ਆਓ ਬਜ਼ੁਰਗਾਂ ਦੀ ਪੈਨਸ਼ਨ ਲਾਈਏ (ਲੇਖ )

ਕੈਲਾਸ਼ ਚੰਦਰ ਸ਼ਰਮਾ   

Email: kailashchanderdss@gmail.com
Cell: +91 80540 16816
Address: 459,ਡੀ ਬਲਾਕ,ਰਣਜੀਤ ਐਵੀਨਿਊ,
ਅੰਮ੍ਰਿਤਸਰ India
ਕੈਲਾਸ਼ ਚੰਦਰ ਸ਼ਰਮਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅਖਬਾਰਾਂ ਵਿਚ ਛਪੀਆਂ ਰਚਨਾਵਾਂ ਰਾਹੀਂ ਜਦੋਂ ਮੈਨੂੰ ਆਪਣੇ ਪਾਠਕਾਂ ਦੇ ਰੂਬਰੂ ਹੋਣ ਦਾ ਮੌਕਾ ਮਿਲਦਾ ਤਾਂ ਉਨ੍ਹਾਂ ਦੇ ਵਿਚਾਰ ਸੁਣ ਕੇ ਜਿੱਥੇ ਅਜੀਬ ਜਿਹੀ ਖੁਸ਼ੀ ਮਿਲਦੀ ਉੱਥੇ ਉਨ੍ਹਾਂ ਦੀਆਂ ਦੁੱਖ ਭਰੀਆਂ ਵੇਦਨਾਵਾਂ ਸੁਣ ਕੇ ਮਨ ਉਦਾਸ ਹੋ ਜਾਂਦਾ ਤੇ ਕਈ ਵਾਰ ਅੱਖਾਂ ਨਮ ਵੀ ਹੋ ਜਾਂਦੀਆਂ।ਕਿਸੇ ਨੇ ਆਪਣੇ ਸਾਥੀ ਦੇ ਵਿਛੋੜੇ ਕਾਰਨ ਇਕੱਲੇਪਣ ਦਾ ਹਾਲ ਸੁਣਾਉਂਦੇ ਹੋਏ ਆਪਣੇ ਇਕਲੌਤੇ ਪੁੱਤ ਦੇ ਕੜਵੇ ਬੋਲਾਂ ਦੀ ਹੁੰਦੀ ਬਾਰਸ਼ ਬਾਰੇ ਦੱਸਿਆ, ਕਿਸੇ ਨੇ ਆਪਣੀ ਨੂੰਹ ਵੱਲੋਂ ਮਿਲਦੇ ਜ਼ਹਿਰ-ਭਿੰਨੇ ਵਤੀਰੇ ਬਾਰੇ ਤੇ ਕਿਸੇ ਨੇ ਉਸ ਦੀ ਧੀ ਨਾਲ ਸਹੁਰੇ ਘਰ ਵੱਲੋਂ ਕੀਤੇ ਜਾਂਦੇ ਨਿਰਦਈ ਵਤੀਰੇ ਬਾਰੇ ਦੱਸਦਿਆਂ ਆਪਣਾ ਦਿਲ ਹੌਲਾ ਕਰਨ ਦੀ ਕੋਸ਼ਿਸ਼ ਕੀਤੀ।aਨ੍ਹਾਂ ਦੀਆਂ ਦਾਸਤਾਵਾਂ ਸੁਣ ਕੇ ਇੰਝ ਮਹਿਸੂਸ ਹੋਣ ਲੱਗਾ ਜਿਵੇਂ ਇਸ ਸਮਾਜ ਵਿਚੋਂ ਇਨਸਾਨੀਅਤ ਨੇ ਕਿਨਾਰਾ ਹੀ ਕਰ ਲਿਆ ਹੋਵੇ।
