕੂਲ ਦੇ ਪ੍ਰਿੰਸੀਪਲ ਮੈਡਮ ਡਾ. ਸੁਰਿੰਦਰ ਕੌਰ ਵਰਮਾ ਨੇ ਕਿਹਾ ਕਿ ਡਾ. ਆਸ਼ਟ, ਜਿਨ੍ਹਾਂ ਦੀਆਂ ਲਿਖਤਾਂ ਨੂੰ ਬੱਚੇ ਆਪਣੀਆਂ ਪਾਠ ਪੁਸਤਕਾਂ ਵਿਚ ਪੜ੍ਹਦੇ ਹਨ, ਨਾਲ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਰੁਬਰੂ ਕਰਵਾ ਕੇ ਬਹੁਤ ਖੁਸ਼ੀ ਤੇ ਮਾਣ ਅਨੁਭਵ ਹੋ ਰਿਹਾ ਹੈ। ਇਸ ਤਰ੍ਰਾਂ ਦੇ ਰੂਬਰੂ ਨਾਲ ਵਿਦਿਆਰਥੀਆਂ ਦੇ ਮਨਾਂ ਵਿਚ ਖ਼ੁਦ ਵੀ ਉਸਾਰੂ ਕੰਮ ਕਰਨ ਲਈ ਊਰਜਾ ਦੇ ਸੋਮੇ ਫੁੱਟਦੇ ਹਨ। ਇਸ ਦੌਰਾਨ ਉਘੇ ਪੰਜਾਬੀ ਪੱਤਰਕਾਰ ਸ੍ਰੀ ਗੁਰਵਿੰਦਰ ਸਿੰਘ ਔਲਖ, ਸਕੂਲ ਦਾ ਪ੍ਰਬੰਧਕੀ ਅਤੇ ਅਧਿਆਪਨ ਸਟਾਫ ਵੀ ਸ਼ਾਮਿਲ ਸੀ।