ਗੁਰਦੀਪ ਸਿੰਘ ਇੱਕ ਗਰੀਬ ਕਿਸਾਨ ਹੈ। ਉਸ ਨੇ ਬਹੁਤ ਮਿਹਨਤ ਕੀਤੀ। ਪਰ ਸਾਰੀ ਉਮਰ ਉਹ ਆਪਣੇ ਸਿਰੋ ਕਰਜਾ ਨਹੀਂ ਉਤਾਰ ਸਕਿਆ। ਫਿਰ ਵੀ ਉਸ ਨੇ ਹੌਸਲਾ ਨਹੀਂ ਸੀ ਛੱਡਿਆ। ਹੁਣ ਉਸ ਦਾ ਇੱਕੋ ਇੱਕ ਪੁੱਤ ਵੀ ਆਪਣੀ ਪੜ੍ਹਾਈ ਪੁਰੀ ਕਰ ਗਿਆ ਸੀ। ਪਰ ਉਸ ਨੂੰ ਕੋਈ ਨੌਕਰੀ ਨਹੀਂ ਸੀ ਮਿਲ ਰਹੀ। ਪੁੱਤ ਨੂੰ ਨੌਕਰੀ ਨਾ ਮਿਲਣ ਕਰਕੇ ਉਸ ਨੂੰ ਆਪਣੇ ਸਿਰ ਚੜਿਆ ਕਰਜਾ ਉਤਰਦਾ ਨਹੀਂ ਸੀ ਲੱਗਦਾ। ਤੇ ਉਹ ਉਦਾਸ ਰਹਿਣ ਲੱਗਾ। ਉਸ ਦਾ ਦਿਲ ਕਰਦਾ ਕਿ ਉਹ ਆਤਮ ਹੱਤਿਆ ਕਰ ਲਵੇ ਇਸ ਨਾਲ ਸਰਕਾਰ ਉਸ ਦਾ ਕਰਜਾ ਵੀ ਮਾਫ਼ ਕਰ ਦੇਵੇਗੀ ਤੇ ਉਸ ਦਾ ਪੁੱਤ ਔਖਾ ਸੌਖਾ ਡੰਗ ਟਪਾ ਲਵੇਗਾ। ਇਸੇ ਸੋਚ ਵਿੱਚ ਉਹ ਅੰਦਰ ਹੀ ਪਿਆ ਰਹਿੰਦਾ। ਅੱਜ ਸੰਗਰਾਂਦ ਸੀ ਉਸ ਦੀ ਪਤਨੀ ਨੇ ਉਸ ਨੂੰ ਮਜਬੂਰ ਕਰ ਕੇ ਗੁਰੂਦੁਆਰਾ ਸਾਹਿਬ ਸੰਗਰਾਂਦ ਤੇ ਭੇਜ ਦਿੱਤਾ। ਉਹ ਸੋਚਦੀ ਸੀ ਕਿ ਓਥੇ ਜਾਣ ਨਾਲ ਇਹਦਾ ਮਨ ਬਦਲ ਜਾਵੇਗਾ।ਉਸ ਦੀ ਇਸ ਸਕੀਮ ਨੇ ਜਾਦੂ ਵਾਂਗ ਅਸਰ ਕੀਤਾ। ਉਹ ਸੰਗਰਾਂਦ ਤੋਂ ਵਾਪਸ ਆ ਰਿਹਾ ਸੀ ਤਾਂ ਉਸ ਦੇ ਚਿਹਰੇ ਤੋਂ ਉਦਾਸੀ ਬਿਲਕੁਲ ਗਾਇਬ ਸੀ। ਉਲਟਾ ਚਿਹਰਾ ਹੱਸੂ ਹੱਸੂ ਕਰਦਾ ਸੀ। ਇਹ ਦੇਖਕੇ ਉਸ ਦੀ ਪਤਨੀ ਬਹੁਤ ਖੁੱਸ਼ ਹੋਈ ਤੇ ਉਸ ਨੇ ਇਸ ਖੁੱਸ਼ੀ ਦਾ ਕਾਰਨ ਪੁੱਛਿਆ ਗੁਰਦੀਪ ਸਿੰਘ ਕਹਿਣ ਲੱਗਾ,"ਭਾਗਵਾਨੇ ਮੈਂ ਤਾਂ ਕਰਜੇ ਕਰਕੇ ਮਰਨ ਦੀ ਦਿਲ 'ਚ ਧਾਰੀ ਬੈਠਾ ਸੀ। ਪਰ ਗੁਰਦੂਆਰੇ ਜਾ ਕੇ ਮੈਨੂੰ ਪਤਾ ਲੱਗਾ ਕਿ ਇਥੇ ਸਾਰੀ ਦੁਨੀਆ ਹੀ ਕਰਜਾਈ ਹੈ। ਹੋਰ ਤਾਂ ਹੋਰ ਅੱਜ ਕਮੇਟੀ ਨੇ ਹਿਸਾਬ ਕਿਤਾਬ ਕੀਤਾ ਤਾਂ ਪਤਾ ਲੱਗਾ ਕਿ ਸਾਡੇ ਤਾਂ ਗੁਰਦੁਆਰੇ ਸਿਰ ਵੀ ਪੰਜ ਲੱਖ ਕਰਜਾ ਹੈ। ਦਿਲ ਵਿੱਚ ਇਹ ਗੱਲ ਬੈਠ ਗਈ ਕਿ ਕਿਉ ਮਰਨਾ ਐ ਇਥੇ ਸਾਰੇ ਮੇਰੇ ਵਰਗੇ ਕਰਜਾਈ ਹੀ ਹਨ।"