                  ਇੱਕ ਬਜ਼ੁਰਗ ਨੇ ਦੱਸਿਆ, "ਮੈਨੂੰ ਸ਼ੁਰੂ ਤੋਂ ਹੀ ਆਦਤ ਹੈ ਕਿ ਮੈਂ ਕਿਸੇ ਨੂੰ ਪੈਸੇ ਦੇਣ ਲੱਗਿਆਂ ਗਿਣ ਕੇ ਦਿੰਦਾ ਹਾਂ ਅਤੇ ਕਿਸੇ ਕੋਲੋਂ ਲੈਣ ਸਮੇਂ ਉਸ ਦੇ ਸਾਹਮਣੇ ਹੀ ਗਿਣ ਲੈਂਦਾ ਹਾਂ।ਮੇਰੇ ਲੜਕੇ ਨੇ ਮੈਨੂੰ ਬਿਜਲੀ ਦਾ ਬਿੱਲ ਜਮ੍ਹਾ ਕਰਵਾਉਣ ਲਈ ਪੰਜ ਹਜ਼ਾਰ ਰ: ਦਿੱਤੇ। ਮੈਂ ਉਸ ਦੇ ਸਾਹਮਣੇ ਹੀ ਗਿਣਨਾ ਸ਼ੁਰੂ ਕੀਤਾ ਕਿ ਉਸ ਨੇ ਮੇਰੇ ਹੱਥੋਂ ਪੈਸੇ ਖੋਹ ਕੇ ਕਿਹਾ ਕਿ 'ਮੈਂ ਤੇਰੇ ਇੱਕ ਚਪੇੜ ਲਗਾਵਾਂ ਤਾਂ ਤੇਰੀਆਂ ਉਲਟ ਬਾਜੀਆਂ ਲਗਾ ਦੇਵਾਂ'।ਦੱਸੋ ਮੈਂ ਕੀ ਕਰਾਂ"? ਆਪਣੇ ਜੀਵਨ ਸਾਥੀ ਦੇ ਵਿਛੋੜੇ ਬਾਰੇ ਦੱਸਦਿਆਂ, ਉਸ ਦਾ ਗਲਾ ਭਰ ਆਇਆ ਤੇ ਅੱਗੋਂ ਕੁਝ ਹੋਰ ਨਾ ਬੋਲ ਸਕਿਆ।
                 ਇੱਕ ਹੋਰ ਨੇ ਕਿਹਾ ਕਿ, " ਉਸ ਨੇ ਆਪਣੀ ਜਾਇਦਾਦ ਆਪਣੇ ਬੱਚਿਆਂ ਵਿਚ ਵੰਡ ਦਿੱਤੀ ਕਿਉਂਕਿ ਉਹ ਆਪਣੀ ਮਰਜੀ ਨਾਲ ਆਪਣਾ-ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਸਨ।ਹੁਣ ਮੈਨੂੰ ਕੋਈ ਵੀ ਨਹੀਂ ਪੁੱਛਦਾ ਤੇ ਜੇਕਰ ਮੈਂ ਕਿਸੇ ਨੂੰ ਆਪਣੀ ਜ਼ਰੂਰਤ ਨੂੰ ਪੂਰਾ ਕਰਨ ਲਈ ਤਰਲਾ ਲੈਂਦਾ ਹਾਂ ਤਾਂ ਸਾਰੇ ਹੀ ਅਣਗੌਲਿਆਂ ਕਰਦੇ ਹਨ ਜਿਵੇਂ ਮੈਂ ਉਨ੍ਹਾਂ ਦੇ ਕਹਿਣੇ ਲੱਗ ਕੇ, ਉਨ੍ਹਾਂ ਦੀ ਇੱਛਾ ਨੂੰ ਪੂਰਾ ਕਰਕੇ ਬਹੁਤ ਵੱਡਾ ਜ਼ੁਰਮ ਕਰ ਲਿਆ ਹੋਵੇ। ਘਰ ਵਿਚ ਰਹਿੰਦੇ ਕੰਮੀਆਂ ਦੀ ਵੀ ਮੇਰੇ ਨਾਲੋਂ ਵੱਧ ਇੱਜ਼ਤ ਹੁੰਦੀ ਹੈ"।