ਸ਼ੈਪਰੋਨ (ਪਿਛਲ ਝਾਤ )

ਸਤਿੰਦਰ ਸਿਧੂ   

Email: satinder@baghapurana.com
Address:
ਮੋਰਿਸ ਪਲੇਨ, ਨਿਊ ਜਰਸੀ New Jersey United States 07950
ਸਤਿੰਦਰ ਸਿਧੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬੱਚਿਆਂ ਨੇ ਸਵੇਰੇ ਨੌਂ ਵਜੇ ਬੱਸ ਤੇ ਇੱਕ ਸਾਇੰਸ ਦਾ ਮਿਊਜੀਅਮ ਦੇਖਣ ਜਾਣਾ ਸੀ ਪਰ ਬੱਸ ਅਜੇ ਵੀ ਲੇਟ ਸੀ।ਦਸ ਵੱਜ ਗਏ ਸਨ। ਚੌਥੀ ਕਲਾਸ ਦੇ ਇਹ ਬੱਚੇ ਅਤੇ ਉਨਾਂ ਦੇ ਨਾਲ  ਅੱਜ ਤੋਂ ਲਗਭਗ ਛੱਬੀ ਕੁ ਸਾਲ ਪਹਿਲਾਂ ਚੌਥੀ ਕਰ ਚੁੱਕਾ ਮੈਂ ਆਪਣੀ ਬੇਟੀ ਜਸਲੀਨ ਦੇ ਨਾਲ ਸ਼ੈਪਰੋਨ ਬਣ ਕੇ ਜਾ ਰਿਹਾ ਸੀ। ਮੈਂ ਜਿੱਥੇ ਸਕੂਲ ਦੇ ਨਾਲ ਵਲੰਟੀਅਰ ਦੇ ਤੌਰ ਤੇ ਜਾ ਰਿਹਾ ਸੀ,ਉੱਥੇ ਹੀ ਮੈਂ ਇੱਕ ਤਰਾਂ ਨਾਲ ਬਚਪਨ ਨੂੰ ਦੁਬਾਰਾ ਜੀ ਰਿਹਾ ਸੀ। ਇੱਕ ਅਲੱਗ ਯੁਗ ਅਤੇ ਅਲੱਗ ਸਮੇਂ ਵਿੱਚ।
       ਵਿਦੇਸ਼ਾਂ ਵਿੱਚ ਪੜ੍ਹਾਈ ਦੇ ਤੌਰ ਤਰੀਕੇ ਭਾਂਵੇਂ ਅਲੱਗ ਹੋਣ ਪਰ ਬਚਪਨ ਅਤੇ ਸਕੂਲ ਦੋ ਅਜਿਹੀਆਂ ਚੀਜਾਂ ਹਨ ਜੋ ਹਰ ਇੱਕ ਨੇ ਮਾਣੀਆਂ ਹੰਢਾਈਆਂ ਹੁੰਦੀਆਂ ਹਨ।ਸਾਡੇ ਸਕੂਲ ਵੇਲੇ ਤਾਂ ਕਿਸੇ ਸਿਰੜੀ ਅਧਿਆਪਕ ਜਾਂ ਪਿ੍ਰੰਸੀਪਲ ਕਰਕੇ ਹੀ ਇਹਨਾਂ ਦੇ ਟੂਰ ਬਣਦੇ ਸਨ,ਪਰ ਕਈ ਮੁਲਕਾਂ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆੰ ਨੂੰ ਪੜੑਾਈ ਦੇ ਨਾਲ ਨਾਲ ਅਲੱਗ ਅਲੱਗ ਤਜਰਬਿਆਂ ਦਾ ਸਵਾਦ ਵੀ ਚਖਾਇਆ ਜਾਂਦਾ ਹੈ।
