ਚੋਣ ਨਿਸ਼ਾਨ ਗੁੱਲੀ ਡੰਡਾ (ਪੁਸਤਕ ਪੜਚੋਲ )

ਜਸਵੀਰ ਸ਼ਰਮਾ ਦੱਦਾਹੂਰ   

Email: jasveer.sharma123@gmail.com
Cell: +91 94176 22046
Address:
ਸ੍ਰੀ ਮੁਕਤਸਰ ਸਾਹਿਬ India
ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਚੋਣ ਨਿਸ਼ਾਨ ਗੁੱਲੀ ਡੰਡਾ (ਵਿਅੰਗ ਸੰਗ੍ਰਹਿ)  
 ਲੇਖਕ: ਸਾਧੂ ਰਾਮ ਲੰਗੇਆਣਾ
ਪ੍ਰਕਾਸ਼ਨ: ਚੇਤਨਾ ਪ੍ਰਕਾਸ਼ਨ ਲੁਧਿਆਣਾ      
ਪੇਜ: ਇਕ ਸੌ ਬਾਰਾਂ     ਕੀਮਤ: ਇਕ ਸੌ ਪੰਜਾਹ ਰੁਪਏ

ਡਾਕਟਰ ਸਾਧੂ ਰਾਮ ਲੰਗੇਆਣਾ ਪੰਜਾਬ ਦੇ ਨਾਮੀ ਵਿਅੰਗਕਾਰਾਂ ਵਿਚੋਂ ਇਕ ਬਹੁਤ ਹੀ ਮਸ਼ਹੂਰ ਲੇਖਕ ਹਨ, ਉਨ੍ਹਾਂ ਦੀਆਂ ਇਸ ਹਥਲੀ ਪੁਸਤਕ ਤੋਂ ਪਹਿਲਾਂ ਚਾਰ ਕਾਵਿ ਸੰਗ੍ਰਹਿ,ਦੋ ਵਿਅੰਗ ਸੰਗ੍ਰਹਿ ਆ ਚੁੱਕੇ ਹਨ ਇਹ ਸੱਤਵੀਂ ਪੁਸਤਕ“ਚੋਣ ਨਿਸ਼ਾਨ ਗੁੱਲੀ ਡੰਡਾ“ਇਕ ਸੌ ਬਾਰਾਂ ਪੇਜਾਂ, ਤੇ ਚੌਂਤੀ ਛੋਟੇ ਛੋਟੇ ਸਮਾਜਿਕ ਵਿਸ਼ਿਆਂ ਤੇ ਕਟਾਖਸ਼ ਕਰਦੇ ਵਿਅੰਗ ਲੇਖਾਂ ਦਾ ਨਿਬੰਧ ਹੈ।
ਡਾਕਟਰ ਸਾਧੂ ਰਾਮ ਲੰਗੇਆਣਾ ਨੇ ਆਪਣੇ ਚਹੇਤੇ ਪਾਤਰ ਤਾਈ ਨਿਹਾਲੀ ਤੇ ਤਾਇਆ ਨਰੈਣਾ ਨਾਲ ਪੂਰੇ ਪੰਜਾਬ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਆਪਣੀ ਨਿਵੇਕਲੀ ਪਹਿਚਾਣ ਬਣਾਈ ਹੋਈ ਹੈ।