ਇੱਕ ਨੇ ਆਪਣੀ ਦੁੱਖ ਭਰੀ ਕਹਾਣੀ ਸੁਣਾਉਂਦਿਆਂ ਕਿਹਾ, "ਉਨ੍ਹਾਂ ਦੀ ਨੂੰਹ , ਉਨ੍ਹਾਂ ਨੂੰ ਬੁੱਢਾ-ਬੁੱਢੀ ਕਹਿ ਕੇ ਹੀ ਗੱਲਾਂ ਕਰਦੀ ਹੈ ਪਰ ਸਾਡਾ ਲੜਕੇ ਨੇ  ਉਸ ਨੂੰ ਇਸ ਤਰ੍ਹਾਂ ਕਰਨ ਤੋਂ ਕਦੇ ਨਹੀਂ ਵਰਜਿਆ।ਜੇਕਰ ਪੋਤਰਾ ਜਾਂ ਪੋਤਰੀ ਸਾਡੇ ਕੋਲ ਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਦਬਕਾ ਮਾਰ ਕੇ ਉਸ ਨੂੰ ਮਨ੍ਹਾਂ ਕਰ ਦਿੰਦੇ ਹਨ।ਇਸੇ ਤਰ੍ਹਾਂ ਦੀਆਂ ਹੋਰ ਰੌਂਗਟੇ ਖੜੇ ਕਰ ਦੇਣ ਵਾਲੀਆਂ ਦਾਸਤਾਵਾਂ ਸੁਣ ਕੇ ਮਨ ਵਿਚ, ਰੁਲਦੇ ਬੁਢਾਪੇ ਬਾਰੇ ਸੋਚ ਕੇ ਖਿਆਲ ਆਉਂਦਾ ਕਿ ਜੇਕਰ ਇਹੀ ਸਾਡੀ ਆਧੁਨਿਕਤਾ ਤੇ ਵਿਕਾਸ ਹੈ ਤਾਂ ਪ੍ਰਮਾਤਮਾ ਕਰੇ ਕਿ ਫਿਰ ਪੁਰਾਣਾ ਸਮਾਂ ਆ ਜਾਵੇ।
                 ਆਪਣੇ ਬਜ਼ੁਰਗਾਂ 'ਤੇ ਹੱਥ ਚੁੱਕਣ ਵਾਲਿਓ, ਜੇਕਰ ਆਪਣੀ ਤਾਕਤ ਦਾ ਵਿਖਾਵਾ ਕਰਨਾ ਦਾ ਇੰਨਾ ਹੀ ਸ਼ੌਕ ਹੈ ਤਾਂ ਉਨ੍ਹਾਂ ਸਮਾਜਿਕ ਤੱਤਾਂ ਵਿਰੁੱਧ ਇਸ ਦੀ ਵਰਤੋਂ ਕਰੋ ਜਿਨ੍ਹਾਂ ਨੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿਚ ਧੱਕਦੇ ਹੋਏ ਜਵਾਨੀ ਤਬਾਹ ਕਰ ਦਿੱਤੀ ਹੈ।ਆਪਣੇ ਬਜ਼ੁਰਗਾਂ ਨਾਲ ਅਸੱਭਿਅਕ ਵਿਵਹਾਰ ਕਰਨ ਵਾਲਿਓ, ਜ਼ਰਾ ਇਹ ਤਾਂ ਸੋਚੋ ਕਿ ਇਹ ਉਹੀ ਲੋਕ ਹਨ ਜਿਨ੍ਹਾਂ ਨੇ ਆਪਣੀਆਂ ਸੱਧਰਾਂ ਦੀ ਬਲੀ ਚੜ੍ਹਾਉਂਦੇ ਹੋਏ ਤੁਹਾਡੇ ਸੁਪਨੇ ਪੂਰੇ ਕਰਨ ਦੀ ਕੋਸ਼ਿਸ਼ ਕੀਤੀ।