'ਸਾਰੰਗੀ ਦੀ ਮੌਤ ਤੇ ਹੋਰ ਕਹਾਣੀਆਂ' ਲੋਕ ਅਰਪਣ (ਖ਼ਬਰਸਾਰ)


ਬਰੈਂਪਟਨ (ਟੋਰਾਂਟੋ) ਦੀਆਂ ਵੱਖ ਵੱਖ ਸਾਹਿਤਕ ਤੇ ਸਭਿਆਚਾਰਕ ਸੰਸਥਾਵਾਂ ਵਲੋਂ ਮਿੱਤਰ ਮੰਡਲ ਟੋਰਾਂਟੋ ਦੇ ਬੈਨਰ ਹੇਠ ਐਫ ਬੀ ਆਈ ਸਕੂਲ ਬਰੈਂਪਟਨ ਵਿੱਚ ਸ਼ਾਨਦਾਰ ਸਾਹਿਤਕ ਸਮਾਗਮ ਕੀਤਾ ਗਿਆ। ਇਸ ਸਮਾਗਮ ਵਿੱਚ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਗੁਰਮੀਤ ਕੜਿਆਲਵੀ ਦੀਆਂ ਕਹਾਣੀਆਂ ਦੀ ਪੁਸਤਕ "ਸਾਰੰਗੀ ਦੀ ਮੌਤ ਅਤੇ ਹੋਰ ਕਹਾਣੀਆਂ" ਲੋਕ ਅਰਪਣ ਕੀਤੀ ਗਈ। ਪੁਸਤਕ ਰਲੀਜ਼ ਕਰਨ ਦੀ ਰਸਮ ਕਹਾਣੀਕਾਰ ਜਰਨੈਲ ਸਿੰਘ, ਕਹਾਣੀਕਾਰ ਕੁਲਜੀਤ ਮਾਨ, ਰੰਗਕਰਮੀ ਕੁਲਵਿੰਦਰ ਖਹਿਰਾ , ਨਾਟਕਕਾਰ ਨਾਹਰ ਸਿੰਘ ਔਜਲਾ, ਪਾਕਿਸਤਾਨ ਤੋਂ ਆਏ ਸਾਹਿਤਕਾਰ ਪ੍ਰੋ ਅਸ਼ਿਕ ਰਹੀਲ, ਜਤਿੰਦਰ ਢਿਲੋਂ ਰੰਧਾਵਾ, ਸੁਖਪਾਲ ਕੌਰ ਸਿੱਧੂ, ਪਰਮਜੀਤ ਦਿਉਲ, ਨੌਰਥ ਅਮਰੀਕਨ ਤਰਕਸ਼ੀਲ ਸੁਸਾਇਟੀ ਦੇ ਕਨਵੀਨਰ ਸੁਖਜਿੰਦਰ ਸਿੰਘ ਸੇਖੋਂ, ਜੰਮੂ ਕਸ਼ਮੀਰ ਤੋਂ ਆਏ ਕਹਾਣੀਕਾਰ ਬਲਜੀਤ ਰੈਨਾ, ਬਲਜਿੰਦਰ ਲੇਲਣਾ ਅਤੇ ਕਹਾਣੀਕਾਰਾ ਗੁਰਮੀਤ ਪਨਾਗ ਨੇ ਨਿਭਾਈ।


               ਗੁਰਮੀਤ ਦੀਆਂ ਕਹਾਣੀਆਂ ਬਾਰੇ ਬੋਲਦਿਆਂ ਨਾਟਕਕਾਰ ਕੁਲਵਿੰਦਰ ਖਹਿਰਾ ਨੇ ਆਖਿਆ ਕਿ ਗੁਰਮੀਤ ਨੇ ਆਪਣੀਆਂ ਕਹਾਣੀਆਂ ਵਿੱਚ ਸਮਾਜ ਦੇ ਦੱਬੇ ਕੁਚਲੇ ਪੀੜਤ ਵਰਗ ਦੀ ਪੀੜਾ ਨੂੰ ਆਵਾਜ਼ ਦਿੱਤੀ ਹੈ। ਕਹਾਣੀਕਾਰ ਜਰਨੈਲ ਸਿੰਘ ਨੇ ਕਿਹਾ ਕਿ ਗੁਰਮੀਤ ਕੜਿਆਲਵੀ ਇਕ ਸਮਰੱਥ ਕਹਾਣੀਕਾਰ ਹੈ ਜਿਸਨੇ ਸਾਰੰਗੀ ਦੀ ਮੌਤ, ਆਤੂ ਖੋਜੀ, ਚੀਕ ਵਰਗੀਆਂ ਕਹਾਣੀਆਂ ਨਾਲ ਪੰਜਾਬੀ ਕਹਾਣੀ ਨੂੰ ਅਮੀਰ ਕੀਤਾ ਹੈ। ਕੁਲਜੀਤ ਮਾਨ ਨੇ ਗੁਰਮੀਤ ਕੜਿਆਲਵੀ ਨੂੰ ਇਕ ਸਮਰਪਿਤ ਕਹਾਣੀਕਾਰ ਆਖਦਿਆਂ ਉਸਦੀਆਂ ਕਹਾਣੀਆਂ ਵਿੱਚ ਪੇਸ਼ ਹੋਏ ਅਣਗੌਲੇ ਨਾਇਕਾਂ ਦੀ ਗੱਲ ਕੀਤੀ। ਨਾਹਰ ਸਿੰਘ ਔਜਲਾ ਨੇ ਗੁਰਮੀਤ ਕੜਿਆਲਵੀ ਦੇ ਨਾਟਕਾਂ 'ਤੂੰ ਜਾਹ ਡੈਡੀ, ਅਤੇ ਛਿਲਤਰਾਂ ਬਾਰੇ  ਜਾਣਕਾਰੀ ਦਿੱਤੀ। ਬੁਲਾਰਿਆਂ ਨੇ ਪੀਪਲਜ਼ ਫੋਰਮ ਬਰਗਾੜੀ ਵਲੋਂ ਪੁਸਤਕ ਪ੍ਰਕਾਸ਼ਿਤ ਕਰਨ ਦੇ ਉੱਦਮ ਦੀ ਸ਼ਾਲਾਘਾ ਕੀਤੀ। ਡਾ ਕੰਵਲਜੀਤ ਢਿਲੋਂ ਨੇ ਗੁਰਮੀਤ ਕੜਿਆਲਵੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ।
               ਪ੍ਰੋ ਜਗੀਰ ਕਾਹਲੋਂ, ਰਵਿੰਦਰਪਾਲ ਸਿੰਘ ਸੰਧੂ, ਸ਼ਿਵਰਾਜ , ਡਾ ਕੰਵਲਜੀਤ ਢਿਲੋਂ , ਪੰਜਾਬੀ ਕਹਾਣੀਕਾਰ ਤੇ ਕਵਿਤਰੀ ਸੁਰਜੀਤ ਕੌਰ, ਪਿਆਰਾ ਸਿੰਘ ਕੁੱਦੋਵਾਲ, ਡਾ ਸੰਤੋਸ਼ ਖੰਨਾ, ਤਰਕਸ਼ੀਲ ਆਗੂ ਬਲਦੇਵ ਰਹਿਪਾ, ਨਿਰਮਲ ਸੰਧੂ, ਬਲਰਾਜ ਸ਼ੋਕਰ, ਮਹਿਕ , ਮਾਨਸਾ ਦੇ ਸ਼ਾਇਰ ਬਲਜੀਤ ਪਾਲ ਸਿੰਘ, ਹਰਵਿੰਦਰ ਸਿਰਸਾ ,ਰੰਗਮੰਚ ਨਾਲ ਜੁੜੇ  ਹੀਰਾ ਰੰਧਾਵਾ, ਰਿੰਟੂ ਭਾਟੀਆ, ਡਾ ਸੰਤੋਸ਼ ਖੰਨਾ, ਬਲਜੀਤ ਕੌਰ ਰੰਧਾਵਾ, ਨਸੀਬ ਕੌਰ ਕੜਿਆਲ, ਤੇ ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲੀਆਂ ਬਹੁਤ ਸਾਰੀਆਂ ਸਖਸ਼ੀਅਤਾਂ ਇਸ ਮੌਕੇ ਹਾਜ਼ਰ ਸਨ।
             ਸਮਾਗਮ ਦੀ ਮੰਚ ਸੰਚਾਲਨਾ ਬਲਤੇਜ ਸਿੱਧੂ ਅਤੇ ਅਜਾਇਬ ਟੱਲੇਵਾਲੀਆ ਨੇ ਨਿਭਾਈ। ਨੌਰਥ ਅਮਰੀਕਨ ਤਰਕਸ਼ੀਲ ਸੁਸਾਇਟੀ ਅਤੇ ਟੋਰਾਂਟੋ ਸਾਹਿਤ ਪ੍ਰੇਮੀਆਂ ਵਲੋਂ ਗੁਰਮੀਤ ਕੜਿਆਲਵੀ ਨੂੰ ਸ਼ਾਨਦਾਰ ਮੋਮੈਂਟੋ ਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ।