ਕਮਾਲ ਦੀ ਚੀਜ਼ ਹੈ: ਪ੍ਰਸ਼ੰਸਾ
(ਲੇਖ )
ਇਸ ਦੁਨੀਆਂ ਵਿਚ ਹਰ ਵਿਅਕਤੀ ਚਾਹੁੰਦਾ ਹੈ ਕਿ ਮੈਂ ਆਪਣੇ-ਆਪ ਵਿਚ ਕੋਈ ਅਜਿਹੀ ਖਿੱਚ ਪੈਦਾ ਕਰਾਂ ਜਿਸ ਨਾਲ ਵੱਧ ਤੋਂ ਵੱਧ ਲੋਕ ਉਸ ਵੱਲ ਆਕਰਸ਼ਿਤ ਹੋਣ, ਉਸ ਨੂੰ ਮਿਲਣ ਅਤੇ ਗੱਲਾਂ ਕਰਦੇ ਹੋਏ ਉਸ ਦੀ ਸਿਫਤ ਕਰਨ, ਸੋਹਲੇ ਗਾਉਣ, ਸ਼ਲਾਘਾ ਕਰਨ ਅਰਥਾਤ ਉਸ ਦੀ ਪ੍ਰਸ਼ੰਸਾ ਕਰਨ।ਪ੍ਰਸ਼ੰਸਾ ਆਸ਼ੀਰਵਾਦ ਵਰਗੀ ਹੁੰਦੀ ਹੈ ਅਤੇ ਇਹ ਇੱਕ ਸ਼ਿਸ਼ਟਾਚਾਰ ਹੈ ਜੋ ਸਾਡੀ ਸ਼ਖਸੀਅਤ ਨੂੰ ਨਿਖਾਰਦਾ ਹੈ।ਪ੍ਰਸ਼ੰਸਾ ਬੜੀ ਕਮਾਲ ਦੀ ਚੀਜ਼ ਹੈ, ਵਿਅਕਤੀ ਦੀ ਹੌਂਸਲਾ ਅਫਜ਼ਾਈ ਦਾ ਕਾਰਗਰ ਜ਼ਰੀਆ।ਇਸ ਨਾਲ ਹੌਲੀ-ਹੌਲੀ ਕੰਮ ਕਰਨ ਵਾਲੇ ਲੋਕ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰਦੇ ਹਨ ਅਤੇ ਪਹਿਲਾਂ ਹੀ ਤੇਜ਼ੀ ਨਾਲ ਕੰਮ ਕਰਨ ਵਾਲੇ ਖੁਸ਼ੀ ਵਿਚ ਉਡਾਰੀਆਂ ਮਾਰਨ ਲੱਗਦੇ ਹਨ।ਪ੍ਰਸ਼ੰਸਾ ਦਾ ਲਾਲਚ ਕਦੇ ਵੀ ਬੁੱਢਾ ਨਹੀਂ ਹੁੰਦਾ।ਛੋਟਾ ਬੱਚਾ ਹੋਵੇ ਜਾਂ ਕੋਈ ਬਜ਼ੁਰਗ, ਪ੍ਰਸ਼ੰਸਾ ਦੀ ਭੁੱਖ ਹਰ ਇਕ ਨੂੰ ਹੁੰਦੀ ਹੈ।ਜਦੋਂ ਕਿਸੇ ਵਿਅਕਤੀ ਜਾਂ ਉਸ ਦੇ ਕੰਮ ਦੀ ਤਾਰੀਫ ਕੀਤੀ ਜਾਂਦੀ ਹੈ ਤਾਂ ਉਹ ਵਿਅਕਤੀ ਹੋਰ ਜ਼ਿਆਦਾ ਪ੍ਰੇਰਿਤ ਹੁੰਦਾ ਹੈ ਤੇ ਉਸ ਦਾ ਆਤਮ-ਵਿਸ਼ਵਾਸ ਪਹਿਲਾਂ ਨਾਲੋਂ ਵਧ ਜਾਂਦਾ ਹੈ।ਵਿਸ਼ਵ ਪ੍ਰਸਿੱਧ ਮਨੋਵਿਗਿਆਨੀ ਜੇਮਸ ਲਾਇਰ ਆਪਣੀ ਪੁਸਤਕ ਵਿਚ ਲਿਖਦੇ ਹਨ ਕਿ, " ਪ੍ਰਸ਼ੰਸਾ ਮਨੁੱਖ ਦੇ ਹਿਰਦੇ ਲਈ ਸੂਰਜ ਦੀ ਰੋਸ਼ਨੀ ਦੀ ਤਰ੍ਹਾਂ ਹੁੰਦੀ ਹੈ। ਇਸ ਤੋਂ ਬਿਨਾਂ ਸਾਡੇ ਵਿਅਕਤੀਤਵ ਦਾ ਫੁੱਲ ਨਹੀਂ ਖਿੜ ਸਕਦਾ।