ਤਾਈ ਨਿਹਾਲੀ ਕਲਾ ਮੰਚ ਲੰਗੇਆਣਾ ਨੂੰ ਹੋਂਦ ਵਿੱਚ ਲਿਆ ਕੇ, ਬਹੁਤ ਸਾਰੀਆਂ ਸਮਾਜਿਕ,ਤੇ ਦੁਨਿਆਵੀ ਪੱਖਾਂ ਨੂੰ ਛੋਂਹਦੀਆਂ ਹੋਈਆਂ ਟੈਲੀ ਫ਼ਿਲਮਾਂ ਵਿਚ ਵੀ ਇਕ ਮੁਕਾਮ ਹਾਸਲ ਕੀਤਾ ਹੋਇਆ ਹੈ। ਜਿਥੇ ਡਾਕਟਰ ਸਾਧੂ ਰਾਮ ਲੰਗੇਆਣਾ ਸਾਹਿਤ ਸਭਾ ਬਾਘਾ ਪੁਰਾਣਾ ਦਾ ਸਾਬਕਾ ਪ੍ਰਧਾਨ ਹੈ, ਓਥੇ ਕੇਂਦਰੀ ਲੇਖਕ ਸਭਾ ਦਾ ਸਥਾਈ ਮੈਂਬਰ ਵੀ ਹੈ। ਰੋਜ਼ਾਨਾ ਅਜੀਤ ਅਖ਼ਬਾਰ ਦਾ ਨੱਥੂ ਵਾਲਾ ਗਰਬੀ ਤੋਂ ਪੱਤਰਕਾਰਿਤਾ ਦੇ ਖੇਤਰ ਨਾਲ ਵੀ ਬਹੁਤ ਦੇਰ ਤੋਂ ਜੁੜਿਆ ਹੋਇਆ ਹੈ।
ਜੇਕਰ ਇਸ ਹਥਲੀ ਪੁਸਤਕ ਚੋਣ ਨਿਸ਼ਾਨ ਗੁੱਲੀ ਡੰਡਾ ਦੀ ਗੱਲ ਕਰੀਏ ਤਾਂ ਇਸ ਪੁਸਤਕ ਦਾ ਟਾਈਟਲ ਵੀ ਇਕ ਕੈਮਰੇ ਦੀ ਫੋਟੋ ਵਾਲਾ ਇਸਦੇ ਆਪਣੇ ਦਿਮਾਗ ਦੀ ਹੀ ਕਾਢ ਹੈ ਅਤੇ ਪਬਲਿਸ਼ਰ ਵੱਲੋਂ ਵੀ ਬਹੁਤ ਸਲਾਹਿਆ ਗਿਆ ਹੈ, ਇਕ ਨਿਵੇਕਲੀ ਪਿਰਤ ਪਾਉਂਦਿਆਂ ਨੇਤਾ ਦੇ ਰੂਪ ਵਿੱਚ ਚੋਣ ਨਿਸ਼ਾਨ ਦੀ ਪੂਰੀ ਜਾਣਕਾਰੀ ਦਿੰਦਾ ਹੋਇਆ ਡਾਕਟਰ ਸਾਧੂ ਰਾਮ ਲੰਗੇਆਣਾ ਦੇ ਨਾਲ ਉਸ ਦੇ ਜੋ ਸਾਥੀ ਵੋਟਰ ਜਾਂ ਸਪੋਰਟਰ ਦਿਸ ਰਹੇ ਹਨ ਓਹ ਵੀ ਚਾਰ ਅਲੱਗ ਅਲੱਗ ਵਰਨਾਂ ਦੇ ਭਾਵ ਅਲੱਗ ਅਲੱਗ ਬਿਰਾਦਰੀਆਂ ਨਾਲ ਸਬੰਧਿਤ ਹਨ, ਤੇ ਹਰ ਸਮੇਂ ਇਸ ਦੇ ਨਾਲ ਜੁੜੇ ਰਹਿਣ ਵਾਲੇ ਮਿੱਤਰ ਹੀ ਹਨ,ਇਸ ਕਰਕੇ ਵੀ ਇਹ ਪੁਸਤਕ ਦਾ ਟਾਈਟਲ ਦਿਲ ਲੁਭਾਉਣਾ ਤੇ ਬਹੁਤ ਪਿਆਰਾ ਹੈ।
ਜੇਕਰ ਇਸ ਵਿਚਲੇ ਛੋਟੇ ਛੋਟੇ ਵਿਸ਼ਿਆਂ ਨੂੰ ਲੈਕੇ ਲਿਖੇ ਵਿਅੰਗਾਂ ਦੀ ਗੱਲ ਕਰੀਏ ਤਾਂ ਹਰ ਇਕ ਮੁੱਦੇ ਤੇ ਢਿੱਡੀਂ ਪੀੜਾਂ ਪਾਉਣ ਵਾਲੇ ਵਿਅੰਗ ਲਿਖਕੇ ਕਿਤਾਬ ਨੂੰ ਮਿਆਰੀ ਤੇ ਯਾਦਗਾਰੀ ਪੁਸਤਕ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ।
