ਮਹਿਤਾ ਕਾਲੂ ਅਤੇ ਮਾਤਾ ਤ੍ਰਿਪਤਾ ਜੀ ਦੇ ਪੁੰਨ ਕਰਮਾਂ ਦਾ ਫਲ ਸੀ ਕਿ ਉਹਨਾਂ ਦੇ ਗ੍ਰਹਿ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ। ਗੁਰੂ ਜੀ ਦੇ ਪ੍ਰਕਾਸ਼ ਨਾਲ ਪਵਿੱਤਰ ਹੋਈ ਰਾਇ ਭੋਇ ਦੀ ਤਲਵੰਡੀ ਨਨਕਾਣਾ ਸਾਹਿਬ ਦੇ ਨਾਂ ਨਾਲ ਪ੍ਰਸਿੱਧੀ ਗ੍ਰਹਿਣ ਕਰ ਗਈ। ਬਚਪਨ ਦੇ ਕੌਤਕਾਂ ਨੇ ਹੀ ਗੁਰੂ ਜੀ ਦੀ ਸ਼ਖ਼ਸੀਅਤ ਵਿਚੋਂ ਦੈਵੀ ਪੁਰਖ ਹੋਣ ਦਾ ਪ੍ਰਗਟਾਵਾ ਕਰ ਦਿੱਤਾ ਸੀ। ਗੁਰੂ ਜੀ ਦੀ ਆਪਣੀ ਬਾਣੀ ਉਹਨਾਂ ਦੇ ਦੈਵੀ ਪੁਰਖ ਹੋਣਾ ਸਿੱਧ ਕਰਦੀ ਹੈ। ਪਰਮਾਤਮਾ ਨਾਲ ਆਪਣੀ ਅਧਿਆਤਮਕ ਸਾਂਝ ਦਾ ਪ੍ਰਗਟਾਵਾ ਕਰਦੇ ਹੋਏ ਗੁਰੂ ਜੀ ਦੱਸਦੇ ਹਨ:
ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰੁ ਮਿਲਿਆ ਸੋਈ ਜੀਉ॥ ਗੁਰੂ ਗ੍ਰੰਥ ਸਾਹਿਬ, ਪੰਨਾ ੫੯੯
ਗੁਰੂ ਨਾਨਕ ਦੇਵ ਜੀ ਦਾ ਇਹ ਬਚਨ ਉਹਨਾਂ ਦੇ ਇਸ਼ਟ ਦਾ ਵਿਖਿਆਨ ਕਰਦਾ ਹੈ। ਆਪਣਾ ਹਰ ਕਾਰਜ ਪਰਮਾਤਮਾ ਦੀ ਰਜ਼ਾ ਅਧੀਨ ਹੋ ਕੇ ਕਰਨਾ ਅਤੇ ਆਪਣਾ ਸਮੁੱਚਾ ਜੀਵਨ ਉਸ ਦੇ ਮਿਸ਼ਨ ਦੇ ਪ੍ਰਚਾਰ ਵਿਚ ਬਸਰ ਕਰ ਦੇਣਾ ਗੁਰੂ ਜੀ ਦੀ ਪ੍ਰਭੂ-ਬੰਦਗੀ ਅਤੇ ਪ੍ਰਭੂ-ਪ੍ਰੇਮ ਦਾ ਪ੍ਰੱਤਖ ਪ੍ਰਮਾਣ ਹੈ। ਸੁਲਤਾਨਪੁਰ ਲੋਧੀ ਵਿਖੇ ਵੇਈਂ ਪ੍ਰਵੇਸ਼ ਦੀ ਘਟਨਾ ਗੁਰੂ ਜੀ ਦੇ ਜੀਵਨ ਦਾ ਇਕ ਮੱਹਤਵਪੂਰਨ ਪਹਿਲੂ ਹੈ ਜਿਸ ਵਿਚ ਉਹਨਾਂ ਦੇ ਦੈਵੀ ਸੰਦੇਸ਼ ਪ੍ਰਾਪਤ ਕਰਨ ਦੇ ਸੰਕੇਤ ਮਿਲਦੇ ਹਨ। ਗੁਰੂ ਜੀ ਆਪਣੀ ਬਾਣੀ ਵਿਚ ਵੀ ਰੱਬੀ ਸੰਦੇਸ਼ ਪ੍ਰਾਪਤ ਕਰਨ ਦਾ ਜ਼ਿਕਰ ਕਰਦੇ ਹੋਏ ਕਹਿੰਦੇ ਹਨ:
ਢਾਢੀ ਸਚੈ ਮਹਲਿ ਖਸਮਿ ਬੁਲਾਇਆ॥
ਸਚੀ ਸਿਫਤਿ ਸਾਲਾਹ ਕਪੜਾ ਪਾਇਆ॥
ਸਚਾ ਅੰਮ੍ਰਿਤ ਨਾਮੁ ਭੋਜਨੁ ਆਇਆ॥ ਗੁਰੂ ਗ੍ਰੰਥ ਸਾਹਿਬ, ਪੰਨਾ ੧੫੦
ਗੁਰਬਾਣੀ, ਭਾਈ ਗੁਰਦਾਸ ਜੀ ਦੀਆਂ ਵਾਰਾਂ, ਭਾਈ ਨੰਦ ਲਾਲ ਗ੍ਰੰਥਾਵਲੀ ਅਤੇ ਜਨਮਸਾਖੀਆਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸ਼ਖ਼ਸੀਅਤ ਦੀ ਜਾਣਕਾਰੀ ਪ੍ਰਾਪਤ ਕਰਨ ਵਾਲੇ ਪ੍ਰਮੁੱਖ ਸਰੋਤ ਹਨ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਸਰੋਤ ਸਿੱਖ ਅਧਿਐਨ ਦਾ ਹਿੱਸਾ ਹਨ ਜਿਹੜੇ ਗੁਰੂ ਜੀ ਦੀ ਸ਼ਖ਼ਸੀਅਤ ਦਾ ਪ੍ਰਗਟਾਵਾ ਕਰਦੇ ਹਨ। ਇਹਨਾਂ ਸਰੋਤਾਂ ਵਿਚੋਂ ਗੁਰੂ ਜੀ ਦੇ ਸੂਰਜ ਜਿਹੇ ਤੇਜ, ਚੰਦਰਮਾ ਜਿਹੀ ਸ਼ਾਂਤੀ, ਸਮੁੰਦਰ ਜਿਹੇ ਸਹਿਜ, ਸੁਮੇਰ ਪਰਬਤ ਜਿਹੀ ਦ੍ਰਿੜਤਾ ਅਤੇ ਰੁੱਖਾਂ ਜਿਹੀ ਨਿਮਰਤਾ ਦੇ ਦਰਸ਼ਨ ਹੁੰਦੇ ਹਨ। ਸਰਬਗੁਣ ਸੰਪਨ ਗੁਰੂ ਜੀ ਦੀ ਇਕ ਦ੍ਰਿਸ਼ਟੀ ਹੀ ਮਨੁੱਖ ਦਾ ਜੀਵਨ ਬਦਲਣ ਲਈ ਕਾਫ਼ੀ ਹੈ। ਜਿਸ ਮਾਰਗ 'ਤੇ ਗੁਰੂ ਜੀ ਇਕ ਵਾਰੀ ਗਏ ਦੁਬਾਰਾ ਨਹੀਂ ਜਾ ਸਕੇ ਪਰ ਉਹਨਾਂ ਦੁਆਰਾ ਸਥਾਪਤ ਕੀਤੀ ਸੰਗਤ ਨਿਰੰਤਰ ਕਾਇਮ ਰਹੀ। ਜਿਥੇ ਗੁਰੂ ਜੀ ਦੇ ਚਰਨ ਟਿਕੇ ਉਹ ਅਸਥਾਨ ਪੂਜਣ ਯੋਗ ਹੋ ਗਏ। ਗੁਰੂ ਜੀ ਨੇ ਆਪਣਾ ਜੀਵਨ-ਪੰਧ ਜੰਗਲਾਂ, ਪਹਾੜਾਂ, ਰੇਗਿਸਤਾਨਾਂ, ਸਮੁੰਦਰਾਂ, ਨਦੀਆਂ ਆਦਿ ਰਾਹੀਂ ਤਹਿ ਕੀਤਾ ਪਰ ਕਿਤੇ ਵੀ ਕਿਸੇ ਕਿਸਮ ਦਾ ਡਰ ਅਤੇ ਦੁਬਿਧਾ ਉਹਨਾਂ ਦੇ ਜੀਵਨ ਵਿਚ ਦਿਖਾਈ ਨਹੀਂ ਦਿੰਦੀ। ਲੋਕ ਕੁੱਝ ਵੀ ਕਹਿੰਦੇ ਰਹੇ ਪਰ ਗੁਰੂ ਜੀ ਪਰਮਾਤਮਾ ਦੇ ਮਿਸ਼ਨ ਦੇ ਪ੍ਰਚਾਰ ਵਿਚ ਨਿਰੰਤਰ ਯਤਨਸ਼ੀਲ ਰਹੇ। ਲੋਕਾਈ ਨੂੰ ਸੱਚਾਈ ਅਤੇ ਸਦਾਚਾਰ ਦੇ ਮਾਰਗ 'ਤੇ ਪਾਉਣ ਲਈ ਗੁਰੂ ਜੀ ਨੇ ਜਿਹੜਾ ਕਾਰਜ ਅਰੰਭ ਕੀਤਾ ਸੀ ਉਸ ਦੇ ਰਾਹ ਵਿਚ ਜਿਹੜੀ ਵੀ ਰੁਕਾਵਟ ਆਈ, ਉਸ ਨੂੰ ਪੂਰਨ ਦ੍ਰਿੜਤਾ, ਸਹਿਜ, ਨਿਮਰਤਾ ਅਤੇ ਵਿਚਾਰ-ਚਰਚਾ ਨਾਲ ਦੂਰ ਕਰ ਦਿੱਤਾ। ਵੱਡੇ ਤੋਂ ਵੱਡੇ ਹੰਕਾਰੀ ਮਨੁੱਖਾਂ ਦੇ ਮਨ ਵਿਚ ਪ੍ਰੇਮ ਅਤੇ ਦਇਆ ਦੀ ਭਾਵਨਾ ਪੈਦਾ ਹੋਈ ਅਤੇ ਉਹਨਾਂ ਨੇ ਗੁਰੂ ਜੀ ਦੁਆਰਾ ਦਰਸਾਇਆ ਪਰਮਸਤਿ ਦਾ ਮਾਰਗ ਧਾਰਨ ਕਰ ਲਿਆ। ਜਿਹੜਾ ਵਿਚਾਰ-ਚਰਚਾ ਕਰਨ ਲਈ ਆਇਆ ਉਹ ਗੁਰੂ ਜੀ ਦੀ ਬਾਣੀ ਅੱਗੇ ਪਾਣੀ ਹੋ ਕੇ ਉਹਨਾਂ ਦੇ ਚਰਨਾਂ ਵਿਚ ਨਮਸਕਾਰ ਕਰ ਗਿਆ। ਗੁਰੂ ਜੀ ਦੀ ਮਹਿਮਾ ਬਾਰੇ ਜਿਹੜੀਆਂ ਸਾਖੀਆਂ ਸੁਣਨ ਨੂੰ ਮਿਲਦੀਆਂ ਹਨ ਸਥਾਨਕ ਲੋਕਾਂ ਦੇ ਮਨ ਵਿਚ ਸਦੀਵ ਕਾਲ ਲਈ ਮੌਜੂਦ ਹਨ ਅਤੇ ਪੀੜ੍ਹੀ-ਦਰ-ਪੀੜ੍ਹੀ ਅੱਗੇ ਚੱਲ ਰਹੀਆਂ ਹਨ।
