ਸਭ ਰੰਗ

  •    ਠੋਕਰਾਂ ਤੋਂ ਕਿਵੇਂ ਬਚੀਏ ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵਾਪਸੀ ਕੁੰਜੀ ਦਾ ਭੇਤ / ਰਵੇਲ ਸਿੰਘ ਇਟਲੀ (ਲੇਖ )
  •    ਕਸ਼ਮੀਰ ਘਾਟੀ ਦਾ ਕੌੜਾ ਸੱਚ / ਗੁਰਨਾਮ ਸਿੰਘ ਸੀਤਲ (ਲੇਖ )
  •    ਸਿਆਸਤ ਦੇ ਰੰਗਾਂ ਤੇ ਵਿਅੰਗ ਕਰਦੀ ਪੁਸਤਕ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਦਾਦੀ ਦੀਆਂ ਗੱਲਾਂ-ਬਾਤਾਂ / ਗੁਰਦੀਸ਼ ਗਰੇਵਾਲ (ਲੇਖ )
  •    ਡੇਂਗੂ ਦਾ ਇਲਾਜ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਜੱਗ ਰਚਨਾ ਕੋਈ ਝੂਠ ਨਹੀਂ ਕੋਰਾ ਸੱਚ ਹੈ / ਅਮਰਜੀਤ ਢਿਲੋਂ (ਲੇਖ )
  •    ਬਾਬੇ ਭਾਨੇ ਦਾ ਮੋਬਾਇਲ / ਸੁਖਵਿੰਦਰ ਕੌਰ 'ਹਰਿਆਓ' (ਵਿਅੰਗ )
  •    ਸਮਾਜ ਦਾ ਅਣ-ਖਿੜਵਾ ਭਾਗ ਹਨ ਘੜੰਮ-ਚੌਧਰੀ / ਮਨਜੀਤ ਤਿਆਗੀ (ਲੇਖ )
  •    ਡਾ.ਕਮਲੇਸ਼ ਉਪਲ ਦੀ ਪੁਸਤਕ ਵਾਰਤਕ ਦੇ ਰੰਗ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਡਿਜੀਟਲ ਇੰਡੀਆ 'ਤੇ ਅਵਾਰਾ ਪਸ਼ੂ / ਨੀਲ ਕਮਲ ਰਾਣਾ (ਲੇਖ )
  •    ਢੱਟਾ ਅਤੇ ਪਾਲੀ / ਨਿਸ਼ਾਨ ਲਿਖਾਰੀ (ਵਿਅੰਗ )
  • ਮਿੱਟੀ ਦਾ ਮੋਹ (ਕਹਾਣੀ)

    ਅਮਰਜੀਤ ਸਿੰਘ ਸਿਧੂ   

    Email: amarjitsidhu55@hotmail.de
    Phone: 004917664197996
    Address: Ellmenreich str 26,20099
    Hamburg Germany
    ਅਮਰਜੀਤ ਸਿੰਘ ਸਿਧੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਜੀਤ ਹੋਰੀਂ ਸ੍ਰੀ ਨਨਕਾਣਾ ਸਾਹਿਬ ਵਿਚ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਨਿੱਕਲ ਰਹੇ ਨਗਰ ਕੀਰਤਨ ਵਿਚ ਜਾ ਰਹੇ ਸਨ। ਤਖਤੂਪੁਰੇ ਵਾਲਾ ਬਲਵੀਰ ਇਹਨਾਂ ਨੂੰ ਭਾਲਦਾ-ਭਾਲਦਾ, ਇਹਨਾਂ ਕੋਲ ਪਹੁੰਚ ਗਿਆ। ਬਲਵੀਰ ਨੇ ਜੀਤ ਦੇ ਮੋਢੇ ਤੇ ਆ ਹੱਥ ਰੱਖਿਆ। ਜੀਤ ਨੇ ਪਿੱਛੇ ਘੁੰਮ ਕੇ ਵੇਖਿਆ, ਬਲਵੀਰ ਦੇ ਨਾਲ ਇਕ ਪਾਕਸਤਾਨੀ ਬਜੁਰਗ ਜੀਹਦੀ ਉਮਰ ਸੱਠ ਸਾਲ ਦੇ ਨੇੜੇ ਹੋਵੇਗੀ ਆਇਆ। ਬਲਵੀਰ ਨੇ ਦੱਸਿਆ ਇਹ ਬੁਜੱਰਗ ਤੁਹਾਨੂੰ ਭਾਲਦੇ-ਭਾਲਦੇ ਸਾਨੂੰ ਮਿੱਲ ਪਏ। ਜੀਤ ਨੇ ਹੱਥ ਜੋੜ ਕੇ ਬਜੁਰਗ ਨੂੰ ਸਤਿ ਸ੍ਰੀ ਅਕਾਲ ਬੁਲਾਈ। ਜੀਤ ਨੇ ਬੜੇ ਪਿਆਰ ਨਾਲ ਪੁੱਛਿਆ, “ਦੱਸੋ ਬਾਬਾ ਜੀ ਅਸੀਂ ਕੀ ਸੇਵਾ ਕਰ ਸਕਦੇ ਹਾਂ।”