ਿੱਕ ਲੇਖ਼ਕ ਪੱਖੋਂ ਤਾਂ ਹੈ ਹੀ ਵਾਸਤਵਿਕਤਾ ਵਿਚ ਵੀ ਡਾਕਟਰ ਸਾਧੂ ਰਾਮ ਲੰਗੇਆਣਾ ਇਕ ਮਜ਼ਾਕੀਆ ਲਹਿਜ਼ੇ ਤੇ ਸੁਭਾਅ ਵਾਲਾ ਇਨਸਾਨ ਹੈ, ਕਿਉਂਕਿ ਦਾਸ ਨਾਲ ਸਾਧੂ ਰਾਮ ਲੰਗੇਆਣਾ ਦੀ ਕਾਫੀ ਨੇੜਲੀ ਰਿਸ਼ਤੇਦਾਰੀ ਕਾਰਨ ਮੈਂ ਬਹੁਤ ਨੇੜਿਓਂ ਇਸ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ।ਦੂਜੀ ਗੱਲ ਇਸ ਦੀ ਕਹੀ ਹੋਈ ਗੱਲ ਦਾ ਕੋਈ ਵੀ ਇਨਸਾਨ ਗੁੱਸਾ ਵੀ ਨਹੀਂ ਕਰਦਾ।
ਉਸਦੇ ਲਿਖੇ ਵਿਅੰਗਾਂ ਵਿੱਚ ਕਿਤੇ ਕਟਾਖਸ਼,ਟਿੱਚਰ, ਮਸ਼ਕਰੀ, ਤੇ ਹਾਸੇ ਠੱਠੇ ਦਾ ਮਿਸ਼ਰਣ ਕਰਕੇ ਹਰ ਇਕ ਰਚਨਾ ਹੀ ਦਿਲ ਤੇ ਗਹਿਰੀ ਛਾਪ ਛੱਡਦੀ ਹੈ। ਸਮਾਜਿਕ ਸਭਿਆਚਾਰਕ ਮਸਲਿਆਂ ਤੇ ਪਰਿਵਾਰਕ ਮਸਲਿਆਂ ਤੇ ਸ਼ਬਦਾਂ ਦੇ ਡੂੰਘੇ ਪ੍ਰਭਾਵ ਨਾਲ ਹਰੇਕ ਰਚਨਾ ਢੁਕਵੀਂ ਸ਼ਬਦਾਵਲੀ ਨਾਲ ਲਬਰੇਜ਼ ਹੁੰਦੀ ਹੈ। ਡਾਕਟਰ ਸਾਧੂ ਰਾਮ ਲੰਗੇਆਣਾ ਕੋਲ ਸ਼ਬਦਾਂ ਦਾ ਅਥਾਹ ਭੰਡਾਰ ਹੈ। ਪੈਲੇਸਾਂ, ਪੰਜਾਬੀ ਸਭਿਆਚਾਰ,ਟਪੂਸੀ ਮਾਰ ਲੀਡਰ,ਚੋਣ ਨਿਸ਼ਾਨ ਗੁੱਲੀ ਡੰਡਾ ਬੇਰੁਜ਼ਗਾਰੀ, ਨਸ਼ੇ ,ਗੰਦੀ ਰਾਜਨੀਤੀ,ਪੁਲਿਸ ਕਿਰਦਾਰ,ਸਰਕਾਰੀ ਸਕੀਮਾਂ ਤੇ ਯੋਜਨਾਵਾਂ, ਭ੍ਰਿਸ਼ਟਾਚਾਰ ਅੰਨਾਂ ਕਾਨੂੰਨ, ਪ੍ਰਦੂਸ਼ਣ, ਅਜੋਕੇ ਰਾਂਝੇ,ਲੁਟੇਰਾ ਆੜ੍ਹਤੀਆਂ ਸਿਸਟਮ, ਫੋਕੀਆਂ ਯਾਰੀਆਂ ਦੋਸਤੀਆਂ,ਪੀਲੀ ਪੱਤਰਕਾਰੀ ਅਤੇ ਹੋਰ ਵੀ ਅਨੇਕਾਂ ਵਿਅੰਗਾਂ ਨੂੰ ਕਿਤਾਬ ਦਾ ਹਿੱਸਾ ਬਣਾਇਆ ਹੈ,ਤੇ ਤਿੱਖੇ ਬਾਣਾਂ ਰਾਹੀਂ ਤਿੱਖੇ ਪ੍ਰਹਾਰ ਕੀਤੇ ਹਨ।