ਤੁਹਾਡੇ ਲੜਖੜਾਉਂਦੇ ਕਦਮਾਂ ਨੂੰ ਸਹਾਰਾ ਦਿੱਤਾ।ਆਪ ਘੱਟ ਖਾ ਕੇ ਤੁਹਾਡੀ ਹਰ ਸਹੂਲਤ ਦਾ ਖਿਆਲ ਰੱਖਿਆ। ਤੁਹਾਨੂੰ ਉਦਾਸ ਵੇਖ ਕੇ ਤੁਹਾਡੇ ਬੁਲ੍ਹਾਂ 'ਤੇ ਮੁਸਕਰਾਹਟ ਲਿਆਉਣ ਲਈ ਹਰ ਸੰਭਵ ਯਤਨ ਕੀਤਾ। ਤੁਹਾਡੇ ਮੁਸ਼ਕਲ ਸਮੇਂ ਵਿਚ ,ਆਪਣੀ ਜ਼ਿੰਦਗੀ ਦੇ ਤਜਰਬਿਆਂ ਦੀ ਪੂੰਜੀ ਨੂੰ ਤੁਹਾਡੇ ਉੱਪਰ ਨਿਸ਼ਾਵਰ ਕਰਦੇ ਹੋਏ ਤੁਹਾਡੇ ਅੱਗੇ ਵਧਣ ਲਈ ਸਦਾ ਹੀ ਰਾਹ ਦਸੇਰਾ ਬਣੇ ਜਿਸ ਕਾਰਨ ਤੁਸੀਂ ਜੀਵਨ ਵਿਚ ਮੁਕਾਮ ਹਾਸਲ ਕੀਤੇ।ਜ਼ਮਾਨੇ ਦੀਆਂ ਤੱਤੀਆਂ-ਠੰਢੀਆਂ ਹਵਾਵਾਂ ਤੋਂ ਬਚਾਉਂਦੇ ਹੋਏ ਆਪਣੀ ਬੁੱਕਲ ਦਾ ਨਿੱਘ ਦੇਣ ਵਾਲੇ ਅਤੇ ਤੁਹਾਡੇ ਹਨੇਰੇ ਰਾਹਾਂ 'ਤੇ ਚਾਨਣ ਖਿਲਾਰਣ ਵਾਲਿਆਂ ਪ੍ਰਤੀ ਇੰਨੇ ਨਿਰਮੋਹੇ ਕਿਉਂ ਹੋ ਗਏ ਹੋ? ਯਾਦ ਰੱਖੋ, ਇੱਕ ਦਿਨ ਤੁਸੀਂ ਵੀ ਇਹ ਅਵਸਥਾ ਹੰਢਾਉਣੀ ਹੈ।ਜੇਕਰ ਅੱਜ ਕੰਢੇ ਬੀਜੋਗੇ ਤਾਂ ਅੰਗੂਰਾਂ ਦੀ ਆਸ ਰੱਖਣੀ ਮੂਰਖਤਾ ਹੈ।
                 ਨੌਕਰੀ ਕਰਨ ਵਾਲੇ, ਕੰਮ ਕਰਨ ਬਦਲੇ ਹਰ ਮਹੀਨੇ ਤਨਖਾਹ ਲੈਂਦੇ ਹਨ।ਜੇਕਰ ਤਨਖਾਹ ਨਾ ਮਿਲੇ ਤਾਂ ਕੰਮ ਕਰਨਾ ਬੰਦ ਕਰ ਦਿੰਦੇ ਹਨ।ਇਕ ਖਾਸ ਉਮਰ ਤੋਂ ਬਾਅਦ ਉਨ੍ਹਾਂ ਨੂੰ ਸੇਵਾਮੁਕਤ ਕਰਦੇ ਹੋਏ ਸਰਕਾਰ ਹਰ ਮਹੀਨੇ ਪੈਨਸ਼ਨ ਦੇ ਰੂਪ ਵਿਚ ਉਨ੍ਹਾਂ ਦੀ ਰਹਿੰਦੀ ਉਮਰ ਤੱਕ ਆਰਥਿਕ ਮਦਦ ਕਰਦੀ ਰਹਿੰਦੀ ਹੈ।