ਪਾਣੀ ਨੂੰ ਕੋਈ ਨਾ ਰੋਕੇ / ਦੋਹੇ
(ਕਵਿਤਾ)
ਪਾਣੀ ਨੂੰ ਕੋਈ ਨਾ ਰੋਕੇ,ਜਦ ਦਰਿਆਵਾਂ 'ਚ ਹੜ੍ਹ ਆਣ,
ਫਿਰ ਪਾਣੀ ਤੇ ਕਰਨ ਕਬਜ਼ਾ,ਜਦ ਹੜ੍ਹ ਥੋੜ੍ਹਾ ਰੁਕ ਜਾਣ।
ਮਿਲਣ ਜਿਸ ਨੂੰ ਨਕਲੀ ਬੀਜ, ਕੀਟ ਨਾਸ਼ਕ ਤੇ ਖਾਦ,
ਉਸ ਕਿਸਾਨ ਦੀ ਫਸਲ ਆਪੇ, ਹੋ ਜਾਣੀ ਹੈ ਬਰਬਾਦ।
ਆਪਣੇ ਐਸ਼ੋ ਆਰਾਮ ਤੇ, ਉਹ ਲੱਖਾਂ ਖਰਚੀ ਜਾਣ,
ਨੌਕਰ ਦੀ ਵਾਰੀ ਆਣ ਤੇ, ਅਮੀਰ ਦਿਲ ਬੜੇ ਘਟਾਣ।
ਮਿਲ ਬਹਿ ਕੇ ਖਾਣ ਦਾ ਸਮਾਂ, ਲੱਗਦਾ ਗਿਆ ਹੈ ਲੰਘ,
ਜਿਸ ਨੂੰ ਥੋੜ੍ਹਾ ਘੱਟ ਮਿਲੇ, ਉਹ ਪਾੜਨ ਲੱਗੇ ਸੰਘ।
ਘਰੋਂ ਭੱਜ ਕੇ ਜਿਹੜੇ ਮੁੰਡੇ, ਕੁੜੀਆਂ ਕਰਾਣ ਵਿਆਹ,
ਪਛਤਾਵੇ ਦੀ ਅੱਗ 'ਚ ਜਲ ਕੇ, ਉਹ ਹੋ ਜਾਣ ਸੁਆਹ।
ਨਸ਼ਿਆਂ ਨੇ ਇਸ ਦੀ ਹਾਲਤ, ਕਰ ਦਿੱਤੀ ਹੈ ਖਰਾਬ,
ਇਕ ਹਫਤੇ 'ਚ ਹੋ ਨ੍ਹੀ ਸਕਦਾ, ਨਸ਼ਾ ਮੁਕਤ ਪੰਜਾਬ।
ਲੀਡਰ ਵੀ ਬਦਲ ਗਏ ਨੇ, ਸਮਾਂ ਬਦਲਣ ਦੇ ਨਾਲ,
ਲੋਕਾਂ ਤੋਂ ਵੋਟਾਂ ਲੈਣ ਲਈ, ਉਹ ਚਲਣ ਹਰ ਕੋਝੀ ਚਾਲ।
ਤੂੰ ਮੂਰਤੀਆਂ ਬਣਵਾਣ ਤੇ, ਕਿਉਂ ਕਰੋੜਾਂ ਰਿਹੈਂ ਗਾਲ?
ਹੋ ਸਕੇ ਤਾਂ ਕਰਜ਼ੇ ਮਾਰੇ, ਕਿਸਾਨਾਂ ਨੂੰ ਸੰਭਾ
ਗੁਰਬਤ , ਰਿਸ਼ਵਤ ਤੇ ਮਹਿੰਗਾਈ , ਤਿੰਨੇ ਵਧਦੇ ਜਾਣ,
ਕਿਤੇ ਲੋਕ ਆ ਨਾ ਜਾਣ ਰੋਹ 'ਚ, ਹਾਕਮਾ ਛੇਤੀ ਜਾਗ।