ਓਹ ਸੋਚ ਰਹੀ ਸੀ ! ਮਾਪਿਆਂ ਦੀ ਰਾਣੀ ਧੀ ,ਚਾਵਾਂ-ਮਲਾਰਾਂ ਨਾਲ ਪਾਲੀ ਧੀ ,ਸੋਹਣਾ ਪੜਾ-ਲਿਖਾ ਕੇ ਕਾਬਿਲ ਬਣਾਈ ਸੀ| ਲਗਰ ਵਰਗੀ ਜੱਟੀ ਦਾ ਹੁਸਨ ਲੁਸ-ਲੁਸ ਕਰਦਾ ਸੀ |
ਵਿਆਹ ਵੀ ਬਹੁਤ ਸੋਹਣਾ ਕੀਤਾ ਸੀ ਪਾਪਾ ਨੇ |ਕੋਈ ਕਮੀਂ ਨਹੀ ਛਡੀ ਸੀ ਰੀਜ੍ਹ ਲਾਹੁਣ ਵਿਚ |ਵੀਰੇ-ਭਾਭੀ ਨੇ ਵੀ ਮਾਂ ਦੀ ਕਮੀਂ ਮਹਿਸੂਸਣ ਹੀ ਨਹੀਂ ਦਿੱਤੀ ਸੀ |ਸਾਰਾ ਪਿੰਡ ਗਲਾਂ ਕਰਦਾ ਸੀ ਵਿਆਹ ਹੋਵੇ ਤਾਂ ਇੰਜ ਦਾ ਹੋਵੇ |ਤੇ ਧੀ ਹੋਵੇ ਤਾਂ ਵੀ " ਭਾਗ ਕੌਰ " ਵਰਗੀ ਹੋਵੇ |
ਚਾਈ-ਚਾਈ ਓਸ ਦੇ ਕਦਮਾਂ ਦਾ ਸੋਹਰੇ ਘਰ ਦੀ ਦੇਹ੍ਲੀਜ ਨੇ ਸਵਾਗਤ ਕੀਤਾ ਸੀ |ਜ਼ਿੰਦਗੀ ਖੂਬਸੂਰਤੀ ਦੇ ਸਭੇ ਰੰਗ ਦਿਖਾ ਰਹੀ ਸੀ |ਹੋਵੇ ਵੀ ਕਿਊਂ ਨਾ " ਭਾਗ ਕੌਰ " ਸੀ ਹੀ ਭਾਗਾਂ ਵਾਲੀ |ਜ਼ਿੰਦਗੀ ਦੀ ਹਰ ਖੁਸ਼ੀ ਮਾਣਦੀ ,ਓਹ ਖੁਦ ਦੀ ਕਿਸਮਤ ਤੇ ਰਸ਼ਕ ਕਰਿਆ ਕਰਦੀ ਸੀ | ਜਦੋਂ ਓਸ ਦੀ ਗੋਦ ਵਿਚ ,ਨਿੱਕੀ ਜਿਹੀ ਲਾਡੋ ਰਾਣੀ ਨੇ ਕਦਮ ਰਖਿਆ ਸੀ | ਓਸ ਦੀ ਦੁਨੀਆਂ ਹੋਰ ਵੀ ਸੋਹਣੀ ਹੋ ਗਈ ਸੀ |ਸਭਨਾ ਨੇ ਬੜੇ ਚਾਵਾਂ ਨਾਲ ਨਿੱਕੀ ਜਿਹੀ ਗੁੱਡੀ ਦਾ ਖੁਲੇ ਦਿਲ ਨਾਲ ਸਵਾਗਤ ਕੀਤਾ ਤੇ ਬਚੀ ਨੂੰ ਮੋਹ-ਪਿਆਰ ਵੀ ਖੂਬ ਦਿੱਤਾ | ਇਕ ਤੋਂ ਬਾਦ ਹੋਰ ਦੂਜੀ ਧੀ ਦੇ ਜਨਮ ਨੇ," ਭਾਗ ਕੌਰ " ਨੂੰ ਭਾਗਾਂਵਾਲੀ ਤੋਂ ਵਿਚਾਰੀ ਬਣਾ ਦੇਣਾ ਸ਼ੁਰੂ ਕਰ ਦਿਤਾ | ਹੁਣ ਜ਼ਿੰਦਗੀ ਦੇ ਰੰਗ ਦੋ ਧੀਆਂ ਦੇ ਪਰਛਾਵੇਂ ਹੇਠ ਮਧਮ ਪੈ ਰਹੇ ਸੀ | ਇਸ ਵਾਰ ਤਾਂ ਓਸ ਦਾ ਦਿਲ ਡੋਬੂ ਖਾ ਰਿਹਾ ਸੀ |ਇਕ ਅਨਜਾਣ ਡਰ ਨਾਲ ਡਰੀ ਹੋਈ ਸੀ ਓਹ | ਖਵਰੇ ਇਸ ਵਾਰ ਓਸ ਦੀ ਝੋਲੀ ਕੀ ਪੈਣਾ |ਉਮੀਦ ਕਰਦੀ ਸੀ ਤੇ ਖੁਦ ਨੂੰ ਹੋਸਲਾ ਦਿੰਦੀ ਸੀ | ਖਵਰੇ ਇਸ ਵਾਰ ਰੱਬ ਸੁਣ ਕੇ ਪੁੱਤ ਦੀ ਦਾਤ ਬਖਸ਼ ਦੇਵੇ | ਬੜੀਆਂ ਅਰਦਾਸਾਂ ਕਰਵਾਇਆ ਤੇ ਬੜੇ ਪੁੰਨ-ਦਾਨ ਕੀਤੇ |ਪਰ ਹੋਇਆ ਓਹੀ ਜੋ ਵਾਹਿਗੁਰੂ ਨੂੰ ਮੰਜੂਰ |
ਤੀਸਰੀ ਧੀ ਦੇ ਨੂਰ ਨੇ ਓਸ ਦੀ ਝੋਲੀ ਰੁਸ਼ਨਾਈ ਸੀ | ਓਹ ਉਲਝਨ ਵਿਚ ਧੀ ਵਲ ਤਕਦੀ ਸੋਚਦੀ |ਧੀਏ ਤੇਰਾ ਸਵਾਗਤ ਕਰਾਂ ਜਾਂ ਤੇਰੇ ਆਉਣ ਦਾ ਗੰਮ | ਉਲਝੀ ਹੋਈ ਨੇ ਧੀ ਨੂੰ ਹਿਕ ਨਾਲ ਲਾ ਲਿਆ ਸੀ |ਕਿਓਂਕਿ ਓਹ ਓਸ ਦੀ ਆਂਦਰ ਓਸਦੀ ਧੀ ਸੀ |ਅੱਜ ਓਸ ਦੇ ਕੰਨੀ ਅਵਾਜ਼ ਪਈ,ਜਿਸਨੇ ਓਸ ਦੇ ਅੰਦਰ ਦੀ ਔਰਤ ਨੂੰ ਚੀਰ ਕੇ ਰਖ ਦਿੱਤਾ ਸੀ | ਘਰ ਦੀ ਬਜੁਰਗ ਕਿਸੇ ਰਿਸ਼ਤੇਦਾਰਨੀ ਕੋਲ ਕਹਿ ਰਹੀ ਸੀ ," ਮੇਰੇ ਪੁੱਤ ਦੇ ਲੇਖ ਮਾੜੇ | ਦਲਿਦਰ ਨੇ ਦਲਿਦਰ ਜੰਮ ਧਰਿਆ | "
ਭਾਗਾਂਵਾਲੀ ਅੱਜ ਦਲਿਦਰ ਬਣ ਗਈ ਸੀ |ਕਿਊਂਕਿ ਓਹ ਅੱਜ ਤਿੰਨ ਧੀਆਂ ਦੀ ਮਾਂ ਬਣ ਗਈ ਸੀ