ਯਾਦ ਰੱਖੋ ਤੁਹਾਡੇ ਬਜ਼ੁਰਗਾਂ ਨੇ ਸਾਰੀ ਉਮਰ ਤੁਹਾਡੀ ਹੀ ਨੌਕਰੀ ਕੀਤੀ, ਉਹ ਵੀ ਬਿਨਾ ਪੈਸਿਆਂ ਦੇ, ਜਿਸ ਨੂੰ ਇਸ ਸਮਾਜ ਵਿਚ ਫਰਜ਼ਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ।ਭਾਵੇਂ ਇਹ ਪਾਲਣ-ਪੋਸ਼ਣ ਦੇ ਰੂਪ ਵਿਚ ਸੀ, ਤੁਹਾਡੇ ਡਿੱਗਦੇ ਮਨੋਬਲ ਨੂੰ ਉੱਪਰ ਚੁੱਕਣ ਦੇ ਰੂਪ ਵਿਚ ਸੀ ਜਾਂ ਤੁਹਾਡੇ ਸੁਪਨੇ ਪੂਰੇ ਕਰਨ ਲਈ ਯਤਨਾਂ ਦੇ ਰੂਪ ਵਿਚ ਸੀ।ਇਸ ਦੇ ਬਦਲੇ ਉਨ੍ਹਾਂ ਨੇ ਤੁਹਾਡੇ ਕੋਲੋਂ ਕਿਸੇ ਵੀ ਆਰਥਿਕ ਮਦਦ ਦੀ ਕਦੇ ਵੀ ਉਮੀਦ ਨਹੀਂ ਕੀਤੀ।ਇਸ ਲਈ ਆਓ, ਅੱਜ ਆਪਣੇ ਫਰਜ਼ਾਂ ਦੀ ਪੂਰਤੀ ਅਤੇ ਆਪਣੇ ਬਜ਼ੁਰਗਾਂ ਦੇ ਚਿਹਰਿਆਂ 'ਤੇ ਖੁਸ਼ੀ ਵੇਖਣ ਲਈ, ਉਨ੍ਹਾਂ  ਲਈ ਖੁਸ਼ੀਆਂ ਦੀ ਅਜਿਹੀ ਪੈਨਸ਼ਨ ਲਗਾਈਏ ਜਿਸ ਨਾਲ ਤੁਹਾਡਾ ਕੋਈ ਵੀ ਆਰਥਿਕ ਨੁਕਸਾਨ ਨਹੀਂ ਹੋਵੇਗਾ ਬਲਕਿ ਤੁਹਾਡਾ ਜੀਵਨ ਵੀ ਆਨੰਦਮਈ ਬਣ ਜਾਵੇਗਾ।
                ਅਜਿਹਾ ਕਰਨ  ਲਈ ਰੋਜ਼ਾਨਾ ਆਪਣੀ ਨੱਠ-ਭੱਜ ਦੀ ਜ਼ਿੰਦਗੀ ਵਿਚੋਂ ਕੇਵਲ ਪੰਜ ਮਿੰਟ ਆਪਣੇ ਬਜ਼ੁਰਗਾਂ ਨਾਲ ਬਿਤਾਉਂਦੇ ਹੋਏ ਆਪਣੀਆਂ ਖੁਸ਼ੀਆਂ ਉਨ੍ਹਾਂ ਨਾਲ ਸਾਂਝੀਆਂ ਕਰੋ।