ਲੇਖਕ ਮਾਲਵੇ ਖੇਤਰ ਨਾਲ ਹੀ ਸਬੰਧਿਤ ਕਰਕੇ ਠੇਠ ਮਲਵਈ ਭਾਸ਼ਾ ਦੀ ਵਰਤੋਂ, ਤੇ ਹਰ ਇਕ ਦੇ ਸਮਝਣ ਵਾਲੇ ਭਾਵਪੂਰਤ ਸ਼ਬਦਾਂ ਤੇ ਵਿਆਕਰਣ ਦੀ ਵਰਤੋਂ ਕਰਕੇ ਡਾਕਟਰ ਸਾਧੂ ਰਾਮ ਲੰਗੇਆਣਾ ਨੇ ਕਿਤਾਬ ਨੂੰ ਮਿਆਰੀ ਬਣਾ ਦਿੱਤਾ ਹੈ। ਡਾਕਟਰ ਸਾਧੂ ਰਾਮ ਲੰਗੇਆਣਾ ਦੀਆਂ ਵਿਅੰਗਾਤਮਕ ਰਚਨਾਵਾਂ ਅਕਸਰ ਹੀ ਅਜੀਤ ਅਖ਼ਬਾਰ ਵਿੱਚ ਵੀ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। ਜਿਥੇ ਡਾਕਟਰ ਸਾਧੂ ਰਾਮ ਲੰਗੇਆਣਾ ਕੋਲ ਵਿਸ਼ਿਆਂ ਦੀ ਭਰਮਾਰ ਹੈ ਓਥੇ ਸ਼ਬਦਾਂ ਦਾ ਵੀ ਭਰਪੂਰ ਖਜ਼ਾਨਾ ਹੈ ਤੇ ਇਨ੍ਹਾਂ ਦੋਹਾਂ ਚੀਜ਼ਾ ਨੂੰ ਵਰਤਣ ਦਾ ਤਰੀਕਾ ਤੇ ਸਲੀਕਾ ਵੀ ਹੈ, ਪਾਤਰਾਂ ਨੂੰ ਫਿਟ ਕਰਨਾ ਉਨ੍ਹਾਂ ਤੋਂ ਉਨ੍ਹਾਂ ਮੁਤਾਬਕ ਕੰਮ ਲੈਣ ਦੀ ਮੁਹਾਰਤ ਵੀ ਹਾਸਲ ਹੈ ਡਾਕਟਰ ਸਾਧੂ ਰਾਮ ਲੰਗੇਆਣਾ ਕੋਲ।
ਹੱਸਣਾ ਖੇਡਣਾ ਦਿਲ ਕਾ ਚਾਓ ਲਿਖਿਆ ਵਿਚ ਗੁਰਬਾਣੀ ਦੇ ਵਾਕ ਅਨੁਸਾਰ ਅਜੋਕੀ ਜ਼ਿੰਦਗੀ ਦੁੱਖਾਂ ਭਰੀ ਹੈ, ਆਪਣੇ ਆਪ ਨੂੰ ਸਮਤਲ ਰੱਖਣ ਲਈ ਹੱਸਣਾ ਵੀ ਬਹੁਤ ਜ਼ਰੂਰੀ ਹੈ। ਜਿਥੇ ਡਾਕਟਰ ਸਾਧੂ ਰਾਮ ਲੰਗੇਆਣਾ ਦੀ ਇਹ ਪੁਸਤਕ ਹੱਸਣ ਖੇਡਣ ਦਾ ਇਕ ਜ਼ਰੀਆ ਹੈ ਓਥੇ ਵਧੀਆ ਮੁਦਿਆਂ ਤੇ ਅਧਾਰਿਤ ਲਿਖੀ ਇਸ ਪੁਸਤਕ ਵਿੱਚ ਸਿੱਖਣ ਲਈ ਵੀ ਬਹੁਤ ਕੁੱਝ ਮਿਲਦਾ ਹੈ,।ਮੇਰੀ ਪਾਠਕਾਂ/ਸਰੋਤਿਆਂ ਤੇ ਦੋਸਤਾਂ ਮਿੱਤਰਾਂ ਨੂੰ ਇਹੀ ਰਾਇ ਹੈ ਕੀ ਐਸੀਆਂ ਪੁਸਤਕਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ। ਤੇ ਡਾਕਟਰ ਸਾਹਿਬ ਨੂੰ ਇਸ ਪੁਸਤਕ ਦੀਆਂ ਬਹੁਤ ਬਹੁਤ ਵਧਾਈਆਂ ਜੀ।