ਸਭ ਰੰਗ

  •    ਠੋਕਰਾਂ ਤੋਂ ਕਿਵੇਂ ਬਚੀਏ ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵਾਪਸੀ ਕੁੰਜੀ ਦਾ ਭੇਤ / ਰਵੇਲ ਸਿੰਘ ਇਟਲੀ (ਲੇਖ )
  •    ਕਸ਼ਮੀਰ ਘਾਟੀ ਦਾ ਕੌੜਾ ਸੱਚ / ਗੁਰਨਾਮ ਸਿੰਘ ਸੀਤਲ (ਲੇਖ )
  •    ਸਿਆਸਤ ਦੇ ਰੰਗਾਂ ਤੇ ਵਿਅੰਗ ਕਰਦੀ ਪੁਸਤਕ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਦਾਦੀ ਦੀਆਂ ਗੱਲਾਂ-ਬਾਤਾਂ / ਗੁਰਦੀਸ਼ ਗਰੇਵਾਲ (ਲੇਖ )
  •    ਡੇਂਗੂ ਦਾ ਇਲਾਜ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਜੱਗ ਰਚਨਾ ਕੋਈ ਝੂਠ ਨਹੀਂ ਕੋਰਾ ਸੱਚ ਹੈ / ਅਮਰਜੀਤ ਢਿਲੋਂ (ਲੇਖ )
  •    ਬਾਬੇ ਭਾਨੇ ਦਾ ਮੋਬਾਇਲ / ਸੁਖਵਿੰਦਰ ਕੌਰ 'ਹਰਿਆਓ' (ਵਿਅੰਗ )
  •    ਸਮਾਜ ਦਾ ਅਣ-ਖਿੜਵਾ ਭਾਗ ਹਨ ਘੜੰਮ-ਚੌਧਰੀ / ਮਨਜੀਤ ਤਿਆਗੀ (ਲੇਖ )
  •    ਡਾ.ਕਮਲੇਸ਼ ਉਪਲ ਦੀ ਪੁਸਤਕ ਵਾਰਤਕ ਦੇ ਰੰਗ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਡਿਜੀਟਲ ਇੰਡੀਆ 'ਤੇ ਅਵਾਰਾ ਪਸ਼ੂ / ਨੀਲ ਕਮਲ ਰਾਣਾ (ਲੇਖ )
  •    ਢੱਟਾ ਅਤੇ ਪਾਲੀ / ਨਿਸ਼ਾਨ ਲਿਖਾਰੀ (ਵਿਅੰਗ )
  • ਦਾਦੀ ਦੀਆਂ ਗੱਲਾਂ-ਬਾਤਾਂ (ਲੇਖ )

    ਗੁਰਦੀਸ਼ ਗਰੇਵਾਲ   

    Email: gurdish.grewal@gmail.com
    Cell: +1403 404 1450, +91 98728 60488 (India)
    Address:
    Calgary Alberta Canada
    ਗੁਰਦੀਸ਼ ਗਰੇਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਕੋਈ ਸਮਾਂ ਸੀ- ਹਰ ਘਰ ਵਿੱਚ ਬੱਚੇ, ਮਾਪੇ ਤੇ ਦਾਦੇ ਦਾਦੀਆਂ, ਇੱਕੋ ਛੱਤ ਹੇਠ ਰਹਿੰਦੇ ਸਨ। ਪਿਓ ਦਾਦਾ ਖੱਟੀਆਂ ਕਮਾਈਆਂ ਕਰਦੇ, ਮਾਵਾਂ ਚੌਂਕਾ ਚੁਲ੍ਹਾ ਸੰਭਾਲਦੀਆਂ ਤੇ ਬੱਚੇ ਦਾਦੀਆਂ ਦੀ ਗੋਦ ਵਿੱਚ ਪਲ਼ਦੇ। ਮਾਵਾਂ ਨੂੰ ਵੀ ਅੱਜਕਲ ਵਾਂਗ ਇਹ ਝੋਰਾ ਕਦੇ ਨਹੀਂ ਸੀ ਹੁੰਦਾ ਕਿ- ‘ਮੇਰਾ ਬੱਚਾ ਸਾਰਾ ਦਿਨ ਦਾਦੀ ਨੂੰ ਹੀ ਚਿੰਬੜਿਆ ਰਹਿੰਦਾ’। ਸਗੋਂ ਉਹ ਬੱਚੇ ਦੇ ਪਾਲਣ ਪੋਸ਼ਣ ਤੋਂ ਨਿਸ਼ਚਿੰਤ ਹੋ, ਖੁਸ਼ੀ ਨਾਲ ਘਰ ਦੇ ਕੰਮਾਂ ਨੂੰ ਨਿਬੇੜਨ ਵਿੱਚ ਰੁੱਝੀਆਂ ਰਹਿੰਦੀਆਂ। ਸੋ ਉਸ ਜ਼ਮਾਨੇ ਵਿੱਚ ਬੱਚੇ ਦਾਦੀਆਂ ਦੀ ਗੋਦ ਦਾ ਭਰਪੂਰ ਅਨੰਦ ਮਾਣਦੇ, ਜਿਸ ਤੋਂ ਸਾਡੀ ਅੱਜ ਦੀ ਪੀੜ੍ਹੀ ਵਾਂਝੀ ਹੋ ਗਈ ਹੈ। ਇਹ ਸਮਾਂ ਕੋਈ ਬਹੁਤਾ ਪੁਰਾਣਾ ਨਹੀਂ ਸਾਥੀਓ- ਬੱਸ ਪੰਜ ਛੇ ਦਹਾਕੇ ਪਿੱਛੇ ਝਾਤੀ ਮਾਰ ਕੇ ਵੇਖ ਲਵੋ। ਮੇਰਾ ਖਿਆਲ ਹੈ ਕਿ- ਚਾਰ ਦਹਾਕੇ ਹੰਢਾ ਚੁੱਕੇ ਵੀ ਬਹੁਤੇ ਬੱਚਿਆਂ ਦਾ ਬਚਪਨ, ਦਾਦੀ ਦੀਆਂ ਬਾਤਾਂ ਸੁਣ ਕੇ ਹੀ ਬੀਤਿਆ ਹੋਵੇਗਾ। ਉਦੋਂ ਬੱਚੇ ਦੀ ਸ਼ਖ਼ਸੀਅਤ ਨੂੰ ਨਿਖਾਰਨ ਵਿੱਚ, ਦਾਦੀਆਂ ਦਾ ਹੀ ਵੱਡਾ ਰੋਲ ਹੁੰਦਾ ਸੀ। 
    ਸੋ ਹਰ ਸਾਲ ਸਤੰਬਰ ਮਹੀਨੇ ਮਨਾਏ ਜਾਂਦੇ ‘ਗਰੈਂਡ ਪੇਰੈਂਟਸ ਡੇ’ ਤੇ ਮੇਰੇ ਦਿਲ ਵਿੱਚ ਆਪਣੀ ਦਾਦੀ ਨਾਲ ਬਿਤਾਏ ਪਲਾਂ ਦੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ। ਮੈਂਨੂੰ ਲਗਦਾ ਕਿ- ਮੈਂ ਜੋ ਕੁੱਝ ਵੀ ਅੱਜ ਹਾਂ, ਆਪਣੀ ਦਾਦੀ ਜੀ ਦੀ ਬਦੌਲਤ ਹੀ ਹਾਂ। ਆਓ ਅੱਜ ਤੁਹਾਨੂੰ ਆਪਣੀ ਦਾਦੀ ਨਾਲ ਮਿਲਾਵਾਂ। ਤੁਹਾਡੇ ਸਭਨਾਂ ਦੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਵੀ ਇਹੋ ਜਿਹੇ ਹੀ ਹੋਣਗੇ। 
    ਮੈਂਨੂੰ ਆਪਣੇ ਦਾਦੀ ਜੀ ਦੀ ਉਮਰ ਦਾ ਸਹੀ ਗਿਆਨ ਨਹੀਂ, ਪਰ ਅੰਦਾਜ਼ੇ ਮੁਤਾਬਕ- ਦੇਸ਼ ਦੀ ਵੰਡ ਵੇਲੇ ਉਹਨਾਂ ਦੀ ਉਮਰ 50 ਕੁ ਸਾਲ ਹੋਏਗੀ। ਕੱਦ ਸਰੂ ਵਰਗਾ, ਤੇ ਸਰੀਰ ਛਾਂਟਵਾਂ ਤੇ ਨਰੋਆ ਸੀ। ਮੇਰੇ ਬੀਜ਼ੀ ਤੇ ਪਿਤਾ ਜੀ ਦਰਮਿਆਨੇ ਕੱਦ ਦੇ ਸਨ। ਮੈਂਨੂੰ ਤੇ ਵੱਡੇ ਭਰਾ ਨੂੰ ਸਾਰੇ ਕਹਿੰਦੇ ਕਿ- ‘ਇਹ ਦੋਵੇਂ ਦਾਦੀ ਤੇ ਚਲੇ ਗਏ’। ਸਾਨੂੰ ਚਾਰੇ ਭੈਣ ਭਰਾਵਾਂ ਨੂੰ ਦਾਦੀ ਜੀ ਤੋਂ ਰੱਜਵਾਂ ਪਿਆਰ ਮਿਲਿਆ। ਉਜਾੜੇ ਕਾਰਨ ਕਾਫੀ ਸਾਲ ਸਾਡੇ ਪਰਿਵਾਰ ਦੇ ਪੈਰ ਨਹੀਂ ਸੀ ਲੱਗੇ। ਬੀਜ਼ੀ ਘਰ ਦੇ ਕੰਮਾਂ ਵਿੱਚ ਤੇ ਪਿਤਾ ਜੀ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੋਏ ਰਹਿੰਦੇ। ਸਾਡੇ ਦਾਦੀ ਜੀ ਹੀ ਸਾਨੂੰ ਖੁਆਉਂਦੇ, ਪਿਆਉਂਦੇ, ਸਕੂਲ ਛੱਡਣ ਜਾਂਦੇ ਤੇ ਜੇ ਖੇਤਾਂ ਵੱਲ ਜਾਂਣਾ ਹੁੰਦਾ ਤਾਂ ਵੀ ਉਂਗਲ਼ ਲਾ ਨਾਲ ਲੈ ਜਾਂਦੇ। ਇੱਥੋਂ ਤੱਕ ਕਿ ਜੇ ਅਸੀਂ ਬੀਮਾਰ ਹੋ ਜਾਂਦੇ ਤਾਂ ਘਰ ਦੇ ਓਹੜ ਪੋਹੜ ਤੋਂ ਇਲਾਵਾ ਜੇ ਲੋੜ ਪੈਂਦੀ ਤਾਂ ਉਹੀ ਸਾਨੂੰ ਮੋਢੇ ਲਾ- ਦੋ ਤਿੰਨ ਕੋਹ ਪੈਦਲ ਚਲ ਕੇ ਡਾਕਟਰ ਦੇ ਵੀ ਲੈ ਜਾਂਦੇ। ਜੇ ਮੈਂ ਆਪਣੀ ਹੀ ਗੱਲ ਕਰਾਂ- ਤਾਂ ਮੇਰਾ ਸਾਰਾ ਬਚਪਨ ਦਾਦੀ ਦੇ ਅੰਗ ਸੰਗ ਵਿਚਰਦਿਆਂ ਹੀ ਬੀਤਿਆ।
    ਮੇਰੇ ਪਿਤਾ ਜੀ ਆਪਣੀ ਮਾਂ ਨੂੰ ਮਾਂਜੀ ਕਹਿੰਦੇ ਸਨ- ਇਸੇ ਕਰਕੇ ਅਸੀਂ ਸਾਰੇ ਵੀ ਉਹਨਾਂ ਨੂੰ ਮਾਂਜੀ ਹੀ ਕਹਿਣ ਲੱਗ ਪਏ। ਮਾਂਜੀ ਆਜ਼ਾਦੀ ਨੂੰ ਹਮੇਸ਼ਾ ਉਜਾੜਾ ਕਹਿੰਦੇ, ਕਿਉਂਕਿ ਇਸ ਆਜ਼ਾਦੀ ਦਾ ਸੰਤਾਪ ਉਹਨਾਂ ਆਪਣੇ ਪਿੰਡੇ ਤੇ ਹੰਢਾਇਆ ਸੀ। ਭਰੇ ਭਰਾਏ ਘਰ, ਮਾਲ ਡੰਗਰ ਤੇ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਬਣਾਈਆਂ ਜ਼ਮੀਨਾਂ ਜਾਇਦਾਦਾਂ ਨੂੰ ਛੱਡ, ਖਾਲੀ ਹੱਥ ਰਾਤ ਦੇ ਹਨ੍ਹੇਰੇ ਵਿੱਚ ਪਿੰਡੋਂ ਨਿਕਲਣਾ- ਕੋਈ ਸੌਖਾ ਕੰਮ ਨਹੀਂ ਸੀ। ਉਹ ਭਰੇ ਮਨ ਨਾਲ ਮੈਨੂੰ ਦੱਸਦੇ- ਕਿ ਅਸੀਂ ਸਰਦਾਰ ਕਹਾਉਣ ਵਾਲੇ, ਆਪਣੇ ਹੀ ਦੇਸ ਵਿੱਚ ਸ਼ਰਨਾਰਥੀ ਜਾਂ ਪਨਾਹਗੀਰ ਬਣ, ਕੈਂਪਾਂ ਵਿੱਚ ਰੋਟੀ ਦੇ ਮੁਹਤਾਜ ਹੋ ਗਏ। ਜਦੋਂ ਮੈਂ ਸੁਰਤ ਸੰਭਾਲੀ, ਤਾਂ ਮੈਂ ਉਹਨਾਂ ਕੋਲੋਂ ‘ਬਾਰ’ ਦੀਆਂ ਗੱਲਾਂ ਬੜੇ ਗਹੁ ਨਾਲ ਸੁਣਦੀ। ਉਹ ਦੱਸਦੇ ਕਿ- ‘ਜੋ ਰੇਤਲਾ ਇਲਾਕਾ ਸਾਡੇ ਵਡੇਰਿਆਂ ਨੇ, ਇੱਧਰੋਂ ਜਾ ਕੇ, ਮਿਹਨਤ ਕਰਕੇ, ਦੋ ਕੁ ਪੁਸ਼ਤਾਂ ਵਿੱਚ ਆਬਾਦ ਕੀਤਾ ਸੀ- ਉਸ ਇਲਾਕੇ ਨੂੰ ਬਾਰ ਕਹਿੰਦੇ ਸੀ। ਅੰਗਰੇਜ਼ਾਂ ਦੇ ਨਹਿਰਾਂ ਕੱਢਣ ਨਾਲ, ਤਹਿਸੀਲ ਜੜ੍ਹਾਂਵਾਲੀ, ਜ਼ਿਲਾ ਲਾਇਲਪੁਰ (ਪਾਕਿਸਤਾਨ) ਦਾ ਉਹ ਇਲਾਕਾ, ਹੁਣ ਚੰਗੀ ਫਸਲ ਦਿੰਦਾ ਸੀ। 
    ‘ਤੇਰਾ ਪਿਓ ਅਜੇ ਮਸਾਂ ਵੀਹਾਂ ਦਾ ਹੋਇਆ ਸੀ ਕਿ- ਰੌਲ਼ਿਆਂ ਤੋਂ ਚਾਰ ਕੁ ਮਹੀਨੇ ਪਹਿਲਾਂ ਹੀ ਮੈਂ ਕਾਹਲੀ ‘ਚ ਇਹਦਾ ਵਿਆਹ ਧਰ ‘ਤਾ.. ਤੇਰੀ ਬੀਬੀ ਦਾ ਅਜੇ ਮੁਕਲਾਵਾ ਵੀ ਨਹੀਂ ਸੀ ਆਇਆ ਕਿ ਰੌਲ਼ੇ ਪੈ ਗਏ..ਇਹਦਾ ਸਾਰਾ ਦਾਜ ਉਥੇ ਰਹਿ ਗਿਆ..ਵਿਚਾਰੀ ਨੇ ਅਜੇ ਆਪਣਾ ਸੰਦੂਕ ਵੀ ਨਹੀਂ ਸੀ ਖੋਲ੍ਹ ਕੇ ਦੇਖਿਆ’ ਉਹ ਹਾਉਕਾ ਭਰਦੇ।
    ‘ਤੁਹਾਨੂੰ ਪਤਾ ਨ੍ਹੀ ਸੀ- ਪਾਕਿਸਤਾਨ ਬਣ ਜਾਣਾ..? ਨਾਲੇ ਤਹਾਨੂੰ ਇੰਨੀ ਕਾਹਦੀ ਕਾਹਲੀ ਸੀ ਭਲਾ..ਇਧਰ ਆ ਕੇ ਵਿਆਹ ਕਰ ਲੈਂਦੇ?’ ਮੈਂ ਭੋਲੇਪਨ ‘ਚ ਪੁੱਛ ਲੈਂਦੀ- ਕਿਉਂਕਿ ਮੈਂਨੂੰ ਵੀ ਆਪਣੀ ਮਾਂ ਦੇ ਰੀਝਾਂ ਨਾਲ ਬਣਾਏ ਦਾਜ ਦਾ, ਹੌਲ਼ ਜਿਹਾ ਪੈਂਦਾ। 
    ‘ਮੈਂ ਸੋਚਿਆ ਕਿ ਮੇਰੇ ਪਿਓ ਬਾਹਰੇ ਇਕੱਲੇ ਪੁੱਤ ਦਾ ਕੋਈ ਸਹਾਰਾ ਬਣੂੰ..ਤੇ ਹਾਂ ਪੁੱਤ..ਉਦੋਂ ਸੁਣਦੇ ਤਾਂ ਸੀ ਬਈ ਪਾਕਿਸਤਾਨ ਬਣ ਜਾਣਾ- ਪਰ ਮੈਂ ਸੋਚਿਆ ਕਿ ਰਾਜੇ ਬਦਲ ਜਾਣਗੇ- ਪਰਜਾ ਥੋੜ੍ਹੀ ਬਦਲਦੀ ਹੁੰਦੀ ਆ?’ ਉਹ ਆਪਣੇ ਮਨ ਦੀ ਦੱਸਦੇ।
    ਮੇਰੇ ਦਾਦੀ ਜੀ ਅਨਪੜ੍ਹ ਸਨ- ਪਰ ਉਹਨਾਂ ਦੀ ਸੋਚ ਕਈ ਪੜ੍ਹੇ ਲਿਖਿਆਂ ਤੋਂ ਵੀ ਅਗਾਂਹ-ਵਧੂ ਸੀ। ਜਦੋਂ ਮੇਰੇ ਪਿਤਾ ਜੀ ਦੇ ਮਾਮੇ ਤੇ ਮਾਸੀਆਂ ਦੀਆਂ ਚਿੱਠੀਆਂ ਆਉਂਦੀਆਂ ਤਾਂ ਮੈਂ ਉਹਨਾਂ ਨੂੰ ਪੜ੍ਹ ਕੇ ਸੁਣਾਉਂਦੀ ਹੋਈ ਸੁਆਲ ਕਰਦੀ-
    ‘ ਮਾਂਜੀ ਤੁਹਾਡੇ ਸਾਰੇ ਭੈਣ-ਭਰਾ ਪੜ੍ਹੇ ਹੋਏ ਨੇ- ਤੁਸੀਂ ਕਿਉਂ ਨ੍ਹੀ ਪੜ੍ਹੇ ਭਲਾ?’
    ‘ਮੈਂਨੂੰ ਵੀ ਭੇਜਿਆ ਸੀ ਮੇਰੀ ਮਾਂ ਨੇ ਸਕੂਲੇ- ਮੈਂ ਪੈਂਤੀ ਵੀ ਸਿੱਖ ਲਈ ਸੀ..ਪਰ ਮੈਂ ਵੱਡੀ ਸੀ ਘਰ ਵਿੱਚ..ਮੇਰੀ ਮਾਂ ਮੈਨੂੰ ਸਕੂਲ ਤੋਰ.. ਮੇਰੇ ਛੋਟੇ ਭੈਣ-ਭਰਾਵਾਂ ਨਾਲ ਔਖੀ ਹੋ ਕੇ ਘਰ ਦਾ ਸਾਰਾ ਕੰਮ ਕਰਦੀ..ਮੈਂਨੂੰ ਮਾਂ ਤੇ ਤਰਸ ਆਉਂਦਾ..ਮੈਂ ਇੱਕ ਦਿਨ ਕਿਹਾ ਕਿ- ਮੈਂ ਨ੍ਹੀ ਸਕੂਲ ਜਾਣਾ..ਮੈਂ ਤੇਰੇ ਨਾਲ ਕੰਮ ਕਰਾਇਆ ਕਰੂੰਗੀ ਤੇ ਇਹਨਾਂ ਛੋਟਿਆਂ ਨੂੰ ਆਪਾਂ ਪੜ੍ਹਾ ਲਵਾਂਗੇ..’ ‘ਉਹ ਸਾਰੇ ਤਾਂ ਪੜ੍ਹ ਕੇ ਪੜ੍ਹਾਉਂਦੇ ਵੀ ਰਹੇ ਉੱਧਰ..’ ਉਹ ਖੁਸ਼ ਹੋ ਕੇ ਦੱਸਦੇ।
    ‘ਮੈਂ ਨਹੀਂ ਪੜ੍ਹੀ ਤਾਂ ਕੀ ਹੋਇਆ- ਮੇਰੇ ਭੈਣ ਭਰਾ ਪੜ੍ਹ ਗਏ..ਮੈਂ ਆਪਣੀਆਂ ਤਿੰਨੇ ਕੁੜੀਆਂ ਪੜ੍ਹਾਈਆਂ ਤੇ ਮੁੰਡਾ ਵੀ..ਹੁਣ  ਪੋਤੇ ਪੋਤੀਆਂ ਵੀ..’ ਮੈਂ ਹੈਰਾਨ ਹੁੰਦੀ ਉਹਨਾਂ ਦੀਆਂ ਗੱਲਾਂ ਸੁਣ ਕੇ।