ਇਸ ਤਰ੍ਹਾਂ ਕਰਨ ਨਾਲ ਜਿੰਨੀ ਖੁਸ਼ੀ ਮਾਂ-ਬਾਪ ਨੂੰ ਹੁੰਦੀ ਹੈ, ਓਨੀ ਸ਼ਾਇਦ ਕਿਸੇ ਹੋਰ ਨੂੰ ਨਹੀਂ ਹੋ ਸਕਦੀ। ਉਨ੍ਹਾਂ ਦਾ ਸਿਰ ਫਖਰ ਨਾਲ ਉੱਚਾ ਹੋ ਜਾਵੇਗਾ ਅਤੇ ਮੁਸਕਰਾਹਟਾਂ ਉਨ੍ਹਾਂ ਦੇ ਚਿਹਰਿਆਂ 'ਤੇ ਡਲਕਾਂ ਮਾਰਨ ਲੱਗਣਗੀਆਂ।ਮਾਂ-ਬਾਪ ਟੁੱਟ ਜਾਂਦੇ ਹਨ ਜਦੋਂ ਉਨ੍ਹਾਂ ਦੇ ਬੱਚੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕਰਨ ਲੱਗ ਪੈਂਦੇ ਹਨ।ਆਪਣੀਆਂ ਉਪਲਬਧੀਆਂ ਸਾਂਝੀਆਂ ਕਰਦੇ ਸਮੇਂ ਕਦੇ ਵੀ ਉਨ੍ਹਾਂ ਨੂੰ ਇਹ ਅਹਿਸਾਸ ਨਾ ਹੋਣ ਦਿਓ ਕਿ ਇਸ ਤਰ੍ਹਾਂ ਕਰਕੇ ਤੁਸੀਂ ਉਨ੍ਹਾਂ ਦੁਆਰਾ ਪ੍ਰਾਪਤ ਉਪਲਬਧੀਆਂ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ।ਉਨ੍ਹਾਂ ਨਾਲ ਗੱਲਬਾਤ ਕਰਦੇ ਸਮੇਂ ਕਦੇ ਵੀ ਖਰ੍ਹਵੀ ਬੋਲੀ ਨੂੰ ਆਪਣੀ ਜ਼ੁਬਾਨ ਦਾ ਹਿੱਸਾ ਨਾ ਬਣਨ ਦਿਓ ।ਗੱਲਬਾਤ ਕਰਦੇ ਸਮੇਂ ਸ਼ਬਦਾਂ ਦੀ ਉਚਿਤ ਚੋਣ ਕਰੋ ਕਿਉਂਕਿ ਸ਼ਬਦਾਂ ਦੀ ਧਾਰ, ਤਲਵਾਰ ਦੀ ਧਾਰ ਨਾਲੋਂ ਵੀ ਤੇਜ਼ ਹੁੰਦੀ ਹੈ।ਤਲਵਾਰ ਦਾ ਜ਼ਖਮ ਤਾਂ ਭਰ ਜਾਂਦਾ ਹੈ ਪਰ ਸ਼ਬਦੀ ਜ਼ਖਮਾਂ ਨੂੰ ਛੇਤੀ ਨਹੀਂ ਭੁਲਾਇਆ ਜਾ ਸਕਦਾ ਹੈ। ਕਦੇ-ਕਦੇ ਹਾਸਾ-ਠੱਠਾ ਵੀ ਕਰ ਲਿਆ ਕਰੋ ਅਤੇ ਘਰੋਂ ਬਾਹਰ ਦਾ ਗੇੜਾ ਚੀ ਮਰਵਾ ਦਿਆ ਕਰੋ।ਆਪਣੇ ਬੱਚਿਆਂ ਨੂੰ ਉਨ੍ਹਾਂ ਦਾ ਸਤਿਕਾਰ ਕਰਨਾ ਸਿਖਾਉਂਦੇ ਹੋਏ, ਉਨ੍ਹਾਂ ਨਾਲ ਕੁਝ ਸਮਾਂ ਬਿਤਾਉਣ ਲਈ ਵੀ ਕਹੋ।