    “ਸੇਵਾ ਨੂੰ ਤਾਂ ਪੁੱਤਰਾ ਅੱਲਾ ਦਾ ਫਜਲ ਹੈ, ਪਰ ਤੂੰ ਦੱਸ ਤੇਰਾ ਪਿੰਡ ਮੋਗੇ ਤਸ੍ਹੀਲ ਚ ਕਿਹੜਾ ਹੈ।”
    “ਬਾਬਾ ਜੀ, ਮੇਰਾ ਪਿੰਡ ਬੱਧਨੀ ਹੈ।”ਜੀਤ ਦੇ ਮੂੰਹੋਂ, ਬੱਧਨੀ ਦਾ ਨਾਮ ਸੁਣ ਕੇ ਬਾਬੇ ਨੇ ਪੁੱਛਿਆ, ਪੁੱਤ ਬੱਧਨੀ ਵੱਡੀ ਜਾਂ ਛੋਟੀ, ਜੀਤ ਨੇ ਜਦੋਂ ਵੱਡੀ ਬੱਧਨੀ ਕਿਹਾ ਤਾਂ ਬਜੁਰਗ ਦੇ ਮੂੰਹ ਤੇ ਗੁਲਾਬੀ ਭਾਅ ਮਾਰਨ ਲੱਗੀ. ਬਜੁਰਗ ਨੂੰ ਚਾਅ ਜਿਹਾ ਚੜ੍ਹ ਗਿਆ ਉਸ ਨੇ ਜੀਤ ਨੂੰ ਜੱਫੀ ਵਿਚ ਘੁੱਟ ਲਿਆ। ਉਸ ਦੀਆਂ ਅੱਖਾਂ ਚੋਂ ਪਾਣੀ ਆਪ ਮੁਹਾਰੇ ਤੁਰ ਪਿਆ। ਪਤਾ ਨਹੀਂ, ਇਹ ਹੰਝੂ ਖੁਸ਼ੀ ਦੇ ਸਨ ਜਾਂ ਵੈਰਾਗ ਦੇ। ਉਸ ਨੇ ਭਰੇ ਹੋਏ ਗਲ ਨਾਲ ਅਖਿਆ, “ਸ਼ੁਕਰ ਹੈ ਅੱਲਾ ਦਾ, ਮੈਂ ਤਾਂ ਸੋਚਦਾ ਸਾਂ ਉਸ ਮਿੱਟੀ ਚੋਂ ਜੰਮੇ ਕਿਸੇ ਦੇ ਦਿਦਾਰ ਕਰਨ ਤੋਂ ਬਿੰਨ੍ਹਾਂ ਹੀ ‘ਖਾਕੇ-ਏ-ਸਪੁਰਦ ਹੋਵਾਂਗਾ। ਪਰ ਨਹੀਂ ਅੱਲਾ ਦੀ ਰਹਿਮਤ ਹੈ। ਮੈਂ ਕਈ ਸਾਲ ਦਾ ਹਰ ਗੁਰ ਪੁਰਬ ਵੇਲੇ ਆਉਂਦਾ ਹਾਂ। ਪਰ ਕਿਸੇ ਦੇ ਦਿਦਾਰ ਨਹੀ ਹੋਏ। ਪਿਛਲੀ ਵਾਰੀ ਕਹਿੰਦੇ ਸਨ ਕਿ ਬੱਧਨੀ ਤੋਂ ਆਏ ਨੇ, ਪਰ ਕਿਸੇ ਨਾਲ ਮੇਲੇ ਨਹੀਂ ਹੋਏ। ਪੁਤਰਾ ਫਿਰ ਇਹ ਦੱਸ ਪਿੰਡ ਵਿਚ ਕੀਹਨੂੰ ਜਾਣਦੈਂ।” 
    “ਬਾਬਾ ਜੀ, ਤੁਹਾਡੇ ਹਾਣੀ ਜਿਹੜੇ ਅਜੇ ਜਿਉਂਦੇ ਹਨ, ਜਾਂ ਪਿੱਛਲੇ ਪੰਜ ਚਾਰ ਸਾਲ ਦੇ ਸੁਰਗਵਾਸ ਹੋਏ ਹਨ ਤਕਰੀਬਨ ਸਾਰਿਆਂ ਨੂੰ ਹੀ ਜਾਣਦਾ ਹੋਵਾਂਗਾ।” ਜੀਤ ਦੀ ਗੱਲ ਸੁਣ ਕੇ ਬਜੁਰਗ ਨੇ ਕਿਹਾ.
    “ਪੁੱਤਰਾ ਪਿੰਡ ਬਹੁਤ ਵੱਡਾ ਸੀ, ਕਿਧਰੇ ਲੋਕ ਪਿੰਡ ਛੱਡ ਕੇ ਹੋਰ ਕਿਧਰੇ ਤਾਂ ਨਹੀਂ ਜਾ ਵਸੇ”। 
    ਨਹੀਂ ਬਾਬਾ ਜੀ:“ ਮੈਂ ਪਿੰਡ ਵਿਚ ਵੋਟਾਂ ਵਾਟਾਂ ਵਿਚ ਹਿਸਾ ਲੈਦਾਂ ਰਹਿੰਦਾ ਹਾਂ ਇਸ ਕਰਕੇ ਤਕਰੀਬਨ ਸਾਰਿਆਂ ਨੂੰ ਜਾਣਦਾਂ ਹਾਂ1
    ਕੁਝ ਸੋਚਦੇ ਹੋਏ ਬਜੁੱਰਗ ਨੇ ਆਖਿਆ, “ ਸ਼ੇਰਾ ਮੇਰਾ ਨਾਮ ਅਲੀ ਬਖਸ਼ ਹੈ। ਪਰ ਪਿੰਡ ਮੇਰੇ ਹਾਣੀ ਮੈਨੂੰ ਅਲੀਆ ਹੀ ਆਖਦੇ ਸਨ। ਸਾਡਾ ਘਰ ਮਿੱਡੇ ਪੱਤੀ, ਬਾਬੇ ਗਾਮੇ ਸ਼ਾਹ ਦੇ ਡੇਰੇ ਕੋਲ ਸੀ।ਪੁੱਤਰਾ ਮੈਂ „ਸੱਲੋ ਪੱਤੀ“ ਲੰਮੇ ਬਖਤੌਰ ਹੋਰਾਂ ਨਾਲ ਸੀਰ ਲੈਂਦਾ ਰਿਹਾ ਹਾਂ। ਬੜੇ ਭਲੇ ਪੁਰਸ਼ ਸਨ। ਉਹਦੇ ਘਰੋਂ ਚਾਚੀ ਨੰਦ ਕੁਰ ਤਾਂ ਮੈਨੂੰ ਪੁਤਾਂ ਵਾਗੂੰ ਸਮਝਦੀ ਸੀ। ਕੀ ਤੂੰ ਉਸ ਪ੍ਰਵਾਰ ਨੂੰ ਜਾਣਦੈਂ?”
