ਗੁਆਚੇ ਹੱਥ ਦੀ ਤਲਾਸ਼
(ਮਿੰਨੀ ਕਹਾਣੀ)
ਗੁਰਸ਼ਰਨ ਕੌਰ ਨੂੰ ਛਾਬੇ ਵਿਚੋਂ ਦੋ ਤਿੰਨ ਰੋਟੀਆਂ ਕੱਢਦਿਆਂ ਦੇਖ ਕੇ ਗੁਰਦਾਸ ਬੋਲ ਉੱਠਿਆ, “ ਮੰਮੀ ! ਤੁਹਾਨੂੰ ਪਤੈ ਆਪਣਾ ਗੁਜ਼ਾਰਾ ਕਿਵੇਂ ਚੱਲਦੈ..ਤੁਸੀਂ ਕੁੱਤਿਆਂ ਚਿੜੀਆਂ ਨੂੰ ਰੋਟੀਆਂ ਪਾਉਣ ਬਹਿ ਜਾਂਦੇ ਓ ”
“ ਨਾਲੇ ਸਾਰੀ ਰਾਤ ਕਮਰੇ ਦੀ ਲਾਈਟ ਜਗਦੀ ਰਹਿੰਦੀ ਐ, ਮਾੜਾ ਜਿਹਾ ਹੱਥ ਹਿਲਾ ਕੇ ਬੰਦ ਕਰ ਦਿਆ ਕਰੋ ” ਨੂੰਹ ਨੇ ਵੀ ਸੁਰ ਮਿਲਾਇਆ।
ਗੁਰਸ਼ਰਨ ਕੌਰ ਚੁੱਪ-ਚਾਪ ਆਪਣੇ ਕਮਰੇ ਵੱਲ ਹੋ ਤੁਰੀ, ਉਸ ਤੋਂ ਰੋਣਾ ਨਹੀਂ ਰੁਕ ਰਿਹਾ ਸੀ । ਲਾਚਾਰ ਅਤੇ ਦੁਖੀ ਉਹ ਬਿਸਤਰੇ ’ਤੇ ਪਈ ਸੋਚਾਂ ਵਿੱਚ ਡੁੱਬ ਗਈ । ਉਹਦੇ ਸਵਰਗਵਾਸੀ ਪਤੀ ਨੇ ਤਾਂ ਉਹਨੂੰ ਕਦੇ ਕੋਈ ਨੁਕਸਾਨ ਹੋਣ ’ਤੇ ਟੋਕਿਆ ਵੀ ਨਹੀਂ ਸੀ, ਝਿੜਕਣਾ ਤਾਂ ਦੂਰ ਦੀ ਗੱਲ ਸੀ। ਫਿਰ ਅਗਲੀ ਸੋਚ ਉਹਨੂੰ ਗੁਰਦਾਸ ਦੇ ਜਨਮ ਵੇਲੇ ਦੇ ਦੁੱਖ,ਬੇਬਸੀ ਤੇ ਗੁੱਸੇ ਵੱਲ ਲੈ ਗਈ । ਉਹ ਦਰਦਾਂ ਨਾਲ ਤੜਪ ਰਹੀ ਸੀ, ਹਸਪਤਾਲ ਵਿੱਚ ਡਾਕਟਰ ਨਰਸਾਂ ਉਸ ਵੱਲ ਧਿਆਨ ਨਹੀਂ ਦੇ ਰਹੇ ਸਨ। ਉਸ ਨੇ ਪੂਰਾ ਜ਼ੋਰ ਲਾ ਕੇ ਕਿਹਾ ਸੀ, “ ਡਾਕਟਰ ਨੂੰ ਬੁਲਾਓ ! ਹਾਇ ਮੈਂ ਦਰਦ ਨਾਲ ਮਰ ਚੱਲੀ..”
ਇੱਕ ਨਰਸ ਆ ਕੇ ਰੁੱਖੀ ਜਿਹੀ ਆਵਾਜ਼ ਵਿੱਚ ਬੋਲੀ, “ ਕੀ ਰੌਲਾ ਪਾਇਐ ਬੀਬੀ! ਸਬਰ ਕਰ, ਹੁਣੇ ਆਉਂਦੀ ਐ ਡਾਕਟਰ....”
ਉਹਨੇ ਹੰਝੂਆਂ ਦਾ ਹੜ੍ਹ ਰੋਕਣ ਲਈ ਅੱਖਾਂ ਮੀਚ ਲਈਆਂ। ਐਨੇ ਨੂੰ ਇਕ ਕੋਮਲ ਹੱਥ ਨੇ ਉਹਦੀ ਬਾਂਹ ਨੂੰ ਹਲਕਾ ਜਿਹਾ ਛੋਹਿਆ ਤੇ ਫਿਰ ਅਪਣੱਤ ਜਿਹੀ ਨਾਲ ਘੁੱਟ ਲਿਆ। ਇਹ ਇਕ ਛੋਟੀ ਉਮਰ ਦੀ ਸਿਖਿਆਰਥੀ ਨਰਸ ਸੀ। ਗੁਰਸ਼ਰਨ ਕੌਰ ਨੇ ਗੁੱਸੇ ਨਾਲ ਉਹ ਹੱਥ ਝਟਕ ਦਿੱਤਾ। ਪਰ ਹੱਥ ਫਿਰ ਉਹਦਾ ਮੋਢਾ ਪਲੋਸਣ ਲੱਗਿਆ ਤੇ ਮੱਧਮ ਮਿੱਠੀ ਜਿਹੀ ਆਵਾਜ਼ ਆਈ, “ ਆਈ ਨੋਅ ਬਹੁਤ ਪੇਨ ਹੋ ਰਹੀ ਹੈ, ਪਰ ਇਹ ਤਕਲੀਫ ਥੋੜ੍ਹੀ ਦੇਰ ਦੀ ਹੈ ਤੇ ਅਸੀਂ ਸਾਰੇ ਤੁਹਾਡੀ ਹੈਲਪ ਲਈ ਹਾਂ ”
ਉਹ ਹੱਥ ਹੌਲੀ ਜਿਹੀ ਉਹਦੇ ਮੱਥੇ ਨੂੰ ਪਲੋਸਣ ਲੱਗਾ..ਕੁਝ ਪਲਾਂ ਵਿੱਚ ਉਸਦਾ ਗੁੱਸਾ, ਲਾਚਾਰੀ ਤੇ ਇਕੱਲਤਾ ਗਾਇਬ ਹੋਣ ਲੱਗੀ..।
ਕਾਸ਼ ਉਹ ਹੱਥ ਅੱਜ ਵੀ ਉਸਦਾ ਮੱਥਾ ਪਲੋਸ ਦਿੰਦਾ………………।