ਇਹ ਜਾਣਦਿਆਂ ਹੋਇਆਂ ਵੀ ਲੋਕ ਆਪਣੇ ਵਿਵਹਾਰ ਵਿਚ ਆਲੋਚਨਾ ਦੀਆਂ ਤੱਤੀਆਂ ਹਵਾਵਾਂ ਨੂੰ ਬੜ੍ਹਾਵਾ ਦਿੰਦੇ ਰਹਿੰਦੇ ਹਨ ਅਤੇ ਆਪਣੇ ਸਾਥੀਆਂ ਨੂੰ ਪ੍ਰਸ਼ੰਸਾ ਦੀ ਨਿੱਘੀ ਧੁੱਪ ਤੋਂ ਵਾਂਝੇ ਰੱਖਦੇ ਹਨ"।ਸਾਡੇ ਦੁਆਰਾ ਕਿਸੇ ਦੂਜੇ ਦੀ ਕੀਤੀ ਤਾਰੀਫ ਜ਼ਿੰਦਗੀ ਬਦਲ ਸਕਦੀ ਹੈ।ਪ੍ਰਸ਼ੰਸਾ ਭਰੇ ਦੋ ਬੋਲ ਕਿਸੇ ਦਾ ਪੂਰਾ ਦਿਨ ਖੇੜੇ ਭਰਿਆ ਬਣਾ ਸਕਦੇ ਹਨ।
ਅੱਜ-ਕੱਲ੍ਹ ਦਾ ਦੌਰ ਨਾਂਹ-ਪੱਖੀ ਵਿਚਾਰਾਂ ਦਾ ਹੈ।ਅਜਿਹੇ ਸਮੇਂ ਵਿਚ ਕਿਸੇ ਮਨੁੱਖ ਨੂੰ ਸਕਾਰਾਤਮਕ ਤਰੀਕੇ ਨਾਲ ਪ੍ਰੇਰਿਤ ਕਰਨ ਦੀ ਲੋੜ ਹੈ ਨਹੀਂ ਤਾਂ ਨਿਰਾਸ਼ਾ ਦੇ ਬੱਦਲ ਜਲਦੀ ਹੀ ਉਸ ਦੇ ਇਰਦ-ਗਿਰਦ ਮੰਡਰਾਉਣ ਲੱਗ ਪੈਂਦੇ ਹਨ ਜਿਸ ਕਾਰਨ ਉਸ ਦੇ ਜੀਵਨ ਦਾ ਅਸਲੀ ਮੰਤਵ ਵਿਚਲਤ ਹੋਣ ਲੱਗਦਾ ਹੈ।ਜੇਕਰ ਕੋਈ ਬੱਚਾ ਪੜ੍ਹਾਈ ਵਿਚ ਕਮਜ਼ੋਰ ਹੈ ਤਾਂ ਉਸ ਦੀਆਂ ਛੋਟੀਆਂ ਉਪਲਬਧੀਆਂ ਨੂੰ ਵੀ ਪ੍ਰਸ਼ੰਸਾ ਦੀ ਚਾਸ਼ਣੀ ਨਾਲ ਹੋਰ ਮਿਹਨਤ ਲਈ ਪ੍ਰੇਰਿਆ ਜਾ ਸਕਦਾ ਹੈ।ਉਸ ਨੂੰ ਸਮਝਾਇਆ ਜਾ ਸਕਦਾ ਹੈ ਕਿ ਜੇਕਰ ਉਨ੍ਹਾਂ ਦੇ ਯਤਨਾਂ ਤੋਂ ਮਨਚਾਹਿਆ ਫਲ ਪ੍ਰਾਪਤ ਨਹੀਂ ਹੁੰਦਾ ਜਾਂ ਉਸ ਦੇ ਕੀਤੇ ਯਤਨਾਂ ਦੀ ਕੋਈ ਪ੍ਰਸ਼ੰਸਾ ਨਹੀਂ ਕਰਦਾ ਤਾਂ ਇਸ ਦਾ ਅਰਥ ਇਹ ਨਹੀਂ ਹੈ ਕਿ ਉਸ ਦੇ ਕੀਤੇ ਯਤਨ ਵਿਅਰਥ ਗਏ ਹਨ।ਯਤਨ ਕਦੇ ਵੀ ਵਿਅਰਥ ਨਹੀਂ ਜਾਂਦੇ ਬਲਕਿ ਇਨ੍ਹਾਂ ਤੋਂ ਤਜ਼ਰਬਾ ਮਿਲਦਾ ਹੈ ਜੋ ਉਸ ਦੇ ਸੁਨਹਿਰੀ ਭਵਿੱਖ ਲਈ ਕਾਰਗਰ ਸਿੱਧ ਹੁੰਦਾ ਹੈ। ਇਸ ਲਈ ਕਿਸੇ ਇਨਸਾਨ ਨੂੰ ਤਰੱਕੀ ਦੀਆਂ ਰਾਹਾਂ 'ਤੇ ਪਾਉਣ ਲਈ ਉਸ ਦੁਆਰਾ ਕੀਤੇ ਜਾ ਰਹੇ ਛੋਟੇ ਤੋਂ ਛੋਟੇ ਯਤਨਾਂ ਦੀ ਪ੍ਰਸ਼ੰਸਾ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਕਿਸੇ ਵਿਅਕਤੀ ਨੂੰ ਇੱਕ ਵਾਰ ਸਫਲ ਹੋਣ ਤੋਂ ਬਾਅਦ ਦੁਸਰੀ ਵਾਰ ਕੁਝ ਵਧੀਆ ਅਤੇ ਵੱਖਰਾ ਕਰਨ ਲਈ ਪ੍ਰੇਰਦੀ ਹੈ ਉਸ ਦੀ ਕੀਤੀ ਪ੍ਰਸ਼ੰਸਾ।ਬਿਨਾ ਕਿਸੇ ਸੁਆਰਥ ਦੇ ਕਿਸੇ ਦੀ ਕੀਤੀ ਤਾਰੀਫ ਦੁਜੇ ਦੇ ਅੰਦਰ ਮਹਾਨਤਾ ਦੇ ਗੁਣ ਪੈਦਾ ਕਰ ਦਿੰਦੀ ਹੈ ਤੇ ਔਕੜਾਂ ਵੇਲੇ ਉਹ ਬੇਚੈਨ ਨਹੀਂ ਹੁੰਦਾ ਬਲਕਿ ਮਿਹਨਤ ਨਾਲ ਇਨ੍ਹਾਂ ਦਾ ਡਟ ਕੇ ਮੁਕਾਬਲਾ ਕਰਦਾ ਹੈ। ਇਸ ਲਈ ਕਿਸੇ ਦੇ ਚੰਗੇ ਗੁਣਾਂ ਦੀ ਪ੍ਰਸ਼ੰਸਾ ਕਰਨ ਵਿਚ ਕਦੇ ਵੀ ਕੰਜੂਸੀ ਨਾ ਕਰੋ।
ਯੋਗ ਪ੍ਰਸ਼ੰਸਾ ਕਰਨਾ ਵੀ ਇੱਕ ਕਲਾ ਹੈ ਜੋ ਹਰੇਕ ਵਿਚ ਨਹੀਂ ਹੁੰਦੀ।ਪ੍ਰਸ਼ੰਸਾ ਕੇਵਲ ਲੋੜ ਅਨੁਸਾਰ ਹੀ ਹੋਣੀ ਚਾਹੀਦੀ ਹੈ।ਪ੍ਰਸ਼ੰਸਾ ਵਿਅਕਤੀ ਦੇ ਚੰਗੇ ਗੁਣਾਂ ਦੀ ਛਾਇਆ ਹੈ ਪਰ ਜਿਨ੍ਹਾਂ ਗੁਣਾਂ ਦੀ ਇਹ ਛਾਇਆ ਹੈ, ਉਨ੍ਹਾਂ ਅਨੁਸਾਰ ਉਸ ਦੀ ਯੋਗਤਾ ਵੀ ਹੁੰਦੀ ਹੈ।ਪ੍ਰਸ਼ੰਸਾ ਕਰਨ ਵੇਲੇ ਇਹ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਜਿਸ ਵਿਅਕਤੀ ਦੀ ਤੁਸੀਂ ਪ੍ਰਸ਼ੰਸਾ ਕਰ ਰਹੇ ਹੋ, ਉਹ ਉਸ ਦੇ ਯੋਗ ਹੈ ਵੀ ਕਿ ਨਹੀਂ। ਗਲਤ ਸਮੇਂ ਅਤੇ ਗਲਤ ਵਿਅਕਤੀ ਦੀ ਕੀਤੀ ਗਈ ਪ੍ਰਸ਼ੰਸਾ ਬੇਤੁਕੀ ਜਿਹੀ ਜਾਪਦੀ ਹੈ ਅਤੇ ਇਹ ਖੁਸ਼ਾਮਦ, ਚਾਪਲੂਸੀ ਦੀ ਸ਼੍ਰੇਣੀ ਵਿਚ ਆ ਜਾਂਦੀ ਹੈ।ਪ੍ਰਸ਼ੰਸਕ ਇੱਕ ਦਾਨੀ ਵਰਗਾ ਹੁੰਦਾ ਹੈ ਅਤੇ ਚਾਪਲੂਸ ਇੱਕ ਭਿਖਾਰੀ ਵਰਗਾ।ਪ੍ਰਸ਼ੰਸਾ ਦਿਲ ਦੀਆਂ ਡੂੰਘਾਈਆਂ ਵਿਚੋਂ ਨਿਕਲਦੀ ਹੈ ਜਦੋਂ ਕਿ ਖੁਸ਼ਾਮਦ, ਗਰਜ, ਮਤਲਬ ਤੇ ਮੌਕਾਪ੍ਰਸਤੀ ਵਿਚੋਂ ਨਿਕਲਦੀ ਹੈ।ਇਸ ਲਈ ਜਦੋਂ ਕੋਈ ਹਰ ਗੱਲ 'ਤੇ ਤੁਹਾਡੀ ਪ੍ਰਸ਼ੰਸਾ ਕਰਦਾ ਹੈ ਤਾਂ ਕਦੇ ਵੀ ਆਪਣੀਆਂ ਜੜ੍ਹਾਂ ਨਾਲੋਂ ਨਾ ਟੁੱਟੋ।ਇੱਕ ਵਾਰ ਅੰਤਰਝਾਤ ਮਾਰ ਕੇ ਵੇਖੋ ਕਿ ਤੁਹਾਡੇ ਜਿਨ੍ਹਾਂ ਗੁਣਾਂ ਦੀ ਉਹ ਪ੍ਰਸ਼ੰਸਾ ਕਰਦਾ ਹੈ, ਉਹ ਤੁਹਾਡੇ ਵਿਚ ਹੈ ਵੀ ਹਨ ਕਿ ਨਹੀਂ ਕਿਉਂਕਿ ਚਾਪਲੂਸੀ ਕਰਨਾ ਸੌਖਾ ਹੈ ਅਤੇ ਕਿਸੇ ਦੀ ਪ੍ਰਸ਼ੰਸਾ ਕਰਨਾ ਔਖਾ ਸਮਝਿਆ ਜਾਂਦਾ ਹੈ।ਇਨਸਾਨ ਦੀ ਇੱਕ ਕਮਜ਼ੋਰੀ ਹੈ ਕਿ ਉਸ ਨੂੰ ਆਪਣੀ ਝੂਠੀ ਪ੍ਰਸ਼ੰਸਾ ਸੁਣ ਕੇ ਬਰਬਾਦ ਹੋਣਾ ਪਸੰਦ ਹੈ ਪਰ ਸੱਚੀ ਆਲੋਚਨਾ ਸੁਣ ਕੇ ਆਪਣੇ ਵਿਚ ਸੁਧਾਰ ਲਿਆਉਣਾ ਨਹੀਂ।
ਜਿਹੜਾ ਵਿਅਕਤੀ ਹਰ ਵੇਲੇ ਤੁਹਾਡੀ ਪ੍ਰਸ਼ੰਸਾ ਦੇ ਪੁਲ ਬੰਨ੍ਹ ਦੇਵੇ ਉਹ ਕਦੇ ਵੀ ਭਰੋਸੇ ਦੇ ਕਾਬਲ ਨਹੀਂ ਹੁੰਦਾ। ਕੋਸ਼ਿਸ਼ ਕਰੋ ਕਿ ਅਜਿਹੇ ਲੋਕਾਂ ਵੱਲੋਂ ਕੀਤੀ ਤਾਰੀਫ ਇੱਕ ਕੰਨ ਤੋਂ ਸੁਣੋ ਅਤੇ ਦੂਜੇ ਕੰਨ ਵਿਚੋਂ ਕੱਢ ਦੇਵੋ। ਆਪਣੀ ਹਰ ਗੱਲ 'ਤੇ ਪ੍ਰਸ਼ੰਸਾ ਦਾ ਮੋਹ ਹਮੇਸ਼ਾਂ ਗੁੰਮਰਾਹ ਕਰਦਾ ਹੈ।