    “ਹਾਂ ਬਾਬਾ ਜੀ, ਮੈਂ ਬਖਤੌਰ ਸਿੰਘ ਹੋਰਾਂ ਦਾ ਹੀ ਪੋਤਰਾ ਹਾਂ।” ਜੀਤ ਨੇ ਆਖਿਆ। 
    ਅੱਲਾ ਬਖਸ ਨੇ ਉਹਨੂੰ ਫਿਰ ਜੱਫੀ ਵਿਚ ਘੁਟ ਲਿਆ ਤੇ ਅੱਖਾਂ ਨੇ ਖੁਸ਼ੀ ਦੇ ਹੰਝੂ ਦੀ ਝੜੀ ਲਾ ਦਿੱਤੀ. ਮੋਢੇ ਤੇ ਰੱਖੇ ਸਾਫੇ ਨਾਲ ਅੱਖਾਂ ਪੂਝਦਿਆਂ ਜੀਤ ਨੂੰ ਪੁੱਛਿਆ, “ਪੁੱਤਰਾ ਤੂੰ ਵੱਡੇ ਬਚਨ ਦਾ ਕਾਕਾ ਏ ਜਾਂ ਛੋਟੇ ਭਜਨ ਦਾ.”
    “ਬਾਬਾ ਜੀ, ਮੈਂ ਵੱਡੇ ਗੁਰਬਚਨ ਸਿੰਘ ਦਾ ਲੜਕਾ ਹਾਂ।”
    “ਉਹ ਪੁੱਤਰਾ ਫੇਰ ਤਾਂ ਤੂੰ ਘਰ ਦਾ ਹੀ ਮਿਲ ਗਿਆ। ਅੱਜ ਤਾਂ ਸੌਂਹ ਅੱਲਾ ਦੀ ਜਿਵੇਂ ਮਂੈ ਮੁੜ ਬੱਧਨੀ ਵਿਚ ਹੀ ਫਿਰ ਰਿਹਾਂ ਹੋਵਾਂ। ਤੂੰ ਇਹ ਦੱਸ ਤੇਰੇ ਬਾਪ, ਦਾਦੇ ਹੋਰਾਂ ਦਾ ਕੀ ਹਾਲ ਹੈ? ਚਾਚੀ ਨੰਦ ਕੁਰ ਦਾ ਕੀ ਹਾਲ ਹੈ?” ਉਹ ਸਾਰਿਆ ਦਾ ਹਾਲ ਪੁੱਛ ਹੀ ਰਿਹਾ ਸੀ। ਮੋਢੇ ਰੱਖੇ ਸਾਫੇ ਨਾਲ ਅੱਖਾਂ ਵਿਚੋਂ ਨਿਕਲਦੇ ਹੰਝੂ ਵੀ ਸਾਫ ਕਰੀ ਜਾ ਰਿਹਾ ਸੀ। 
    “ਬਾਬਾ ਜੀ ਮੇਰੇ ਪਿਤਾ ਜੀ ਤਾਂ ਪਿੱਛਲੇ ਸਾਲ ਸਵਰਗਵਾਸ ਹੋ ਗਏ ਸਨ। ਬਾਕੀ ਸਾਰਾ ਹੀ ਪ੍ਰਵਾਰ ਠੀਕ ਠਾਕ ਹੈ।”
    “ਕੀ ਗੱਲ ਹੋਈ ਸੀ ਬਚਨ ਨੂੰ? ਉਹ ਤਾਂ ਮੇਰੇ ਨਾਲੋਂ ਅੱਠ ਨੌਂ ਸਾਲ ਛੋਟਾ ਸੀ।” ਅਲੀ ਬਖਸ ਰੋਈ ਜਾ ਰਿਹਾ ਸੀ ਤੇ ਪੁੱਛੀ ਜਾ ਰਿਹਾ ਸੀ। 
    “ਉਹ, ਬਾਬਾ ਜੀ ਬਿਮਾਰ ਹੋ ਗਏ ਸਨ। ਇਲਾਜ ਵਾਲੀ ਕੋਈ ਕਸਰ ਨਹੀਂ ਛੱਡੀ। ਅਰਾਮ ਹੀ ਨਹੀਂ ਆਇਆ।”
    “ਕਰਮਾਂ ਦੀ ਗੱਲ ਹੈ ਸ਼ੇਰਾ, ਮੈਂ ਤੇ ਤੇਰਾ ਅੱਬਾ ਕੱਠੇ ਕੌਡੀ ਖੇਡਦੇ ਸਾਂ। ਉਹ ਸਾਡੇ ਸਾਰਿਆ ਤੋਂ ਤਕੜਾ ਸੀ। ਬਚਨ ਤੋਂ ਕੌਡੀ ਖੇਡਿਦਆਂ ਗਿੱਲਾਂ ਦੇ ਚਰੰਜੀ ਦੀ ਲੱਤ ਟੁੱਟ ਗਈ ਸੀ। ਉਹਨੂੰ ਚਰੰਜੀ ਲੰਗੇ ਦੀ ਅੱਲ ਹੀ ਪੈ ਗਈ ਸੀ। ਪਰ ਅੱਲਾ ਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ, ਹੁੰਦਾ ਉਹ ਹੀ ਹੈ ਜੋ ਖੁਦਾ ਨੂੰ ਮਨਜੂਰ ਹੁੰਦਾ. ਹੋਰ ਚਾਚਾ, ਚਾਚੀ ਤਾਂ ਠੀਕ ਹਨ। ਚਾਚਾ ਹੁਣ ਵੀ ਘੁਟ ਪੀ ਲੈਂਦਾ ਹੈ ਜਾਂ ਛੱਡ ਗਿਆ ਹੈ।”
    “ਨਹੀਂ, ਉਹ ਤਾਂ ਪੀ ਹੀ ਲੈਂਦੇ ਹਨ। ਪਰ ਪੀਂਦੇ ਸ਼ਾਮ ਨੂੰ ਹੀ ਹਨ।”
    “ਵਾਰਿਸ਼ ਸ਼ਾਹ ਇਹ ਆਦਤਾਾਂ ਜਾਂਦੀਆ ਨਾਂ” ਅਲੀ ਬਖਸ ਨੇ ਆਖਿਆ, “ ਇਕ ਪੁੰਨਪ੍ਰਤਾਪ ਹੁੰਦਾ ਸੀ ਆਪਣਾ ਗਵਾਂਡੀ, ਗੁਲਵੰਤ ਹੁੰਦਾ ਸੀ, ਨੇਕ ਸੀ, ਚੰਦੀ ਕਾ ਬੱਚਨਾ, ਕੜਿਆ ਵਾਲਾ, ਸਾਉਣ ਕਾ ਤਾਰਾ, ਲੋਗੜ ਕਾ ਮਲਕੀਤ ਤੇ ਗੁਰਦੇਵ ਦੁਵਾਵੀਆ ਸਾਰੇ ਹੀ ਮੇਰੇ ਜੁੰਡੀ ਦੇ ਯਾਰ ਹੁੰਦੇ ਸਨ। ਸਾਰੇ ਠੀਕ ਹਨ”। 
    “ਇਹਨਾਂ ਵਿਚੋ ਨੇਕ, ਬਾਬਾ ਪੁੰਨਪ੍ਰਤਾਪ ਤੇ ਗੁਰਦੇਵ ਦੁਵਾਵੀਆ ਤਾਂ ਚੜਾਈ ਕਰ ਗਏ ਹਨ। ਚੰਦੀ ਕੇ ਬਚਨੇ ਤੋਂ ਛੋਟੀ ਨਹਿਰ ਵਾਲੇ ਸੰਤ ਮਰ ਗਏ ਸਨ। ਉਸਨੂੰ ਵੀਹ ਸਾਲ ਸੀ ਸਜ਼ਾ ਹੋ ਗਈ ਸੀ ਬਾਕੀ ਸਾਰੇ ਹੀ ਠਾਕ ਠਾਕ ਹਨ।”
    ਉਹ ਦੋ ਘੰਟੇ ਜੀਤ ਨਾਲ ਨਗਰ ਕੀਰਤਨ ਵਿਚ ਘੁੰਮਦਾ ਪਿੰਡ ਦੀਆਂ ਗੱਲਾਂ ਕਰਦਾ ਰਿਹਾ। ਤਕਰੀਬਨ ਉਸ ਨੇ ਅੱਧੋ ਵੱਧ ਪਿੰਡ ਦੇ ਲੋਕਾਂ ਦੀ ਬਾਬਤ ਪੁੱਛਿਆ। ਇਕ ਗੱਲ ਉਹ ਹਰ ਦੋ ਮਿੰਟ ਬਾਅਦ ਕਹਿੰਦਾ ਸੀ।
    “ਉਸ ਜਨਮ ਭੂਮੀਂ ਦੀ ਖਾਕ ਨੂੰ ਤਰਸਦੇ ਮਰ ਜਾਵਾਂਗੇ ਪੁੱਤਰਾ। ਹੋਰ ਤਾਂ ਅੱਲਾ ਨੇ ਸਭ ਕੁਝ ਬਖਸ਼ ਦਿੱਤਾ, ਜਮੀਨ ਦੇ ਮਾਲਕ ਬਣ ਗਏ, ਤਿੰਨ ਪੁੱਤਰ ਨੇ ਵਧੀਆ ਨੌਕਰੀਆਂ ਤੇ ਲੱਗੇ ਨੇ। ਸੁਖ ਨਾਲ ਪੈਸਾ ਵੀ ਗੁਜਾਰੇ ਯੋਗਾ ਬਹੁਤ ਐ। ਪਰ ਸ਼ੇਰਾ ਉਹ ਰੋੜਾਂ ਵਾਲਾ ਛੱਪੜ, ਉਹ ਨਹਿਰ, ਬੁਰਜ ਥੱਲੇ ਕੱਟੀਆਂ ਹਾੜ ਦੀਆਂ ਦੁਪਹਿਰਾਂ ਤੇ ਚਾਚੀ ਨੰਦ ਕੁਰ ਦੇ ਉਹ ਬੋਲ ‘ਵੇ ਅਲੀਆ ਟੁੱਟ ਪੈਣਿਆ ਤੂੰ ਵੀ ਇਹਨਾਂ ਜਿਹਾ ਹੋ ਗਿਆ। ਮੱਝਾਂ ਨੂੰ ਪੱਠੇ ਪਾ ਦੇ ਨਹੀਂ ਤਾਂ ਸਵੇਰ ਨੂੰ ਸਾਰੇ ਚਾਹ ਬਿਨ੍ਹਾਂ ਅਬਾਸੀਆਂ ਲਵੋਗੇ’। ਪੁੱਤ ਇਨ੍ਹਾਂ ਨੂੰ ਤਰਸਦਿਆਂ ਹੀ ਅੱਲਾ ਪਾਕ ਦੇ ਦੁਆਰੇ ਚਲੇ ਜਾਵਾਂਗੇ। ਪਰ ਸ਼ੇਰਾ ਮਰਨ ਤੋਂ ਮਗਰੋਂ ਇਸ ਖਾਕ ਨੂੰ ਉਹ ਖਾਕ ਨਹੀਂ ਮਿਲਣੀ, ਜੇ ਮੇਰੀ ਖਾਕ ਉਸ ਬੱਧਨੀ ਦੀ ਖਾਕ ਵਿਚ ਰਲ ਜਾਂਦੀ, ਫਿਰ ਤਾਂ ਬਹਿਸਤ ਹੀ ਬਹਿਸਤ ਸੀ।” ਉਹ ਪਿੰਡ ਦੀਆਂ ਛੋਟੀਆਂ ਛੋਟੀਆਂ ਗੱਲਾਂ ਕਰਦੇ ਨਗਰ ਕੀਰਤਨ ਦੇ ਨਾਲ ਨਾਲ ਚੱਲਦੇ ਰਹੇ.
    ਨਗਰ ਕੀਰਤਨ ਸਾਰੇ ਸ਼ਹਿਰ ਵਿਚ ਦੀ ਹੁੰਦਾ ਹੋਇਆ ਮੁੜ ਗੁਰਦੁਆਰਾ ਜਨਮ ਸਥਾਨ ਤੇ ਆ ਗਿਆ। ਸਕਿਉਰਟੀ ਵਾਲੇ, ਬਿਨ੍ਹਾਂ ਜੱਥੇ ਦੇ ਮੈਂਬਰਾਂ ਤੋਂ ਕਿਸੇ ਨੂੰ ਵੀ ਅੰਦਰ ਨਹੀਂ ਸੀ ਜਾਣ ਦਿੰਦੇ।
    ਬਾਬਾ ਅਲੀ ਬਖਸ ਡਿਉਡੀ ਕੋਲ ਆ ਕੇ ਜੀਤ ਨਾਲ ਬਹੁਤ ਚਿਰ ਗੱਲਾਂ ਕਰਦਾ ਰਿਹਾ। ਉਹ ਦੱਸਦਾ ਸੀ ਕਿ ਮੇਰਾ ਪਿੰਡ ਇਥੋਂ ਛੇ ਕਿਲੋਮੀਟਰ ਤੇ ਹੈ। ਯੱਕੇ ਜਾਂਦੇ ਨੇ। ਉਹ ਦੂਸਰੇ ਦਿਨ ਮਿਲਣ ਦਾ ਅਤੇ ਨਾਲ ਪਿੰਡ ਲਿਜਾਣ ਦਾ ਵਾਅਦਾ ਕਰਕੇ ਜੀਤ ਨੂੰ ਫਿਰ ਘੁੱਟ ਕੇ ਹਿੱਕ ਨਾਲ ਲਾ ਲਿਆ, ਜਿਵੇਂ ਢੇਰ ਚਿਰ ਮਗਰੋਂ ਪ੍ਰਦੇਸੋਂ ਮੁੜੇ ਪੁੱਤ ਨੂੰ ਮਾਂ ਘੁੱਟ ਕੇ ਹਿੱਕ ਨਾਲ ਲਾਉਂਦੀ ਨਹੀਂ ਥੱਕਦੀ, ਇਹੋ ਹਾਲ ਹੀ ਬਜੁਰਗ ਅਲੀਏ ਦਾ ਸੀ. ਉਹ ਪਿੰਡ ਨੂੰ ਤੁਰਿਆ ਨਹੀਂ ਉਡਿਆ ਜਾ ਰਿਹਾ ਸੀ. ਅੱਜ ਉਹ ਆਪਣੇ ਆਪ ਨੂੰ ਬੱਧਨੀ ਫਿਰਦਾ ਅਠਾਈ ਤੀਹ ਸਾਲ ਦਾ ਗੱਭਰੂ ਹੀ ਮਹਿਸੂਸ ਕਰ ਰਿਹਾ ਸੀ. 
