ਪੁਸਤਕ –ਗੋਡੇ ਘੁੱਟ ਮੌਜਾਂ ਲੁੱਟ
ਲੇਖਕ ਪ੍ਰਿੰਸੀਪਲ ਬਲਦੇਵ ਸਿੰਘ ਆਜ਼ਾਦ
ਪੰਨੇ 144 ਕੀਮਤ 200 ਰੁਪਏ
ਪ੍ਰਕਾਸ਼ਕ -ਚੇਤਨਾ ਪ੍ਰਕਾਸ਼ਨ ਲੁਧਿਆਣਾ
ਪੰਜਾਬੀ ਹਾਸਵਿਅੰਗ ਖੇਤਰ ਵਿਚ ਗਿਣਤੀ ਦੇ ਨਾਂਅ ਹਨ ।ਕਿਉਂਕਿ ਇਸ ਵਿਧਾ ਨੂੰ ਮੌਲਿਕ ਤੌਰ ਤੇ ਵਖਰੀ ਵਿਧਾਂ ਮੰਨਣ ਤੋ ਕੁਝ ਆਲੋਚਕ ਝਿਜਕ ਰਖਦੇ ਹਨ ।ਇਹ ਕਹਿਣਾ ਕਿ ਇਹ ਨਿਬੰਧ ਦਾ ਇਕ ਰੂਪ ਹੈ ਜਿਸ ਵਿਚ ਲੇਖਕ ਹਾਸ ਰਸ ਦਾ ਰੰਗ ਭਰ ਕੇ ਵਿਅੰਗ ਨੂੰ ਜੁਗਤ ਵਜੋਂ ਲੈਂਦਾ ਹੈ । ਪਰ ਮੋਗੇ ਦੇ ਸਮਰਾਟ ਹਾਸ ਰਸ ਲੇਖਕ ਤੇ ਬਹੁਪਖੀ ਸਾਹਿਤਕਤਾਰ ਕੈ ਐਲ ਗਰਗ ਦੀ ਰਹਿਨੁਮਾਈ ਵਿਚ ਪੰਜਾਬ ਹਾਸ ਵਿਅੰਗ ਅਕੈਡਮੀ ਨੇ ਕਈ ਨਵੇਂ ਚਿਹਰੇ ਇਸ ਵਿਧਾਂ ਨਾਲ ਜੋੜੇ ਹਨ ।ਜਿਸ ਕਰਕੇ ਹੁਣ ਹਾਸ ਵਿਅੰਗ ਦੀ ਪਾਠਕਾਂ ਵਿਚ ਚੰਗੀ ਤੂਤੀ ਬੋਲਦੀ ਹੈ ।ਪੰਜਾਬੀ ਅਖਬਾਰਾਂ ਦੇ ਐਤਵਾਰ ਅੰਕਾਂ ਵਿਚ ਵੀ ਹਾਸ ਵਿਅੰਗ ਵਡੀ ਗਿਣਤੀ ਵਿਚ ਛਪ ਰਹਾ ਹੈ ।ਜਿਸ ਕਰਕੇ ਲਖਾਂ ਪਾਠਕਾਂ ਵਿਚ ਹਾਸ ਵਿਅੰਗ ਦੀ ਚੇਟਕ ਵੇਖਣ ਨੂੰ ਮਿਲ ਰਹੀ ਹੈ ।ਪ੍ਰਿੰਸੀਪਲ ਬਲਦੇਵ ਸਿੰਘ ਆਜ਼ਾਦ ਲੰਮਾ ਸਮਾ ਸਿਖਿਆ ਖੇਤਰ ਵਿਚ ਕਾਰਜਸੀਲ ਰਿਹਾ ਹੈ ।