      ਜਦ ਜਸਲੀਨ ਨੇ ਇਸ ਟੂਰ ਬਾਰੇ ਸਾਨੂੰ ਸਕੂਲ ਵੱਲੋਂ ਪੇਰਿੰਟਸ ਨੂੰ ਨਾਲ ਜਾਣ ਬਾਰੇ ਗੱਲ ਪੁੱਛੀ ਤਾਂ ਮੈਂ ਝੱਟ ਹਾਂ ਕਰ ਦਿੱਤੀ ਅਤੇ ਆਪਦੇ ਕੰਮ ਤੋਂ ਵੀ ਛੁੱਟੀ ਲੈ ਲਈ।
          ਲਗਭਗ ਤੀਹ ਬੱਚਿਆਂ ਦੀ ਕਲਾਸ ਵਿੱਚ ਚਾਰ ਪੰਜ ਬੱਚੇ ਇੱਕ ਪੇਰਿੰਟ ਵਲੰਟੀਅਰ ਨੂੰ ਦੇ ਦਿੱਤੇ ਜਾਂਦੇ ਹਨ।ਸ਼ੈਪਰੋਨ ਫਰੈਂਚ ਸ਼ਬਦ ਹੈ। ਇੱਕ ਵਿਵਾਹਿਤ ਸ਼ਖਸ਼ ਜੋ ਕਿ ਜਵਾਨ ਬੱਚਿਆਂ ਦੇ ਨਾਲ ਕਿਤੇ ਪਬਲਿਕ ਜਗਾ ਤੇ ਪਾਰਟੀ ਤੇ ਉਨੑਾਂ ਦਾ ਧਿਆਨ ਰੱਖਣ ਲਈ ਜਾਂਦਾ ਹੈ ਉਸ ਨੂੰ ਕਿਹਾ ਜਾਂਦਾ ਹੈ। 
        ਉਡੀਕ ਤੋਂ ਦੋ ਘੰਟੇ ਬਾਦ ਬੱਸ ਆ ਗਈ। ਬੱਚਿਆਂ ਨੇ ਬੱਸ ਦੇਖਦੇ ਹੀ ਆਪਣੀ ਖੁਸ਼ੀ ਜਾਹਿਰ ਕਰਦੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਬੱਸ ਇਜ ਹੀਅਰ! ਬੱਸ ਇਜ ਹੀਅਰ!!
           ਬਿਨਾ ਏਅਰ ਕੰਡੀਸ਼ਨਰ ਦੀ ਬੱਸ ਅਤੇ ਤਾਜੀ ਤਾਜੀ ਹਵਾ ਇੱਕ ਵੱਖਰਾ ਹੀ ਸੁਆਦ ਦੇ ਰਹੀ ਸੀ। ਅਚਾਨਕ ਬੱਸ ਦੇ ਸਪੀਕਰਾਂ ਵਿੱਚ ਧੁਨ ਸੁਣਾਈ ਦਿੱਤੀ ਅਤੇ ਸਾਰੇ ਬੱਚੇ ਉਸਦੇ ਨਾਲ ਗਾਉਣ ਲੱਗ ਪਏ। ਆਈ ਵਾਂਟ ਟੂ ਟੇਕ ਮਾਈ ਹੌਰਸ ਟੂ ਦਾ ਔਲਡ ਟਾਊਨ ਰੋਡ..... ਕੇ        ਟਿੱਲ ਮੀ ਨਥਿੰਗ।
           ਜਸਲੀਨ ਜੋ ਸਵੇਰ ਤੋਂ ਮੇਰੇ ਉਸ ਦੇ ਨਾਲ ਹੋਣ ਕਰਕੇ ਆਪਣੀਆਂ ਸਹੇਲੀਆਂ ਨਾਲ ਖੁੱਲਕੇ ਗੱਲ ਨਹੀਂ ਕਰ ਰਹੀ ਸੀ ਉਹ ਵੀ ਇਹ ਗਾਣਾ ਸੁਣਕੇ ਬਹੁਤ ਖੁਸ਼ ਹੋ ਰਹੀ ਸੀ।ਇਹ ਦਿ੍ਰਸ਼ ਦੇਖਕੇ ਮੇਰਾ ਅੱਜ ਦਾ ਦਿਨ ਸਫਲ ਹੋ ਗਿਆ। ਇੱਕ ਨਵੀ ਧੁਨ ਜਿਸ ਨਾਲ ਨਵੀਂ ਅਤੇ ਪੁਰਾਣੀ ਪੀੜੀ( ਜਿਸ ਵਿੱਚ ਮੈਂ ਵੀ ਸ਼ਾਮਲ ਸੀ) ਨੂੰ ਆਨੰਦ ਆ ਰਿਹਾ ਸੀ।