    ਜੀਤ ਦੇ ਨਾਲ ਇਹਨਾਂ ਦੇ ਪਿੰਡ ਦਾ ਇਕ ਹੋਰ ਬਜੁਰਗ ਵੀ ਸੀ। ਜਦੋਂ ਅਲੀ ਬਖਸ ਜੀਤ ਨੂੰ ਮਿਲਿਆ, ਉਹ ਬਜੁਰਗ ਉਦੋਂ ਹੀ ਇਹਨਾਂ ਤੋਂ ਪਾਸਾ ਕਰ ਗਿਆ। ਜੀਤ ਨੇ ਕਮਰੇ ਵਿਚ ਆ ਕੇ ਉਨ੍ਹਾਂ ਨੂੰ ਸਾਰੀ ਕਹਾਣੀ ਦੱਸੀ। ਇਹ ਵੀ ਦੱਸਿਆ ਕਿ ਉਹ ਕੱਲ੍ਹ ਨੂੰ ਦਸ ਵਜੇ ਆਵੇਗਾ। ਉਹ ਕਹਿੰਦਾ ਸੀ ਕਿ ਉਹ ਆਪਾਂ ਨੂੰ ਪਿੰਡ ਲਿਜਾਣ ਦੀ ਮਨਜੂਰੀ ਵੀ ਲੈ ਕੇ ਆਵੇਗਾ। ਜੀਤ ਹੋਰਾਂ ਦੇ ਨਾਲ ਬਾਘੇ ਪੁਰਾਣੇ ਵਾਲਾ ਹਰਭਜਨ ਬਰਾੜ ਤੇ ਕੁਲਦੀਪ ਕਾਨੂੰਗੋ ਮਹੇਸਰੀ ਵੀ ਸਨ। ਬਰਾੜ ਦੇ ਨਾਨਕੇ ਤੇ ਕੁਲਦੀਪ ਦੇ ਸਹੁਰੇ ਬੱਧਨੀ ਸੀ। ਇਹ ਜਦੋਂ ਤੋਂ ਅੰਮ੍ਰਿਤਸਰ ਮਿਲੇ ਸਨ ਉਦੋਂ ਤੋਂ ਹੀ ਇਹ ਸਾਰੇ ਇਕੱਠੇ ਹੋ ਗਏ ਸਨ।                                                                                               
    ਹਰਭਜਨ ਬਰਾੜ ਤੇ ਕੁਲਦੀਪ ਕਾਨੂੰਗੋ ਨੇ ਜੀਤ ਤੋਂ ਅਲੀ ਬਖਸ ਦੀ ਨਾਲ ਲਿਜਾਣ ਵਾਲੀ ਗੱਲ ਸੁਣ ਕੇ ਕਿਹਾ “ਚੱਲ ਯਾਰ ਇਸ ਬਹਾਨੇ ਇਹਨਾਂ ਦੇ ਪਿੰਡ ਤੇ ਫਸਲਾਂ ਹੀ ਵੇਖ ਆਵਾਂਗੇ। ਸਾਡੇ ਨਾਲੋਂ ਕਿੰਨੀ ਕੁ ਤਰੱਕੀ ਤੇ ਹਨ।
    ਨਾਲ ਦੇ ਬਜੁਰਗ ਨੇ ਇਨ੍ਹਾਂ ਨੂੰ ਆਖਿਆ, “ਕਿਸੇ ਨੇ ਨਹੀਂ ਜਾਣਾ, ਤੁਹਾਨੂੰ ਪਤਾ, ਹੱਲੇ ਗੁੱਲੇ ਵੇਲੇ ਇਹਨਾਂ ਦੇ ਕਿੰਨੇ ਆਦਮੀ ਉੱਥੇ ਮਾਰ ਦਿੱਤੇ ਗਏ ਸਨ। ਇਸ ਲਈ ਕਿਸੇ ਦੇ ਮਨ ਦਾ ਕੀ ਪਤਾ ਹੁੰਦਾ, ਗੁਰੁ ਸਾਹਿਬ ਜੀ ਨੇ ਕਿਹਾ ਸੀ, ਬਾਂਹ ਨੂੰ ਤੇਲ ਲਾ ਕੇ ਤਿੱਲਾਂ ਵਾਲੀ ਬੋਰੀ ਵਿਚ ਬਾਂਹ ਪਾ ਦੇਵੋ, ਜਿੰਨੇ ਤਿੱਲ ਬਾਂਹ ਨੂੰ ਲਾਗ ਜਾਣ ਇਹ ਭਾਵੇਂ ਉਨੀਆਂ ਕਸਮਾਂ ਖਾਣ ਤਾਂ ਵੀ ਇਹਨਾਂ ਦੀਆਂ ਕਸਮਾਂ ਤੇ ਵੀ ਇਤਬਾਰ ਨਹੀਂ ਕਰਨਾ। ਇੱਥੇ ਮਿਲ ਲਿਆ ਠੀਕ ਹੈ। ਉਸ ਨਾਲ ਐਂਵੇ ਨਾ ਤੁਰ ਪੈਣਾ।” 