ਸੇਵਾਮੁਕਤ ਹੋਕੇ ਵੀ ਉਸਨੇ ਸਿਆਸਤ ਨਾਲ ਮੋਹ ਪਾਲਿਆ ਹੈ ਤੇ ਪੰਜਾਬ ਦੇ ਇਕ ਹਲਕੇ ਤੋਂ ਵਿਧਾਂਨ ਸਭਾ ਚੋਣ ਵੀ ਲੜੀ ਹੈ । ਜਿਸ ਕਰਕੇ ਸਿਆਸਤ ,ਸਿਖਿਆ ਤੇ ਪੇਂਡੂ ਸਮਾਜ ਨੂੰ ਨੇੜੇ ਤੋਂ ਵੇਖਣ ਦਾ ਉਸਨੂੰ ਮੌਕਾ ਮਿਲਿਆ ਹੈ ।ਉਹ ਪੰਜਾਬ ਦੇ ਮਸਲਿਆਂ ਨੂੰ ਨੀਝ ਨਾਲ ਵੇਖ ਕੇ ਲਿਖਦਾ ਹੈ ।ਤੇ ਉਸਦੀ ਹਾਸਰਸੀ ਕਲਮ ਤੋਂ ਹੁਣਤੱਕ ਹਾਸ ਵਿਅੰਗ ਦੀਆਂ ਪੰਜ ਕਿਤਾਬਾਂ ਜਨਮ ਲੈ ਚੁਕੀਆਂ ਹਨ ।ਮੋਗੇ ਦੀ ਹਾਸ ਵਿਅੰਗ ਅਕੈਡਮੀ ਦਾ ਉਹ ਉਨਰਲ ਸਕਤਰ ਹੈ ਤੇ ਇਸ ਅਕੈਡਮੀ ਵਲੋਂ ਹਰ ਸਾਲ ਮਿਲਣ ਵਾਲੇ ਪਿਆਰਾ ਸਿੰਘ ਦਾਤਾ ਪੁਰਸਕਾਰ ਵੀ ਸ਼ਾਂਨ ਨਾਲ ਪ੍ਰਾਪਤ ਕਰ ਚੁਕਾ ਹੈ। ਇਸ ਲਈ ਕਿਹਾ ਜਾ ਸਕਦਾ ਹੈ ਕਿ ਪ੍ਰਿੰਸੀਪਲ ਬਲਦੇਵ ਸਿੰਘ ਆਜ਼ਾਦ ਦੀ ਹਾਸ ਵਿਅੰਗ ਦੀ ਪਤੰਗ ਅਰਸ਼ੀਂ ਉਡਾਰੀਆਂ ਮਾਰ ਰਹੀ ਹੈ । ਅਖਬਾਰਾਂ ਦੇ ਸੰਡੇ ਅੰਕ ਵਿਚ ਉਹ ਅਕਸਰ ਛਪਦੇ ਹੋਣ ਕਰਕੇ ਪਾਠਕਾਂ ਵਲੋਂ ਮਾਣ ਵਡਿਆਈ ਦਾ ਚੋਖਾ ਹਿਸਾ ਉਸ ਦੀ ਸਾਹਿਤਕ ਦੌਲਤ ਹੈ।
ਹਥਲੀ ਕਿਤਾਬ ਤੋਂ ਪਹਿਲਾਂ ਕਦੂ ਡਾਕਟਰ ਜ਼ਿੰਦਾਬਾਦ ਵਿਅੰਗ ਤੋਂ ਸ਼ੁਰੂ ਕਰਕੇ ਚਲ ਸੌ ਚਲ ਵਿਚ ਉਸਨੇ ਕਾਕਾ ਵਿਕਾਊ ਹੈ , ਫੂਕ ਸ਼ਾਂਸਤਰ ਜ਼ਿੰਦਾਬਾਦ ,ਆਪਾਂ ਕੀ ਲੈਣਾ ਵਾਰਤਕ ਰੂਪ ਵਿਅੰਗ ਤੇ ਜ਼ਿੰਦਗੀ ਦਾ ਗੀਤ ਕਾਵਿ ਵਿਅੰਗ ਲਿਖਕੇ ਹਾਸ ਵਿਅੰਗ ਨੂੰ ਮਾਲਾ ਮਾਲ ਕੀਤਾ ਹੈ । ਇਸ ਪੁਸਤਕ ਬਾਰੇ ਕੇ ਐਲ ਗਰਗ ਦਾ ਕਥਨ ਹੈ – ਬਲਦੇਵ ਸਿੰਘ ਆਜ਼ਾਦ ਵਿਅੰਗ ਨੂੰ ਹਥਿਆਰ ਵਜੋਂ ਨਹੀਂ ਸਗੋਂ ਦੀਵੇ ਵਾਂਗ ਵਰਤਦਾ ਹੈ। ਅਜਿਹੇ ਦੀਵੇ ਵਾਂਗ ਜਿਸ ਦੀ ਰੌਸ਼ਨੀ ਵਿਚ ਅਸੀਂ ਆਪਣੇ ਚਿਹਰੇ ਪਛਾਂਣ ਸਕਦੇ ਹਾਂ ।। ਗਰਗ ਸਾਹਿਬ ਦੇ ਇਸ ਸੱਚ ਅਨੁਸਾਰ ਪੁਸਤਕ ਵਿਚ ਸ਼ਾਂਮਲ ਇਹੋ ਜਿਹੇ ਕਈ ਕਰੂਪ ਪਾਤਰ ਹਨ ।ਜਿਨ੍ਹਾਂ ਦਾ ਕਿਰਦਾਰ ਉਂਨ੍ਹਾਂ ਦੇ ਨਾਵਾਂ ਨਾਲ ਮੇਲ ਖਾਂਦਾ ਹੈ ।ਮਸਲਣ ।ਭ੍ਰਿਸ਼ਟਾਚਾਰੀ ਬੰਦੇ ਦਾ ਨਾਮ ਹੈ ਘਪਲਾ ਸਿੰਘ, ਲੋਟੂ ਲਾਲ ,ਨਘੋਚੀ ਜੀ ,। ਕਿਤਾਬ ਵਿਚ ਇਹੋਜਿਹੇ ਸੈਕੜੈ ਨਾਮ ਮਿਲ ਜਾਣਗੇ ।।ਜੋ ਸਮਾਜ ਦੀ ਕੋਈ ਕੋਈ ਖਾਮੀ ਕਮਜ਼ੋਰੀ ,ਕੁਰੀਤੀ ਦੇ ਕਾਰਨ ਹਨ ।ਲੇਖਕ ਦਾ ਮੰਤਵ ਇਹੋ ਜਿਹੇ ਪਾਤਰਾਂ ਦੇ ਕਿਰਦਾਰਾਂ ਤੇ ਹੱਸ ਕੇ ਉਂਨ੍ਹਾਂ ਨੂੰ ਦੀਵਾ ਵਿਖਾਉਣਾ ਹੈ ਕਿ ਭਾਈ ਆਹ ਵੇਖੋ ਤੁਹਾਡੀਆਂ ਕਾਰਗੁਜ਼ਾਰੀਆ । ਬਲਦੇਵ ਸਿੰਘ ਆਜ਼ਾਦ ਇਸ ਪੁਸਤਕ ਵਿਚ ਕਿਸੇ ਨੂੰ ਬਖਸ਼ਦਾ ਨਹੀਂ ਨਾ ਹੀ ਕਿਸੇ ਮਾੜੇ ਕਿਰਦਾਰ ਵਾਲੇ ਬੰਦੇ ਦਾ ਲਿਹਾਜ਼ ਕਰਦਾ ਹੈ ।ਫਿਰ ਕਲਾ ਇਹ ਹੈ ਕਿ ਇਹ ਪਾਤਰ ਉਸਦੇ ਵੇਖੇ ਪਰਖੇ ਹਨ ।ਸਾਰੇ ਪਾਠਕਾਂ ਦੇ ਆਲੇ ਦੁਆਲੇ ਰਹਿੰਦੇ ਹਨ । ।ਪਰ ਵਿਅੰਗ ਵਿਚ ਵੇਖਕੇ ਪਾਠਕ ਮੁਸਕਰਾਉਂਦਾ ਹੈ ।ਇਹ ਮੁਸਕਾਨ ਲੇਖਕ ਦਾ ਹਾਸਲ ਹੈ ਤੇ ਸਾਹਿਤ ਦਾ ਸਦੀਵੀ ਸੱਚ ਵੀ ।