ਤੰਦੂਰ ਵਾਲੀ ਰੋਟੀ
(ਪਿਛਲ ਝਾਤ )
ਫੌਰਨ ‘ਚ ਰਹਿਣ ਦੇ ਬਾਵਜੂਦ ਵੀ ਮੇਰੀ ਹਰ ਕੋਸ਼ਿਸ਼ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਪੰਜਾਬ ਤੇ ਪੰਜਾਬੀ ਕਲਚਰ ਨਾਲ ਜੋੜ ਕੇ ਰੱਖਾਂ।
ਮੇਰਾ ਛੋਟਾ ਕਾਕਾ 5 ਕੁ ਸਾਲਾਂ ਦਾ ਸੀ,ਇੱਕ ਦਿਨ ਮੈਂ ਛੁੱਟੀ ਵਾਲੇ ਦਿਨ ਬੱਚਿਆਂ ਨੂੰ ਕਿਹਾ ,”ਲਓ ਵੀ ,ਅੱਜ ਮੈਂ ਤੁਹਾਨੂੰ ਤੰਦੂਰ ਵਾਲੀਆਂ ਰੋਟੀਆਂ ਪਕਾ ਕੇ ਖਵਾਉਣੀ ਆਂ।“ਗੁੱਡੀ ਤੇ ਓਹਦੇ ਪਾਪਾ ਤਾਂ ਖੁਸ਼ ਹੋ ਗਏ ,ਪਰ ਨਿੱਕਾ ਕਾਕਾ ਰੌਲਾ ਈ ਪਾ ਕੇ ਬਹਿ ਗਿਆ। ਆਖੇ,”ਹਾਏ ਮੈਂ ਨਹੀਂ ਖਾਣੀ ਤੰਦੂਰ ਵਾਲੀ ਰੋਟੀ। “ਮੈਂ ਕਿਹਾ,”ਨਹੀਂ ਪੁੱਤ ਤੰਦੂਰ ਵਾਲੀ ਰੋਟੀ ਬਹੁਤ ਸਵਾਦ ਹੁੰਦੀ ਐ,ਤੂੰ ਖਾ ਕੇ ਤਾਂ ਦੇਖੀਂ!”
ਕਹਿੰਦਾ ,”ਮੈਂ ਨਹੀਂ ਖਾਣੀ,ਮੈਂ ਨਹੀਂ ਖਾਣੀ “ਜਦੋਂ ਕਾਫੀ ਸਮੇਂ ਤੱਕ ਨਾ ਮੰਨਿਆ ਤਾਂ ਮੈਂ ਪੁੱਛਿਆ,”ਫੇਰ ਦੱਸ ਤਾਂ ਸਹੀ,ਕਿਉਂ ਨਹੀਂ ਖਾਣੀ? ਇਹ ਸਾਰੇ ਸ਼ੌਕ ਨਾਲ ਖਾਂਦੇ ਆ ,ਤੇ ਤੂੰ ਰੌਲਾ ਈ ਪਾ ਕੇ ਬਹਿ ਗਿਆ!” ਤੇ ਮੁੜ ਕੇ ਭੋਲਾ ਜਿਹਾ ਮੂੰਹ ਬਣਾ ਕੇ ਕਹਿੰਦਾ ,”ਜਦੋਂ ਮੈਂ ਕਦੇ ਤੰਦੂਰ ਟੇਸਟ ਹੀ ਨਹੀਂ ਕੀਤਾ,ਮੈਨੂੰ ਕੀ ਪਤਾ ਤੰਦੂਰ ਖੱਟਾ ਹੁੰਦਾ ਕਿ ਮਿੱਠਾ?”
ਫੇਰ ਮੈਨੂੰ ਸਮਝ ਆਈ ਕਿ ਇਹ ਤਾਂ ਸਮਝੀ ਬੈਠਾ ਜਿਵੇਂ ਆਲੂ ਵਾਲੀਆਂ ਰੋਟੀਆਂ ਹੁੰਦੀਆਂ,ਓਵੇਂ ਕਿਤੇ ਤੰਦੂਰ ਵਾਲੀਆਂ ਰੋਟੀਆਂ ਹੁੰਦੀਆਂ ਨੇ। ਜਦੋਂ ਉਹਨੂੰ ਪੁੱਛਿਆ ਕਿ ਤੈਨੂੰ ਇੰਝ ਲੱਗਦਾ? ਤੇ ਕਹਿੰਦਾ”ਕਿਤੇ ਹੋਰ ਮੈਂ ਬੁੱਧੂ ਆਂ।“ਬਸ ਫੇਰ ਕੀ ਸੀ ਸਾਡੇ ਤਾਂ ਹੱਸ ਹੱਸ ਕੇ ਢਿੱਡ ਦੁਖਣ ਲੱਗ ਪਏ।