ਜਮਾਂ ਗੁਣਾਂ ਤਕਸੀਮ ਘਟਾਓ!
ਜੀਵਨ ਦੇ ਇਹ ਚਾਰ ਪੜਾਓ!
ਪਹਿਲਾਂ “ਜਮਾਂ” ਜਮਾਂ ਹੀ ਕਰਨਾ।
ਜੀਵਨ ਨੂੰ ਅਕਲਾਂ ਸੰਗ ਭਰਨਾ।
ਜੀਵਨ ਨੂੰ ਸੰਜਮ ਨਾਲ਼ ਭਰਕੇ।
ਬ੍ਰਹਮਚਾਰੀ ਦਾ ਪਾਲਣ ਕਰਕੇ।
ਆਤਮ ਸੰਜਮ ਬਹੁਤ ਜ਼ਰੂਰੀ।
ਰੱਖਣੀ ਦੁਸ਼ਕਰਮਾਂ ਤੋਂ ਦੂਰੀ।
ਲੱਭ ਗੁਰੁ ਕੋਈ ਸੁਘੜ-ਸਿਆਣਾ।
ਵਿਦਿਆ ਦਾ ਸੰਗੀਤ ਸਜਾਣਾ।
ਠੁਮਕ-ਠੁਮਕ ਪੈਰ ਟਿਕਾਉਂਦੇ।
ਜੀਵਨ ਦੇ ਗੀਤਾਂ ਨੂੰ ਗਾਉਂਦੇ।
ਭਰ ਜਾਣਾ ਅਕਲਾਂ ਦੇ ਨਾਲ।
ਮਨ ਮੰਦਰ ਵਿੱਚ ਸਭ ਸੰਭਾਲ।
2
ਦੂਜਾ “ਗੁਣਾ” ਗੁਣਾ ਦੀ ਖਾਣ।
ਕਈ ਗੁਣਾਂ ਹੋਵੇ ਸਾਡਾ ਮਾਣ।
ਬੀਵੀ ਹੋਵੇ-ਬੱਚੇ ਹੋਵਣ।
ਜੀਵਨ ਦਾ ਸੰਗੀਤ ਸੰਜੋਵਣ।
ਗ੍ਰਿਹਸਤੀ ਦੇ ਵਿੱਚ ਪੈਰ ਟਿਕਾ ਕੇ।
ਇਸ ਦਾ ਸਾਰਾ ਬੋਝਾ ਚਾ ਕੇ।
ਦੇਵ-ਪਿੱਤਰੀ-ਰਿਸ਼ੀ ਰਿਣਾਂ ਨੂੰ।
ਪੂਰੇ ਕਰਕੇ ਸ਼ੁਭ ਦਿਨਾਂ ਨੂੰ।
ਹਰ ਇੱਕ ਬਣਦਾ ਫਰਜ਼ ਨਿਭਾਣਾ।
ਸ਼ੁਭ-ਸ਼ੁਭ ਹੀ ਕਰਮ ਕਮਾਣਾ।
ਮਾਤ-ਪਿਤਾ ਤੇ ਭੈਣਾਂ ਭਾਈ।
ਖੁਸ਼ੀਆਂ ਦੇ ਸੰਗ ਹੋਣ ਸ਼ੁਦਾਈ।
ਜੀਵਨ ਬਣ ਜਾਵੇ ਤਿਉਹਾਰ।
ਦਿਨੋਂ-ਦਿਨੀਂ ਫਿਰ ਵਧੇ ਪਿਆਰ।
ਮਾਣ ਜਮਾਨੇ ਭਰ ਦਾ ਹੋਵੇ।
ਅਸ਼-ਅਸ਼ ਬੰਦਾ ਕਰਦਾ ਹੋਵੇ।
3
ਤੀਜਾ ਵੰਡ ਦੇਈਏ ਫਿਰ ਅਕਲਾਂ।
ਸਭ ਦੀਆਂ ਹੋ ਜਾਣ ਸੁਹਣੀਆਂ ਸ਼ਕਲਾਂ।
ਵਾਣਪ੍ਰਸਤੀ ਧਾਰਨ ਕਰਕੇ।
ਜੀਵਨ ਦੀ ਨਈਆ ਨੂੰ ਤਰਕੇ।
ਬਣ ਜਾਣਾ ਇੱਕ ਪਰਮ ਮਨੁੱਖ।
ਜੀਵਨ ਦੇ ਸਭ ਮਿਲਦੇ ਸੁੱਖ।
ਖੁਦ ਗੁਰੂ ਦਾ ਰੁਤਬਾ ਪਾਈਏ।
ਚੇਲੇ ਵਿਦਿਆ ਨਾਲ ਨੁਹਾਈਏ।
ਬਣ ਕੇ ਗੁਣੀ-ਗਿਆਨੀ ਬੰਦੇ।
ਬਣ ਕੇ ਰਹੀਏ ਮਿੱਠੇ-ਠੰਡੇ।
ਗੁਸੇ ਦਾ ਕਰ ਘੋਰ-ਵਿਨਾਸ਼।
ਜੀਵਨ ਦੀ ਇੱਕ ਬਣ ਕੇ ਆਸ।
ਜੀਵਨ ਨੂੰ ਅੱਗੇ ਲੈ ਜਾਈਏ।
ਸੱਚਾ-ਸੁੱਚਾ ਰੁਤਬਾ ਪਾਈਏ।
4
ਇਸ ਤੋਂ ਘਟਦਾ ਜੋਰ।
ਜੀਵਨ ਹੋਵੇ ਮਨਫੀ ਹੋਰ।
ਬਣ ਜਾਵੇ ਸੰਨਿਆਸੀ ਬੰਦਾ।
ਮੁੱਕ ਜਾਵੇ ਜੀਵਨ ਦਾ ਫੰਦਾ।
ਸੱਚ,ਖਿਮਾ,ਸੰਜਮ ਤੇ ਗਿਆਨ।
ਏਹੀ ਹੈ ਅੰਤਿਮ ਮੁਸਕਾਨ।
ਬੁੱਢ ਵਰੇਸੀ ਬੰਦਾ ਹੋ’ਜੇ।
ਜੀਵਨ ਕੁਝ ਬੇਰੰਗਾ ਹੋ’ਜੇ।
ਨਾਮ ਜਪੇ ਤੇ ਰੱਬ ਧਿਆਵੇ।
ਬਿਨ ਦੰਦਾਂ ਤੋਂ ਭੋਜਨ ਖਾਵੇ।
ਮੁੱਕ ਜਾਣ ਦੀ ਚਿੰਤਾ ਹੋਵੇ।
ਕੋਈ-ਕੋਈ ਹੱਸੇ ਕੋਈ-ਕੋਈ ਰੋਵੇ।
ਮੁੱਕ ਜਾਵੇ ਇਹ ਪਰਮ-ਪੜਾਓ।
ਸ਼ੁਭ ਯੋਨੀ ਹੋ ਜਾਏ ਘਟਾਓ।