        ਅਸੀਂ ਸਾਇੰਸ ਮਿਉਜੀਅਮ ਵਿੱਚ ਪਹੁੰਚ ਗਏ। ਮੈਂ ਬੱਚਿਆਂ ਨੂੰ ਪੁੱਛ ਲਿਆ ਕਿ ਉਹ ਕੀ ਦੇਖਣਾ ਚਾਹੁੰਦੇ ਹਨ ਮੇਰੇ ਗਰੁੱਪ ਵਿੱਚ ਅਲੈਕਸਾ,ਗਰੈਗ,ਡੇਵਿਕ ਅਤੇ ਜਸਲੀਨ ਸਨ। ਅਲੈਕਸਾ ਅਤੇ ਜਸਲੀਨ ਪਹਿਲਾਂ ਆ ਚੁੱਕੀਆਂ ਸਨ। ਅਸੀਂ ਦੋ ਥਾਂਵਾਂ ਫਾਈਨਲ ਕਰ ਲਈਆਂ।ਇੱਕ ਦਾ ਨਾਮ ਸੀ ਟੱਚ ਟੱਨਲ।ਜਿਸ ਵਿੱਚ ਤੁਸੀਂ ਇੱਕ ਸੁਰੰਗ ਵਿੱਚ ਤੁਰਨਾ ਹੈ ਉਸ ਵਿੱਚ ਪੂਰਾ ਹਨੇਰਾ ਹੋਵੇਗਾ ਅਤੇ ਦੋ ਕੁ ਫੁੱਟ ਦੀ ਉਚਾਈ ਹੋਵੇਗੀ। ਲੱਗ ਭਗ ਪੰਜ ਮਿੰਟ ਦੇ ਵਿੱਚ ਉਹ ਰਸਤਾ ਤਹਿ ਹੋ ਜਾਂਦਾ ਸੀ ਪਰ ਜਿੰਦਗੀ ਭਰ ਲਈ ਇੱਕ ਯਾਦ ਛੱਡ ਜਾਂਦਾ ਸੀ।
          ਦੂਸਰੀ ਜਗਾਹ ਸੀ, ਇੱਕ SD ਸਿਨੇਮਾ।ਜਿਸਦੀ ਸਕਰੀਨ ਇੱਕ ਆਂਡੇ ਦੀ ਤਰਾਂ ਗੋਲ ਸੀ। ਸਮਝੋ ਤੁਸੀਂ ਆਂਡੇ ਦੇ ਵਿੱਚ( ਜਰਦੀ ਵਾਲੀ ਜਗਹ) ਤੇ ਬੈਠੇ ਹੋ ਅਤੇ ਚਾਰੇ ਪਾਸੇ ਤੋਂ ਫੋਟੋ ਆ ਰਹੀ ਹੈ। ਕਈ ਵਾਰ ਕੁਝ ਨਵੇਂ ਤਜਰਬੇ ਤੁਹਾਡੀ ਜਿੰਦਗੀ ਵਿੱਚ ਇਹੋ ਜਿਹੀ ਛਾਪ ਛੱਡ ਜਾਂਦੇ ਹਨ ਕਿ ਤੁਸੀਂ ਅੱਗੇ ਤੋਂ ਉਹ ਕੰਮ ਕਰਨ ਜਾਂ ਨਾਂ ਕਰਨ ਕਰਨ ਦੀ ਸੋਚ ਬਣਾ ਲੈਂਦੇ ਹੋ। ਜਦ ਅਸੀਂ SD ਸਿਨੇਮੇ ਵਿੱਚ ਬੈਠੇ ਤਾਂ ਉਸ ਦੀਆਂ ਸੀਟਾਂ ਪੌੜੀਆਂ ਦੀ ਤਰਾਂ ਸਨ ਅਤੇ ਤੁਹਾਨੂੰ ਤੁਹਾਡੇ ਅੱਗੇ ਵਾਲੇ ਇਨਸਾਨ ਦਾ ਸਿਰ ਨਾ ਦਿਸੇ। ਜਾਂ ਕਹਿ ਲਵੋ ਜਿਵੇਂ ਕੰਧ ਤੇ ਕੁਰਸੀਆਂ ਲਾਈਆਂ ਹੋਣ। ਅਸੀਂ ਕਾਫੀ ਉਚਾਈ ਤੇ ਬੈਠ ਗਏ। ਮੈਂ ਬੱਚਿਆਂ ਨੂੰ  ਕਹਿ ਰਿਹਾ ਸੀ ਕਿ ਪਾਣੀ ਵਗੈਰਾ ਪੀ ਲਵੋ। ਮੈਂ ਦੇਖਿਆ ਕਿ ਗਰੈਗ ਘਬਰਾ ਰਿਹਾ ਹੈ।ਉਹ ਕਹਿ ਰਿਹਾ ਸੀ ਕਿ ਉਸਦਾ ਸਿਰ ਚਕਰਾ ਰਿਹਾ ਹੈ ਅਤੇ ਉਹ ਇਸ ਸਿਨੇਮਾਂ ਘਰ ਵਿੱਚੋਂ ਬਾਹਰ ਜਾਣਾ ਚਾਹੁੰਦਾ ਹੈ। ਉਹ ਕਦੇ ਬੈਠ ਤੇ ਕਦੇ ਖੜ ਰਿਹਾ ਸੀ। ਮੈਂ ਉਸ ਨੂੰ ਕਹਿ ਰਿਹਾ ਸੀ ਕਿ ਆਪਾਂ ਬਾਹਰ ਚਲਦੇ ਹਾਂ ਪਰ ਬਾਹਰ ਜਾਣਾ ਏਨਾ ਸੌਖਾ ਨਹੀਂ ਸੀ ਕਿਉਂਕਿ ਮੈਂ ਜਸਲੀਨ,ਅਲੈਕਸਾ ਅਤੇ ਡੈਵਿਕ ਨੂੰ ਵੀ ਛੱਡ ਕੇ ਨਹੀਂ ਜਾ ਸਕਦਾ ਸੀ। ਮੂਵੀ ਸ਼ੁਰੂ ਹੋਣ ਵਿੱਚ ਸਿਰਫ ਦੇ ਮਿੰਟ ਰਹਿ ਗਏ ਸਨ। ਮੈਂ ਇਨਾਂ ਦੋ ਮਿੰਟਾਂ ਦੇ ਵਿੱਚ ਵਿੱਚ ਇਸ ਸਥਿੱਤੀ ਦਾ ਹੱਲ ਕੱਢਣਾ ਸੀ ਕਿ ਗਰੈਗ ਵੀ ਮੰਨ ਜਾਵੇ ਅਤੇ ਮੈਂ ਬਾਕੀ ਬੱਚਿਆਂ ਤੋਂ ਵੀ ਦੂਰ ਨਾ ਜਾਂਵਾਂ। ਮੇਰੀ ਜੁੰਮੇਦਾਰੀ ਦਾ ਸ਼ਾਇਦ ਇਹ ਇਮਤਿਹਾਨ ਆ ਗਿਆ ਸੀ। ਆਖੀਰ ਮੈਂ ਸੋਚਿਆ ਕਿ ਇਸ ਦਾ ਹੱਲ ਗਰੈਗ ਦੇ ਦਿਮਾਗ ਵਿੱਚ ਬੈਠਾ ਡਰ ਕੱਢਕੇ ਹੀ ਹੋਵੇਗਾ। ਮੈਂ ਜੰਗ ਦੇ ਆਗਾਜ ਲਈ ਗਰੈਗ ਨਾਲ ਵਾਰਤਾਲਾਪ  ਕਰਨੀ ਸ਼ੁਰੂ ਕੀਤੀ।
      ਗਰੈਗ ਤੁਹਾਡਾ ਸਿਰ ਕਿਉ ਚਕਰਾ ਰਿਹਾ ਹੈ?
       ਗਰੈਗ ਕਹਿੰਦਾ ਕਿ ਮੈਨੂੰ ਇਸ ਜਗ੍ਹਾ ਤੋਂ ਡਰ ਲੱਗ ਰਿਹਾ ਹੈ ਕਿ ਪਤਾ ਨਹੀਂ ਕੀ ਹੋ ਜਾਵੇਗਾ।
      “ਗਰੈਗ ਯੂ ਆਰ ਵੈਰ੍ਹੀ  ਬਰੇਵ ਬੁਆਏ।ਗਰੈਗ ਯੂ ਆਰ ਵੈਰ੍ਹੀ ਸਟਰੌਗ ਬੁਆਏ”ਮਤਲਬ ਕਿ ਗਰੈਗ ਤੁਸੀਂ ਬਹੁਤ ਬਹਾਦਰ ਹੋ। ਤੁਸੀਂ ਬਹੁਤ ਤਾਕਤਵਰ ਹੋ।ਗਰੈਗ ਕਹਿੰਦਾ ਨੋ ਨੋ ਆਈ ਐਮ ਨਾਟ, ਭਾਵ ਕਿ ਨਹੀਂ।
       ਮੈਂ ਚੁੱਪ ਕਰ ਗਿਆ ਪਰ ਗਰੈਗ ਥੋੜਾ ਜਿਹਾ ਸ਼ਾਂਤ ਹੋ ਗਿਆ ਸੀ।ਮੈਂ ਫਿਰ ਗਰੈਗ ਨੂੰ ਉਹੀ ਸ਼ਬਦ ਦੁਬਾਰਾ ਬੋਲੇ।ਇਸ ਵਾਰ ਗਰੈਗ ਨੇ ਨੋ ਨੋ ਨਹੀਂ ਕਿਹਾ।
