ਲ਼ੇਬਰ ਚੌਕ 'ਚੋਂ ਖਾਲ਼ੀ ਪਰਤਦਿਆਂ
ਦਿਮਾਗ ਦੀਆਂ ਪਰਤਾਂ ਦੀਆਂ ਪੱਤਰੀਆਂ
ਤੇਜ਼ ਪਤੱਰਿਆਂ ਵਾਂਗ
ਦਿਲ ਨੂੰੰ ਚੀਰਦੀਆਂ ਜਾਂਦੀਆਂ ।
ਚਿਹਰਾ ਲਾਲ ਪੀਲਾ ਤੇ ਬੱਗਾ
ਹੋ ਹੋ ਕੇ ਨਮੋਸ਼ੀ 'ਚ ਚੁੱਪ ਰਹਿ ਜਾਂਦਾ।
ਹੱਥ ਬੇਕਾਬੂ
ਆਪਣੇ ਆਪ ਨਾਲ ਗੱਲਾਂ ਕਰਦੇ
ਕਈ ਫੈਸਲੇ ਕਰ ਕਰ ਰੱਦ ਕਰਦੇ ।
ਕਿਸ਼ਤ ਦਾ ਕੀ ਬਣੂ…?
ਰਾਸ਼ਨ ਵੀ ਮੁੱਕਾ …?
ਬੇਬੇ ਦੀ ਦਵਾਈ…?
ਬਚਿਆਂ ਦੀ ਫੀਸ…?
ਤੇ ਹੋਰ ਨਿੱਕ-ਸੁੱਕ…????
ਸਵਾਲਾਂ ਦੇ ਕਾਫਲੇ ਵੀ
ਨਾਲ ਪਰਤ ਰਹੇ ਸਨ
ਕਿ ਇਕ ਤੇਜ਼ ਹੁਟਰ
ਲਾਲ ਬੱਤੀਆਂ ਸਮੇਤ
ਮੰਤਰੀ ਦਾ ਕਾਫਲਾ
ਚੌਕ ਦੀ ਭੀੜ 'ਚੋਂ
ਬੁੱਲੇ ਵਾਂਗ ਲੰਘ ਗਿਆ
ਲੋਕ ਗੱਲਾਂ ਕਰ ਰਹੇ ਸਨ
ਕਿ ਆ ਗਏ ਸੈਸ਼ਨ 'ਚੋਂ ਪਰਤ ਕੇ
ਆਪਣੀਆਂ ਤਨਖਾਹਾਂ ਦੁਗਨੀਆਂ ਕਰਕੇ…