    ਅਨਪੜ੍ਹ ਹੁੰਦੇ ਹੋਏ ਵੀ, ਉਹ ਵਿਦਿਆ ਦੇ ਕਦਰਦਾਨ ਸਨ। ਜਦੋਂ ਮੈਂ ਕਾਲਜ ਪੜ੍ਹਨ ਲਈ ਪਿਤਾ ਜੀ ਨੂੰ ਪੁੱਛਿਆ ਤਾਂ ਉਹਨਾਂ ਮੇਰੇ ਹੱਕ ‘ਚ ਹਾਮੀ ਭਰੀ- ਜਦ ਕਿ ਮੈਂ ਪਹਿਲੀ ਕੁੜੀ ਨੇ ਪਿੰਡੋਂ ਕਾਲਜ ਇਕੱਲੀ ਨੇ ਪੜ੍ਹਨ ਜਾਣਾ ਸੀ। ਮੈਂ ਮਾਂਜੀ ਨੂੰ ਉਸ ਦਿਨ ਹੋਰ ਵੀ ਘੁੱਟ ਕੇ ਪਿਆਰ ਕੀਤਾ। ਉਹ ਦੱਸਣ ਲੱਗੇ-‘ਤੇਰਾ ਪਿਓ ਪੜ੍ਹਨ ‘ਚ ਬੜਾ ਹੁਸ਼ਿਆਰ ਸੀ..ਮੋਤੀਆਂ ਵਰਗੇ ਅੱਖਰ ਲਿਖਦਾ ਸੀ ਗੁਰਮੁਖੀ ਦੇ..ਉਰਦੂ ਦੇ..ਗਰੇਜ਼ੀ ਦੇ..ਇਹਦੇ ਉਸਤਾਦ ਇਹਦਾ ਨਾਮਾਂ ਨ੍ਹੀ ਸੀ ਕੱਟਦੇ..ਕਹਿੰਦੇ ਇਹ ਪੜ੍ਹਨ ਆਲਾ ਮੁੰਡਾ..ਪਰ ਮੇਰੇ ਘਰ ਬੰਦਿਆਂ ਦੀ ਥੋੜ੍ਹ ਸੀ..ਪਿਓ ਚਾਚਾ ਇਹਦਾ ਕੋਈ ਸਿਰ ਤੇ ਨਹੀਂ ਸੀ..ਖੇਤਾਂ ਵੱਲ ਕੌਣ ਜਾਂਦਾ?..ਮੈਂ ਇਹਨੂੰ ਅੱਠ ਜਮਾਤਾਂ ਪੜ੍ਹਾ ਕੇ ਹਟਾ ਲਿਆ..ਇਹ ਵੀ ਕਈ ਦਿਨ ਮੇਰੇ ਨਾਲ ਗੁੱਸੇ ਰਿਹਾ..ਮੈਂ ਉਦੋਂ ਹੀ ਇਹਦੇ ਨਾਲ ਇੱਕ ਵੈਦਾ ਕੀਤਾ- ਬਈ ਤੇਰੇ ਨਿਆਣਿਆਂ ਨੂੰ ਵੱਧ ਤੋਂ ਵੱਧ ਪੜ੍ਹਾਊਂ!’ ਸ਼ਾਇਦ ਇਸੇ ਕਰਕੇ ਜਦੋਂ ਅਸੀਂ ਵਜੀਫੇ ਲੈ ਕੇ ਪੜ੍ਹਦੇ ਜਾਂ ਡਿਗਰੀਆਂ ਲਿਆਉਂਦੇ ਤਾਂ ਮਾਂਜੀ ਉਸ ਦਿਨ ਸਾਡੇ ਲਈ ਖੀਰ ਜਾਂ ਕੜਾਹ-ਪ੍ਰਸ਼ਾਦ ਜਰੂਰ ਬਣਾਉਂਦੇ।
    ਉਹ ਕੁੜੀਆਂ ਨੂੰ ਮੁੰਡਿਆਂ ਤੋਂ ਵੀ ਵੱਧ ਪਿਆਰ ਕਰਦੇ। ਜੇ ਪਿੰਡ ਵਿੱਚ ਕਿਸੇ ਦੇ ਘਰ ਪਹਿਲਾ ਬੱਚਾ ਕੁੜੀ ਹੁੰਦਾ ਤਾਂ ਉਹ ਮੈਂਨੂੰ ਨਾਲ ਲੈ, ਉਸ ਦੇ ਘਰ ਵਧਾਈ ਦੇਣ ਜਾਂਦੇ ਤੇ ਕਹਿੰਦੇ-‘ਉਹੀਓ ਨਾਰ ਸੁਲੱਖਣੀ- ਜਿਸ ਪਹਿਲੀ ਜਾਈ ਲੱਛਮੀ!’ ਜਿਸ ਜ਼ਮਾਨੇ ਵਿੱਚ ਲੋਕ ਪੁੱਤਾਂ ਦੀਆਂ ਜੋੜੀਆਂ ਬਣਾਉਂਦੇ- ਉਦੋਂ ਉਹ ਮੇਰੇ ਲਈ ਅਰਦਾਸ ਕਰਦੇ-‘ਰੱਬਾ ਦੀਸ਼ ਨੂੰ ਇੱਕ ਭੈਣ ਦੇ ਦੇ- ਇਹ ਇਕੱਲੀ ਦੁੱਖ ਸੁੱਖ ਕਿਹਦੇ ਨਾਲ ਕਰ?ੂ’ ਤੇ ਸ਼ਾਇਦ ਉਹਨਾਂ ਦੀਆਂ ਅਰਦਾਸਾਂ ਸਦਕਾ ਹੀ ਮੇਰੇ ਛੋਟੇ ਭਰਾ ਤੋਂ 8 ਸਾਲ ਬਾਅਦ ਮੇਰੀ ਛੋਟੀ ਭੈਣ ਦਾ ਜਨਮ ਹੋਇਆ। ਇਸ ਭੈਣ ਨੇ ਸਚੁਮੱਚ ਹੀ ਮੇਰੇ ਹਰ ਦੁੱਖ ਸੁੱਖ ਵਿੱਚ ਮੇਰਾ ਸਾਥ ਦਿੱਤਾ ਹੈ। 