ਗੁਰੂ ਨਾਨਕ ਦੇਵ ਜੀ ਦੀ ਦ੍ਰਿਸ਼ਟੀ ਵਿਚ ਪਰਮਾਤਮਾ ਸ੍ਰਿਸ਼ਟੀ ਦਾ ਕਰਤਾ, ਭਰਤਾ ਅਤੇ ਹਰਤਾ ਹੈ। 'ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥' ਕਹਿ ਕੇ ਗੁਰੂ ਜੀ ਨੇ ਉਸ ਦੀ ਸਦੀਵੀ ਹੋਂਦ ਦਾ ਪ੍ਰਗਟਾਵਾ ਕੀਤਾ ਹੈ। ਸ੍ਰਿਸਟੀ ਦੇ ਸਮੂਹ ਕਾਰਜ ਕਰਨ-ਕਰਾਉਣ ਵਾਲਾ ਉਹ ਆਪ ਹੈ, ਉਸੇ ਦੀ ਬੰਦਗੀ ਕਰਨ ਵਿਚ ਹੀ ਸਮੂਹ ਜੀਵਾਂ ਦਾ ਭਲਾ ਹੈ। ਗੁਰੂ ਜੀ ਪ੍ਰਭੂ ਦੀ ਮਹਿਮਾ ਦਾ ਵਿਖਿਆਨ ਕਰਦੇ ਹੋਏ ਉਸੇ ਨਾਲ ਜੁੜਨ ਦਾ ਸੰਦੇਸ਼ ਅਤੇ ਪ੍ਰੇਰਨਾ ਪੈਦਾ ਕਰਦੇ ਹਨ। ਗੁਰੂ ਜੀ ਦੀ ਦ੍ਰਿਸ਼ਟੀ ਵਿਚ ਪਰਮਾਤਮਾ ਸਰਬ-ਸ਼ਕਤੀਮਾਨ, ਸਰਬ-ਵਿਆਪਕ, ਸਰਬ-ਗਿਆਤਾ ਅਤੇ ਸਦੀਵੀ ਹੋਂਦ ਵਾਲਾ ਹੈ। ਉਸ ਦੀ ਜੋਤਿ ਨਾਲ ਹੀ ਸਮੂਹ ਜੀਵਾਂ ਦਾ ਜਨਮ ਹੁੰਦਾ ਹੈ; ਉਸ ਦੇ ਗਿਆਨ ਨਾਲ ਹੀ ਸਮੂਹ ਜੀਵਾਂ ਵਿਚ ਗਿਆਨ ਦਾ ਪ੍ਰਕਾਸ਼ ਹੁੰਦਾ ਹੈ, ਉਸ ਦੇ ਸਿਮਰਨ ਨਾਲ ਹੀ ਮੁਕਤੀ ਸੰਭਵ ਹੈ; ਉਸ ਦੀ ਬੰਦਗੀ ਨਾਲ ਹੀ ਬਦਰੂਹਾਂ ਦਾ ਨਾਸ਼ ਹੁੰਦਾ ਹੈ; ਉਸ ਦੀ ਬਖ਼ਸ਼ਿਸ਼ ਨਾਲ ਹੀ ਸਮੂਹ ਪ੍ਰਾਪਤੀਆਂ ਸੰਭਵ ਹਨ; ਉਹੀ ਸੱਚਖੰਡ ਤੱਕ ਲਿਜਾਣ ਦੇ ਸਮਰੱਥ ਹੈ; ਉਸ ਨਾਲ ਜੁੜਿਆ ਮਨੁੱਖ ਦੇਵਤਾ ਹੋ ਜਾਂਦਾ ਹੈ; ਉਸ ਦੀ ਇਕ ਛੋਹ ਮਨੁੱਖ ਨੂੰ ਪਾਰਸ ਬਣਾ ਦਿੰਦੀ ਹੈ ਜਿਹੜੀ ਕਿ ਹੋਰਨਾਂ ਦਾ ਭਲਾ ਕਰਨ ਦੇ ਸਮਰੱਥ ਹੋ ਜਾਂਦੀ ਹੈ; ਉਸੇ ਦੀ ਕਿਰਪਾ ਨਾਲ ਗੁੰਗੇ ਬੋਲਣ, ਬੋਲੇ ਸੁਣਨ ਅਤੇ ਅੰਨੇ ਦੇਖਣ ਲੱਗ ਜਾਂਦੇ ਹਨ ਅਤੇ ਉਸੇ ਦੀ ਬਖ਼ਸ਼ਿਸ਼ ਨਾਲ ਪਿੰਗਲੇ ਅੰਦਰ ਪਹਾੜ 'ਤੇ ਚੜ੍ਹਨ ਦੀ ਸ਼ਕਤੀ ਪੈਦਾ ਹੋ ਜਾਂਦੀ ਹੈ; ਉਹੀ ਨਦੀਆਂ ਵਿਚ ਟਿੱਬੇ ਅਤੇ ਮਾਰੂਥਲਾਂ ਵਿਚ ਹਰਿਆਵਲ ਪੈਦਾ ਕਰਨ ਦੇ ਸਮਰੱਥ ਹੈ; ਉਹ ਚਾਹਵੇ ਤਾਂ ਕੀੜਿਆਂ ਨੂੰ ਪਾਤਸ਼ਾਹੀ ਬਖ਼ਸ਼ ਦਿੰਦਾ ਹੈ ਅਤੇ ਵੱਡੇ ਤੋਂ ਵੱਡੇ ਸ਼ਕਤੀਸ਼ਾਲੀ ਲਸ਼ਕਰ ਨੂੰ ਸੁਆਹ ਕਰ ਸਕਦਾ ਹੈ; ਦਇਆਵਾਨ ਰੂਪ ਵਿਚ ਉਹ ਹਜ਼ਾਰਾਂ ਗੁਨਾਹ ਬਖ਼ਸ਼ ਦਿੰਦਾ ਹੈ; ਉਸ ਗੁਣੀ-ਨਿਧਾਨ ਦੇ ਕਿਸੇ ਇਕ ਪੱਖ ਨੂੰ ਵੀ ਪੂਰਨ ਰੂਪ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ ਬਲਕਿ ਸਮਰਪਿਤ ਭਾਵਨਾ ਨਾਲ ਉਸ ਦੀ ਰਜ਼ਾ ਵਿਚ ਰਹਿ ਕੇ ਜੀਵਨ ਸਫ਼ਲ ਹੋ ਸਕਦਾ ਹੈ।
ਗੁਰੂ ਨਾਨਕ ਦੇਵ ਜੀ ਲੋਕਾਈ ਨੂੰ ਪਰਮਾਤਮਾ ਦਾ ਰਾਹ ਦਿਖਾਉਂਦੇ ਹਨ ਅਤੇ ਪ੍ਰਭੂ-ਉਸਤਤ ਕਰਦੇ ਹੋਏ ਉਸ ਦੇ ਦੱਸੇ ਮਾਰਗ 'ਤੇ ਚੱਲਣ ਦੀ ਪ੍ਰੇਰਨਾ ਕਰਦੇ ਹਨ। ਗੁਰੂ ਜੀ ਆਪਣੀ ਉਪਾਸਨਾ ਨਹੀਂ ਕਰਾਉਂਦੇ ਬਲਕਿ ਉਹ ਚਾਹੁੰਦੇ ਹਨ ਕਿ ਲੋਕ ਸਦਾਚਾਰ ਦੇ ਰਾਹ 'ਤੇ ਚੱਲਣ ਜਿਹੜਾ ਕਿ ਪਰਮਾਤਮਾ ਦੀ ਬੰਦਗੀ ਵਿਚੋਂ ਪ੍ਰਗਟ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਦੇ ਜਿਹੜੇ ਗੁਣਾਂ ਦਾ ਵਿਖਿਆਨ ਕੀਤਾ, ਸ਼ਰਧਾਲੂ ਉਹੀ ਗੁਣ ਗੁਰੂ ਜੀ ਦੀ ਸ਼ਖ਼ਸੀਅਤ ਵਿਚ ਮਹਿਸੂਸ ਕਰਦੇ ਹੋਏ ਉਹਨਾਂ ਦਾ ਵਿਖਿਆਨ ਕਰਦੇ ਹਨ। ਗੁਰੂ ਜੀ ਦੀ ਸ਼ਖ਼ਸੀਅਤ ਦਾ ਪ੍ਰਭਾਵ ਇਤਨਾ ਜ਼ਿਆਦਾ ਹੈ ਕਿ ਜਿਹੜਾ ਉਹਨਾਂ ਦੀ ਦ੍ਰਿਸ਼ਟੀ ਗ੍ਰਹਿਣ ਕਰ ਜਾਂਦਾ ਹੈ, ਉਸ ਦੇ ਅੰਤਰੀਵੀ-ਗਿਆਨ ਦੀ ਜੋਤ ਪ੍ਰਗਟ ਹੋ ਜਾਂਦੀ ਹੈ ਅਤੇ ਉਹ ਸਦੀਵ ਕਾਲ ਲਈ ਸਰਬੱਤ ਦੇ ਭਲੇ ਵਾਲੇ ਸਿਧਾਂਤ ਦਾ ਧਾਰਨੀ ਹੋ ਜਾਂਦਾ ਹੈ। ਆਮ ਲੋਕ ਗੁਰੂ ਨਾਨਕ ਦੇਵ ਜੀ ਨੂੰ ਸਮੂਹ ਬੁਰਾਈਆਂ ਦਾ ਨਾਸ਼ਕ ਸਮਝਦੇ ਹਨ ਅਤੇ ਉਹਨਾਂ ਦੁਆਰਾ ਦਰਸਾਏ ਮਾਰਗ 'ਤੇ ਚੱਲਣਾ ਪੁੰਨ ਕਰਮ ਸਮਝਣ ਲੱਗ ਪੈਂਦੇ ਹਨ। ਉਹ ਮੰਨਦੇ ਹਨ ਕਿ ਜਿਹੜਾ ਵਿਅਕਤੀ ਗੁਰੂ ਜੀ ਦੇ ਮਾਰਗ ਨੂੰ ਧਾਰਨ ਕਰ ਲੈਂਦਾ ਹੈ, ਰਾਹੂ ਤੇ ਕੇਤੂ ਉਸ ਦਾ ਕੁੱਝ ਵੀ ਵਿਗਾੜ ਨਹੀਂ ਸਕਦੇ; ਮੰਗਲ, ਵੀਰਵਾਰ ਤੇ ਸ਼ਨੀਵਾਰ ਦਾ ਡਰ ਦੂਰ ਹੋ ਜਾਂਦਾ ਹੈ; ਗ੍ਰਹਿਣ ਕੁਦਰਤ ਦੀ ਸਹਿਜ ਪ੍ਰਕ੍ਰਿਆ ਲੱਗਣ ਲੱਗ ਪੈਂਦੇ ਹਨ; ਬਿੱਲੀਆਂ ਦੇ ਰਾਹ ਕੱਟਣ ਅਤੇ ਮਿਰਚਾਂ ਦੇ ਵਹਿਮ-ਭਰਮ ਬਾਕੀ ਨਹੀਂ ਰਹਿੰਦੇ; ਸ਼ੁਭ ਸ਼ਗਨ ਲਈ ਮਹੂਰਤ ਕਢਾਉਣ ਦੀ ਲੋੜ ਨਹੀਂ ਪੈਂਦੀ; ਜੋਤਿਸ਼ ਤੋਂ ਵਧੇਰੇ ਉੱਦਮ 'ਤੇ ਵਿਸ਼ਵਾਸ ਪਰਪੱਕ ਹੋ ਜਾਂਦਾ ਹੈ; ਜੀਵਾਂ ਪ੍ਰਤੀ ਪੈਦਾ ਹੋਈ ਦਇਆ ਸ਼ੁਭ-ਜੀਵਨ ਦਾ ਮਾਰਗ ਖੋਲ੍ਹਣ ਦੇ ਸਮਰੱਥ ਹੈ।
