ਓ ਲੋਕੋ! ਰੁੱਤ ਕਿਹੋ ਜਿਹੀ ਆਈ!!
ਗਰਮੀ ਸਾਡੀ ਹੋਸ਼ ਘੁਮਾਈ!!!
ਸੂਰਜ ਅੱਗ ਵਰ੍ਹਾਈ ਜਾਵੇ।
ਸਭ ਦੀ ਹੋਸ਼ ਭੁਲਾਈ ਜਾਵੇ।
ਸਾਰੇ ਈ ਦੇਣ ਦੁਹਾਈ,
ਓ ਲੋਕੋ! ਰੁੱਤ ਕਿਹੋ ਜਿਹੀ ਆਈ!!
ਗਰਮੀ ਸਾਡੀ ਹੋਸ਼ ਘੁਮਾਈ!!!
ਕੂਲਰ ਕੰਮ ਨਾ ਕਰਦੇ।
ਪੱਖੇ ਹਉਕੇ ਭਰਦੇ।
ਬਿਜਲੀ ਕਰਦੀ ਚੋਰ-ਭਲਾਈ,
ਓ ਲੋਕੋ! ਰੁੱਤ ਕਿਹੋ ਜਿਹੀ ਆਈ!!
ਗਰਮੀ ਸਾਡੀ ਹੋਸ਼ ਘੁਮਾਈ!!!
ਉਲਟੀਆਂ-ਟੱਟੀਆਂ ਅਤੇ ਬੁਖਾਰ।
ਸਭ ਨੂੰ ਰੱਖਿਆਂ ਗੇੜਾ ਚਾੜ੍ਹ।
ਭੱਜੀਏ ਲੈਣ ਦਵਾਈ,
ਓ ਲੋਕੋ! ਰੁੱਤ ਕਿਹੋ ਜਿਹੀ ਆਈ!!
ਗਰਮੀ ਸਾਡੀ ਹੋਸ਼ ਘੁਮਾਈ-!!!
ਕਰਕੇ ਬੁਰਾ ਹਾਲ ਛੱਡਿਆ।
ਪਿੱਤ ਨੇ ਪਿੰਡਾ ਗਾਲ ਛੱਡਿਆ।
ਜਾਵੇ ਖੁਰਕ ਸਤਾਈ,
ਓ ਲੋਕੋ! ਰੁੱਤ ਕਿਹੋ ਜਿਹੀ ਆਈ!!
ਗਰਮੀ ਸਾਡੀ ਹੋਸ਼ ਘੁਮਾਈ-!!!
ਬੱਚੇ ਜਦੋਂ ਸਕੂਲੋਂ ਆਉਂਦੇ।
ਪਾਣੀ-ਪਾਣੀ ਰੱਟਾ ਲਾਉਂਦੇ।
ਕਿੱਦਾਂ ਕਰਨ ਪੜ੍ਹਾਈ,
ਓ ਲੋਕੋ! ਰੁੱਤ ਕਿਹੋ ਜਿਹੀ ਆਈ!!
ਗਰਮੀ ਸਾਡੀ ਹੋਸ਼ ਘੁਮਾਈ-!!!
ਮੱਛਰ ਖਾਂਦਾ ਵੱਢ-ਵੱਢ ਕੇ।
ਕਿੱਥੇ ਜਾਈਏ ਅਸੀਂ ਭੱਜ ਕੇ।
ਸਭ ਥਾਂ ਫਿਰੇ ਕਸਾਈ,
ਓ ਲੋਕੋ! ਰੁੱਤ ਕਿਹੋ ਜਿਹੀ ਆਈ!!
ਗਰਮੀ ਸਾਡੀ ਹੋਸ਼ ਘੁਮਾਈ-!!!
ਬੱਦਲ ਚੜ੍ਹਕੇ ਜਦ ਵੀ ਆਉਣ।
ਵਰ੍ਹ ਜਾਹ ਬੱਦਲਾ ਸਾਰੇ ਗਾਉਣ।
ਬੱਚੇ-ਬੁੱਢੇ ਮਾਈ-ਭਾਈ,
ਓ ਲੋਕੋ! ਰੁੱਤ ਕਿਹੋ ਜਿਹੀ ਆਈ!!
ਗਰਮੀ ਸਾਡੀ ਹੋਸ਼ ਘੁਮਾਈ-!!!