    ਉਹ ਆਪਣੇ ਵੇਲਿਆਂ ਦੀ ਗੱਲਬਾਤ ਕਰਦੇ ਦੱਸਦੇ ਕਿ-‘ਸਾਡਾ ਪਿੰਡ ਰਾਜਪੂਤਾਂ ਦਾ ਪਿੰਡ ਸੀ ਤੇ ਰਾਜਪੂਤਾਂ ਦੇ ਘਰਾਂ ਵਿੱਚ ਕੋਈ ਵੀ ਕੁੜੀ ਨਹੀਂ ਸੀ- ਮੁੰਡੇ ਹੀ ਮੁੰਡੇ ਸਨ। ਸਾਰੇ ਜਾਣਦੇ ਸਨ ਕਿ- ਇਹ ਲੋਕ ਜੰਮਦੀ ਕੁੜੀ ਨੂੰ ਅੱਕ ਜਾਂ ਫੀਮ ਦਾ ਤੂੰਬਾ ਦਾਈ ਤੋਂ ਦੁਆ ਦਿੰਦੇ ਤੇ ਬਾਹਰ ਕਹਿ ਦਿੰਦੇ ਕਿ ਮਰੀ ਹੋਈ ਕੁੜੀ ਜੰਮੀ ਸੀ। ਪਰ ਸਾਡੇ ਘਰ, ਸਾਡੇ ਤਿੰਨਾਂ ਦਰਾਣੀਆਂ ਜਠਾਣੀਆਂ ਦੇ ਮਿਲਾ ਕੇ ਘਰ ‘ਚ ਦਸ ਕੁੜੀਆਂ ਸਨ। ਉਹਨਾਂ ਦੀਆਂ ਜਨਾਨੀਆਂ ਹੈਰਾਨ ਹੋ ਕਹਿੰਦੀਆਂ- ‘ਕੁੜੇ ਲੰਬੜਦਾਰਾਂ ਦੇ ਕਿੰਨੀਆਂ ਕੁੜੀਆਂ!’ ਤਾਂ ਅਸੀਂ ਜਵਾਬ ਦਿੰਦੀਆਂ ਕਿ- ਅਸੀਂ ਤੁਹਾਡੇ ਵਾਂਗ ਅੱਕ ਦੇ ਤੂੰਬੇ ਨਹੀਂ ਦਿੰਦੇ’- ਇਹ ਸੁਣ ਮੈਂ ਉਹਨਾਂ ਦੀ ਅਗਾਂਹ-ਵਧੂ ਸੋਚ ਦੀ ਕਾਇਲ ਹੋ ਜਾਂਦੀ।
    ਉਹ ਮਿਹਨਤੀ ਸਨ- ਬਹੁਤ ਮਿਹਨਤੀ। ਜਦੋਂ ਉਜਾੜੇ ਮਗਰੋਂ, ਸਾਲ ਕੁ ਬਾਅਦ, ਬੇਅਬਾਦ ਜ਼ਮੀਨ ਪਿਤਾ ਜੀ ਨੂੰ ਅਲਾਟ ਹੋਈ ਤਾਂ ਉਸ ਨੂੰ ਆਬਾਦ ਕਰਨ ਲਈ, ਉਹਨਾਂ ਨੇ ਆਪਣੇ ਪੁੱਤ ਨਾਲ ਲੱਕ ਬੰਨ੍ਹ ਲਿਆ। ਖੇਤਾਂ ਵਿੱਚ ਰੋਟੀ-ਪਾਣੀ ਲਿਜਾਣ ਤੋਂ ਇਲਾਵਾ, ਉਹ ਨਾਲ ਕੰਮ ਵੀ ਕਰਵਾਉਂਦੇ। ਮੈਂਨੂੰ ਯਾਦ ਹੈ ਕਿ- ਵਾਢੀਆਂ ਦੇ ਦਿਨਾਂ ਵਿੱਚ ਉਹ ਪਿਤਾ ਜੀ ਨਾਲ, ਅੱਧੀ ਰਾਤ ਤੱਕ ਸਾਰੀਆਂ ਭਰੀਆਂ ਗਿਣਾ ਕੇ, ‘ਕੱਠੀਆਂ ਕਰਾ ਕੇ ਆਉਂਦੇ। ਮਾਲ-ਡੰਗਰ ਸਾਂਭਦੇ ਤੇ ਬਹੁਤੇ ਅੰਦਰ ਬਾਹਰ ਦੇ ਕੰਮ ਆਪ ਕਰ ਆਉਂਦੇ। ਮੈਂ ਵੀ ਉਹਨਾਂ ਦੇ ਨਾਲ ਕਦੇ ਸਾਗ ਤੋੜਨ ਜਾਂਦੀ, ਕਦੇ ਕਪਾਹ ਚੁਗਣ ਜਾਂਦੀ, ਕਦੇ ਸਬਜੀ ਬੀਜਣ ਜਾਂ ਪੁੱਟਣ ਜਾਂਦੀ। ਹਰ ਇੱਕ ਨਾਲ ਮਿੱਠਾ ਬੋਲਣਾ- ਉਹਨਾਂ ਦਾ ਸੁਭਾਉੇ ਸੀ। ਮੈਂ ਉਹਨਾਂ ਨੂੰ ਖੇਤਾਂ ਵਿੱਚ ਕਾਮਿਆਂ ਨਾਲ ਵੀ ਕਦੇ ਖਰ੍ਹਵੇ ਬੋਲਦਿਆਂ ਨਹੀਂ ਸੀ ਸੁਣਿਆਂ। ਘਰ ਵਿੱਚ ਵੀ ਮੇਰੇ ਬੀਜੀ ਤੇ ਮਾਂਜੀ ਦਾ ਪਿਆਰ ਦੇਖ ਸਾਰੇ ਕਹਿੰਦੇ ਕਿ- ‘ਲਗਦਾ ਨਹੀਂ ਤੁਸੀਂ ਨੂੰਹ-ਸੱਸ ਹੋ!’। ਮੇਰੇ ਬੀਜੀ ਵੀ ਸਬਰ ਸੰਤੋਖ ਦੀ ਦੇਵੀ ਸਨ। ਮੈਂ 30-35 ਸਾਲ ਤੱਕ ਵੀ ਉਹਨਾਂ ਦੋਹਾਂ ਨੂੰ ਕਦੇ ਬਹਿਸ ਕਰਦੀਆਂ ਨਹੀਂ ਸੀ ਸੁਣਿਆਂ। 
