ਪੰਜਾਬ ਦੀ ਸਾਹਿਤਕ ਸਥਿਤੀ ਬਾਰੇ ਹੋਈ ਚਰਚਾ
(ਖ਼ਬਰਸਾਰ)
ਬਰੈਂਪਟਨ:- (ਪਰਮਜੀਤ ਦਿਓਲ) 'ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ' ਦੀ ਮਈ ਮਹੀਨੇ ਦੀ ਮੀਟਿੰਗ ਸੰਚਾਲਕ ਕੁਲਵਿੰਦਰ ਖਹਿਰਾ, ਬ੍ਰਜਿੰਦਰ ਗੁਲਾਟੀ, ਅਤੇ ਪਰਮਜੀਤ ਦਿਓਲ ਦੀ ਦੇਖ-ਰੇਖ ਹੇਠ 25 ਮਈ ਨੂੰ ਸਪਰਿੰਗਡੇਲ ਲਾਇਬਰੇਰੀ ਵਿੱਚ ਹੋਈ। ਇਸ ਮੀਟਿੰਗ ਵਿੱਚ ਜਿੱਥੇ ਪੰਜਾਬ ਦੀ ਸਿਆਸੀ ਅਤੇ ਸਾਹਿਤਕ ਹਾਲਤ ਬਾਰੇ ਗੱਲਬਾਤ ਹੋਈ ਓਥੇ ਰੋਮਨ ਲੇਖਕ ਹੋਰੇਸ ਦੇ ਕਾਵਿ-ਸਿਧਾਂਤ ਨੂੰ ਵੀ ਸੰਖੇਪ ਵਿੱਚ ਵਿਚਾਰਿਆ ਗਿਆ। ਭਾਰਤੀ ਫੇਰੀ ਤੋਂ ਵਾਪਸ ਆਏ ਜਰਨੈਲ ਸਿੰਘ ਕਹਾਣੀਕਾਰ ਨੇ ਕਿਹਾ ਕਿ ਭਾਵੇਂ ਭਾਰਤ ਨੂੰ ਵੱਡਾ ਲੋਕ-ਤੰਤਰ ਕਿਹਾ ਜਾਂਦਾ ਹੈ ਪਰ ਓਥੇ 'ਲੋਕ-ਤੰਤਰ' ਵਾਲ਼ੀ ਕੋਈ ਗੱਲ ਰਹਿ ਨਹੀਂ ਗਈ, ਨਿਆਂ-ਪਾਲਿਕਾ ਅਤੇ ਸਿਆਸੀ ਲੋਕਾਂ ਵਿੱਚ ਨੈਤਿਕਤਾ ਦੀ ਬਹੁਤ ਘਾਟ ਹੈ, ਇਸ ਵਾਰ ਆਮ ਚਰਚਾ ਹੈ ਕਿ ਚੋਣ-ਕਮਿਸ਼ਨ ਨੇ ਖੁੱਲ੍ਹ ਕੇ ਬੀਜੇਪੀ ਦਾ ਪੱਖ ਪੂਰਿਆ ਹੈ। ਇਸੇ ਤਰ੍ਹਾਂ ਮੀਡੀਆ 'ਤੇ ਵੀ ਇਹੋ ਹੀ ਦੋਸ਼ ਲੱਗਦਾ ਹੈ ਕਿ ਉਹ ਪੱਖਪਾਤੀ ਰਿਹਾ ਹੈ। ਜਰਨੈਲ ਸਿੰਘ ਨੇ ਕਿਹਾ ਕਿ ਬੀਜੇਪੀ ਨੇ ਪਿਛਲੇ ਪੰਜ ਸਾਲਾਂ ਦਾ ਲੇਖਾ-ਜੋਖਾ ਕਰਨ ਦੀ ਬਜਾਇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਰਾਹੀਂ ਵੋਟਾਂ ਬਟੋਰੀਆਂ ਹਨ। ਉਨ੍ਹਾਂ ਨੇ ਇਲਾਹਾਬਾਦ ਸ਼ਹਿਰ ਦੇ ਨਾਂ ਨੂੰ ਬਦਲ ਕੇ 'ਪਰਿਆਗ' ਰੱਖੇ ਜਾਣ ਨੂੰ ਧਰਮ ਦੇ ਨਾਂ 'ਤੇ ਖੇਡੀ ਜਾ ਰਹੀ ਸਿਆਸਤ ਦਾ ਅੰਗ ਦੱਸਦਿਆਂ ਕਿਹਾ ਕਿ ਮੋਦੀ ਦੇ ਦੁਬਾਰਾ ਜਿੱਤਣ ਨਾਲ਼ ਅਜਿਹੀਆਂ ਹੋਰ ਵੀ ਚਾਲਾਂ ਵਾਪਰਨ ਦਾ ਖਦਸ਼ਾ ਹੈ। ਉਨ੍ਹਾਂ ਦਾ ਇਹ ਵੀ ਵਿਚਾਰ ਸੀ ਕਿ ਲੋਕਾਂ ਵਿੱਚ ਅਨਪੜ੍ਹਤਾ ਕਾਰਨ ਚੇਤਨਤਾ ਦੀ ਘਾਟ ਹੋਣ ਕਰਕੇ ਵੀ ਵੋਟਾਂ ਦਾ ਸਹੀ ਪ੍ਰਯੋਗ ਨਹੀਂ ਹੋ ਰਿਹਾ ਤੇ ਲੋਕ ਨਿੱਕੇ ਨਿੱਕੇ ਮੁਫ਼ਾਦਾਂ ਬਦਲੇ ਵਿਕ ਜਾਂਦੇ ਨੇ। ਉਨ੍ਹਾਂ ਕਿਹਾ ਕਿ ਇੱਕ ਦੋ ਤਾਣੇ ਉਲਝੇ ਹੁੰਦੇ ਤਾਂ ਸਿੱਧੇ ਕੀਤੇ ਜਾ ਸਕਦੇ ਸਨ ਪਰ ਓਥੇ ਤਾਂ ਸਾਰੀ ਤਾਣੀ ਹੀ ਉਲ਼ਝੀ ਹੋਈ ਹੈ। ਕਾਨਫ਼ਰੰਸਾਂ ਬਾਰੇ ਉਨ੍ਹਾਂ ਕਿਹਾ ਕਿ ਤਿੰਨ-ਚਾਰ ਕਾਨਫ਼ਰੰਸਾਂ ਨੂੰ ਛੱਡ ਕੇ ਬਾਕੀ ਸਾਰੀਆਂ ਕਾਨਫ਼ਰੰਸਾਂ ਮੇਲਾ-ਗੇਲਾ ਹੀ ਸਨ।
ਪ੍ਰਿੰæ ਸਰਵਣ ਸਿੰਘ ਨੇ ਕਾਨਫ਼ਰੰਸਾਂ ਬਾਰੇ ਬੋਲਦਿਆਂ ਕਿਹਾ ਕਿ ਇਸ ਵਾਰ ਪੰਜਾਬ ਵਿੱਚ ਘੱਟੋ-ਘੱਟ ਪੰਜਾਹ ਅਜਿਹੀਆਂ ਛੋਟੀਆਂ ਮੋਟੀਆਂ ਕਾਨਫ਼ਰੰਸਾਂ ਹੋਈਆਂ ਨੇ ਜਿਨ੍ਹਾਂ ਨੂੰ 'ਇੰਟਨੈਸ਼ਨਲ ਕਾਨਫ਼ਰੰਸ" ਦਾ ਨਾਂ ਦਿੱਤਾ ਗਿਆ ਹੈ। ਇਸ ਰੁਝਾਨ ਦਾ ਕਾਰਨ ਜਿੱਥੇ ਉਨ੍ਹਾਂ ਨੇ ਕਾਲਜਾਂ ਯੂਨੀਵਰਸਿਟੀਆਂ ਨੂੰ ਮਿਲਦੀਆਂ ਸਰਕਾਰੀ ਗਰਾਂਟਾਂ ਦੀ ਵਰਤੋਂ ਦੀ ਮਜਬੂਰੀ ਦੱਸਿਆ ਓਥੇ ਇਹ ਵੀ ਕਿਹਾ ਕਿ ਹੁਣ ਪ੍ਰੋਫ਼ੈਸਰ ਬਣਨ ਲਈ ਸਰਕਾਰ ਨੇ ਸ਼ਰਤਾਂ ਹੀ ਏਨੀਆਂ ਵਧਾ ਦਿੱਤੀਆਂ ਨੇ ਕਿ ਵੱਧ ਤੋਂ ਵੱਧ ਸੈਮੀਨਾਰਾਂ ਅਤੇ ਕਾਨਫ਼ਰੰਸਾਂ ਵਿੱਚ ਪੇਪਰ ਪੜ੍ਹਨਾ ਉਨ੍ਹਾਂ ਦੀ ਮਜਬੂਰੀ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਕਾਦਮਿਕ ਖੇਤਰ ਇਹ ਨਹੀਂ ਵੇਖਦੇ ਕਿ ਕਿਹੜੇ ਵਿਸ਼ੇ 'ਤੇ ਅਤੇ ਕੀ ਬੋਲਣਾ ਹੈ, ਬਸ ਸਰਟੀਫ਼ੀਕੇਟ ਹੀ ਵੰਡੇ ਜਾ ਰਹੇ ਨੇ। ਡਾ ਬਲਜਿੰਦਰ ਸੇਖੋਂ ਨੇ ਕਿਹਾ ਕਿ ਜਿਹੜਾ ਰਾਹ ਭਾਰਤੀ ਨੇਤਾਵਾਂ ਨੇ ਫੜ ਲਿਆ ਹੈ ਉਹ ਰਾਹ ਭਾਰਤ ਨੂੰ ਗਿਰਾਵਟ ਵੱਲ ਹੀ ਲਿਜਾ ਸਕਦਾ ਹੈ। ਜਗੀਰ ਸਿੰਘ ਕਾਹਲ਼ੋਂ ਨੇ ਕਿਹਾ ਕਿ ਬੇਸ਼ੱਕ ਦੁਨੀਆਂ ਭਰ ਦਾ ਸਿਆਸੀ ਮਹੌਲ ਉਲਝਦਾ ਜਾ ਰਿਹਾ ਹੈ ਪਰ ਇਸੇ ਗਿਰਾਵਟ 'ਚੋਂ ਹੀ ਕਿਸੇ ਕ੍ਰਾਂਤੀ ਦਾ ਜਨਮ ਵੀ ਹੋ ਸਕਦਾ ਹੈ। ਕੁਲਵਿੰਦਰ ਖਹਿਰਾ ਨੇ ਕਿਹਾ ਕਿ ਇਸੇ ਕ੍ਰਾਂਤੀ ਦੀ ਆਸ ਦੀ ਚੰਗਿਆੜੀ ਨੂੰ ਮਘਦਿਆਂ ਰੱਖਣਾ ਹੀ ਲੇਖਕ ਦਾ ਫ਼ਰਜ਼ ਹੈ। ਗੁਰਦੇਵ ਸਿੰਘ ਮਾਨ, ਸੁਰਿੰਦਰਜੀਤ ਕੌਰ, ਅਤੇ ਜਸਵਿੰਦਰ ਸੰਧੂ ਨੇ ਵੀ ਆਪਣੇ ਵਿਚਾਰ ਦਿੱਤੇ।

65 ਬੀਸੀ ਵਿੱਚ ਪੈਦਾ ਹੋਏ ਰੋਮਨ ਲੇਖਕ ਹੋਰੇਸ (੍ਹੋਰਅਚe) ਦੇ ਕਾਵਿ ਸਿਧਾਂਤ ਬਾਰੇ ਬੋਲਦਿਆਂ ਕੁਲਵਿੰਦਰ ਖਹਿਰਾ ਨੇ ਹੋਰੇਸ ਵੱਲੋਂ ਸਾਹਿਤ ਨਾਲ਼ ਜੁੜੇ ਹੋਏ ਰੋਮ ਦੇ ਇੱਕ ਅਮੀਰ ਪਰਵਾਰ ਨੂੰ ਲਿਖੀ ਗਈ 476 ਲਾਈਨਾਂ ਦੀ ਕਾਵਿ-ਚਿੱਠੀ (ਜੋ ਬਾਅਦ ਵਿੱਚ Aਰਟਸ ਾ ਫੋeਟਰੇ ਦੇ ਨਾਂ ਨਾਲ਼ ਮਸ਼ਹੂਰ ਹੋਈ) ਵਿੱਚੋਂ ਹਵਾਲੇ ਦਿੰਦਿਆਂ ਕਿਹਾ ਕਿ ਤਕਰੀਬਨ 2100 ਸਾਲ ਪਹਿਲਾਂ ਇਸ ਲੇਖਕ ਵੱਲੋਂ ਪੇਸ਼ ਕੀਤੇ ਗਏ ਵਿਚਾਰ ਪੰਜਾਬੀ ਲੇਖਕਾਂ ਲਈ ਅੱਜ ਵੀ ਓਨੀ ਹੀ ਅਹਿਮੀਅਤ ਰੱਖਦੇ ਨੇ। ਉਨ੍ਹਾਂ ਕਿਹਾ ਕਿ ਹੋਰੇਸ ਦਾ ਵਿਚਾਰ ਹੈ ਕਿ ਲੋਕਾਂ ਦੇ ਦਿਲਾਂ ਤੱਕ ਪਹੁੰਚਣ ਲਈ ਲੇਖਕ ਦਾ ਆਪਣੇ ਇਲਾਕੇ ਦੇ ਮੌਜੂਦਾ ਸੱਭਿਆਚਾਰਕ ਅਤੇ ਭਾਸ਼ਾਈ ਵਰਤਾਰੇ ਤੋਂ ਵਾਕਿਫ਼ ਹੋਣਾ ਤੇ ਉਸਦੇ ਹਾਣ ਦਾ ਹੋ ਕੇ ਲਿਖਣਾ ਬਹੁਤ ਜ਼ਰੂਰੀ ਹੈ। ਹੋਰੇਸ ਦਾ ਮੰਨਣਾ ਹੈ ਕਿ ਲੇਖਕ ਜਦੋਂ ਬਾਣੀਆ ਬਣ ਕੇ ਨਫ਼ੇ-ਨੁਕਸਾਨ ਮਾਪਣ ਲੱਗ ਪੈਂਦਾ ਹੈ ਤਾਂ ਉਸਦੀ ਲਿਖਤ ਚਿਰਜੀਵੀ ਨਹੀਂ ਬਣਦੀ। ਹੋਰੇਸ ਦਾ ਕਹਿਣਾ ਹੈ ਕਿ ਲੇਖਕ ਮੂæਲ ਰੂਪ ਵਿੱਚ ਦੋ ਨਿਸ਼ਾਨੇ ਸਾਹਮਣੇ ਰੱਖ ਕੇ ਲਿਖਦਾ ਹੈ: ਪਹਿਲਾ ਪਾਠਕ ਦੇ ਮਨੋਰੌਜ਼ਨ ਦਾ ਅਤੇ ਦੂਸਰਾ ਸਮਾਜੀ ਸੇਧ ਦੇਣ ਦਾ; ਪਰ ਇੱਕ ਤੀਸਰੀ ਕਿਸਮ ਦਾ ਲੇਖਕ ਹੁੰਦਾ ਹੈ ਜੋ ਇਨ੍ਹਾਂ ਦੋਵਾਂ ਵਿਧਾਵਾਂ ਨੂੰ ਮਿਲਾ ਕੇ ਲਿਖਦਾ ਹੈ ਅਤੇ ਜੋ ਲੇਖਕ ਇਨ੍ਹਾਂ ਦੋਵਾਂ ਵਿਧਾਵਾਂ ਨੂੰ ਮਿਲ਼ਾ ਕੇ ਲਿਖਦਾ ਹੈ ਉਸੇ ਦੀ ਰਚਨਾ ਹੀ ਵੱਧ ਹਰਮਨ-ਪਿਆਰੀ ਹੁੰਦੀ ਹੈ। ਹੋਰੇਸ ਲਿਖਦਾ ਹੈ ਕਿ ਵਧੀਆ ਲੇਖਕ ਬਣਨ ਲਈ ਜਿੱਥੇ ਅੰਦਰੂਨੀ ਕਲਾ ਦਾ ਹੋਣਾ ਬਹੁਤ ਜ਼ਰੂਰੀ ਹੈ ਓਥੇ ਇਸ ਅਦਰੂਨੀ ਕਲਾ ਨੂੰ ਨਿਖਾਰਨ ਲਈ ਸਾਹਿਤਕ ਕਲਾਵਾਂ ਦਾ ਹੁਨਰ ਹੋਣਾ ਵੀ ਬਹੁਤ ਜ਼ਰੂਰੀ ਹੈ। ਹੋਰੇਸ ਸਭ ਤੋਂ ਵੱਧ ਜ਼ੋਰ ਸਾਹਿਤਕ ਅਲੋਚਨਾ ਦੀ ਅਹਿਮੀਅਤ 'ਤੇ ਦਿੰਦਾ ਹੋਇਆ ਕਹਿੰਦਾ ਹੈ ਕਿ ਇੱਕ ਬੇਝਿਜਕ ਆਲੋਚਕ ਹੀ ਤੁਹਾਨੂੰ ਸਹੀ ਰਾਇ ਦੇ ਸਕਦਾ ਹੈ। ਜੇ ਆਲੋਚਕ ਅਲੋਚਨਾ ਕਰਨ ਲੱਗਿਆਂ ਲੇਖਕ ਦੀ ਨਾਰਾਜ਼ਗੀ ਤੋਂ ਡਰਦਾ ਰਹੇਗਾ ਤਾਂ ਸਹੀ ਆਲੋਚਨਾ ਨਹੀਂ ਕਰ ਸਕੇਗਾ। ਕਿਸੇ ਨਾ ਕਿਸੇ ਰੂਪ ਵਿੱਚ ਲੇਖਕ ਵੱਲੋਂ ਅਹਿਸਾਨ ਕਰਕੇ ਕਾਣਾ ਕੀਤਾ ਗਿਆ ਆਲੋਚਕ ਜਾਂ ਪਾਠਕ ਸਿਰਫ ਤੇ ਸਿਰਫ ਫੋਕੀ ਤਾਰੀਫ਼ ਹੀ ਕਰੇਗਾ ਅਤੇ ਉਹ ਤਾਰੀਫ਼ ਕਿਸੇ ਮਰਗ 'ਤੇ ਵੈਣ ਪਾਉਣ ਲਈ ਕਿਰਾਏ 'ਤੇ ਲਿਆਂਦੀ ਗਈ ਨਾਇਣ ਦੇ ਵੈਣਾਂ ਵਰਗੀ ਹੀ ਹੁੰਦੀ ਹੈ। ਹੋਰੇਸ ਇਹ ਵੀ ਕਹਿੰਦਾ ਹੈ ਕੋਈ ਕਵਿਤਾ ਲਿਖਣ ਤੋਂ ਬਾਅਦ ਲੇਖਕ ਨੂੰ ਛਪਵਾਉਣ (ਉਸ ਸਮੇਂ ਲੋਕਾਂ ਨੂੰ ਸੁਣਾਉਣ) ਦੀ ਕਾਹਲ਼ ਨਹੀਂ ਕਰਨੀ ਚਾਹੀਦੀ ਕਿਉਂਕਿ ਅਣਛਪੀ/ਅਣਸੁਣਾਈ ਗਈ ਰਚਨਾ ਨੂੰ ਤਾਂ ਲੇਖਕ ਜਦੋਂ ਚਾਹੇ ਸੋਧ ਸਕਦਾ ਹੈ ਪਰ "ਜੋ ਸ਼ਬਦ ਇੱਕ ਵਾਰ ਬੋਲ ਦਿੱਤੇ ਜਾਂਦੇ ਨੇ ਉਨ੍ਹਾਂ ਨੂੰ ਮੁੜ ਕੇ ਘਰ ਦਾ ਰਾਹ ਨਹੀਂ ਲੱਭਦਾ।"
