ਜਦ ਘਰ ਵਿੱਚ ਬੱਚਾ ਜੰਮਦਾ ਹੈ ਤਾਂ ਖੁਸ਼ੀਆਂ ਹੀ ਖੁਸ਼ੀਆਂ ਜਨਮ ਲੈ ਲੈਂਦੀਆਂ ਹਨ, ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਹੈ ਉਸ ਦੇ ਖੇਡਣ ਵਾਸਤੇ ਤਰਾਂ-ਤਰਾਂ ਦੇ ਖਿਡਾਉਣੇ ਘਰ ਵਿੱਚ ਆ ਜਾਂਦੇ ਹਨ, ਸਮੇਂ-ਸਮੇਂ ਤੇ ਮਾਂ-ਬਾਪ ਘਰ ਵਾਲਿਆਂ ਤੇ ਰਿਸ਼ਤੇਦਾਰਾਂ ਵੱਲੋਂ ਖੁਸ਼ੀਆਂ ਚਾਵਾਂ ਨਾਲ ਬੱਚੇ ਦੇ ਖੇਡਣ ਵਾਸਤੇ ਖਿਡਾਉਣੇ ਲਿਆਂਦੇ ਜਾਂਦੇ ਹਨ। ਜਿੱਥੇ ਬੱਚੇ ਵਾਸਤੇ ਖਿਡਾਉਣੇ ਲਿਆ ਕੇ ਹਰੇਕ ਨੂੰ ਖੁਸ਼ੀ ਹੁੰਦੀ ਹੈ, ਉੱਥੇ ਇਨ੍ਹਾਂ ਖਿਡਾਉਣਿਆਂ ਨਾਲ ਖੇਡ ਕੇ ਬੱਚਾ ਵੀ ਖੁਸ਼ ਰਹਿੰਦਾ ਹੈ। ਜਦ ਬੱਚਾ ਬੈਠਣ ਲੱਗਦਾ ਹੈ ਤਾਂ ਉਸ ਵਾਸਤੇ ਫਿਰ ਹੋਰ ਖਿਡਾਉਣੇ ਆ ਜਾਂਦੇ ਹਨ। ਜਦ ਬੈਠਣ ਤੋਂ ਬਾਆਦ ਬੱਚਾ ਆਪਣੀ ਜ਼ਿੰਦਗੀ ਦੀਆਂ ਕੁਝ ਕੁ ਉਲਾਘਾਂ ਪੁੱਟਣ ਲੱਗਦਾ ਹੈ ਤਾਂ ਉਸ ਦੇ ਸਹਾਰੇ ਵਾਸਤੇ ਗਡੀਰਾ ਲਿਆਂਦਾ ਜਾਂਦਾ ਹੈ, ਜਿਸ ਦੇ ਸਹਾਰੇ ਬੱਚਾ ਖੜਦਾ ਹੈ ਅਤੇ ਹੌਲੀ-ਹੌਲੀ ਅੱਗੇ ਨੂੰ ਵਧਦਾ ਹੈ, ਉਲਾਘਾਂ ਪੁੱਟਦਾ ਹੈ, ਤੁਰਨ ਦੀ ਸ਼ੁਰੂਆਤ ਕਰਦਾ ਹੈ। ਮਾਂ-ਬਾਪ ਘਰ ਪਰਿਵਾਰ ਦੇ ਸਾਰੇ ਜੀਅ ਬੜੇ ਹੀ ਖੁਸ਼ ਹੁੰਦੇ ਹਨ ਬੱਚੇ ਨੂੰ ਤੁਰਦਾ ਵੇਖ ਕੇ। ਬੱਚਾ ਆਪ ਵੀ ਖੁਸ਼ ਹੁੰਦਾ ਹੈ।