ਕਵੀਆਂ, ਕਵੀਸ਼ਰਾਂ, ਢਾਡੀਆਂ, ਵਿਦਵਾਨਾਂ, ਖੋਜੀਆਂ, ਗੁਣੀਜਨਾਂ ਆਦਿ ਨੇ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਨੂੰ ਆਪੋ-ਆਪਣੇ ਢੰਗ ਨਾਲ ਬਿਆਨ ਕੀਤਾ ਹੈ। ਇਹਨਾਂ ਵਿਚ ਉਹ ਰਚਨਾਕਾਰ ਵੀ ਸ਼ਾਮਲ ਹਨ ਜਿਹੜੇ ਗੁਰੂ ਜੀ ਨੂੰ ਸਮੂਹ ਗੁਰੂਆਂ ਵਿਚੋਂ ਸ੍ਰੇਸ਼ਟ ਸਮਝਦੇ ਹਨ, ਉਹ ਕਹਿੰਦੇ ਹਨ ਕਿ ਸਮੂਹ ਅਵਤਾਰਾਂ ਦੇ ਸਰੂਪ ਗੁਰੂ ਜੀ ਦੇ ਅੰਦਰ ਹੀ ਸਮੋਏ ਹੋਏ ਹਨ ਭਾਵ ਇਕ-ਇਕ ਅਵਤਾਰੀ ਪੁਰਖ ਦੀ ਪੂਜਾ ਕਰਨ ਨਾਲੋਂ ਗੁਰੂ ਨਾਨਕ ਦੇਵ ਜੀ ਦੀ ਬੰਦਗੀ ਹੀ ਸਰਬੋਤਮ ਹੈ ਜਿਸ ਨਾਲ ਸਮੂਹ ਅਵਤਾਰੀ ਪੁਰਖਾਂ ਦੀ ਉਸਤਤ ਆਪਣੇ ਆਪ ਹੀ ਹੋ ਜਾਂਦੀ ਹੈ। ਗੁਰੂ ਨਾਨਕ ਦੇਵ ਜੀ ਦੀ ਉਸਤਤ ਨਾਲ ਹੀ ਸਮੂਹ ਰਿਸ਼ੀਆਂ ਅਤੇ ਦੇਵਤਿਆਂ ਦੁਆਰਾ ਦਿੱਤੀਆਂ ਜਾਂਦੀਆਂ ਬਖ਼ਸ਼ਿਸ਼ਾਂ ਅਤੇ ਸਮੂਹ ਤੀਰਥਾਂ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਅਵਤਾਰਾਂ ਦਾ ਅਵਤਾਰ ਹਨ। ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਤੋਂ ਪ੍ਰਭਾਵਤ ਹੋ ਕੇ ਪਸ਼ੂ, ਪੰਛੀ, ਰਾਜੇ, ਦੇਵਤੇ ਆਦਿ ਸਭ ਜੀਵ ਗੁਰੂ ਜੀ ਦੀ ਅਰਾਧਨਾ ਕਰਦੇ ਹਨ। ਗੁਰੂ ਜੀ ਦੀ ਸ਼ਰਨ ਆਉਣ ਵਾਲੇ ਨੂੰ ਤਿੰਨ ਤਾਪ ਤੰਗ ਨਹੀਂ ਕਰਦੇ ਅਤੇ ਮੁਕਤੀ ਦਾ ਮਾਰਗ ਸੌਖਾ ਹੋ ਜਾਂਦਾ ਹੈ; ਮਨੁੱਖ ਦੇ ਸਮੂਹ ਸਵਾਸ ਸਾਰਥਕ ਹੋ ਜਾਂਦੇ ਹਨ। ਗੁਰੂ ਨਾਨਕ ਦੇਵ ਜੀ ਦੇ ਮਾਰਗ ਦਾ ਪਾਂਧੀ ਉਸ ਕਮਲ ਫੁੱਲ ਵਾਂਗ ਹੋ ਜਾਂਦਾ ਹੈ ਜਿਹੜਾ ਚਿੱਕੜ ਵਿਚ ਰਹਿ ਕੇ ਵੀ ਉਸ ਤੋਂ ਨਿਰਲੇਪ ਰਹਿੰਦਾ ਹੈ। ਜਿਵੇਂ ਪਾਣੀ ਦੇ ਉਤੇ ਰਹਿਣ ਵਾਲੇ ਜੀਵ ਜੇਕਰ ਪਾਣੀ ਵਿਚ ਚਲੇ ਵੀ ਜਾਣ ਤਾਂ ਵੀ ਉਹਨਾਂ ਦੇ ਖੰਭ ਪਾਣੀ ਵਿਚ ਨਹੀਂ ਭਿੱਜਦੇ ਉਸੇ ਤਰਾਂ ਗੁਰੂ ਜੀ ਦੇ ਦੱਸੇ ਹੋਏ ਮਾਰਗ 'ਤੇ ਚੱਲਣ ਵਾਲੇ ਮਾਇਆ ਵਿਚ ਰਹਿੰਦੇ ਹੋਏ ਵੀ ਉਸ ਤੋਂ ਪ੍ਰਭਾਵਿਤ ਨਹੀਂ ਹੁੰਦੇ। ੧੭੪੦ ਦੇ ਲਗਪਗ ਦੀਵਾਨ ਸੂਰਤ ਸਿੰਘ ਦੁਆਰਾ ਗੁਰੂ ਨਾਨਕ ਦੇਵ ਜੀ ਦੇ ਭਰੋਸੇ ਵਾਲੀ ਲਿਖੀ ਕਵਿਤਾ ਹਰ ਸ਼ਰਧਾਲੂ ਦਾ ਮਨ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੀ ਹੈ:
ਜਿਸ ਕਾ ਹੈ ਨਾਨਕ ਸ਼ਾਹ ਜੀ।
ਤਿਸ ਕੋ ਕੈਸੀ ਪਰਵਾਹ ਜੀ।
ਜਿਸ ਕਾ ਗੁਰੂ ਹਮਰਾਹੁ ਜੀ।
ਕਬਹੂੰ ਨਹੀਂ ਗੁਮਰਾਹ ਜੀ।
ਬਖ਼ਸ਼ੰਦ ਹੈ ਬਦਕਾਰ ਕਾ।
ਦਾਤਾਰ ਹੈ ਨਾਦਾਰ ਕਾ।
ਸ਼ਾਫ਼ੀ ਹੈ ਹਰ ਬੀਮਾਰ ਕਾ।
ਆਪ ਦਿਖਾਵੈ ਰਾਹ ਜੀ।
ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਦੇ ਵਿਭਿੰਨ ਗੁਣਾਂ ਦਾ ਵਿਖਿਆਨ ਰਚਨਾਕਾਰਾਂ ਦੀਆਂ ਰਚਨਾਵਾਂ ਵਿਚੋਂ ਹੁੰਦਾ ਹੈ। ਗੁਰੂ ਜੀ ਦੀ ਮਹਿਮਾ ਵਾਲੇ ਇਹ ਕੁੱਝ ਪ੍ਰਮੁੱਖ ਗੁਣ ਦੇਖੇ ਗਏ ਹਨ - ਉਧਾਰਕ (ਉਧਾਰ ਕਰਨ ਵਾਲਾ), ਅਉਧੂ (ਅਵਧੂਤ, ਵਿਰਕਤ), ਅਗਮ (ਜਿਸ ਤੱਕ ਪਹੁੰਚ ਨਹੀਂ), ਅਗਾਧ (ਜਿਸ ਨੂੰ ਜਾਣਿਆ ਨਹੀਂ ਜਾ ਸਕਦਾ), ਅਚੁਤ (ਨਾ ਡੋਲਣ ਵਾਲੇ), ਅਨੰਤ (ਜਿਸ ਦਾ ਅੰਤ ਨਹੀਂ), ਅਨਾਥਾਂ ਦੇ ਨਾਥ, ਅਪਰਮਿਤ (ਭੇਦ-ਭਾਵ ਤੋਂ ਮੁਕਤ), ਅਪਰੰਪਰ (ਗਿਣਤੀਆਂ ਮਿਣਤੀਆਂ ਤੋਂ ਪਰੇ), ਅਪਾਰ (ਜਿਸ ਦਾ ਕੋਈ ਪਾਰ ਨਹੀਂ), ਅਬਾਧ (ਜਿਸ ਉਤੇ ਕੋਈ ਬੰਧਨ ਨਹੀਂ), ਅਬੋਧ ਨਾਸਕ (ਅਗਿਆਨ ਦਾ ਨਾਸ ਕਰਨ ਵਾਲੇ), ਅਬਿਗਤ (ਸੂਝ ਦੀ ਪਕੜ ਤੋਂ ਪਰੇ), ਅਭੇਖ (ਜਿਸ ਦਾ ਕੋਈ ਨਿਸਚਿਤ ਭੇਖ ਨਹੀਂ), ਅਭੇਵ (ਨਾ ਨਿਖੇੜੇ ਜਾ ਸਕਣ ਵਾਲੇ), ਅਲਖ (ਨਾ ਜਾਣੇ ਜਾਣ ਵਾਲੇ), ਅਲੇਖ (ਕਰਮਾਂ ਦੇ ਲੇਖਾਂ ਤੋਂ ਅਜ਼ਾਦ), ਅਵਤਾਰ, ਆਚਾਰੀਆ, ਆਤਮਦੇਵ, ਆਦਿ-ਗੁਰੂ, ਆਦਿ-ਪੁਰਖ (ਪ੍ਰਭੂ), ਅੰਤਰਜਾਮੀ, ਸਬਦ ਸਰੇ (ਬਾਣੀ ਦਾ ਸੋਮਾ), ਸਭ ਕੇ ਸਿਰ ਤਾਜਾ, ਸਰਬ ਸੂਖ ਨਿਵਾਸਨੰ (ਸਾਰੇ ਸੁੱਖਾਂ ਦਾ ਘਰ), ਸਰਬ ਦੂਖ ਬਿਨਾਸਨੰ (ਸਾਰੇ ਦੁੱਖ ਦੂਰ ਕਰਨ ਵਾਲਾ), ਸਤਿ ਸਰੂਪ ਸਿਰੀ ਕਰਤਾਰਾ, ਸਤਿਗੁਰੂ, ਸੁਆਮੀ, ਸੁਖ-ਸਾਗਰ (ਸੁੱਖਾਂ ਦਾ ਸਮੁੰਦਰ), ਸੁਖ-ਦਾਨਕ (ਸੁੱਖ ਦੇਣ ਵਾਲਾ), ਸ਼ਾਹਨ ਸ਼ਾਹ (ਸ਼ਾਹਾਂ ਦਾ ਬਾਦਸ਼ਾਹ), ਸ਼ਾਫ਼ੀ (ਬੀਮਾਰ ਨੂੰ ਰਾਜ਼ੀ ਕਰਨ ਵਾਲਾ), ਕਰਤਾਰ, ਕਰੁਣਾ-ਨਿਧੀ, ਕਲਪ-ਬ੍ਰਿਖ, ਕਲਿ-ਤਾਰਕ, ਕਿਲਵਿਖ ਹਰਤਾ (ਬੁਰਾਈਆਂ ਰੂਪੀ ਜ਼ਹਿਰ ਦੂਰ ਕਰਨ ਵਾਲਾ), ਕ੍ਰਿਪਾ-ਨਿਧਾਨ, ਕ੍ਰਿਪਾ-ਸਿੰਧ (ਕਿਰਪਾ ਦਾ ਸਾਗਰ), ਗੋਬਿੰਦ-ਰੂਪ, ਜਗਤ-ਤਾਰਕ, ਕ੍ਰਿਪਾਲੂ, ਗਰੀਬ ਰੱਖਿਅਕ, ਗੁਰਮੁਖ, ਗੁਰੂ, ਗੁਰੂਅਨ ਮੈ ਗੁਰੂ, ਗੁਰਦੇਵਨ ਗੁਰਦੇਵ, ਗਿਆਨ ਸ੍ਵਰੂਪ, ਜਗਤ-ਗੁਰੂ, ਜਾਣਨਹਾਰ, ਜੋਤਿ-ਰੂਪ, ਜੋਗੀਸ਼ਵਰ, ਤਾਰਨ-ਤਰਨ, ਦਾਤਾਰ, ਦੀਨ-ਦਿਆਲ (ਦੀਨਾਂ 'ਤੇ ਕਿਰਪਾ ਕਰਨ ਵਾਲੇ), ਦੀਨਨ ਨਾਥ (ਦੀਨਾਂ ਦਾ ਨਾਥ), ਦੀਨ ਹਿਤ (ਦੀਨਾਂ ਦਾ ਹਿਤੈਸ਼ੀ), ਦੀਨ-ਬੰਧੂ (ਦੀਨਾਂ ਦਾ ਮਿੱਤਰ), ਦੁਸਟ ਦੰਡਨ (ਦੁਸ਼ਟਾਂ ਨੂੰ ਦੰਡ ਦੇਣ ਵਾਲੇ), ਦੁਰਤ ਨਿਵਾਰਣ (ਪਾਪਾਂ ਨੂੰ ਦੂਰ ਕਰਨ ਵਾਲੇ), ਦੇਵਨ ਦੇਵ (ਦੇਵਤਿਆਂ ਦੇ ਦੇਵਤੇ), ਧਰਮ ਦੇ ਨਿਸ਼ਾਨ, ਧਰਮਾਵਤਾਰ (ਧਰਮ ਦਾ ਅਵਤਾਰ), ਨਰਾਇਣ-ਸਰੂਪ, ਨਿਆਸਰਿਆਂ ਦਾ ਆਸਰਾ, ਨਿਰਬਾਨ, ਨਿਰੰਕਾਰੀ, ਪਰਉਪਕਾਰੀ, ਪਰਮਹੰਸ, ਪਰਮ-ਗੁਰੂ, ਪਰਮਾਤਮ ਪੁਰਖ, ਪਰਵਦਿਗਾਰੁ (ਪਾਲਣਹਾਰ), ਪਾਖੰਡ ਖੰਡਨ (ਪਾਖੰਡ ਦਾ ਖੰਡਨ ਕਰਨ ਵਾਲੇ), ਪਾਰਬ੍ਰਹਮ, ਪੂਰਨ ਪੁਰਖ, ਪੂਰਨ ਪ੍ਰਕਾਸ਼, ਪੂਰਨ ਬ੍ਰਹਮ, ਪੀਰ, ਪੌਣ-ਅਹਾਰੀ, ਪ੍ਰਣ-ਪਾਲਕ, ਪ੍ਰਭੂ, ਬਖ਼ਸ਼ੰਦ, ਬਾਬਾ, ਬਿਘਨ ਬਿਨਾਸਨ (ਵਿਘਨਾਂ ਨੂੰ ਦੂਰ ਕਰਨ ਵਾਲੇ), ਬ੍ਰਹਮ-ਗਿਆਨੀ, ਭਗਵਾਨ, ਭੇਦ-ਹੰਤਾ (ਭੇਦਾਂ ਨੂੰ ਮਿਟਾਉਣ ਵਾਲਾ) ਮਹਾਨ ਕ੍ਰਿਪਾਲੂ, ਮਹਾਨ ਦਿਆਲੂ, ਮੁਕਤੀਦਾਤਾ (ਮੁਕਤੀ ਪ੍ਰਦਾਨ ਕਰਨ ਵਾਲਾ), ਰਤਨਾਗਰੰ (ਰਤਨਾਂ ਦੇ ਘਰ), ਰਹੀਮ (ਰਹਿਮ ਕਰਨ ਵਾਲਾ), ਰਾਮ, ਰੱਬਾਨੀ (ਰੱਬ ਸੰਬੰਧੀ), ਵਾਸਦੇਵ (ਜਿਸ ਵਿਚ ਸਭ ਦਾ ਨਿਵਾਸ ਹੈ ਅਤੇ ਜੋ ਸਭ ਵਿਚ ਹੈ), ਵਿਸ਼੍ਵਨਾਥ (ਵਿਸ਼ਵ ਦਾ ਨਾਥ), ਵਿਸ਼੍ਵਵੇਸ਼ਵਰੰ (ਵਿਸ਼ਵ ਦਾ ਈਸ਼ਵਰ)।
ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਭਾਈ ਲਹਿਣਾ ਜੀ ਉਹਨਾਂ ਦੇ ਸਿੱਖ ਬਣੇ ਸਨ। ਪਰਮਾਤਮਾ ਦੇ ਮਿਸ਼ਨ ਨੂੰ ਅੱੱਗੇ ਲਿਜਾਣ ਵਾਲੇ ਸਮੂਹ ਗੁਣ ਭਾਈ ਲਹਿਣਾ ਜੀ ਦੇ ਜੀਵਨ ਵਿਚ ਅਨੁਭਵ ਕਰਦੇ ਹੋਏ ਗੁਰੂ ਜੀ ਨੇ ਉਹਨਾਂ ਨੂੰ ਗੁਰੂ ਅੰਗਦ ਦੇਵ ਜੀ ਦੇ ਰੂਪ ਵਿਚ ਪ੍ਰਗਟ ਕਰ ਦਿੱਤਾ ਸੀ। ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਮਨ ਵਿਚ ਵਸਾਉਣ ਵਾਲਿਆਂ ਪ੍ਰਤੀ ਇਹ ਸੰਦੇਸ਼ ਦਿੱਤਾ ਕਿ ਆਦਿ ਗੁਰੂ ਰਾਹੀਂ ਜਿਨ੍ਹਾਂ ਨੇ ਪਰਮਾਤਮਾ ਦੀ ਸਿਫ਼ਤ ਸਲਾਹ ਵਾਲਾ ਮਾਰਗ ਧਾਰਨ ਕਰ ਲਿਆ ਹੈ ਉਹਨਾਂ ਨੂੰ ਕਿਸੇ ਹੋਰ ਸਿੱਖਿਆ ਦੀ ਲੋੜ ਨਹੀਂ ਹੈ:
ਦੀਖਿਆ ਆਖਿ ਬੁਝਾਇਆ ਸਿਫਤੀ ਸਚਿ ਸਮੇਉ ॥
ਤਿਨ ਕਉ ਕਿਆ ਉਪਦੇਸੀਐ ਜਿਨ ਗੁਰੁ ਨਾਨਕ ਦੇਉ॥ ਗੁਰੂ ਗ੍ਰੰਥ ਸਾਹਿਬ, ਪੰਨਾ ੧੫੦
ਗੁਰੂ ਅਰਜਨ ਦੇਵ ਜੀ ਵੱਲੋਂ ਰਚੀ ਗਈ ਬਾਣੀ ਵਿਚੋਂ ਗੁਰੂ ਨਾਨਕ ਦੇਵ ਜੀ ਦੀ ਸਿਫ਼ਤ-ਸਲਾਹ ਵਾਲੀਆਂ ਇਹ ਪੰਕਤੀਆਂ ਅਕਸਰ ਪੜ੍ਹੀਆਂ ਜਾਂਦੀਆਂ ਹਨ:
ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ॥
ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ॥ ਗੁਰੂ ਗ੍ਰੰਥ ਸਾਹਿਬ, ਪੰਨਾ ੭੫੦
ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਅਤੇ ਮਹਿਮਾ ਨੂੰ ਸਮੂਹ ਧਰਮਾਂ, ਵਿਸ਼ਵਾਸਾਂ, ਭੂਗੋਲਿਕ ਖਿੱਤਿਆਂ, ਭਾਸ਼ਾਵਾਂ ਆਦਿ ਤੋਂ ਮੁਕਤ ਹੋ ਕੇ ਬਿਆਨ ਕੀਤਾ ਗਿਆ ਹੈ। ਗੁਰੂ ਜੀ ਦੇ ਇਸੇ ਪ੍ਰਭਾਵ ਸਦਕਾ ਭਾਰਤ ਅਤੇ ਪਾਕਿਸਤਾਨ, ਇਕ-ਦੂਜੇ ਦੇ ਵਿਰੋਧੀ ਹੋਣ ਦੇ ਬਾਵਜੂਦ ਵੀ, ਉਹਨਾਂ ਦੇ ਜੀਵਨ ਦੇ ਜੋਤੀ-ਜੋਤਿ ਸਮਾਉਣ ਵਾਲੇ ਅਸਥਾਨ ਦੀਆਂ ਰੁਕਾਵਟਾਂ ਦੂਰ ਕਰਨ ਲਈ ਯਤਨਸ਼ੀਲ ਹੋਏ ਹਨ ਤਾਂ ਕਿ ਸ਼ਰਧਾਲੂ ਉਥੋਂ ਦੇ ਖੁੱਲ੍ਹੇ ਦਰਸ਼ਨ-ਦੀਦਾਰ ਕਰ ਸਕਣ।