ਕੁਲਵਿੰਦਰ ਦੇ ਇਸ ਉਪਰਾਲੇ ਦੀ ਸਾਰਿਆਂ ਵੱਲੋਂ ਪ੍ਰਸੰਸਾ ਕੀਤੀ ਗਈ ਅਤੇ ਸਹਿਮਤੀ ਪ੍ਰਗਟਾਈ ਗਈ ਕਿ ਹਰ ਮੀਟਿੰਗ ਵਿੱਚ ਅਜਿਹੀ ਵਿਚਾਰ-ਚਰਚਾ ਛੇੜਨੀ ਬਹੁਤ ਜ਼ਰੂਰੀ ਹੈ। ਕਵਿਤਾ ਦੇ ਦੌਰ ਵਿੱਚ ਸ਼ਿਵਰਾਜ ਸਨੀ ਅਤੇ ਰਿੰਟੂ ਭਾਟੀਆ ਨੇ ਆਪਣੇ ਖ਼ੂਬਸੂਰਤ ਤਰੰਨਮ ਵਿੱਚ ਰਚਨਾਵਾਂ ਪੇਸ਼ ਕੀਤੀਆਂ ਜਦਕਿ ਭੁਪਿੰਦਰ ਦੁਲੈ, ਕੁਲਵਿੰਦਰ ਖਹਿਰਾ, ਗਿਆਨ ਸਿੰਘ ਘਈ, ਪਰਮਜੀਤ ਦਿਓਲ, ਜਸਵੰਤ ਕੌਰ, ਸੁਰਿੰਦਰਜੀਤ ਕੌਰ, ਅਤੇ ਪਹਿਲੀ ਵਾਰ ਸਟੇਜ 'ਤੇ ਪੇਸ਼ ਹੋਏ ਨੌਜਵਾਨ ਸ਼ਾਇਰ ਸਿਮਰਨਜੀਤ ਸਿੰਘ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਪੇਸ਼ ਕੀਤੀਆਂ। ਜੋਗਿੰਦਰ ਪੂਨੀ ਨੇ ਕਾਫ਼ਲੇ ਦੀਆਂ ਮੀਟਿੰਗਾਂ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਣ ਲਈ ਸੁਝਾਅ ਦਿੱਤੇ। ਮੀਟਿੰਗ ਵਿੱਚ ਮਨਮੋਹਨ ਸਿੰਘ ਗੁਲਾਟੀ, ਕਿਰਪਾਲ ਸਿੰਘ ਪੰਨੂੰ, ਪੂਰਨ ਸਿੰਘ ਪਾਂਧੀ, ਗੁਰਜਿੰਦਰ ਸੰਘੇੜਾ, ਸੁਰਿੰਦਰ ਖਹਿਰਾ, ਗੁਰਬਚਨ ਸਿੰਘ ਚਿੰਤਕ, ਚਮਕੌਰ ਸਿੰਘ ਮਾਛੀਕੇ, ਕੋਮਲਪ੍ਰੀਤ, ਦੀਪ ਖੰਗੂੜਾ, ਅਤੇ ਬਲਵਿੰਦਰ ਸਿੰਘ, ਆਦਿ ਹਾਜ਼ਰ ਸਨ। ਮੀਟਿੰਗ ਦੀ ਕਾਰਵਾਈ ਵਿੱਚ ਬ੍ਰਜਿੰਦਰ ਗੁਲਾਟੀ, ਮਨਮੋਹਨ ਗੁਲਾਟੀ, ਸੁਰਿੰਦਰ ਖਹਿਰਾ, ਅਤੇ ਗੁਰਜਿੰਦਰ ਸੰਘੇੜਾ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਜਦਕਿ ਸਟੇਜ ਦੀ ਜ਼ਿੰਮੇਂਵਾਰੀ ਕੁਲਵਿੰਦਰ ਖਹਿਰਾ ਵੱਲੋਂ ਨਿਭਾਈ ਗਈ।