'ਪਿਤਾ ਦਿਵਸ' ਮਨਾ ਕੇ ਨਵੀਂ ਪਿਰਤ ਪਾਈ
(ਖ਼ਬਰਸਾਰ)
ਕੈਲਗਰੀ: ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਵਲੋਂ ਹਰ ਮਹੀਨੇ ਆਉਣ ਵਾਲੇ ਦਿਨ ਤਿਉਹਾਰ, ਉਤਸ਼ਾਹ ਦੇ ਨਾਲ ਨਾਲ ਵਿਲੱਖਣ ਢੰਗ ਨਾਲ ਮਨਾਏ ਜਾਂਦੇ ਹਨ। ਇਸੇ ਲੜੀ ਤਹਿਤ, ਇਸ ਸਭਾ ਨੇ, ਜੂਨ ਮਹੀਨੇ ਦੀ ਮੀਟਿੰਗ ਵਿੱਚ 'ਫਾਦਰਜ਼ ਡੇ' ਵੀ ਇੱਕ ਪਿਤਾ ਦੀ ਮੌਜੂਦਗੀ ਵਿੱਚ ਮਨਾਇਆ। ਜੈਂਸਿਸ ਸੈਂਟਰ ਵਿਖੇ, ਮਹੀਨੇ ਦੇ ਤੀਜੇ ਸ਼ਨਿਚਰਵਾਰ, ਖਚਾ ਖਚ ਭਰੇ ਹਾਲ ਵਿੱਚ ਹੋਈ ਇਸ ਮੀਟਿੰਗ ਵਿੱਚ, ਹਾਲ ਹੀ ਵਿੱਚ ਇੰਡੀਆ ਤੋਂ ਆਏ- ਪ੍ਰੋਫੈਸਰ, ਲੇਖਕ ਤੇ ਰੀਸਰਚ ਸਕੌਲਰ, ਡਾਕਟਰ ਸੁਰਜੀਤ ਸਿੰਘ ਭੱਟੀ ਜੀ ਨੂੰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਕਰਕੇ, ਔਰਤਾਂ ਦੀ ਇਸ ਸਭਾ ਨੇ ਨਵੀਂ ਪਿਰਤ ਪਾਈ।
ਗੁਰਦੀਸ਼ ਗਰੇਵਾਲ ਨੇ ਹਾਲ ਹੀ ਵਿੱਚ ਹੋਏ 'ਬੋਰ ਵੈਲ' ਹਾਦਸੇ ਵਿੱਚ ਦੋ ਸਾਲ ਦੇ ਮਾਸੂਮ ਬੱਚੇ 'ਫਤਹਿਵੀਰ' ਦੀ ਮੌਤ ਤੇ ਸਭਾ ਵਲੋਂ ਸ਼ੋਕ ਪ੍ਰਗਟ ਕਰਦੇ ਹੋਏ, ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਉਹਨਾਂ ਇਸ ਘਟਨਾ ਤੇ ਲਿਖੀ ਆਪਣੀ ਸੱਜਰੀ ਕਵਿਤਾ-'ਫਤਿਹਵੀਰ ਦੀ ਪੁਕਾਰ' ਸੁਣਾ ਕੇ ਸਭ ਨੂੰ ਭਾਵੁਕ ਕਰ ਦਿੱਤਾ। ਪਿਤਾ ਦਿਵਸ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ- ਬੱਚੇ ਲਈ ਮਾਂ ਤੇ ਬਾਪ ਦੋਵੇਂ ਹੀ ਜਰੂਰੀ ਹਨ। ਗੁਰਚਰਨ ਥਿੰਦ ਨੇ 'ਫਾਦਰਜ਼ ਡੇ' ਦਾ ਪਿਛੋਕੜ ਦੱਸਦਿਆਂ ਕਿਹਾ ਕਿ- ਸਨੌਰਾ ਨਾਮ ਦੀ ਇੱਕ ਜਵਾਨ ਲੜਕੀ ਨੇ ਆਪਣੇ ਪਿਤਾ ਦੀ ਯਾਦ ਨੂੰ ਸਮਰਪਿਤ, ੧੯ ਜੂਨ ੧੯੧੦ ਵਿੱਚ ਪਿਤਾ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ- ਜਿਸ ਦੀ ਮਾਤਾ ਦੀ ਮੌਤ ਤੋਂ ਬਾਅਦ, ਉਸ ਦੇ ਬਾਪ ਨੇ ਉਹਨਾਂ ਛੇ ਭੈਣ ਭਰਾਵਾਂ ਨੂੰ ਇਕੱਲੇ ਨੇ ਪਾਲ਼ਿਆ ਸੀ। ਪਰ ੧੯੭੨ ਵਿੱਚ ਜਾ ਕੇ, ਇਸ ਦਿਨ ਦੀ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ। 'ਕਪੈਸਿਟੀ ਬਿਲਡਿੰਗ' ਦੇ ਪ੍ਰੌਜੈਕਟ ਤੇ ਕੰੰਮ ਕਰ ਰਹੇ, ਸੋਸ਼ਲ ਵਰਕਰ ਲਲਿਤਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ- ਜਿੱਥੇ ਘਰ ਪਰਿਵਾਰ ਨੂੰ ਸੰਭਾਲਣ ਲਈ ਮਾਂ ਦਾ ਹੋਣਾ ਜਰੂਰੀ ਹੈ, ਉਥੇ ਘਰ ਨੂੰ ਚਲਾਉਣ ਲਈ ਪਿਤਾ ਦਾ ਰੋਲ ਵੀ ਬਹੁਤ ਅਹਿਮ ਹੁੰਦਾ ਹੈ।

