‘ਪਾਰਲੇ ਪੁਲ਼’ ਤੇ ਹੋਈ ਵਿਚਾਰ-ਗੋਸ਼ਟੀ (ਖ਼ਬਰਸਾਰ)


ਬਰੈਂਪਟਨ - ਗਲੋਬਲ ਪੰਜਾਬ ਫ਼ਾਊਂਡੇਸ਼ਨ ਅਤੇ ਦਾ ਲਿਟਰੇਰੀ ਰਿਫਲੈਕਸ਼ਨਜ਼ ਵਲੋਂ ਐਫ਼ ਬੀ ਆਈ ਸਕੂਲ, ਬਰੈਂਪਟਨ ਵਿਖੇ ਸੁਰਜੀਤ ਦੇ ਨਵਪ੍ਰਕਾਸ਼ਿਤ ਕਹਾਣੀ ਸੰਗ੍ਰਹਿ ‘ਪਾਰਲੇ ਪੁਲ਼’ ‘ਤੇ ਇਕ ਵਿਚਾਰ ਗੋਸ਼ਟੀ ਕਰਵਾਈ ਗਈ ਜਿਸ ਵਿਚ ਦੇਸ਼-ਵਿਦੇਸ਼ ਦੇ ਬੁੱਧੀਜੀਵੀਆਂ ਨੇ ਸ਼ਿਰਕਤ ਕੀਤੀ। ਇਸ ਗੋਸ਼ਟੀ ਸਮੇਂ ਬਹੁਤ ਹੀ ਸਾਰਥਕ ਅਤੇ ਮੁੱਲਵਾਨ ਵਿਚਾਰਾਂ ਹੋਈਆਂ । ਪ੍ਰਧਾਨਗੀ ਮੰਡਲ ਵਿਚ ਡਾ. ਵਰਿਆਮ ਸਿੰਘ ਸੰਧੂ, ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ( ਦਿੱਲੀ), ਡਾ. ਭੀਮਇੰਦਰ ਸਿੰਘ (ਪਟਿਆਲਾ), ਡਾ. ਕੰਵਰ ਜਸਮਿੰਦਰ ਸਿੰਘ (ਪਟਿਆਲਾ), ਡਾ. ਦਵਿੰਦਰ ਬੋਹਾ (ਚੰਡੀਗੜ੍ਹ), ਦਰਸ਼ਨ ਹਰਵਿੰਦਰ (ਦਿੱਲੀ), ਗਜ਼ਲਗੋ ਗੁਰਦਿਆਲ ਰੌਸ਼ਨ ਅਤੇ ਸੁਰਜੀਤ ਬਿਰਾਜਮਾਨ ਸਨ।


ਕਹਾਣੀ ਤੇ ਵਿਚਾਰ ਪੇਸ਼ ਕਰਨ ਵਾਲਿਆਂ ਵਿਚ ਡਾ. ਪ੍ਰਿਥਵੀਰਾਜ ਥਾਪਰ (ਦਿੱਲੀ), ਡਾ. ਦਵਿੰਦਰ ਬੋਹਾ, ਡਾ. ਕੰਵਰ ਜਸਮਿੰਦਰ ਪਾਲ ਸਿੰਘ (ਪਟਿਆਲਾ), ਡਾ. ਕੰਵਲਜੀਤ ਕੌਰ ਢਿੱਲੋਂ ਅਤੇ ਕਹਾਣੀਕਾਰਾ ਗੁਰਮੀਤ ਪਨਾਗ ਸ਼ਾਮਲ ਸਨ। ਡਾ. ਭੀਮਇੰਦਰ ਹੋਰਾਂ ਸੁਰਜੀਤ ਦੀ ਕਹਾਣੀ ਦਾ ਮੁਲਾਂਕਣ ਵਿਸ਼ਵੀਕਰਨ ਦੇ ਹਵਾਲੇ ਨਾਲ ਕੀਤਾ। ਇੰਗਲੈਂਡ ਤੋਂ ਕਵਿੱਤਰੀ ਦਲਵੀਰ ਕੌਰ ਇਸ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣ ਲਈ ਆਏ । ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਸਟੇਜ ਦੀ ਕਾਰਵਾਈ ਬਾਖੂਬੀ ਨਿਭਾਈ। ਬਹੁਤ ਸਾਰੇ ਹੋਰ ਬੁਲਾਰਿਆਂ ਨੇ ਵੀ ਆਪਣੇ ਆਪਣੇ  ਵਿਚਾਰ ਪ੍ਰਗਟ ਕੀਤੇ। ਆਪਣੇ ਪ੍ਰਧਾਨਗੀ ਭਾਸ਼ਣ ਵਿਚ ਡਾ. ਵਰਿਆਮ ਸੰਧੂ ਨੇ ਸੁਰਜੀਤ ਦੀ ਕਹਾਣੀ ਨੂੰ ਸਹਿ-ਸੁਭਾਵਕ ਦਿਲੋਂ ਨਿਕਲੀ ਹੂਕ ਕਿਹਾ ਜਿਸ ਵਿਚ ਉਚੇਚ ਨਾਲ ਭਰਤੀ ਨਹੀਂ ਕੀਤੀ ਗਈ ਅਤੇ ਨਾ ਹੀ ਕਹਾਣੀ ਕਿਸੇ ਖੋਜ ਵਿਚੋਂ ਉਗਮੀ ਹੈ, ਇਹ ਮਨੁੱਖੀ ਰਿਸ਼ਤਿਆਂ ਦੀ ਕਥਾ ਹੈ ਜਿਸ ਵਿਚ ਨਾ ਕੇਵਲ ਮਨੁੱਖ ਨਾਲ ਮਨੁੱਖ ਦੇ ਰਿਸ਼ਤੇ, ਮੁਹੱਬਤ ਦੀ ਬਾਤ ਪਾਈ ਗਈ ਹੈ ਸਗੋਂ ਕਹਾਣੀਕਾਰਾ ਨੇ ਕੁਦਰਤ ਨਾਲ ਪਸ਼ੂ-ਪੰਛੀਆਂ ਅਤੇ ਬਿਰਖਾਂ ਨਾਲ ਵੀ ਰਿਸ਼ਤੇ ਦੀ ਗੱਲ ਕੀਤੀ ਹੈ । ਇਸਦੇ ਨਾਲ ਸੁਰਜੀਤ ਦੀ ਕਹਾਣੀ ਵਿਚ ਵਿਸ਼ਵੀਕਰਣ ਦੇ ਵਰਤਾਰੇ ਅਤੇ ਯੁਗ ਬੋਧ ਵੀ ਵਿਦਮਾਨ ਹਨ। ਕੁਲ ਮਿਲਾ ਕੇ ਸਾਰੇ ਬੁਲਾਰੇ ਇਸ ਗੱਲ ਨਾਲ ਸਹਿਮਤ ਸਨ ਕਿ  ਸੁਰਜੀਤ ਦਾ ਕਹਾਣੀ-ਸੰਗ੍ਰਿਹ 'ਪਾਰਲੇ ਪੁਲ' ਪਰਵਾਸੀ ਪੰਜਾਬੀ ਕਹਾਣੀ ਵਿਚ ਤਾਜ਼ਗੀ ਦਾ ਅਹਿਸਾਸ ਦਿੰਦਾ ਹੈ। ਹੁਣ ਤੱਕ ਪਰਵਾਸੀ ਕਹਾਣੀ ਹੇਰਵੇ, ਸਭਿਆਚਾਰਕ ਟਕਰਾਓ-ਤਣਾਓ ਤੇ ਪੀੜ੍ਹੀ ਪਾੜੇ ਦੁਆਲੇ ਹੀ ਬੁਣੀ ਜਾਂਦੀ ਰਹੀ ਤੇ ਇਸਦਾ ਕੇਂਦਰ-ਬਿੰਦੂ ਪੰਜਾਬੀ ਜੀਵਨ ਹੀ ਰਿਹਾ ਪਰ ਸੁਰਜੀਤ ਦੀ ਕਹਾਣੀ ਇਸਤੋਂ ਅਲੱਗ ਹੈ। ਗਿਆਨ ਸਿੰਘ ਕੰਗ, ਸੁਖਿੰਦਰ, ਹਰਮੋਹਨ ਛਿੱਬੜ, ਲਵੀਨ ਗਿੱਲ, ਸਰਬਜੀਤ ਕੌਰ ਕਾਹਲੋਂ, ਫਤਿਹਜੀਤ ਸਿੰਘ, ਪਿਆਰਾ ਸਿੰਘ ਕੁੱਦੋਵਾਲ, ਸਤਿੰਦਰ ਕਾਹਲੋਂ, ਬਲਜੀਤ ਧਾਲੀਵਾਲ, ਬਲਰਾਜ ਧਾਲੀਵਾਲ, ਰਾਜਵੰਤ ਕੌਰ ਸੰਧੂ, ਡਾ. ਬਲਵੰਤ ਸਿੰਘ, ਡਾ. ਕੁਲਜੀਤ ਸਿੰਘ ਜੰਜੂਆ, ਕਮਲਜੀਤ ਨੱਤ, ਭੁਪਿੰਦਰ ਡੋਡ, ਸੁਰਿੰਦਰ ਗਿੱਲ, ਭੁਪਿੰਦਰ ਦੂਲੇ, ਪਰਮਜੀਤ ਢਿੱਲੋਂ, ਪ੍ਰਤੀਕ ਆਰਟਿਸਟ, ਪਰਸ਼ਿੰਦਰ ਧਾਲੀਵਾਲ, ਰਿੰਟੂ ਭਾਟੀਆ, ਡਾ. ਅਰਵਿੰਦਰ ਕੌਰ, ਹਰਦਿਆਲ ਝੀਤਾ, ਰਛਪਾਲ ਕੌਰ ਗਿੱਲ, ਚਮਕੌਰ ਮਾਛੀਕੇ ਅਤੇ ਉਨ੍ਹਾਂ ਦੀ ਪਤਨੀ, ਗੁਰਦਿਆਲ ਬੱਲ, ਗੁਰਦੇਵ ਚੌਹਾਨ, ਪੁਸ਼ਪਿੰਦਰ ਜੋਸਨ, ਸੋਨੀਆ ਸ਼ਰਮਾ ਅਤੇ ਹੋਰ ਕਈ ਦੋਸਤਾਂ ਇਸ ਸਮਾਗਮ ਵਿਚ ਹਾਜ਼ਰੀ ਲਗਵਾਈ ਅਤੇ ਕਥਾਕਾਰਾ ਨੂੰ ਵਧਾਈ ਦਿੱਤੀ । 

ਕੁਲਜੀਤ ਸਿੰਘ ਜੰਜੂਆ
ਕੁਲਜੀਤ ਸਿੰਘ ਜੰਜੂਆ