    ਜੀਤ ਦਾ ਮਨ ਸੋਚ ਰਿਹਾ ਸੀ, ਉਹ ਬਜੁਰਗ ਇਸ ਤਰ੍ਹਾਂ ਦਾ ਤਾਂ ਲੱਗਦਾ ਨਹੀਂ। ਫਿਰ ਵੀ ਕੀ ਪਤਾ ਹੈ, ਕੀ ਹੋਇਆ ਸੀ ਦੇਸ਼ ਦੀ ਵੰਡ ਵੇਲੇ। ਇਹਨਾਂ ਸੋਚਾਂ ਵਿਚ ਪਏ ਜੀਤ ਨੂੰ ਨੀਂਦ ਆ ਗਈ। ਅਸਲ ਗੱਲ ਦਾ ਜੀਤ ਨੂੰ ਪਿੰਡ ਆ ਕੇ ਆਪਣੇ ਦਾਦੇ ਤੋਂ ਪਤਾ ਲੱਗਾ ਜਦੋਂ ਜੀਤ ਨੇ ਆ ਕੇ ਆਪਣੇ ਦਾਦੇ ਨਾਲ ਉਹ ਸਾਰੀ ਗੱਲ ਕੀਤੀ। ਅਲੀਏ ਦਾ ਵੱਡਾ ਭਰਾ ਏਸੇ ਬਜੁਰਗ ਨੇ ਮਾਰ ਦਿੱਤਾ ਸੀ। ਜਿਸ ਦਾ ਡਰ ਉਸ ਨੂੰ ਵਿਚੇ ਵਿਚ ਖਾਈ ਜਾ ਰਿਹਾ ਸੀ। ਉਹ ਅਲੀਏ ਦੇ ਮੱਥੇ ਵੀ ਤਾਂ ਹੀ ਨਹੀਂ ਸੀ ਲੱਗਦਾ।
    ਦੂਸਰੇ ਦਿਨ ਦਸ ਵਜੇ ਨੂੰ ਅਲੀ ਬਖਸ਼ ਫਿਰ ਆ ਗਿਆ। ਉਸਦੇ ਹੱਥ ਵਿਚ ਫਾਰਮ ਸਨ, ਜਿਹਨਾਂ ਤੇ ਸਾਡੇ ਐਡਰਿਸ ਭਰਨੇ ਸਨ। ਜੀਤ ਤੇ ਬਰਾੜ ਨੇ ਬਹਾਨਾਂ ਜਿਹਾ ਬਣਾ ਕੇ ਨਾਲ ਨਾਂ ਜਾਣ ਦੀ ਮਜਬੂਰੀ ਜ਼ਾਹਰ ਕੀਤੀ ਕਿ ਅੱਜ ਅਸੀਂ ਇਥੋਂ ਦੇ ਸਾਰੇ ਗੁਰੂ ਘਰਾਂ ਦੇ ਦਰਸ਼ਨ ਕਰਨ ਜਾਣਾ। ਜੀਤ ਨੇ ਉਸ ਨੂੰ ਦੱਸਿਆ ਕਿ ਬਾਬਾ ਜੀ ਅਸੀਂ ਕੱਲ੍ਹ ਸ਼ਾਮ ਨੂੰ ਚਾਰ ਵਜੇ ਇਥੋਂ ਪੰਜਾ ਸਾਹਿਬ (ਹਸਨ ਅਬਦਾਲ) ਦੇ ਦਰਸ਼ਨਾਂ ਲਈ ਚਲੇ ਜਾਣਾ ਹੈ। ਡਿਉਡੀ ਦੇ ਕੋਲ ਹੀ ਇਕ ਦੁਕਾਨ ਤੇ ਬੈਠ ਕੇ ਉਨ੍ਹਾਂ ਨੇ ਚਾਹ ਪੀਤੀ।  ਅਲੀ ਬਖਸ਼ ਦੂਸਰੇ ਦਿਨ ਦਸ ਵਜੇ ਆਉਂਣ ਦਾ ਵਾਅਦਾ ਕਰਕੇ ਚਲਿਆ ਗਿਆ। 
    ਉਸ ਦਿਨ ਜੀਤ ਹੋਰਾਂ ਨੇ ਸਾਰੇ ਗੁਰਦੁਵਾਰਿਆਂ ਦੇ ਦਰਸ਼ਨ ਕੀਤੇ। ਸ਼ਾਮ ਦੇ ਦੀਵਾਨ ਵਿਚ ਆ ਕੇ ਕੀਰਤਨ ਅਤੇ ਢਾਡੀ ਵਾਰਾਂ ਸੁਣੀਆਂ।
    ਅਗਲੇ ਦਿਨ ਦਸ ਵਜੇ ਨੂੰ ਅਲੀ ਬਖਸ਼ ਫਿਰ ਆ ਗਿਆ। ਉਸ ਕੋਲ ਦੋ ਲਫਾਫੇ ਫੜ੍ਹੇ ਹੋਏ ਸਨ। ਜੀਤ ਨੇ ਉਸ ਨੂੰ ਸਤਿ ਸ੍ਰੀ ਅਕਾਲ ਬੁਲਾਈ। ਉਸ ਨੇ ਜੀਤ ਨੂੰ ਹਿੱਕ ਨਾਲ ਲਾਇਆ। ਚਾਹ ਵਾਲੀ ਦੁਕਾਨ ਤੇ ਬੈਠ ਕੇ ਅਲੀ ਬਖਸ਼ ਨੇ ਲਫਾਫਿਆਂ ਨੂੰ ਖੋਹਲਿਆ। ਉਸ ਨੇ ਇਕ ਕੁੜਤੇ, ਚਾਦਰੇ ਦਾ ਕੱਪੜਾ ਦਾਦਾ ਜੀ ਲਈ, ਇਕ ਸੂਟ ਦਾ ਕੱਪੜਾ ਦਾਦੀ ਜੀ ਲਈ ਤੇ ਇਕ ਜਾਕਿਟ ਤੇ ਸੂਟ ਦਾ ਕੱਪੜਾ ਹੋਰ ਮੈਨੂੰ ਫੜਾਉਂਦੇ ਹੋਏ ਨੇ ਆਖਿਆ, “ਪੁੱਤ ਇਹ ਮੇਰੀ ਤੁਛ ਜਿਹੀ ਨਿਸ਼ਾਨੀ ਚਾਚੇ ਚਾਚੀ ਹੋਰਾਂ ਤੱਕ ਪੁਚਾ ਦੇਂਵੀ। ਆਹ ਜਾਕਿਟ ਤੇਰੇ ਲਈ ਤੇ ਆਹ ਸੂਟ ਤੇਰੀ ਅੰਮੀ ਜਾਨ ਲਈ ਹੈ।”