ਇਹ ਗਡੀਰਾ ਪਿੰਡ ਦੇ ਹੀ ਲੱਕੜ ਵਾਲੇ ਮਿਸਤਰੀ ਤੋਂ ਬੜੇ ਚਾਅ ਨਾਲ ਬਣਵਾਇਆ ਜਾਂਦਾ। ਜਦ ਹਾਲੇ ਬੱਚਾ ਬੈਠਣ ਲੱਗਦਾ ਸੀ ਤਾਂ ਇਹ ਗਡੀਰਾ ਬਣਵਾ ਕੇ ਘਰ ਵਿੱਚ ਰੱਖ ਲਿਆ ਜਾਂਦਾ। ਉਸ ਸਮੇਂ ਹਰ ਪਿੰਡ ਵਿੱਚ ਮਿਸਤਰੀ ਹੁੰਦਾ, ਜਿਹੜਾ ਹਰ ਘਰ ਦਾ ਅਤੇ ਖੇਤੀਬਾੜੀ ਦੀ ਵਰਤੋਂ ਵਿਚ ਆਉਣ ਵਾਲੇ ਲੱਕੜ ਦਾ ਕੰਮ, ਸੇਪੀ ਤੇ ਕਰਦਾ ਸੀ। ਉਹ ਹਾੜੀ, ਸਾਉਣੀ ਥੋੜੇ ਦਾਣੇ ਹੀ ਲੈਂਦਾ ਹੁੰਦਾ ਸੀ ਤੇ ਕੋਈ ਵੀ ਪੈਸਾ ਨਹੀਂ ਸੀ ਲੈਂਦਾ ਹੁੰਦਾ। ਮਿਸਤਰੀ ਬੜੇ ਹੀ ਚਾਅ ਨਾਲ ਗਡੀਰਾ ਬਣਾ ਕੇ ਦਿੰਦਾ।ਆਰੀ, ਤੇਸੇ ਤੇ ਰੰਦੇ ਨਾਲ ਉਹ ਲੱਕੜ ਨੂੰ ਤਰਾਸ਼ ਕੇ ਇਹ ਗਡੀਰਾ ਤਿਆਰ ਕਰਦਾ। ਪਹਿਲਾਂ ਉਹ ਪਤਲੀ ਲੱਕੜ ਦਾ ਚੌਰਸ ਚਾਮਟਾ ਜਿਹਾ ਤਿਆਰ ਕਰਦਾ। ਥੱਲੇ ਵਾਲੇ ਦੋਵੇਂ ਪਾਸੇ ਲੱਕੜ ਨੂੰ ਹੋਰ ਗੋਲ ਤੇ ਬਰੀਕ ਕਰਕੇ ਇੱਕ ਜਾਂ ਦੋ ਇੰਚ ਦੇ ਲੱਕੜ ਦੇ ਪਹੀਏ ਲਾ ਦੇਂਦਾ। ਫਿਰ ਵਿਚਾਲੇ ਇੱਕ ਹੋਰ ਲੱਕੜ ਲਾ ਕੇ ਅੱਗੇ ਨੂੰ ਵਧਾਉਂਦਾ। ਜਿੰਨੀ ਗਡੀਰੇ ਦੀ ਉਚਾਈ ਹੁੰਦੀ, ਓਨੀ ਹੀ ਇੱਕ ਲੱਕੜ ਅੱਗੇ ਜੋੜ ਦਿੰਦਾ ਤੇ ਇਸ ਦੇ ਅਗਲੇ ਸਿਰੇ ਤੇ ਲੱਕੜ ਨੂੰ ਵਿਚਾਲਿਉਂ ਝਰੀ ਪਾ ਕੇ ਖੁੱਲ੍ਹਾ ਸੁਰਾਖ ਕਰਕੇ ਉਸ ਵਿੱਚ ਮੇਖ ਲਾ ਕੇ ਇੱਕ ਪਹੀਆ ਲਾ ਦਿੰਦਾ। ਇਸ ਤਰਾਂ ਤਿੰਨ ਪਹੀਏ ਵਾਲਾ ਗਡੀਰਾ ਤਿਆਰ ਹੋ ਜਾਂਦਾ। ਪਾਸੇ ਵਾਲੇ ਪਹੀਏ ਨੂੰ ਟਿਕਾਉਣ ਵਾਸਤੇ ਅਗਲੇ ਹਿੱਸੇ ਲੱਕੜ ਤੇ ਇੱਕ-ਇੱਕ ਮੇਖ ਲਾ ਦਿੰਦਾ ਤਾਂ ਕਿ ਪਹੀਏ ਬਾਹਰ ਨਾ ਨਿਕਲਣ। ਉਸ ਸਮੇਂ ਨਾ ਤਾਂ ਬੈਰਿੰਗ ਪੈਂਦੇ ਸਨ, ਨਾ ਗੋਲੀਆਂ, ਬੱਸ ਲੱਕੜ ਦੀ ਮਦਦ ਨਾਲ ਹੀ ਤਿਆਰ ਹੁੰਦਾ। ਇਸ ਤਰਾਂ ਮਿਸਤਰੀ ਬੱਚੇ ਦੇ ਵਾਸਤੇ ਬੜੀ ਖੁਸ਼ੀ ਨਾਲ ਗਡੀਰਾ ਤਿਆਰ ਕਰਦਾ ਤੇ ਪੈਸੇ ਵੀ ਨਾ ਲੈਂਦਾ। ਹਾਂ ਕਈ ਵਾਰ ਘਰ ਵਾਲੇ ਖੁਸ਼ੀ ਨਾਲ ਪੈਸੇ ਦੇਂਦੇ ਤਾਂ ਲੈ ਵੀ ਲੈਂਦਾ।
ਜਦ ਇਹ ਗਡੀਰਾ ਤਿਆਰ ਕਰਵਾ ਕੇ ਘਰ ਲਿਆ ਕੇ ਬੱਚੇ ਕੋਲ ਰੱਖਿਆ ਜਾਂਦਾ ਤਾਂ ਉਹ ਖੁਸ਼ ਹੁੰਦਾ। ਬੱਚੇ ਨੂੰ ਗਡੀਰੇ ਨਾਲ ਖੜਾ ਕਰ ਦਿੱਤਾ ਜਾਂਦਾ, ਜਿੱਥੇ ਉਹ ਆਸੇ-ਪਾਸੇ ਦੇਖਦਾ ਖੁਸ਼ ਹੁੰਦਾ, ਹੱਸਦਾ ਤੇ ਪੋਲੀ ਪੋਲੀ ਅੱਗੇ ਨੂੰ ਉਲਾਘਾਂ ਪੁੱਟਦਾ ਤੁਰਦਾ ਤਾਂ ਗਡੀਰਾ ਅੱਗੇ ਵੱਲ ਨੂੰ ਰਿੜਦਾ। ਇਸ ਤਰਾਂ ਬੱਚਾ ਗਡੀਰੇ ਨਾਲ ਥੋੜਾ ਸੌਖਾ ਹੀ ਤੁਰਨ ਲੱਗ ਪੈਂਦਾ। ਕਦੇ ਬੱਚਾ ਡਿੱਗਦਾ, ਕਦੇ ਗਡੀਰਾ ਟੇਢਾ ਹੋ ਜਾਂਦਾ, ਕਦੇ ਉਲਟ ਜਾਂਦਾ ਪਰ ਫਿਰ ਵੀ ਬੱਚਾ ਇਸ ਨਾਲ ਤੁਰਨਾ ਸਿੱਖ ਲੈਂਦਾ। ਜ਼ਿੰਦਗੀ ਦੀਆਂ ਉਲਾਘਾਂ ਪੁੱਟ ਕੇ ਅੱਗੇ ਵੱਲ ਨੂੰ ਵੱਧਣ ਲੱਗ ਜਾਂਦਾ। ਫਿਰ ਜਿਵੇਂ-ਜਿਵੇਂ ਜ਼ਮਾਨਾ ਬਦਲਦਾ ਗਿਆ, ਇਹ ਗਡੀਰੇ ਸ਼ਹਿਰੋਂ ਤੇ ਬਜਾਰਾਂ ਵਿੱਚੋਂ ਮਿਲਣ ਲੱਗ ਪਏ। ਉਸ ਸਮੇਂ ਬਣੇ ਤਾਂ ਉਹ ਵੀ ਲੱਕੜ ਦੇ ਹੀ ਹੁੰਦੇ ਸਨ ਪਰ ਉਨ੍ਹਾਂ ਨੂੰ ਥੋੜਾ ਰੰਗ ਰੋਗਣ ਕਰਕੇ, ਵਧੀਆ ਤਰੀਕੇ ਨਾਲ ਬਣਾਇਆ ਜਾਂਦਾ ਸੀ ਤੇ ਉਹ ਥੋੜਾ ਖੂਬਸੂਰਤ ਲੱਗਦਾ ਸੀ। ਅੱਜਕੱਲ ਹੋਰ ਵੀ ਕਈ ਕਿਸਮ ਤੇ ਪਲਾਸਟਿਕ ਜਾਂ ਲੋਹੇ ਦੇ ਵੀ ਫੈਂਸੀ-ਫੈਂਸੀ ਗਡੀਰੇ ਮਹਿੰਗੇ ਮੁੱਲ ਦੇ ਮਿਲਦੇ ਹਨ ਤੇ ਲੋਕ ਹੁਣ ਬਜਾਰੋਂ ਹੀ ਖਰੀਦਦੇ ਹਨ। ਅੱਜਕੱਲ ਲੱਕੜ ਦੇ ਹੱਥੀਂ ਗਡੀਰੇ ਬਹੁਤ ਘੱਟ ਬਣਾਉਂਦੇ ਹਨ। ਪਿੰਡ ਦੇ ਮਿਸਤਰੀ ਵੀ ਹੁਣ ਤਿਆਰ ਨਹੀਂ ਕਰਦੇ। ਉਸ ਸਮੇਂ ਜਦ ਬੱਚਾ ਇੱਕੀ ਦਿਨਾਂ ਦਾ ਜਾਂ ਸਵਾ ਮਹੀਨੇ ਦਾ ਹੁੰਦਾ ਸੀ ਤਾਂ ਖੁਸ਼ੀ ਨਾਲ ਪ੍ਰੋਗਰਾਮ ਕੀਤਾ ਜਾਂਦਾ ਸੀ। ਪਿੰਡ ਦੇ ਲੋਕ ਤੇ ਰਿਸ਼ਤੇਦਾਰ ਸੱਦੇ ਜਾਂਦੇ ਸਨ ਤੇ ਆਏ ਹੋਏ ਲੋਕ ਬੜੇ ਚਾਅ ਨਾਲ ਖਿਡਾਉਣੇ ਲਿਆਉਂਦੇ ਤੇ ਨਾਨਕਿਆਂ ਵੱਲੋਂ ਜਾਂ ਮਾਮਿਆਂ ਵੱਲੋਂ ਕਦੇ-ਕਦੇ ਗਡੀਰਾ ਵੀ ਲਿਆਂਦਾ ਜਾਂਦਾ ਤੇ ਇਹ ਗਡੀਰਾ ਉਦੋਂ ਤੱਕ ਸਾਂਭ ਕੇ ਰੱਖਿਆ ਜਾਂਦਾ ਜਿੰਨਾਂ ਚਿਰ ਬੱਚਾ ਖੜਾ ਹੋਣ 'ਤੇ ਤੁਰਨ ਜੋਗਾ ਨਹੀਂ ਹੋ ਜਾਂਦਾ ਸੀ। ਇਸ ਤਰਾ ਗਡੀਰੇ ਦਾ ਬੱਚੇ ਦੀ ਜ਼ਿੰਦਗੀ ਵਿੱਚ ਬੜਾ ਅਹਿਮ ਰੋਲ ਹੈ। ਹਰ ਬੱਚਾ ਜਿਹੜਾ ਅੱਜ ਦਾ ਨੌਜਵਾਨ ਹੈ, ਬਜ਼ੁਰਗ ਹੈ, ਉਸ ਨੇ ਆਪਣੇ ਬਚਪਨ ਵਿੱਚ ਗਡੀਰੇ ਨਾਲ ਤੁਰਨਾ ਜ਼ਰੂਰ ਸਿੱਖਿਆ ਹੈ। ਮੇਰਾ ਇਹ ਲੇਖ ਪੜ•ਕੇ ਤੁਹਾਨੂੰ ਬਚਪਨ ਦੀ ਯਾਦ ਆਏਗੀ ਤੇ ਗਡੀਰੇ ਨਾਲ ਤੁਰਨ ਦਾ ਵੀ ਸ਼ਾਇਦ ਚੇਤਾ ਆਏਗਾ ਕਿਉਂਕਿ ਹਰ ਕਿਸੇ ਨੇ ਇਸ ਗਡੀਰੇ ਨਾਲ ਤੁਰਨਾ ਸਿੱਖਿਆ ਹੈ।