ਇਸ ਨਾਲ ਜਿੱਥੇ ਉਨ੍ਹਾਂ ਦਾ ਆਪਸ ਵਿਚ ਪਿਆਰ ਵਧੇਗਾ, ਉੱਥੇ ਬੱਚਿਆਂ ਵਿਚ ਨੈਤਿਕਤਾ ਦੇ ਗੁਣ ਵੀ ਆਪਣੀ ਹੋਂਦ ਵਿਖਾਉਣ ਲੱਗਣਗੇ ਜਿਨ੍ਹਾਂ ਦੀ ਅੱਜ ਦੇ ਸਮੇਂ ਵਿਚ ਜ਼ਰੁਰਤ ਹੈ।ਆਮ ਕਹਾਵਤ ਹੈ ਕਿ ' ਬੱਚਾ ਬੁੱਢਾ ਇੱਕ ਬਰਾਬਰ'। ਉਮਰ ਦੇ ਵਧਣ ਨਾਲ ਕਈ  ਵਾਰ ਉਹ ਇਕ ਹੀ ਗੱਲ ਨੂੰ ਬਾਰ-ਬਾਰ ਦੁਹਰਾਉਂਦੇ ਹਨ।ਉਨ੍ਹਾਂ ਦੇ ਸਰੀਰ ਦੇ ਕੰਬਦੇ ਹੱਥਾਂ ਰਾਹੀਂ ਕਈ ਵਾਰ ਖਾਣ ਸਮੇਂ ਕੁਝ ਡਿੱਗ ਪਵੇ ਜਾਂ ਉਨ੍ਹਾਂ ਕੋਲੋਂ ਤੁਹਾਡੇ ਦੁਆਰਾ ਕਹੇ ਗਏ ਕੰਮ ਨੂੰ ਛੇਤੀ ਨਾ ਕਰ ਸਕਣ ਕਾਰਨ, ਉਨ੍ਹਾਂ ਨਾਲ ਗੁੱਸੇ ਵਿਚ ਵਿਵਹਾਰ ਨਾ ਕਰੋ।ਸਿਆਣੇ ਕਹਿੰਦੇ ਹਨ, 'ਮਾਂ-ਬਾਪ ਨੂੰ ਮੰਦਾ ਨਾ ਬੋਲੀਏ ਚਾਹੇ ਲੱਖ ਉਨ੍ਹਾਂ ਦਾ ਕਸੂਰ ਹੋਵੇ"।ਹਰ ਮਾਂ-ਬਾਪ ਆਪਣੇ ਬੱਚਿਆਂ ਲਈ ਵੱਧ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰਦਾ ਹੈ।ਜੇਕਰ ਤੁਹਾਡੇ ਪਾਲਣ-ਪੋਸ਼ਣ ਵਿਚ ਕਿਤੇ ਕੁਝ ਕਮੀ ਰਹਿ ਵੀ ਗਈ ਹੋਵੇ ਤਾਂ ਇਸ ਦੇ ਮਿਹਣੇ ਦੇ-ਦੇ ਕੇ ਉਨ੍ਹਾਂ ਦਾ ਕਲੇਜਾ ਕਦੇ ਵੀ ਛਲਣੀ ਨਾ ਕਰੋ।ਉਨ੍ਹਾਂ ਦੇ ਖਾਣ-ਪੀਣ ਦਾ ਧਿਆਨ ਰੱਖਦੇ ਹੋਏ ਕਦੇ-ਕਦੇ ਮੈਡੀਕਲ ਚੈਕ-ਅੱਪ ਵੀ ਕਰਵਾਓ।ਇਸ ਤਰ੍ਹਾਂ ਕਰਨ ਨਾਲ  ਉਨ੍ਹਾਂ ਨੂੰ ਬੁਢਾਪੇ ਦੀ ਅਵਸਥਾ ਬੋਝ ਨਹੀਂ ਲੱਗੇਗੀ ਤੇ ਉਹ ਗੁਲਾਬ ਦੇ ਫੁੱਲਾਂ ਵਰਗੀ ਮਹਿਕ ਆਪਣੇ ਇਰਦ-ਗਿਰਦ ਮੰਡਰਾਉਂਦੀ ਮਹਿਸੂਸ ਕਰਦੇ ਹੋਏ ਤਰੋਤਾਜਾ ਜ਼ਿੰਦਗੀ ਦਾ ਆਨੰਦ ਮਾਣਨਗੇ।