    ਸਾਡੇ ਮਾਂਜੀ ਦੀ ਸਾਰਾ ਪਿੰਡ ਵੀ ਬੜੀ ਇੱਜ਼ਤ ਕਰਦਾ। ਪਿੰਡ ਦੇ ਸਾਰੇ ਵੱਡੇ ਛੋਟੇ ਉਹਨਾਂ ਨੂੰ ਮਾਸੀ ਜੀ ਕਹਿੰਦੇ। ਭਾਵੇਂ ਕੁੱਝ ਸਮੇਂ ਬਾਅਦ, ਅਸੀਂ ਦੋ ਕਮਰੇ ਪਾ ਖੇਤਾਂ ਵਿੱਚ ਟਿਕਾਣਾ ਕਰ ਲਿਆ- ਫਿਰ ਵੀ ਉਹ ਪਿੰਡ ਵਾਲਿਆਂ ਦੇ ਹਰ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੇ। ਸੰਗਰਾਂਦ ਵਾਲੇ ਦਿਨ ਤਾਂ ਉਹ ਸਾਰਾ ਦਿਨ ਪਿੰਡ ਹੀ ਬਿਤਾਉਂਦੇ। ਸਾਰੀਆਂ ਸੱਸਾਂ- ਨੂੰਹਾਂ, ਉਹਨਾਂ ਕੋਲ ਢਿੱਡ ਫੋਲ ਲੈਂਦੀਆਂ- ਕਿਉਂਕਿ ਉਹ ਕਿਸੇ ਦੀ ਨਿੰਦਿਆ ਚੁਗਲੀ ਨਾ ਕਰਦੇ ਸਗੋਂ ਚੰਗੀ ਮੱਤ ਹੀ ਦਿੰਦੇ। ਸੱਸਾਂ ਨੂੰ ਕਹਿ ਦਿੰਦੇ-‘ਝੱਗਾ ਚੁੱਕੋ ਤਾਂ ਆਪਣਾ ਹੀ ਢਿੱਡ ਨੰਗਾ ਹੁੰਦਾ- ਭੈਣੇ, ਆਪਣੀ ਨੂੰਹ-ਧੀ ਨੂੰ ਕਿਸੇ ਕੋਲ ਮਾੜਾ ਨਹੀਂ ਕਹੀਦਾ- ਭਾਵੇਂ ਮਾੜੀ ਹੀ ਹੋਵੇ’। ਉੱਧਰ ਨੂੰਹਾਂ ਨੂੰ ਵੀ ਸਮਝਾ ਦਿੰਦੇ ਕਿ- ‘ਸਿਆਣਿਆਂ ਦਾ ਕਿਹਾ ਤੇ ਆਉਲੇ ਦਾ ਖਾਧਾ ਮਗਰੋਂ ਸੁਆਦ ਦਿੰਦਾ’।
    ਮਾਂਜੀ ਕੋਲ ਅਖਾਣ ਤੇ ਮੁਹਾਵਰਿਆਂ ਦਾ ਬੜਾ ਵੱਡਾ ਭੰਡਾਰ ਸੀ- ਜਿਹਨਾਂ ਨੂੰ ਉਹ ਘਰ ਬਾਹਰ ਗੱਲ ਕਰਦੇ ਅਕਸਰ ਹੀ ਵਰਤ ਲੈਂਦੇ। ਮਾਂ-ਬੋਲੀ ਪੰਜਾਬੀ ਦੇ ਇਹਨਾਂ ਅਖਾਣਾਂ ਵਿੱਚ, ਜ਼ਿੰਦਗੀ ਦੇ ਤੱਤ ਜਾਂ ਨਿਚੋੜ ਛਿਪੇ ਹੋਏ ਹੁੰਦੇ। ਬਚਪਨ ਤੋਂ ਉਹਨਾਂ ਦੇ ਨਾਲ ਰਹਿੰਦਿਆਂ, ਮੈਂਨੂੰ ਵੀ ਬਹੁਤ ਸਾਰੇ ਅਖਾਣ ਤੇ ਕਹਾਵਤਾਂ ਜਬਾਨੀ ਯਾਦ ਹੋ ਗਈਆਂ। ਜਦੋਂ ਮੈਂ ਵਿਆਹ ਤੋਂ ਬਾਅਦ, ਪੰਜਾਬੀ ਦੀ ਐਮ.ਏ. ਕੀਤੀ ਤਾਂ- ਇੱਕ ਪੇਪਰ ਵਿੱਚ ਇਸ ਵਿਸ਼ੇ ਤੇ ਪੁੱਛਿਆ ਸੁਆਲ, ਤਿਆਰੀ ਤੋਂ ਬਿਨਾ ਹੀ, ਮੇਰਾ ਬਹੁਤ ਵਧੀਆ ਹੋ ਗਿਆ ਸੀ- ਜਿਸ ਦਾ ਕਰੈਡਿਟ ਮੇਰੇ ਮਾਂਜੀ ਨੂੰ ਹੀ ਜਾਂਦਾ ਹੈ। ਹੁਣ ਸੋਚਦੀ ਹਾਂ ਕਿ ਸਾਡੇ ਵੱਡੇ ਵਡੇਰੇ ਅਨਪੜ੍ਹ ਹੁੰਦੇ ਹੋਏ ਵੀ, ਪੰਜਾਬੀ ਸਭਿਆਚਾਰ ਦਾ ਚਲਦਾ ਫਿਰਦਾ ਨਮੂਨਾ ਸਨ- ਜਦ ਕਿ ਸਾਡੀ ਅਗਲੀ ਪੀੜ੍ਹੀ ਵਿਚਾਰੀ, ਮਾਂ- ਬੋਲੀ ਵੀ ਠੀਕ ਤਰ੍ਹਾਂ ਬੋਲ ਵੀ ਨਹੀਂ ਸਕਦੀ।
