ਬਰਫ਼ ਦੇ ਵਾਂਗੂੰ ਖੁਰੀ ਜਾਂਦੀ ਤੇਰੀ ਜਿੰਦ ਸੋਹਣਿਆਂ ਦੇ।
ਨਹੀਂ ਭਰੋਸਾ ਜਿੰਦ ਦਾ ਤਾਂ ਇੱਕ ਬਿੰਦ ਸੋਹਣਿਆਂ ਦੇ।।
ਅੰਤ ਦੇ ਵੇਲੇ ਬਰਫ਼ ਦੇ ਵਿੱਚ ਤੈਨੂੰ ਲਾਇਆ ਜਾਣਾ ਏਂ।
ਮੁਰਦਾਘਾਟ ਵਿੱਚ ਨਾਮ ਤੇਰਾ ਲਿਖਵਾਇਆ ਜਾਣਾ ਏਂ।।
ਬਚਪਨ ਅਤੇ ਜਵਾਨੀ ਵਿੱਚ ਖੜਮਸਤੀਆਂ ਕਰਦਾ ਰਿਹਾ।
ਤਾਅ ਮੁੱਛਾਂ ਨੂੰ ਦੇ ਕੇ ਲੋਕਾਂ ਦੇ ਨਾਲ ਲੜਦਾ ਰਿਹਾ।।
ਇੱਕੋ-ਇੱਕ ਤੇਰੀ ਸੋਚ ਸੀ ਪੈਸਾ ਕਿਵੇਂ ਕਮਾਣਾ ਏਂ,,, ਮੁਰਦਾਘਾਟ,,,
ਜਦ ਆਈ ਘੁੰਮ ਜਵਾਨੀ ਨਸ਼ਿਆਂ ਨੂੰ ਅਪਣਾ ਲਿਆ ਤੂੰ।
ਇੱਜ਼ਤ ਵੱਡਿਆਂ ਛੋਟਿਆਂ ਦੀ ਨੂੰ ਦਿਲੋਂ ਭੁਲਾ ਲਿਆ ਤੂੰ।।
ਮਾਰ ਲਈ ਮੱਤ ਐਬਾਂ ਬਣਿਆਂ ਨਹੀਂ ਸਿਆਣਾ ਏਂ,,,, ਮੁਰਦਾਘਾਟ,,,
ਧੋਲਾ ਸਾਥ ਨਹੀਂ ਜਾਣਾ ਪਾਪਾਂ ਦੀ ਕਮਾਈ ਦਾ।
ਜਿਸ ਕੰਮ ਦੇ ਲਈ ਆਇਆ ਕਰਲੈ ਕੰਮ ਭਲਾਈ ਦਾ।।
ਨਾਮ ਦਾ ਸਿਮਰਨ ਕਰ ਤੂੰ ਇਥੋਂ ਓਹ ਲਿਜਾਣਾ ਏਂ,,,,, ਮੁਰਦਾਘਾਟ,,,,
ਉਸ ਜੋਤ ਇਲਾਹੀ ਦਾ ਵੀ ਬੰਦਿਆ ਕਰ ਸ਼ੁਕਰਾਨਾ ਤੂੰ।
ਓਹਦੇ ਕੀਤੇ ਪਰਉਪਕਾਰਾਂ ਦਾ ਵੀ ਦੇਹ ਨਜ਼ਰਾਨਾ ਤੂੰ।।
ਓਸੇ ਨੇ ਹੀ ਭਵਸਾਗਰ ਵਿਚੋਂ ਪਾਰ ਲੰਘਾਣਾ ਏਂ,,,,, ਮੁਰਦਾਘਾਟ,,,
ਨੇੜੇ ਹੋ ਹੋ ਢੁਕਦੇ ਜੋ ਸੱਭ ਝੂਠੇ ਰਿਸ਼ਤੇ ਨੇ।
ਨਹੀਂ ਬਚਾਉਣਾ ਕਾਲ ਕੋਲੋਂ ਕਿਸੇ ਫਰਿਸ਼ਤੇ ਨੇ।।
ਸ਼ਰਮੇ ਦੱਦਾਹੂਰੀਏ ਦਾ ਇਹੀ ਸਮਝਾਣਾ ਏਂ,,, ਮੁਰਦਾਘਾਟ,,,