           ਹੁਣ ਮੈਂ ਦੁਬਾਰਾ ਬੋਲਣਾ ਸ਼ੁਰੂ ਕੀਤਾ।ਗਰੈਗ ਮੈਂਨੂੰ ਪਤਾ ਹੈ ਤੁਸੀਂ ਇਹ ਕਰ ਸਕਦੇ ਹੋ।ਆਪਾਂ ਇਹੀ ਦੇਖਣ ਸਵੇਰ ਤੋਂ ਐਥੇ ਆਏ ਹਾਂ,ਜੇ ਆਪਾਂ ਹੁਣ ਬਾਹਰ ਚਲੇ ਗਏ ਤਾਂ ਤੁਸੀਂ ਅੱਗੇ ਤੋਂ ਵੀ ਇਸ ਨੂੰ ਇੱਕ ਡਰ ਦੇ ਰੂਪ ਵਿੱਚ ਦੇਖੋਂਗੇ।ਅਸਲ ਵਿੱਚ ਇਹੀ ਇੱਕ ਬਹੁਤ ਵਧੀਆ ਤਜਰਬਾ ਹੈ। ਜਿਵੇਂ ਕਿ ਕੋਈ ਵੱਡਾ ਝੂਟਾ।ਹੁਣ ਤੁਹਾਡੀ ਮਰਜੀ ਹੈ ਕਿ ਤੁਸੀਂ ਅੱਜ ਆਪਦੇ ਨਾਲ ਇੱਕ ਨਵਾਂ ਤਜਰਬਾ ਲੈ ਕੇ ਜਾਣਾ ਹੈ ਜਾਂ ਡਰ।
       ਗਰੈਗ ਬੈਠ ਗਿਆ  ਆਈ ਵਿੱਲ ਵਾਚ।ਇਸਦੇ ਨਾਲ ਹੀ ਮੂਵੀ ਸ਼ੁਰੂ ਹੋ ਗਈ।ਅਸੀਂ ਪੁਲਾੜ ਦੇ ਵਿੱਚ ਪਹੁੰਚ ਗਏ ਸਾਂ। ਧਰਤੀ ਅਤੇ ਹੋਰ ਕਈ ਗ੍ਰਹਿਾਂਦੀ ਯਾਤਰਾ ਕਰ ਰਹੇ ਸਾਂ।ਰੱਬ ਦੇ ਵਿੱਚ ਇੱਕ ਮੋਰੀ ਜਿਸਨੂੰ ਬਲੈਕ ਹੋਲ ਕਿਹਾ ਜਾਂਦਾ ਹੈ।ਉਸਦੀ ਵੀਡੀਓ ਇਸ ਤਰਾਂ ਸੀ ਕਿ ਅਸੀਂ ਇਸ ਧਰਤੀ ਤੋਂ ਕਿਤੇ ਦੂਰ ਯਾਤਰਾ ਕਰ ਰਹੇ ਸੀ।
         ਮੈਂ ਗਰੈਗ ਵੱਲ ਦੇਖਿਆ ਉਹ ਬੜੀ ਸ਼ਾਂਤੀ ਨਾਲ ਇਸਦਾ ਅਨੰਦ ਮਾਣ ਰਿਹਾ ਸੀ ਅਤੇ ਪੂਰੀ ਤਰਾਂ ਪੁਲਾੜ ਵਿੱਚ ਪਹੁੰਚ ਚੁੱਕਾ ਸੀ।
          ਮੈਂਨੂੰ ਇਹ ਇੱਕ ਜਿੱਤ ਦੀ ਖੁਸ਼ੀ ਦੇ ਬਰਾਬਰ ਸੀ। ਸ਼ੋਅ ਖਤਮ ਹੋਣ ਤੋਂ ਬਾਦ ਅਸੀਂ ਸਕੂਲ ਬੱਸ ਵਿੱਚ ਬੈਠ ਕੇ ਸਮੇਂ ਮੁਤਾਬਕ ਵਾਪਸ ਆ ਗਏ।
            ਅਗਲੇ ਦਿਨ ਮੇਰੇ ਗਰੁਪ ਦੇ ਬੱਚਿਆਂ ਥੈਂਕਯੂ ਕਾਰਡ ਦਿੱਤਾ। ਸ਼ੈਪਰੋਨ ਬਣਨਾ ਮੇਰੀ ਜਿੰਦਗੀ ਦੇ ਯਾਦਗਰ ਦਿਨਾਂ ਵਿੱਚ ਸ਼ਾਮਿਲ ਹੋ ਗਿਆ।