ਡਾ. ਭੱਟੀ ਨੇ ਔਰਤਾਂ ਦੀ ਸਭਾ ਵਲੋਂ ਮਾਣ ਦੇਣ ਲਈ ਧੰਨਵਾਦ ਕਰਦਿਆਂ ਕਿਹਾ- 'ਮੈਨੂੰ ਖੁਸ਼ੀ ਹੈ ਕਿ- ਮੈਂਨੂੰ ਕੈਲਗਰੀ ਵਿੱਚ ਆਉਂਦੇ ਸਾਰ ਹੀ ਇੰਨੀਆਂ ਭੈਣਾਂ ਦਾ ਪਿਆਰ ਮਿਲ ਗਿਆ ਤੇ ਮੈਂ ਅੱਜ ਇੱਥੋਂ ਬਹੁਤ ਕੁੱਝ ਸਿੱਖ ਕੇ ਜਾ ਰਿਹਾ ਹਾਂ'। ਉਹਨਾਂ ਨੇ ਸਿੱਖ ਧਰਮ ਵਿੱਚ ਔਰਤ ਦੇ ਸਥਾਨ ਤੇ ਚਾਨਣਾ ਪਾਉਣ ਉਪਰੰਤ, ਲੜਕੀਆਂ ਦੀ ਵਿਦਿਆ ਤੇ ਜ਼ੋਰ ਦਿੱਤਾ। ਉਹਨਾਂ ਨੇ 'ਘਰੇਲੂ ਹਿੰਸਾ' ਦਾ ਜ਼ਿਕਰ ਕਰਦਿਆਂ ਕਿਹਾ ਕਿ-'ਜੇ ਪਰਿਵਾਰ ਦੇ ਸਾਰੇ ਮੈਂਬਰ ਇੱਕ ਦੂਜੇ ਨੂੰ ਸੱਚਾ ਪਿਆਰ ਕਰਨ ਤਾਂ 'ਡੋਮੈਸਟਿਕ ਵਾਇੰਲੈਂਸ' ਦਾ ਸੁਆਲ ਹੀ ਪੈਦਾ ਨਹੀਂ ਹੁੰਦਾ'। ਉਸ ਤੋਂ ਬਾਅਦ, ਲੇਖਿਕਾਵਾਂ- ਗੁਰਚਰਨ ਥਿੰਦ ਤੇ ਗੁਰਦੀਸ਼ ਕੌਰ ਗਰੇਵਾਲ ਨੇ ਉਹਨਾਂ ਨੂੰ ਆਪੋ ਆਪਣੀਆਂ ਪੁਸਤਕਾਂ ਦੇ ਸੈੱਟ ਭੇਟ ਕੀਤੇ।
ਰਚਨਾਵਾਂ ਦੇ ਦੌਰ ਵਿੱਚ- ਹਰਮਿੰਦਰ ਕੌਰ ਚੁੱਘ ਨੇ, 'ਚਾਹ ਤੇ ਲੱਸੀ ਦੀ ਲੜਾਈ' ਆਪਣੇ ਵੱਖਰੇ ਅੰਦਾਜ਼ ਵਿੱਚ ਸੁਣਾ ਕੇ, ਰੰਗ ਬੰਨ੍ਹ ਦਿੱਤਾ। ਨਵੇਂ ਆਏ ਮੈਂਬਰਾਂ- ਕੁਲਵੰਤ ਕੌਰ ਗਿੱਲ, ਸਰੋਜ ਰਾਣੀ, ਬਲਜੀਤ ਕੌਰ ਤੇ ਹਰਜਿੰਦਰ ਕੌਰ ਨੇ ਆਪਣੀ ਜਾਣ ਪਛਾਣ ਕਰਾਉਣ ਬਾਅਦ- ਬੋਲੀਆਂ, ਗੀਤ ਤੇ ਸ਼ੇਅਰ ਸੁਣਾ ਕੇ ਮਹੌਲ ਸੁਰਮਈ ਕਰ ਦਿੱਤਾ। ਰਜਿੰਦਰ ਕੌਰ ਚੋਹਕਾ ਨੇ ਕਵਿਤਾ-'ਮੇਰੇ ਹਿੱਸੇ ਬੇਬੇ ਦਾ ਸੰਦੂਕ ਰਹਿ ਗਿਆ', ਸੀਮਾਂ ਚੱਠਾ ਨੇ ਗਜ਼ਲ, ਸੁਰਿੰਦਰ ਸੰਧੂ ਨੇ 'ਪਿਤਾ ਦਿਵਸ' ਤੇ ਭਾਵਪੂਰਤ ਸਤਰਾਂ, ਹਰਚਰਨ ਬਾਸੀ ਨੇ ਬਾਪੂ ਜੀ ਤੇ ਲਿਖੀ ਕਵਿਤਾ, ਗੁਰਤੇਜ ਸਿੱਧੂ ਨੇ 'ਮਾਵਾਂ ਠੰਢੀਆਂ ਛਾਵਾਂ ਬਾਪੂ ਹਵਾ ਦੇ ਬੁਲ੍ਹੇ ਨੇ', ਹਰਜੀਤ ਜੌਹਲ ਨੇ ਗੀਤ ਅਤੇ ਅੰਤ ਵਿੱਚ ਅਮਰਜੀਤ ਸੱਗੂ ਤੇ ਸਾਥਣਾਂ ਨੇ ਬੋਲੀਆਂ ਨਾਲ ਪੱਬ ਚੁੱਕ, ਗਿੱਧੇ ਦਾ ਮਹੌਲ ਸਿਰਜ ਦਿੱਤਾ।