    “ਬਾਬਾ ਜੀ ਇੰਨੀ ਖੇਚਲ ਕਾਹਨੂੰ ਕਰਨੀ ਸੀ।” ਜੀਤ ਨੇ ਆਖਿਆ।
    “ਉਏ ਪੁੱਤਰਾ ਖੇਚਲ ਤਾਂ ਦੂਜਿਆਂ ਲਈ ਹੁੰਦੀ ਹੈ। ਮੈਂ ਤਾਂ ਸਾਰਾ ਕੁਝ ਆਪਣੇ ਘਰ ਭੇਜ ਰਿਹਾ ਹਾਂ। ਤੂੰ ਮੇਰੇ ਵੱਲੋਂ ਚਾਚੀ ਦੇ ਪੈਰੀਂ ਹੱਥ ਲਾ ਦੇਣੇ। ਚਾਚੇ ਨੂੰ ਸਤਿ ਸ੍ਰੀ ਅਕਾਲ ਬੁਲਾ ਦੇਣੀ।”
    ਜੀਤ ਉਸ ਨੂੰ ਇਕ ਮਿੰਟ ਆਇਆ ਆਖ ਕੇ ਸਾਮ੍ਹਣੇ ਫਲਾਂ ਵਾਲੀ ਦੁਕਾਨ ਤੇ ਗਿਆ। ਉਸ ਨੇ ਇਕ ਫਲਾਂ ਦੀ ਟੋਕਰੀ ਪੈਕ ਕਰਵਾਈ। ਟੋਕਰੀ ਲੈ ਕੇ ਅਲੀ ਬਖਸ਼ ਨੂੰ ਫੜਾਊਦੇ ਜੀਤ ਨੇ ਆਖਿਆ, “ਬਾਬਾ ਜੀ ਆਹ ਸਾਡੇ ਵਲੋਂ ਘਰੇ ਬੱਚਿਆਂ ਲਈ ਲੈ ਜਾਵੋ।” ਅਲੀ ਬਖਸ਼ ਦੇ ਨਾਂਹ ਨੁਕਰ ਕਰਦਿਆਂ ਜੀਤ ਨੇ ਟੋਕਰੀ ਉਸ ਨੂੰ ਫੜਾ ਦਿੱਤੀ। ਜੀਤ ਨੇ ਆਖਿਆ, “ਬਾਬਾ ਜੀ ਤੁਸੀਂ ਮੈਨੂੰ ਆਪਣਾ ਐਡਰਿਸ ਲਿਖਵਾ ਦੇਵੋ। ਮੈਂ ਪਿੰਡ ਜਾ ਕੇ ਬਾਬਾ ਜੀ ਤੋਂ ਤੁਹਾਨੂੰ ਚਿੱਠੀ ਲਿਖਾਵਾਂਗਾ। 
    ਪਤਾ ਲਿਖਾ ਕੇ, ਅਲੀ ਬਖਸ਼ ਨੇ ਫਿਰ ਜੀਤ ਨੂੰ ਜੱਫੀ ਵਿਚ ਘੁਟਦਿਆਂ ਰੋਂਦੇ ਹੋਏ ਨੇ ਆਖਿਆ, “ਪੁਤ ਜਦੋਂ ਤੂੰ ਜਾ ਕੇ ਚਿੱਠੀ ਪਾਈ, ਉਸ ਚਿੱਠੀ ਵਿਚ ਆਪਣੀ ਧਰਮਸ਼ਾਲਾ ਵਾਲੇ ਚੁਗਾਨ ਵਿਚੋਂ ਥੋੜੀ ਜਿਹੀ ਮਿੱਟੀ ਚੱਕ ਕੇ ਜਰੂਰ ਪਾ ਦੇਂਵੀ, ਇਹ ਮੇਰੀ ਆਖਰੀ ਤਮੰਨਾ ਹੈ। ਉਹ ਮਿੱਟੀ ਮੈਂ ਸਾਂਭ ਕੇ ਰੱਖਾਂਗਾ. ਮੈਂ ਆਪਣੇ ਪੁਤਰਾਂ ਨੂੰ ਕਹਿਣਾਂ ਕਿ ਜਦੋਂ ਮੇਰੀ ਮੌਤ ਹੋਈ ਉਹ ਮੈਨੂੰ ਸਪੁਰਦੇ ਖਾਕ ਕਰਨ ਲੱਗੇ ਪਹਿਲਾਂ ਮੇਰੀ ਕਬਰ ਵਿਚ ਉਹ ਪਿੰਡੋਂ ਆਈ ਮਿੱਟੀ ਪਾਉਣ।”
    ਇਸ ਤੋਂ ਅੱਗੇ ਜਿਵੇਂ ਉਸ ਤੋਂ ਬੋਲਿਆ ਨਾਂ ਗਿਆ ਹੋਵੇ, ਉਸਨੇ ਨੇ ਜੀਤ ਦੇ ਮੋਢੇ ਤੇ ਹੱਥ ਰੱਖਿਆ ਤੇ ਮੋਢੇ ਰੱਖੇ ਸਾਫੇ ਦੇ ਲੜ ਨਾਲ ਅੱਖਾਂ ਪੂੰਝਦਾ ਹੋਇਆ ਅਲੀ ਬਖਸ਼ ਪਿੰਡ ਜਾਣ ਵਾਲੇ ਟਾਂਗੇ ਵਿਚ ਬੈਠ ਗਿਆ।