ਇਹ ਵਿਅੰਗ ਵਰਤਮਾਨ ਦਾ ਯਥਾਂਰਥ ਹਨ । ਪੁਸਤਕ ਦੀਆਂ ਰਚਨਾਵਾਂ ਦੀ ਪੜਚੋਲ ਕਰਦੇ ਹੋਏ ਸਿਕੇਬੰਦ ਆਲੋਚਕ ਤੇ ਬਹੁਪਖੀ ਸਾਹਿਤਕਾਰ ਡਾ ਪਰਮਜੀਤ ਢੀਂਗਰਾ ਨੇ ਲੇਖਕ ਵਲੋਂ ਵਰਤੇ ਮੁਹਾਵਰੇ ,ਸ਼ਬਦਾਵਲੀ ,ਪਾਤਰਾਂ ਦੇ ਨਾਵਾਂ ਦਾ ਲੰਮਾ ਚੌੜਾਂ ਬਿਰਤਾਂਤ ਪੇਸ਼ ਕੀਤਾ ਹੈ ।
ਬਲਦੇਵ ਸਿੰਘ ਆਜ਼ਾਦ ਨੇ ਖਾਸ ਪੇਂਡੂ ਸ਼ਬਦਾਂ ਦੀ ਵਰਤੋਂ ਖੁਲ੍ਹ ਕੇ ਕੀਤੀ ਹੈ । ਕੁਝ ਸ਼ਬਦ ਤਾਂ ਆਮ ਬੋਲਚਾਲ ਵਿਚੋਂ ਅਲੋਪ ਵੀ ਹੁੰਦੇ ਜਾ ਰਹੇ ਹਨ । ਵਿਅਂਗ ਬੰਦਾ ਭੂਲਣਹਾਰ ਹੈ ,ਮਾਂ ਬੋਲੀ ਦੇ ਸੇਵਾਦਾਰ ਐਤਕੀ ਆਪਾਂ ਸਰਪੰਚੀ ਨਹੀਂ ਛਡਣੀ ,ਗੋਡੇ ਘੁਟ ਤੇ ਮੌਜਾਂ ਲੁੱਟ , ਭਿੰਦਰ ਭੇੜੂ ਪਾਰਟੀ ਬਦਲੀ ,ਬਾਬਾ ਜੀ ਦੀ ਕਿਰਪਾ ,ਰੈਲੀਆਂ ਵੈਲੀਆਂ ਥੈਲੀਆਂ ਦੀ ਰੂੱਤ , ਟਾਈੰਮ ਪਾਸ ਹੋ ਰਿਹਾ ਜੀ ,ਲਕ ਟੁਣੂੰ ਟੁਣੂਂ ,ਆਪਣਿਆਂ ਤੋਂ ਬਚੋਂ, ਬਾਪੂ ਤਾਂ ਪਾਗਲ ਹੈ , ਇਵੇਂ ਤਾਂ ਮੈਂ ਨੰਗ ਹੋਜੂੰ ,ਆਹ ਚੁਕੋ ਸਾਡਾ ਤਿਲ ਫੁਲ ਰਚਨਾਵਾਂ ਪੜ੍ਹ ਕੇ ਪਾਠਕ ਆਨੰਦਿਤ ਵੀ ਹੁੰਦਾ ਹੈ ।ਤੇ ਸਮਾਜ ਦੇ ਕਈ ਚਿਹਰੇ ਵੇਖ ਸਕਦਾ ਹੈ । 144 ਪੰਨਿਆਂ ਦੀ ਪੁਸਤਕ ਵਿਚ 33 ਹਾਸ ਰਸੀ ਵਿਅੰਗ ਰਚਨਾਵਾਂ ਹਨ ਤੇ ਕੀਮਤ 200 ਰੁਪਏ ਹੈ । ਵਿਅੰਗ ਖੇਤਰ ਵਿਚ ਵਡਮੁਲਾ ਵਾਧਾਂ ਕਰਨ ਵਾਲੀ ਪੁਸਤਕ ਦਾ ਸਵਾਗਤ ਹੈ ।