    ਸਾਡੇ ਮਾਂਜੀ ਦਲੇਰ ਸਨ- ਬਹੁਤ ਦਲੇਰ। ਉਹ ਬਾਰ ਦੀਆਂ ਗੱਲਾਂ ਕਰਦੇ ਮੈਂਨੂੰ ਦੱਸਦੇ ਸਨ ਕਿ-‘ਤੇਰਾ ਬਾਪ ਤਿੰਨ ਕੁੜੀਆਂ ਤੋਂ ਬਾਅਦ ਹੋਇਆ ਸੀ..ਅਜੇ ਇਹਨੇ ਸੁਰਤ ਨਹੀਂ ਸੀ ਸੰਭਾਲੀ ਕਿ ਪਿਓ ਤੁਰ ਗਿਆ..ਤੇ ਦੋ ਕੁ ਸਾਲ ‘ਚ ਦੋਵੇਂ ਚਾਚੇ ਵੀ..ਇਹਦਾ ਦਾਦਾ ਆਪਣੇ ਤਿੰਨਾਂ ਪੁੱਤਾਂ ਦਾ ਗ਼ਮ ਨਾ ਸਹਿ ਸਕਿਆ.. ਛੇਤੀ ਹੀ ਉਹ ਵੀ ਰੱਬ ਨੂੰ ਪਿਆਰਾ ਹੋ ਗਿਆ..ਅਸੀਂ ਜਨਾਨੀਆਂ ਰਹਿ ਗਈਆਂ ਜਾਂ ਬੱਚੇ। ਮੈਂ ਵੱਡੀ ਸਾਂ ਘਰ ਵਿੱਚ..ਮੈਂ ਆਪਣੀਆਂ ਦਰਾਣੀਆਂ ਨੂੰ ਕਿਹਾ ਕਿ ਰਾਤ ਨੂੰ ਕੋਠਿਆਂ ਤੇ ਸੌਣਾਂ ਪੈਂਦਾ ਹੈ- ਸੋ ਇੱਕ ਦੂਜੀ ਨੂੰ ਮਰਦ ਸਮਝ ਬੁਲਾਉਣਾ ਹੈ ਤਾਂ ਕਿ ਲੋਕਾਂ ਨੂੰ ਲੱਗੇ ਕਿ ਇਸ ਘਰ ਵਿੱਚ ਕੋਈ ਮਰਦ ਮੌਜੂਦ ਹਨ। ਸੋ ਅਸੀਂ ਇੱਕ ਦੂਜੀ ਨੂੰ ਆਵਾਜ਼ ਮਾਰਨੀ-‘ ਮਹਾਂ ਸਿੰਆਂ- ਆਹ ਫੜਾਂਈਂ- ਕਰਮ ਸਿੰਆਂ ਕੀ ਕਰਦਾਂ..’। ਇੱਧਰ ਆ ਕੇ ਵੀ ਉਹਨਾਂ ਆਪਣੇ ਪੁੱਤਰ ਨੂੰ ਦੁੱਖਾਂ ਦੇ ਸਮੇਂ ਕਦੇ ਡੋਲਣ ਨਹੀਂ ਸੀ ਦਿੱਤਾ। ਘਰ-ਗ੍ਰਹਿਸਥੀ ਨੂੰ ਬਹੁਤ ਸੰਕੋਚ ਕੇ ਚਲਾਇਆ ਤੇ ਘਰ ਨੂੰ ਮੁੜ ਬੰਨ੍ਹਣ ਵਿੱਚ ਪੂਰਾ ਤਾਣ ਲਾਇਆ।
    ਸਾਥੀਓ- ਇੰਨਾ ਕੁੱਝ ਲਿਖਣ ਬਾਅਦ ਵੀ ਮੈਂਨੂੰ ਲਗਦਾ ਕਿ- ਅਜੇ ਬਹੁਤ ਕੁੱਝ ਬਾਕੀ ਰਹਿ ਗਿਆ ਉਹਨਾਂ ਦੀ ਸ਼ਖ਼ਸੀਅਤ ਬਾਰੇ- ਫੇਰ ਸਹੀ ਕਿਤੇ। ਅੰਤ ਵਿੱਚ ਮੈਂ ਇਹ ਜਰੂਰ ਕਹਾਂਗੀ ਕਿ- ਜੇ ਸਾਡੇ ਬੱਚਿਆਂ ਨੂੰ ਦਾਦੇ ਦਾਦੀ ਜਾਂ ਨਾਨੇ-ਨਾਨੀ ਦੀ ਗੋਦ ਨਸੀਬ ਹੁੰਦੀ ਹੈ ਤਾਂ ਅਸੀਂ ਤੇ ਸਾਡੇ ਬੱਚੇ ਖੁਸ਼ਕਿਸਮਤ ਨੇ। ਪਰ ਇਕੱਹਿਰੇ ਪਰਿਵਾਰਾਂ ਦੇ ਨਤੀਜੇ ਵੀ ਸਾਡੇ ਸਾਹਮਣੇ ਹੀ ਹਨ। ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਮੈਂ ਹੀ ਨਹੀਂ, ਸਗੋਂ ਮੇਰੇ ਬੇਟੇ ਨੇ ਵੀ, ਆਪਣੇ ਦਾਦੇ- ਦਾਦੀ ਤੋਂ ਇਲਾਵਾ, ਨਾਨਕੇ ਜਾ ਕੇ ਨਾਨੇ-ਨਾਨੀ ਦੇ ਨਾਲ, ਮਾਂਜੀ (ਮੇਰੇ ਦਾਦੀ ਜੀ) ਦੀ ਗੋਦ ਦਾ ਖੂਬ ਆਨੰਦ ਮਾਣਿਆਂ। ਅਮਰੀਕਾ ਵਿੱਚ ਇੱਕ ਰੀਸਰਚ ਆਈ ਸੀ ਕਿ- ਕਰੈਚਾਂ ਨਾਲੋਂ ਗਰੈਂਡ ਪੇਰੈਂਟਸ ਕੋਲ ਪਲ਼ੇ ਬੱਚਿਆਂ ਦਾ ‘ਆਈ-ਕਿਊ’ ਵੱਧ ਹੁੰਦਾ ਹੈ।
    ਸੋ ਆਓ ਕੋਸ਼ਿਸ਼ ਕਰੀਏ ਕਿ- ਵਾਹ ਲਗਦੇ ਆਪਣੇ ਬੱਚਿਆਂ ਨੂੰ ਗਰੈਂਡ-ਪੇਰੈਂਟਸ ਤੋਂ ਦੂਰ ਨਾ ਕਰੀਏ ! ਬਾਕੀ ਮਰਜ਼ੀ ਆਪੋ ਆਪਣੀ!