ਚਿੜੀਏ ਨੀਂ ਚਿੜੀਏ
ਪਿਆਰ ਨਾਲ ਖਿੜੀਏ
ਫੁਰ-ਫੁਰ ਉਡਦੀ ਜਾਹ।
ਉਡੀ ਉਡੀ ਜਾਹ ਨੀਂ ਤੂੰ,
ਦੇਸ਼ਾਂ ਤੇ ਦੇਸ਼ਾਂਤਰਾਂ ਨੂੰ
ਦੁਨੀਆ ਦੀ ਖਬਰ ਲਿਆ।
ਅਮਨਾਂ ਦਾ ਦੇ ਕੇ ਨੀਂ
ਸੁਨੇਹਾ ਸਾਰੇ ਜੱਗ ਵਿੱਚ,
ਜੰਗ ਲੋਕ ਮਨਾਂ ‘ਚੋਂ ਭਜਾ।
ਧਰਮਾਂ ਦੇ ਨਾਂ ‘ਤੇ
ਲੜਾਈਆਂ ਨਿੱਤ ਹੁੰਦੀਆਂ ਜੋ
ਉਨ੍ਹਾਂ ਨੂੰ ਵੀ ਠੱਲ੍ਹ ਜਿਹੀ ਪਾ।
ਨਸ਼ਿਆਂ ਤਾਂ ਭੈੜਿਆਂ
ਜਵਾਨੀਆਂ ਦਾ ਨਾਸ਼ ਕੀਤਾ,
ਹਾਏ ਨੀਂ ਜਵਾਨੀ ਬਚਾ।
ਇੱਕ ਪਾਸੇ ਲੋਕ ਸੌਂਦੇ,
ਮਹਿਲਾਂ ਤੇ ਮੁਨਾਰਿਆਂ ‘ਚ
ਦੁਨੀਆ ਤੋਂ ਬੇਪਰਵਾਹ।
ਇੱਕ ਪਾਸੇ ਲੋਕ ਸੌਂਦੇ,
ਸੜਕਾਂ ਕਿਨਾਰੇ, ਪੁੱਛੀਂ
ਨੀਲਾ ਅਸਮਾਨ ਗਵਾਹ।
ਇਕਨਾਂ ਨੂੰ ਰੋਟੀ ਨਾ
ਤੇ ਇੱਕ ਰੱਜ ਮੇਵੇ ਖਾਂਦੇ,
ਕਾਣੀ ਵੰਡ ਚੰਦਰੀ ਮੁਕਾ।
ਇਕਨਾਂ ਦੇ ਕੋਠਿਆਂ ‘ਚ
ਅਰਬਾਂ ਰੁਪਈਏ ਸਾਂਭੇ,
ਇਕਨਾਂ ਦੇ ਕੋਲ ਨਾ ਸੁਆਹ।
ਕਾਸਤੋ ਗਰੀਬਾਂ ਦੀਆਂ
ਰੋਂਦੀਆਂ ਲਾਚਾਰ ਧੀਆਂ,
ਕਿਹੋ ਜਿਹਾ ਸਮਾਂ ਗਿਆ ਆ।
ਵਹਿਮਾਂ ਅਤੇ ਭਰਮਾਂ
ਫਸੀ ਹੋਈ ਮਨੁੱਖਤਾ,
ਤਰਾਂਤੀਆਂ ਤੋਂ ਲਈ ਨੀਂ ਬਚਾ।
ਚਿੜੀਏ ਨੀਂ ਚਿੜੀਏ,
ਪਿਆਰ ਨਾਲ ਖਿੜੀਏ
ਤੂੰ ਹੀ ਕਰ ਸਾਡੇ ਲਈ ਦੁਆ।
ਨੀਂ ਭੋਲੀਏ
ਤੂੰ ਹੀ ਕਰ ਸਾਡੇ ਲਈ ਦੁਆ।