ਆਪਣੇ ਦੁਸ਼ਮਣ ਦੇ ਹਮਲੇ ਅਤੇ ਆਪਣੇ ਮਿੱਤਰਾਂ ਦੀ ਝੂਠੀ ਪ੍ਰਸ਼ੰਸਾ ਤੋਂ ਹਮੇਸ਼ਾਂ ਬਚਣਾ ਚਾਹੀਦਾ ਹੈ।ਜ਼ਿੰਦਗੀ ਵਿਚੋਂ ਦੋ ਚੀਜ਼ਾਂ ਤੋਂ ਹਮੇਸ਼ਾਂ ਬਚੋ, ਇੱਕ ਫੋਕੀ ਵਡਿਆਈ ਅਤੇ ਦੂਜੀ ਨਿੰਦਿਆ। ਕਈ ਲੋਕ ਪ੍ਰਸ਼ੰਸਾ ਦੇ ਇੰਨੇ ਗੁਲਾਮ ਹੁੰਦੇ ਹਨ ਕਿ ਉਨ੍ਹਾਂ ਨੂੰ ਆਪਣੇ ਕੀਤੇ ਹਰ ਕੰਮ ਦੀ ਪ੍ਰਸ਼ੰਸਾ ਚਾਹੀਦੀ ਹੈ।ਜੇਕਰ ਕਿਤੇ ਕੋਈ ਪ੍ਰਸ਼ੰਸਾ ਨਹੀਂ ਕਰਦਾ ਤਾਂ ਹੌਂਸਲਾ ਹਾਰ ਜਾਂਦੇ ਹਨ।ਅਜਿਹੇ ਲੋਕਾਂ ਦੀ ਸ਼ਖਸੀਅਤ ਨੂੰ ਪ੍ਰਸ਼ੰਸਾ ਸਿਉਂਕ ਵਾਂਗ ਚੱਟ ਜਾਂਦੀ ਹੈ। ਯਾਦ ਰੱਖੋ, ਖੁਸ਼ੀ ਦਾ ਅਸਲੀ ਖਜ਼ਾਨਾ ਉੱਥੇ ਨਹੀਂ ਹੁੰਦਾ ਜਿੱਥੇ ਸਾਨੂੰ ਦਿਖਾਈ ਦਿੰਦਾ ਹੈ ਪਰ ਇਹ ਉੱਥੇ ਹੁੰਦਾ ਹੈ ਜਿੱਥੇ ਅਸੀਂ ਵੇਖ ਨਹੀਂ ਸਕਦੇ।ਦੂਸਰੇ ਤੁਹਾਡੀ ਸ਼ਲਾਘਾ ਕਰਨ ਜਾਂ ਨਾ ਇਸ ਗੱਲ ਦੀ ਪ੍ਰਵਾਹ ਕੀਤੇ ਬਿਨਾਂ ਖੁਦ ਆਪਣੇ ਉਤਸ਼ਾਹ ਨੂੰ ਵਧਾਓ। ਸਿਆਣੇ ਕਹਿੰਦੇ ਹਨ ਕਿ ਜਦੋਂ ਕੋਈ ਸਾਡੀ ਪ੍ਰਸ਼ੰਸਾ ਕਰਦਾ ਹੈ ਤਾਂ ਅਸੀਂ ਖੁਸ਼ੀ ਨਾਲ ਫੁੱਲ ਜਾਂਦੇ ਹਾਂ ਪਰ ਉਹੀ ਵਿਅਕਤੀ ਜਦੋਂ ਸਾਨੂੰ ਅਪਸ਼ਬਦ ਬੋਲਦਾ ਹੈ ਤਾਂ ਅਸੀਂ ਉਸ ਨੂੰ ਕੋਸਣ ਲੱਗ ਪੈਂਦੇ ਹੈ।ਇਸੇ ਲਈ ਕਿਹਾ ਗਿਆ ਹੈ ਕਿ ਨਿੰਦਾ ਤੇ ਪ੍ਰਸ਼ੰਸਾ ਵੱਲ ਧਿਆਨ ਨਾ ਦੇ ਕੇ ਸਾਨੂੰ ਚੁੱਪ-ਚਾਪ ਆਪਣੇ ਕੰਮ ਵਿਚ ਲੱਗੇ ਰਹਿਣਾ ਚਾਹੀਦਾ ਹੈ।ਜੇ ਕੋਈ ਤੁਹਾਡੀ ਪ੍ਰਸ਼ੰਸਾ ਕਰਦਾ ਹੈ ਤਾਂ ਖੁਲ੍ਹੇ ਦਿਲ ਨਾਲ ਉਸ ਨੂੰ ਧੰਨਵਾਦ ਦਿਓ।ਇਹ ਗੱਲਾਂ ਹੀ ਜੀਵਨ ਨੂੰ ਚਮਕੀਲਾ ਬਣਾਉਂਦੀਆਂ ਹਨ।